ਮਿੱਟੀ ਬੋਲ ਪਈ (ਨਾਵਲ)
ਬਲਬੀਰ ਮਾਧੋਪੁਰੀ
ਭਾਰਤੀ ਦਲਿਤ ਨਾਵਲ ਦਾ ਦਸਤਾਵੇਜ਼ੀ
ਪ੍ਰਵਚਨ- ਮਿੱਟੀ ਬੋਲ ਪਈ
ਸਦੀਆਂ ਤੋਂ ਗਿਆਨ, ਸੱਤਾ ਅਤੇ ਪੈਦਾਵਾਰੀ ਸਾਧਨਾਂ ‘ਤੇ ਕਾਬਜ਼ ਰਹੀਆਂ ਧਿਰਾਂ ਨੇ ਆਪਣੇ ਸਨਾਤਨੀ ਗ੍ਰੰਥਾਂ ਅਤੇ
ਸੰਸਿਤਕ ਪ੍ਰਵਚਨਾਂ ਦੁਆਰਾ ਸਮਾਜਿਕ ਵਿਵਸਥਾ ਨੂੰ ਵਰਣ ਕੇਂਦਰਿਤ ਬਣਾ ਕੇ ਸਮਾਜ ਦੇ ਸਰਵਹਾਰਾ ਵਰਗ
ਲਈ ਅਨੇਕਾਂ ਕਠੋਰ ਤੇ ਗੈਰ ਮਾਨਵੀ ਨਿਯਮ ਲਾਗੂ ਕਰੀ ਰੱਖੇ। ਧਰਮ, ਸੱਤਾ ਅਤੇ ਸਾਹਿਤ ‘ਤੇ ਭਾਰੂ ਧਿਰਾਂ ਨੇ ਇਸ ਪ੍ਰਬੰਧ ਨੂੰ ਰੱਦਣ ਦੀ ਥਾਂ ਇਸਨੂੰ ਪ੍ਰੋਤਸਾਹਿਤ
ਕੀਤਾ। ਇਸ ਵਿਵਸਥਾ ਦੀ ਸਲਾਮਤੀ ਲਈ ਸਮਾਜ ਦੀਆਂ ਰੌਂਦੀਆਂ ਤੇ ਦਲੀਆਂ ਧਿਰਾਂ ਨੂੰ ਸੱਤਾ ਨੇ ਸਮੇਂ
ਸਮੇਂ ‘ਤੇ ਪੁਨਰ ਜਨਮ, ਧਰਮ,
ਸ਼ਰਧਾ, ਸਬਰ, ਸੇਵਾ, ਸੰਤੋਖ,
ਨੈਤਿਕਤਾ, ਮਰਿਆਦਾ ਅਤੇ ਦੇਸ਼ ਪ੍ਰੇਮ ਦੇ ਸੰਕਲਪ ਦਿੱਤੇ ਜਿਨ੍ਹਾਂ ਦਾ ਸਿੱਧਾ ਅਸਿੱਧਾ ਮਨੋਰਥ ‘ਤਾੜਨ ਕੇ
ਅਧਿਕਾਰ’ ਵਾਲੀ ਇਸ ਧਿਰ ਨੂੰ ਸਨਾਤਨੀ ਮੁੱਲ ਪ੍ਰਬੰਧ ਤੇ ਸੁਹਜਮਈ ਪ੍ਰਤਿਮਾਨਾਂ ਨਾਲ ਯਥਾਸਥਿਤ
ਰੱਖਣਾ ਸੀ। ਇਹ ਸਾਜਿਸ਼ ਇੰਨੀ ਸ਼ਾਤਿਰ ਸੀ ਕਿ ਬ੍ਰਾਹਮਣਿਕ ਪ੍ਰਬੰਧ ਵਿਰੁੱਧ ਬੁੱਧ ਧਰਮ, ਚਾਰਵਾਕ ਅਤੇ ਮੱਧਕਾਲੀ ਭਗਤੀ ਲਹਿਰ ਦੇ ਉੱਠੇ ਆਕ੍ਰੋਸ਼ ਨੂੰ ਵੀ ਸੱਤਾਵਾਨ ਧਿਰਾਂ ਆਪਣੀ
ਸਾਲਮ-ਸਲਾਮਤੀ ਦੀ ਢਾਲ ਲਈ ਵਰਤਦੀਆਂ ਰਹੀਆਂ। ਬੇਸ਼ੱਕ ਅੱਜ ਦੀਆਂ ਦੱਖਣਪੰਥੀ ਧਿਰਾਂ ਅਤੇ ਕਾਰਪੋਰੇਟ
ਸੱਤਾ ਦੇ ਗਠਜੋੜ ਵਾਲੇ ਦੌਰ ਤੱਕ ਇਹ ਸਿਲਸਿਲਾ ਬਦਲਵੇਂ ਰੂਪ ਵਿੱਚ ਚੱਲ ਰਿਹਾ ਹੈ ਪਰ ਆਧੁਨਿਕ ਦੌਰ
ਦੇ ਬੁੱਧ-ਵਿਵੇਕ ਵਾਲੇ ਤੇ ਲੋਕਤੰਤਰਿਕ ਮੁੱਲ ਪ੍ਰਬੰਧ ਵਿੱਚ ਦਲਿਤ ਧਿਰਾਂ ਦੀ ਮੁਕਤੀ ਦੇ ਸਵਾਲ
ਅਨੇਕਾਂ ਕੋਣਾਂ ਤੋਂ ਪਰਿਭਾਸ਼ਿਤ ਹੋ ਰਹੇ ਹਨ। ਸਾਹਿਤ ਇਸ ਵਰਤਾਰੇ ਨੂੰ ਵੱਖਰੀ ਕੱਥ ਤੇ ਵੱਥ ਵਿੱਚ
ਨਜਿੱਠ ਰਿਹਾ ਹੈ। ਇਸੇ ਕਰਕੇ ਪੱਛਮ ਵਿੱਚ ਬਲੈਕ ਲਿਟਰੇਚਰ ਦੀ ਸੁਤੰਤਰ ਹੋਂਦ ਵਾਂਗ ਦਲਿਤ ਸਾਹਿਤ
ਵੀ ਆਪਣੇ ਮੌਲਿਕ ਅਸਤਿਤਵ ਲਈ ਸੰਘਰਸ਼ਸ਼ੀਲ ਹੈ। ਇਹ ਸੰਘਰਸ਼ ਦੋ ਧਾਰੀ ਹੈ, ਇਕ ਪਾਸੇ ਜੜ੍ਹ ਸੰਸਿਤੀ ਵਿੱਚ ਬੁੱਤ ਬਣਾ ਕੇ ਮਧੋਲ ਦਿੱਤੀ ਗਈ ਦਲਿਤ ਪਛਾਣ ਤੇ ਮੁਕਤੀ ਲਈ, ਦੂਜੇ ਪਾਸੇ ਇਸ ਹੋਂਦ ਨੂੰ ਪ੍ਰਗਟਾਉਣ ਲਈ ਸਾਹਿਤ ਸ਼ਾਸਤਰ ਦੇ ਮੌਲਿਕ ਪ੍ਰਤਿਮਾਨਾਂ ਦੀ ਸਥਾਪਤੀ
ਲਈ ਹੈ।
ਇਸਦੇ ਲਈ ਆਧੁਨਿਕ ਦਲਿਤ ਚਿੰਤਨ
ਜਿਨ੍ਹਾਂ ਵਿਚਾਰ ਪੱਧਤੀਆਂ ਤੋਂ ਸੇਧ ਹਾਸਿਲ ਕਰ ਰਿਹਾ ਹੈ ਉਨ੍ਹਾਂ ਵਿੱਚ ਬੁੱਧ ਦਰਸ਼ਨ, ਅੰਬੇਦਕਰਵਾਦ, ਮਾਰਕਸਵਾਦੀ ਦਿ੍ਰਸ਼ਟੀ, ਨਾਰੀਵਾਦੀ ਚੇਤਨਾ ਸਮੇਤ ਭਾਰਤ ਦੇ ਵਿਭਿੰਨ ਭੂ-ਖੰਡਾਂ ਵਿੱਚ ਵੱਖੋ ਵੱਖਰੇ ਸੰਦਰਭਾਂ ਵਿੱਚ ਉੱਠੀਆਂ ਦਲਿਤ ਲਹਿਰਾਂ
ਵਿਸ਼ੇਸ਼ ਹਨ। ਭਾਰਤ ਵਿੱਚ 1960 ਤੋਂ ਬਾਅਦ ਮਰਾਠੀ ਸਾਹਿਤ ਅੰਦਰ ਦਲਿਤ ਚੇਤਨਾ ਦੇ
ਮੁੱਢਲੇ ਨਕਸ਼ ਪ੍ਰਗਟ ਹੋਏ ਜਿੱਥੋਂ ਪੈਦਾ ਹੋਈ ਦਲਿਤ ਲਹਿਰ ਹਿੰਦੀ ਸਾਹਿਤ ਦੇ ਦਲਿਤ ਚਿੰਤਨ ਦਾ
ਮੁੱਢਲਾ ਸਰੋਤ ਬਣੀ। ਹਿੰਦੀ ਸਮੇਤ ਹੋਰ ਖੇਤਰੀ
ਭਾਸ਼ਾਵਾਂ ਵਿੱਚ ਸਵੈਜੀਵਨੀ, ਨਾਵਲ,
ਕਵਿਤਾ ਅਤੇ ਕਹਾਣੀ ਵਰਗੇ
ਰੂਪਾਕਾਰਾਂ ਵਿੱਚ ਦਲਿਤ ਸੰਵੇਦਨਾ ਦੇ ਅਨੇਕਾਂ ਪਾਸਾਰ ਪੇਸ਼ ਹੋਏ।
ਪੰਜਾਬੀ ਨਾਵਲ ਵਿੱਚ ਦਲਿਤ
ਯਥਾਰਥ ਦੀ ਬਾਹਰਮੁਖੀ ਅਤੇ ਜੀਵੰਤ ਪੇਸ਼ਕਾਰੀ ਉਂਗਲਾਂ ‘ਤੇ ਗਿਣਨਯੋਗ ਨਾਵਲੀ ਿਤਾਂ ਵਿੱਚ ਹੀ ਹਾਜ਼ਰ
ਹੈ। ਇਸਦੇ ਦੋ ਵੱਡੇ ਕਾਰਨ ਹਨ ਇਕ ਜਿਨ੍ਹਾਂ ਰਾਜਸੀ-ਸਮਾਜਿਕ ਤਹਿਰੀਕਾਂ ਦੇ ਵੇਗ ਵਿੱਚ ਪੰਜਾਬੀ
ਨਾਵਲ ਵਿਗਸਿਆ ਅਤੇ ਮੋਲਿਆ ਹੈ ਉਨ੍ਹਾਂ ਦੇ ਪ੍ਰਭਾਵ ਤਹਿਤ ਦਲਿਤ ਬੰਦੇ ਦੀ ਮੁਕਤੀ ਦਾ ਸਵਾਲ ਹਮੇਸ਼ਾ
ਉਦਾਸੀਨ ਰਿਹਾ। ਦੂਜਾ ਜੇਕਰ ਮੌਲਿਕ ਦਲਿਤ ਅਨੁਭਵ ਨੂੰ ਦਲਿਤ ਲੇਖਣੀ ਦੀ ਲਾਜ਼ਮੀ ਸ਼ਰਤ ਮੰਨੀਏ ਤਾਂ
ਵੀ ਦਲਿਤ ਜੀਵਨ ਯਥਾਰਥ ਦੀ ਪੇਸ਼ਕਾਰੀ ਪ੍ਰਤੀ ਦਲਿਤ ਲੇਖਕਾਂ ਅੰਦਰ ਹੀ ਲੰਮਾਂ ਸਮਾਂ ਹੀਣ ਬੋਧ
ਭਾਵਨਾ ਅਤੇ ਸੰਕੋਚਵਾਂ ਨਜ਼ਰੀਆ ਭਾਰੂ ਰਿਹਾ ਜਿਸ ਕਰਕੇ ਸੁਤੰਤਰ ਅਤੇ ਉਭਰਵੇਂ ਰੂਪ ਵਿੱਚ ਦਲਿਤ
ਜੀਵਨ ਨਾਵਲ ਦੀ ਕੇਂਦਰੀ ਵਸਤੂ ਨਹੀਂਂ ਬਣ ਸਕਿਆ। ਇਸਦੇ ਬਾਵਜੂਦ ਨਾਨਕ ਸਿੰਘ ਦੇ ‘ਚਿੱਟਾ ਲਹੂ’
ਵਿੱਚ ਦਲਿਤ ਜੀਵਨ ਦੇ ਚਲੰਤ ਵਸਤੂ ਵੇਰਵਿਆਂ ਤੋਂ ਲੈ ਕੇ ਦੇਸ ਰਾਜ ਕਾਲੀ ਦੇ ਨਾਵਲ ‘ਸ਼ਾਂਤੀ ਪਰਵ’
ਵਿੱਚਲੇ ਦਾਰਸ਼ਨਿਕ ਹਵਾਲਿਆਂ ਤੱਕ ਪੰਜਾਬੀ ਨਾਵਲ ਦਲਿਤ ਵਿਮਰਸ਼ ਦੀ ਆਪਣੀ ਸੁਰ ਤਾਲ ਰੱਖਦਾ ਹੈ। ਇਸ
ਨਾਵਲੀ ਵਿਰਾਸਤ ਵਿੱਚ ਗੁਰਦਿਆਲ ਸਿੰਘ ਦਾ ‘ਅੰਨ੍ਹੇ ਘੋੜੇ ਦਾ ਦਾਨ’ ਅਤੇ ਗੁਰਚਰਨ ਰਾਓ ਦਾ
‘ਮਸ਼ਾਲਚੀ’ ਹੀ ਅਜਿਹੇ ਨਾਵਲ ਹਨ ਜੋ ਕਿ ਜਬਰ ਅਤੇ ਸਬਰ ਨਾਲ ਮੌਨ ਕੀਤੀਆਂ ਗਈਆਂ ਦਲਿਤ ਧਿਰਾਂ ਨੂੰ
ਬਿਰਤਾਂਤ ਦੇ ਸੁਹਜ ਨਾਲ ਪੇਸ਼ ਕਰਦੇ ਹਨ। ਬੇਸ਼ੱਕ ਇਨ੍ਹਾਂ ਨਾਵਲਾਂ ਦੀਆਂ ਵੀ ਆਪਣੀਆਂ ਸੀਮਾਵਾਂ ਹਨ
ਜਿਨ੍ਹਾਂ ਵਿੱਚ ਪੰਜਾਬ ਦੀ ਦਲਿਤ ਸੰਸਿਤੀ ਦਾ ਮੌਲਿਕ ਬਿੰਬ ਨਦਾਰਦ ਹੈ। ਬਾਕੀ ਨਾਵਲ ਵੀ ਜਾਂ ਤਾਂ
ਦਲਿਤ ਜ਼ਿੰਦਗੀ ਨੂੰ ਬਿਰਤਾਂਤ ਦੀ ਸਤ੍ਹਾ ‘ਤੇ ਤਰਦੀ ਤਰਦੀ ਪੇਸ਼ ਕਰਦੇ ਹੋਏ ਉਗਰ ਬੋਲਾਂ ਨੂੰ ਨਾਵਲੀ
ਪ੍ਰਵਚਨ ‘ਤੇ ਭਾਰੂ ਰੱਖਦੇ ਹਨ ਜਾਂ ਦਲਿਤ ਮੁੱਦਿਆਂ ਨੂੰ ਦਰਸ਼ਨ ਦੇ ਹਵਾਲੇ ਨਾਲ ਸੰਬੋਧਤ ਹੁੰਦੇ
ਹੋਏ ਨਾਵਲ ਦੀ ਵਿਧਾ ਤੋਂ ਗੈਰ ਹਾਜ਼ਰ ਹੋ ਜਾਂਦੇ ਹਨ। ਫਿਰ ਵੀ ਇਹ ਨਾਵਲੀ ਿਤਾਂ ਦਲਿਤ ਜ਼ਿੰਦਗੀ ਦੇ
ਕਰੂਰ ਯਥਾਰਥ ਦਾ ਪ੍ਰਗਟਾਵਾ ਕਰਦੀਆਂ ਬ੍ਰਾਹਮਣਿਕ ਸੱਤਾ ਤੇ ਪੂੰਜੀਵਾਦ ਦੀਆਂ ਵਿਸੰਗਤੀਆਂ ਵਿੱਚ
ਮੌਨ ਹੋਈਆਂ ਦਲਿਤ ਧਿਰਾਂ ਦੇ ਹਾਸ਼ੀਅਤ ਬੋਧ ਨੂੰ ਪ੍ਰਗਟਾਉਣ ਦਾ ਮੁੱਢਲਾ ਉੱਦਮ ਕਰਦੀਆਂ ਹਨ।
ਉਕਤ
ਚਰਚਾ ਦੇ ਪ੍ਰਸੰਗ ਵਿੱਚ ਸਮਕਾਲੀ ਨਾਵਲ ਪਰੰਪਰਾ ਅੰਦਰ ਬਲਬੀਰ ਮਾਧੋਪੁਰੀ ਦਾ ਨਾਵਲ ‘ਮਿੱਟੀ ਬੋਲ
ਪਈ’ ਅਹਿਮ ਵਾਧਾ ਹੈ ਜਿਸਦੀਆਂ ਕੁੱਝ ਉਭਰੀਆਂ ਵਿਸ਼ੇਸ਼ਤਾਵਾਂ ਨੇ ਪੰਜਾਬੀ ਦਲਿਤ ਨਾਵਲ ਦੀ ਮੁਦਰਾ
ਤਬਦੀਲ ਕੀਤੀ ਹੈ। ਇਹ ਨਾਵਲ ਪੰਜਾਬ ਵਿੱਚ ਬਾਬੂ ਮੰਗੂ ਰਾਮ ਦੀ ਅਗਵਾਈ ਹੇਠ ਉੱਠੀ ਆਦਿ ਧਰਮ ਲਹਿਰ
ਦੇ ਵਿਚਾਰਧਾਰਕ ਪ੍ਰਵਚਨ ਨੂੰ ਦਲਿਤ ਸੰਸਿਤੀ ਦੇ
ਚੇਤਨ ਅਵਚੇਤਨ ਪ੍ਰਸੰਗਾਂ ਵਿੱਚ ਰੂਪਮਾਨ ਕਰਦਾ ਹੈ। ਨਾਵਲ ਵਿੱਚ ਦਲਿਤਾਂ ਦੀ ਇਤਿਹਾਸਕ ਤੇ ਸੰਸਿਤਕ
ਭੂਮਿਕਾ ਖੋਜ ਕੇਂਦਰਿਤ ਸ਼ੈਲੀ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤਹਿਤ ਲੇਖਕ ਨੇ ਦਲਿਤਾਂ ਬਾਰੇ
ਪ੍ਰਚਲਿਤ ਉਨ੍ਹਾਂ ਸਥਾਪਿਤ ਖੋਜ ਵਿਧੀਆਂ ਅਤੇ ਸਰੋਤਾਂ ਨੂੰ ਕਾਂਟੇ ਹੇਠ ਰੱਖਿਆ ਗਿਆ ਹੈ ਜਿਨ੍ਹਾਂ
ਦੁਆਰਾ ਆਪਣੇ ਅਧਿਕਾਰੀਆਂ ਤੋਂ ਜਾਣਕਾਰੀ ਇਕੱਤਰ ਕਰਵਾ ਕੇ ਬਸਤੀਵਾਦੀ ਹਾਕਮ ਆਪਣੇ ਰਾਜਸੀ ਉਦੇਸ਼
ਪੂਰਦੇ ਸਨ। ਇਸਦੀ ਥਾਂ ਨਾਵਲੀ ਪ੍ਰਵਚਨ ਵਿੱਚ ਦਲਿਤਾਂ ਦੇ ਸਥਾਨਕ ਬਿਰਤਾਂਤ, ਮੌਖਿਕ ਰੂੜ੍ਹੀਆਂ, ਨਸਲੀ ਮਨੋ ਵਿਗਿਆਨ ਅਤੇ ਭਾਸ਼ਾ ਦੇ ਮੌਲਿਕ ਉਚਾਰ ਪੇਸ਼ ਕਰਕੇ
ਇਸ ਨਾਵਲ ਨੂੰ ਦਲਿਤ ਚਿੰਤਨ ਦਾ ਪ੍ਰਮਾਣਿਕ ਦਸਤਾਵੇਜ਼ ਬਣਾ ਦਿੱਤਾ ਗਿਆ ਹੈ। ਆਦਿ ਧਰਮ ਮੰਡਲ ਲਹਿਰ
ਦੀ ਵਿਚਾਰਧਾਰਕ ਰੌਸ਼ਨੀ ਵਿੱਚ ਸਿਰਜਿਆ ਨਾਵਲੀ ਬਿਰਤਾਂਤ ਇਸ ਲਹਿਰ ਦੁਆਰਾ ਦਲਿਤਾਂ ਨੂੰ ਭਾਰਤ ਦੇ ਮੂਲਵਾਸੀ ਸਿੱਧ ਕਰਨ
ਸਮੇਤ ਦਲਿਤ ਮੁਕਤੀ ਲਈ ਸਿਆਸੀ ਅਤੇ ਵਿਚਾਰਧਾਰਕ ਸਪੇਸ ਤਿਆਰ ਕਰਨ ਦਾ ਜ਼ਾਮਨ ਬਣਦਾ ਹੈ। ਇਸਦੇ ਨਾਲ ਦਲਿਤਾਂ
ਲਈ ਵੋਟ, ਜ਼ਮੀਨ ਖਰੀਦਣ, ਵਿਦੇਸ਼ ਜਾਣ ਦੀ ਇਜ਼ਾਜਤ, ਵਿੱਦਿਆ ਅਤੇ ਰਾਖਵਾਂਕਰਨ ਦੇ ਹੱਕ/ਅਧਿਕਾਰ ਪ੍ਰਾਪਤ ਹੋਣੇ ਆਦਿ ਧਰਮ ਮੰਡਲ ਲਹਿਰ ਦੇ ਮੋਢੀ
ਕੰਮ ਸਨ ਜਿਹੜੇ ਬਾਬੂ ਮੰਗੂ ਰਾਮ ਦੀ ਅਗਵਾਈ ਹੇਠ ਪ੍ਰਾਪਤ ਹੋਏ। ਇਹ ਨਾਵਲ ਬਾਬੂ ਮੰਗੂ ਰਾਮ ਵੱਲੋਂ
ਵਿੱਢੇ ਆਦਿ ਧਰਮ ਅੰਦੋਲਨ ਦੇ ਜਨ ਚੇਤਨਾ ‘ਤੇ ਪਏ ਪ੍ਰਭਾਵਾਂ ਨੂੰ ਰਜਿਸਟਰ ਕਰਨ ਦੇ ਨਜ਼ਰੀਏ ਤੋਂ
ਹੋਰ ਪ੍ਰਸੰਗਿਕ ਰਚਨਾ ਹੈ। ਨਾਵਲ ਵਿੱਚ ਉਕਤ ਲਹਿਰ ਦੀ ਤਵਾਰੀਖ ਜਾਂ ਬਾਬੂ ਮੰਗੂ ਰਾਮ ਨੂੰ ਨਾਇਕ
ਬਣਾ ਕੇ ਉਲੀਕਣ ਵਾਲੀ ਜੀਵਨੀਮੂਲਕ ਇਤਿਹਾਸਕਾਰੀ ਨਦਾਰਦ ਹੈ। ਇਹ ਕਾਰਜ ਸਾਹਿਤ ਤੋਂ ਬਾਹਰੇ
ਅਨੁਸ਼ਾਸਨਾਂ ਦਾ ਹੈ ਇਸਦੀ ਥਾਂ ਇਸ ਟੈਕਸਟ ਵਿੱਚ ਆਦਿ ਧਰਮ ਲਹਿਰ ਤੋਂ ਪਹਿਲਾਂ ਅਤੇ ਬਾਅਦ ਦੇ
ਪੰਜਾਬੀ ਸਮਾਜ ਵਿੱਚਲੀ ਦਲਿਤ ਦਸ਼ਾ ਨੂੰ ਪਾਤਰਾਂ ਦੀ ਚਿੰਤਨੀ ਵਾਰਤਾਲਾਪ, ਘਟਨਾਵਾਂ ਦੀ ਮਾਰਮਿਕ ਪੇਸ਼ਕਾਰੀ, ਦੋਆਬੇ ਨੇੜਲੇ ਕੰਢੀ ਖੇਤਰ ਦੀ ਆਂਚਲਿਕਤਾ ਨਾਲ ਅਤੇ
ਬਿਰਤਾਂਤ ਦਿ੍ਰਸ਼ਟੀ ਦੀ ਸਪੱਸ਼ਟਤਾ ਦੁਆਰਾ ਪੇਸ਼ ਕਰਕੇ ਲੇਖਕ ਨੇ ਮਹੱਤਵਪੂਰਨ ਪ੍ਰਵਚਨ ਦੀ ਸਿਰਜਣਾ
ਕੀਤੀ ਹੈ। ਮੇਰੀ ਨਜ਼ਰ ਵਿੱਚ ਪੰਜਾਬੀ ਦਲਿਤ ਨਾਵਲ ਵਿੱਚ ਅਜਿਹਾ ਵਰਤਾਰਾ ਪਹਿਲੀ ਵਾਰ ਪ੍ਰਗਟ ਹੁੰਦਾ
ਹੈ ਜਦੋਂ ਪੰਜਾਬ ਦੀ ਨਾਬਰ ਤਾਸੀਰ ਤੋਂ ਉੱਠੀ ਕਿਸੇ ਦਲਿਤ ਲਹਿਰ ਨੂੰ ਨਾਵਲ ਦੇ ਚਿੱਤਰਪੱਟ ‘ਤੇ
ਉਲੀਕ ਕੇ ਦਲਿਤ ਪਛਾਣ ਦੇ ਮੁੱਦੇ ਨੂੰ ਸੰਬੋਧਿਤ ਹੋਇਆ ਹੋਵੇ। ਇਸ ਤੋਂ ਪਹਿਲਾਂ ਪੰਜਾਬੀ ਦਲਿਤ ਗਲਪ
ਜ਼ਿਆਦਾਤਰ ਮਾਰਕਸਵਾਦ, ਅੰਬੇਦਕਰਵਾਦ ਜਾਂ ਦੋਵੇਂ ਵਿਚਾਰ ਪੱਧਤੀਆਂ ਦੀ ਸੰਯੁਕਤੀ
ਨਾਲ ਆਪਣੀ ਬਿਰਤਾਂਤ ਦਿ੍ਰਸ਼ਟੀ ਦਾ ਨਿਰਮਾਣ ਕਰਦਾ ਰਿਹਾ ਹੈ। ਇਹ ਸੀਮਾ ਭਾਰਤੀ ਦਲਿਤ ਨਾਵਲ ਵਿੱਚ
ਵੀ ਪ੍ਰਧਾਨ ਹੈ। ਹਿੰਦੀ ਦੇ ਦਲਿਤ ਨਾਵਲਾਂ ਵਿੱਚ ਦਲਿਤ ਸੰਸਿਤੀ ਅਤੇ ‘ਸਵਰਨ’ ਵਰਗ ਦੇ ਅੰਤਰ
ਵਿਰੋਧਾਂ ਨੂੰ ਜਾਤੀਗਤ ਵਿਤਕਰੇੇ ਦੇ ਤਰਦੇ ਤਰਦੇ ਤੇ ਸਪਾਟ ਵਸਤੂ ਵੇਰਵਿਆਂ ਵਿੱਚ ਰੇਖਾਂਕਿਤ ਕਰਨ
ਦੀ ਨਾਵਲੀ ਰੂੜ੍ਹੀ ਅੜ ਕੇ ਖੜ੍ਹੀ ਹੈ। ਦਲਿਤ ਪਛਾਣ ਅਤੇ ਦਲਿਤ ਮੁਕਤੀ ਦਾ ਸੁਤੰਤਰ ਪਰਿਪੇਖ
ਇਨ੍ਹਾਂ ਨਾਵਲੀ ਿਤਾਂ ਦੀ ਵਸਤੂ ਨਹੀਂ ਬਣਿਆ। ਇਸ
ਤੋਂ ਇਲਾਵਾ ਡਾ.ਭੀਮ ਰਾਓ ਅੰਬੇਦਕਰ ਦੇ ਜੀਵਨ ਦਰਸ਼ਨ ਨੂੰ ਨਾਵਲ ਦੇ ਬਿਰਤਾਂਤਕ ਧਰਾਤਲ ‘ਤੇ ਫੈਲਾ
ਕੇ ਦਲਿਤ ਸੰਸਿਤੀ ਦੀ ਜੀਵੰਤ ਤਾਸੀਰ ਪਿਛਾਂਹ ਧੱਕੀ ਵੀ ਜਾਂਦੀ ਰਹੀ ਹੈ। ਇਹ ਵਰਤਾਰਾ ਅੰਬੇਦਕਰ
ਦਰਸ਼ਨ ਦੀ ਫੋਰਸ ਵਿੱਚ ਰਚੇ ਹਿੰਦੀ ਨਾਵਲਾਂ ਵਿੱਚ ਪ੍ਰਧਾਨ ਹੈ ਜਿੱਥੇ ਉਕਤ ਵਿਚਾਰ ਪੱਧਤੀ ਦਾ
ਪ੍ਰਚਾਰ ਪ੍ਰਧਾਨ ਹੈ ਜਦਕਿ ਦਲਿਤਾਂ ਪ੍ਰਤੀ ਬਾਹਰਮੁਖੀ ਤੇ ਤਰਕਸ਼ੀਲ ਦਿ੍ਰਸ਼ਟੀ ਗਾਇਬ ਹੈ।
ਬਲਬੀਰ ਮਾਧੋਪੁਰੀ ਭਾਰਤੀ
ਦਲਿਤ ਨਾਵਲ ਦੀ ਇਸ ਸੀਮਾ ਨੂੰ ਸੁਚੇਤ ਰਹਿ ਕੇ ਤੋੜਦਾ ਹੈ। ਉਹ ਪੰਜਾਬ ਦੀ ਨਾਬਰ ਧਰਤੀ ਤੋਂ ਉੱਠੇ
ਦਲਿਤ ਅੰਦੋਲਨ ਦੀਆਂ ਧੁਨੀਆਂ ਨੂੰ ਰਜਿਸਟਰ ਕਰਦਾ ਹੈ ਅਤੇ ਸਮਾਜ ਦੀਆਂ ਰੌਂਦੀਆਂ ਤੇ ਦਲੀਆਂ ਧਿਰਾਂ
‘ਤੇ ਇਸ ਲਹਿਰ ਦੇ ਜਨ ਪ੍ਰਭਾਵ ਨੂੰ ਫੜਦਾ ਹੈ। ਇਸ ਵਰਤਾਰੇ ਨੂੰ ਕੰਢੀ ਦੇ ਆਂਚਲਿਕ ਅਤੇ ਦਲਿਤ
ਸੰਸਿਤੀ ਦੇ ਹਾਸ਼ੀਅਤ ਜੀਵਨ ਵਿਹਾਰ ਵਿੱਚੋਂ ਪੇਸ਼ ਕਰਕੇ ਉਹ ਪੰਜਾਬੀ ਨਾਵਲ ਵਿੱਚ ਜ਼ਿਕਰਯੋਗ ਵਾਧਾ
ਕਰਦਾ ਹੈ। ਕੰਢੀ ਦੀ ਆਂਚਲਿਕ ਵਿਰਾਸਤ ਵਿਚਲਾ ਦਲਿਤ ਵਿਮਰਸ਼ ਇਸ ਰਚਨਾ ਤੋਂ ਪਹਿਲਾਂ ਕਿਸੇ ਨਾਵਲ ਦੀ
ਵਸਤੂ ਨਹੀਂ ਬਣਿਆ।
ਬਲਬੀਰ ਮਾਧੋਪੁਰੀ ਨੇ ਆਦਿ ਧਰਮ
ਮੰਡਲ ਲਹਿਰ ਦੀ ਜੰਮਣ ਭੋਇ ਦੋਆਬੇ ਦੇ ਚੜ੍ਹਦੇ ਪਾਸੇ ਪੈਂਦੇ ਕੰਢੀ ਇਲਾਕੇ ਦੀ ਆਂਚਲਿਕਤਾ, ਇੱਥੋਂ ਦੇ ਲੋਕ ਧਰਮ, ਆਰਥਿਕਤਾ,
ਸਮਾਜਿਕ ਸਭਿਆਚਾਰਕ ਪਰਿਪੇਖ
ਨੂੰ ਨਾਵਲੀ ਧਰਾਤਲ ‘ਤੇ ਪੇਸ਼ ਕਰਕੇ ਵੱਖਰੀ ਪਹਿਲਕਦਮੀ ਕੀਤੀ ਹੈ। ਕੰਢੀ ਇਲਾਕੇ ਦੀ ਮੁੱਖ ਧਾਰਾ
ਵਾਲੀ ਸੰਸਿਤਕ ਚੇਤਨਾ ਧਰਮਪਾਲ ਸਾਹਿਲ ਦੇ ਨਾਵਲੀ ਸੰਸਾਰ ਵਿੱਚ ਅਤੇ ਇੱਥੋਂ ਦੇ ਖੇਤੀ ਸੈਕਟਰ ਤੇ
ਨਵ ਪੂੰਜੀਵਾਦੀ ਅਲਾਮਤਾਂ ਦੇ ਸੰਕਟ ਬਲਬੀਰ
ਪਰਵਾਨਾ ਦੇ ਨਾਵਲੀ ਸੰਸਾਰ ਦਾ ਹਿੱਸਾ ਬਣਦੇ ਰਹੇ ਹਨ। ਪਰ ਕੰਢੀ ਇਲਾਕੇ ਵਿੱਚ ਉੱਚ ਜਾਤੀ ਵਰਗ ਦੀ
ਜਗੀਰੂ ਮਾਨਸਿਕਤਾ ਨਾਲ ਦਲਿਤ ਸ਼੍ਰੇਣੀ ਵਰਗ ਦੇ ਤਣਾਅ ਪੂਰਨ ਇਤਿਹਾਸ ਨੂੰ ਮਾਧੋਪੁਰੀ ਆਪਣੇ ਇਸ
ਨਾਵਲ ਵਿੱਚ ਫੜਦਾ ਹੈ।
ਨਾਵਲ ਦਾ ਕੇਂਦਰੀ ਪਾਤਰ ਬਾਬਾ ਸੰਗਤੀਆਂ ਆਦਿ ਧਰਮ ਲਹਿਰ ਦਾ ਕਾਰਕੁੰਨ ਹੈ, ਉਹ ਇਤਿਹਾਸਕ ਕਸਬਾ ਜੇਜੋਂ ਦੋਆਬਾ ਨੇੜਲੇ ਪਿੰਡ ਛਨਾਂ ਦਾ ਵਸਨੀਕ ਹੈ ਜਿਸ ਦੇ ਮਨ ਵਿੱਚ ਇਸ
ਇਲਾਕੇ ਦੀ ਭੂਗੋਲਿਕ ਤੇ ਇਤਿਹਾਸਕ ਤਵਾਰੀਖ ਦੇ ਅਧਿਆਇ ਛੁਪੇ ਹੋਏ ਹਨ। ਬਾਬਾ ਸੰਗਤੀਆਂ ਆਪਣੇ ਪੋਤੇ
ਤੇ ਨਾਵਲ ਦੇ ਮੁੱਖ ਬਿਰਤਾਂਤਕਾਰ ਪਾਤਰ ਗੋਰਾ ਨਾਲ ਲੰਮੇਂ ਸੰਵਾਦ ਵਿੱਚ ਰਹਿੰਦਾ ਹੈ। ਇਹ ਸੰਵਾਦ
ਨਾਵਲ ਵਿੱਚ ਦਲਿਤ ਮੁਕਤੀ ਤੇ ਦਲਿਤ ਪਛਾਣ ਦੇ ਕੇਂਦਰੀ ਥੀਮ ਦੇ ਆਰ ਪਾਰ ਫੈਲਿਆ ਰਹਿੰਦਾ ਹੈ।
ਇਸ ਸੰਵਾਦ ਵਿੱਚ ਬਸਤੀਵਾਦੀ ਦੌਰ ਦੇ ਭਾਰਤੀ ਸਮਾਜ
ਵਿੱਚ ਦੂਹਰੀ ਤੀਹਰੀ ਗੁਲਾਮੀ ਹੰਢਾਉਂਦੇ ਦਲਿਤ ਸਮਾਜ ਦੀ ਦਸ਼ਾ ਬਿਆਨੀ ਗਈ ਹੈ ਇਹ ਦਸ਼ਾ
ਸਮਾਜਿਕ-ਆਰਥਿਕ ਸ਼ੋਸ਼ਣ, ਸਾਮੰਤਵਾਦੀ ਸੋਚ ਅਤੇ ਵਰਣ ਪ੍ਰਬੰਧ ਵਿੱਚੋਂ ਪੈਦਾ ਹੁੰਦੇ
ਅਮਾਨਵੀ ਵਿਵਹਾਰ ਦੀਆਂ ਪਰਤਾਂ ਉਘਾੜਦੀ ਹੈ। ਨਾਵਲ ਦੀ ਇਕ ਖੂਬੀ ਹੈ ਇਸਦੇ ਦਲਿਤ ਪਾਤਰ ਹਿੰਦੀ
ਦਲਿਤ ਨਾਵਲੀ ਪਰੰਪਰਾ ਵਾਂਗ ਕਿਸੇ ਅਪਰਾਧ ਬੋਧ ਦੀ ਭਾਵਨਾ ਵਿੱਚੋਂ ਗੁਜ਼ਰਦੇ ਪਾਠਕਾਂ ਦੀ ਹਮਦਰਦੀ
ਲਈ ਸਹਿਕਦੇ ਨਹੀਂ ਸਗੋਂ ਆਪਣੇ ਬੁੱਧ ਵਿਵੇਕ ਤੇ ਚੇਤੰਨਤਾ ਨਾਲ ਗੈਰਤਮੰਦ ਜੀਵਨ ਦੀ ਅਭਿਲਾਸ਼ਾ
ਰੱਖਦੇ ਹਨ। ਬਾਬਾ ਸੰਗਤੀਆ, ਬਾਬਾ ਰੇਲੂ ਰਾਮ, ਗੋਰਾ, ਦਾਦੀ ਬਚਨੀ, ਗੱਜਣ,
ਬਾਬਾ ਤਾਰੂ, ਮਾਈ ਚਿੰਤੀ, ਮੁਸਲਿਮ ਔਰਤ ਫਾਤਿਮਾ ਸਮੇਤ ਹੋਰ ਪਾਤਰ ਸਨਾਤਨੀ ਧਰਮ
ਪ੍ਰਤੀ ਕਾਟਵੇਂ ਸੰਵਾਦ ਵਿੱਚ ਰਹਿੰਦੇ ਹਨ। ਮੁਸਲਿਮ ਔਰਤ ਫਾਤਿਮਾ ਲਾਹੌਰ ਦੀ ਹੀਰਾ ਮੰਡੀ ਤੋਂ
ਉਧਾਲੀ ਔਰਤ ਹੈ ਜਿਹੜੀ ਜਿਸਮਫਰੋਸ਼ੀ ਦੇ ਧੰਦੇ ਵਿੱਚ ਹੈ। ਉਹ ਧਰਮ, ਕੌਮ, ਨਸਲ, ਜਾਤ ਤੇ ਜਮਾਤ ਦੇ ਭੇਸ ਵਿੱਚ ਬੈਠੀ ਮਰਦ ਸੱਤਾ ਨੂੰ
ਵੰਗਾਰਦੀ ਬਾਬਾ ਸੰਗਤੀਆ ਨੂੰ ਕਹਿੰਦੀ ਹੈ-
‘‘
ਇਹ ਕੰਜਰਖਾਨਾ-ਜਿਸਮਫਰੋਸ਼ੀ ਦਾ
ਅੱਡਾ, ਸਾਡੇ ਲਈ ਦੋਜ਼ਖ ਆ ਦੋਜ਼ਖ ਤੇ ਮੁੱਲਾਂ ਮੁਲਾਂਣਿਆਂ, ਮੰਦਰਾਂ ਤੇ ਮਹੰਤਾਂ-ਪੁਜਾਰੀਆਂ ਦੇ ਹੋਰ ਰਹਿਬਰਾਂ ਲਈ ਜੰਨਤ ਆ ਜੰਨਤ, ਉਨ੍ਹਾਂ ਨੂੰ ਹੂਰਾਂ ਏਥੇ ਹੀ ਮਿਲ ਜਾਂਦੀਆਂ,
ਅੱਗਾ ਕੇਨੇ੍ਹੇ ਦੇਖਿਆਂ. . .
ਕਈ ਵਾਰ ਤਾਂ ਮੈਨੂੰ ਲੱਗਦਾ ਪਈ ਰੱਬ ਬੰਦੇ ਨੇ ਘੜ ਲਿਆ, ਦੂਜੇ ਨਾਲ
ਠੱਗੀ-ਠੋਰੀ, ਧੋਖਾਧੜੀ ਤੇ ਆਪਣੇ ਮੁਫਾਦ ਲਈ, ਸਾਡੇ ਜਿਸਮਾਂ
ਨਾਲ ਖੇਲ੍ਹਣ ਲਈ. . . ।’’ 1.
ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬੀ
ਸਭਿਆਚਾਰ ਪ੍ਰਤੀ ਰੁਮਾਂਸਿਕ ਪਹੁੰਚ ਦੁਆਰਾ ਇਸਨੂੰ ਮਿੱਸੇ ਤੇ ਸਹਿਹੋਂਦ ਵਾਲੇ ਸਭਿਆਚਾਰ ਵੱਜੋਂ
ਵੇਖਣ ਦੇ ਰੁਝਾਨ ਰਹੇ ਹਨ ਪਰ ਇਹ ਦਿ੍ਰਸ਼ਟੀ ਦਲਿਤ ਹੋਂਦ ਨੂੰ ਦਰਕਿਨਾਰ ਕਰਦੀ ਰਹੀ ਹੈ। ਇਸ ਨਾਵਲ
ਵਿੱਚ ਪੰਜਾਬ ਦੀ ‘ਸਾਂਝੀ ਸੰਸਿਤੀ’ ਦੀ ਤਹਿ ਹੇਠ ਦਰੜ ਹੁੰਦੇ ਸ਼ੋਸ਼ਤ ਵਰਗਾਂ ਦੀ ਵੇਦਨਾ ਬਾਖੂਬੀ
ਦਰਜ ਹੈ। ਇਸ ਗੈਰ ਮਾਨਵੀ ਵਿਵਹਾਰ ਵਿੱਚ ਦਲਿਤ ਔਰਤ ਦੀ ਹੋਂਦ ਸ਼ਬਦਾਂ ਤੋਂ ਬਾਹਰ ਹੈ। ਦਲਿਤ ਪੁਰਸ਼ ਆਪਣੀ ਚੇਤੰਨਤਾ ਨਾਲ ਜੇਕਰ
ਬ੍ਰਾਹਮਣਵਾਦੀ ਦਾਬੇ ਤੇ ਜਗੀਰੂ ਪ੍ਰਬੰਧ ਤੋਂ ਮੁਕਤ ਹੋ ਵੀ
ਜਾਵੇ ਤਾਂ ਵੀ ਦਲਿਤ ਔਰਤ ਦੀ ਮੁਕਤੀ ਖਲਾਅ ਵਿੱਚ ਹੈ। ਬਲਬੀਰ ਮਾਧੋਪੁਰੀ ਨੇ ਆਪਣੇ ਨਾਵਲ
ਵਿੱਚ ਦਲਿਤ ਵਰਗ ਦੀ ਮੁਕਤੀ ਤਹਿਤ ਦਲਿਤ ਬੰਦੇ ਤੇ ਔਰਤ ਦੀ ਮੁਕਤੀ ਨੂੰ ਬਰਾਬਰ ਸਪੇਸ ਦਿੱਤੀ
ਹੈ। ਗੋਰੇ ਦੀ ਮਾਂ ਦੀ ਚਾਦਰ ਚੜਾਈ ਦੀ ਰਸਮ ਮੌਕੇ
ਦਲਿਤ ਔਰਤਾਂ ਦਾ ਵਾਰਤਾਲਾਪ ਜਿੱਥੇ ਬ੍ਰਾਹਮਣਾਂ,
ਰਾਜਪੂਤਾਂ ਤੇ ਜੱਟਾਂ ਦੀ
ਜਗੀਰੂ ਸੋਚ ਪ੍ਰਤੀ ਤਿ੍ਰਸਕਾਰ ਰੱਖਦਾ ਹੈ ਉੱਥੇ ਹੀ ਪੁਰਸ਼ ਪ੍ਰਧਾਨ ਸਮਾਜਿਕ ਵਿਵਸਥਾ ‘ਤੇ ਵੀ ਚੋਟ
ਕਰਦਾ ਹੈ।
ਨਾਵਲ ਦੀ ਸ਼ੁਰੂਆਤ ਵਿੱਚ ਗੋਰੇ
ਦੇ ਗੁਆਚੇ ਪਿਤਾ ਦੀ ਤਲਾਸ਼ ਤੋਂ ਲੈ ਕੇ ਨਾਵਲ ਦੇ ਅੰਤ ਤੱਕ ਉਸਦੇ ਲੱਭ ਜਾਣ ਦੇ ਘਟਨਾਵੀਂ ਵਰਤਾਰੇ
ਪਾਠਕਾਂ ਨੂੰ ਬਿਰਤਾਂਤ ਦੇ ਰਸ ਨਾਲ ਜੋੜੀ ਰੱਖਦੇ ਹਨ ਪਰ ਗੋਰੇ ਦਾ ਬਾਬਾ ਸੰਗਤੀਆ ਨਾਵਲ ਦਾ ਕੇਂਦਰ
ਬਿੰਦੂ ਰਹਿੰਦਾ ਹੈ ਜੋ ਕਿ ਉੱਤਰੀ ਭਾਰਤ ਦੇ ਵਪਾਰਕ ਕੇਂਦਰ ਜੇਜੋਂ ਦੇ ਆਲੇ ਦੁਆਲੇ ਦੀਆਂ ਸਵਰਨ
ਜਾਤੀਆਂ ਵੱਲੋਂ ਦਲਿਤਾਂ ਨਾਲ ਹੁੰਦੇ ਅਮਾਨਵੀ ਭੇਦ ਭਾਵ ਦਾ ਗਵਾਹ ਪਾਤਰ ਬਣ ਕੇ ਪੇਸ਼ ਹੋਇਆ ਹੈ। ਇਨ੍ਹਾਂ ਸਵਰਨ ਜਾਤੀਆਂ ਵਿੱਚ ਰਾਜਪੂਤ ਸ਼੍ਰੇਣੀ ਦੇ
ਸਾਮੰਤਵਾਦੀ ਚਰਿੱਤਰ ਨੂੰ ਭਰਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਕੰਢੀ ਇਲਾਕੇ ਵਿੱਚ ਰਾਜਪੂਤਾਂ
ਦੇ ਵਰਤ ਵਿਹਾਰ ਵਿੱਚ ਦਲਿਤ ਵਰਗ ਪ੍ਰਤੀ ਹਿਕਾਰਤੀ ਪਹੁੰਚ ਨਾਵਲੀ ਪ੍ਰਵਚਨ ਦਾ ਅਹਿਮ ਹਿੱਸਾ ਹੈ
ਜਿਸਨੂੰ ਕਾਉਂਟਰ ਕਰਨ ਲਈ ਨਾਵਲ ਦਾ ਬਾਬਾ ਸੰਗਤੀਆ ਪਾਤਰ ਦਲਿਤਾਂ ਨੂੰ ਸਵਰਨ ਜਾਤੀਆਂ ‘ਤੇ ਆਸ਼ਰਿਤ
ਰਹਿਣ ਵਾਲੀ ਰਵਾਇਤੀ ਮਾਨਸਿਕਤਾ ਤੋਂ ਪਾਰ ਜਾਣ ਦੀ ਦਿ੍ਰਸ਼ਟੀ ਦਾ ਸੰਚਾਰ ਕਰਦਾ ਹੈੈ। ਉਹ ਦਲਿਤ
ਸਮਾਜ ਨੂੰ ਆਦਿ ਧਰਮ ਮੰਡਲ ਲਹਿਰ ਦੇ ਕੇਂਦਰੀ ਵਿਚਾਰਕ ਨੁਕਤੇ ਅਨੁਸਾਰ ਭਾਰਤ ਦੀ ਮੂਲਵਾਸੀ ਨਸਲ
ਵੱਜੋਂ ਸਪਲੀਮੈਂਟ ਕਰਦਾ ਹੈ ਜਿਸਨੂੰ ਆਰੀਅਨ ਜਾਤੀ ਦੇ ਕਬੀਲਿਆਂ ਵੱਲੋਂ ਛਲ, ਕਪਟ ਤੇ ਜ਼ਬਰ ਨਾਲ ਦਰੜਨ ਦੇ ਹਰ ਹੀਲੇ ਹਰਬੇ ਵਰਤੇ ਹਨ। ਇਸੇ ਪ੍ਰਸੰਗ ਵਿੱਚ ਉਹ ਆਦਿਵਾਸੀ
ਸਮਾਜ ਦੀ ਇਸ ਹਾਸ਼ੀਅਤ ਸਥਿਤੀ ਦਾ ਪ੍ਰਸੰਗ ਛੇੜ ਕੇ ਬਾਬੂ ਮੰਗੂ ਰਾਮ ਵੱਲੋਂ ਇਸ ਸਮਾਜ ਨੂੰ ਚੇਤੰਨ
ਕਰਨ ਲਈ ਕੀਤੇ ਉੱਦਮਾਂ ਦਾ ਹਵਾਲਾ ਦਿੰਦਾ ਮਿਹਨਤਕਸ਼ ਜਮਾਤਾਂ ਨੂੰ ਇਸੇ ਮਿੱਟੀ ਦੇ ਮੂਲ ਜਾਏ ਸਿੱਧ
ਕਰਦਾ ਹੈ-
‘‘
ਮੈਂ ਮੰਗੂ ਰਾਮ ਦੀ ਸਹੁੰ ਖਾ
ਕੇ ਕਹਿਨਾਂ ਗੋਰਿਆ ਪਈ ਜੇ ਅਸੀਂ ਸਾਰੇ ਰਲ ਕੇ ਬ੍ਰਾਹਮਣਾਂ ਦੇ ਵਰਣ-ਧਰਮ ਤੋਂ ਛੁਟਕਾਰਾ ਪਾਉਣ ਲਈ
ਦਿਨ ਰਾਤ ਲੱਗੇ ਰਹੇ ਤਾਂ ਆਉਣ ਵਾਲਾ ਵਕਤ ਕੰਮੀਆਂ-ਕਮੀਣਾਂ ਤੇ ਕਾਰੀਗਰ ਬਰਾਦਰੀਆਂ ਦਾ ਹੋਉਗਾ, ਇਸ ਮਿੱਟੀ ਦੇ ਜਾਇਆਂ ਦਾ, ਜਿਨ੍ਹਾਂ ਦਾ ਧਰਤੀ, ਧਨ ਤੇ ਧਰਮ ਖੋਹ
ਲਿਆ ਹੋਇਆ, ਇਨ੍ਹਾਂ ਬਾਹਰਲੇ ਮੁਲਕਾਂ ਤੋਂ ਆਏ ਧਾੜਵੀਆਂ ਨੇ . . .।’’2.
ਬਾਬਾ ਸੰਗਤੀਆ ਨਾਵਲ ਵਿੱਚ ਸਰਬ ਗਿਆਤਾ ਪਾਤਰ ਵਾਂਗ ਵਿਚਰਦਾ ਹੈ ਜਿਸ ਕੋਲ ਸਮਾਜ ਦੇ ਹਾਸ਼ੀਅਤ ਵਰਗਾਂ ਦਾ ਮੌਲਿਕ ਇਤਿਹਾਸ ਬੋਧ ਹੈ।
ਉਹ ਆਪਣੇ ਪੋਤੇ ਦੇ ਜਗਿਆਸੂ ਮਨ ਨੂੰ ਸ਼ਾਂਤ ਕਰਦਾ ਦਲਿਤ ਸਮਾਜ ਦੇ ਇਤਿਹਾਸ ਤੇ ਸਮਕਾਲ ਨੂੰ
ਬਾਹਰਮੁਖੀ ਤੇ ਤਰਕਸ਼ੀਲ ਦਿ੍ਰਸ਼ਟੀਕੋਣ ਤੋਂ ਸਪਲੀਮੈਂਟ ਕਰਦਾ ਹੈ। ਅਖੌਤੀ ਸਵਰਨ ਜਾਤੀਆਂ ਦੀ ਜਗੀਰੂ
ਮਾਨਸਿਕਤਾ ਸਮੇਤ ਦਲਿਤ ਵਰਗ ਪ੍ਰਤੀ ਵਿਤਕਰੇ ਤੇ ਲੁੱਟ ਖਸੁੱਟ ਵਿੱਚ ਬੇਜ਼ਮੀਨੇ ਦਲਿਤ, ਮਜ਼ਦੂਰ, ਬੱਚੇ ਅਤੇ ਔਰਤਾਂ ਇਕ ਸ਼ਰਾਪੀ ਜ਼ਿੰਦਗੀ ਭੋਗਦੇ ਦਿਸਦੇ ਹਨ। ਬਾਬਾ
ਸੰਗਤੀਆ ਪਾਤਰ ਦੁਆਰਾ ਲੇਖਕ ਆਦਿ ਧਰਮ ਮੰਡਲ ਲਹਿਰ ਨਾਲ ਦਲਿਤਾਂ ਲੋਕਾਂ ਵਿੱਚ ਆਈ ਆਪਣੀ ਮੁਕਤੀ ਤੇ
ਸੁਤੰਤਰ ਪਛਾਣ ਪ੍ਰਤੀ ਆਈ ਜਾਗਿ੍ਰਤੀ ਨੂੰ ਪੇਸ਼ ਕਰਦਾ ਹੈ। ਬਸਤੀਵਾਦੀ ਦੌਰ ਵਿੱਚ ਇਸ ਪਹਾੜੀ ਰਿਆਸਤ
ਵਾਲੇ ਖੇਤਰ ਵਿੱਚ ਦਲਿਤ ਵਰਗ ਵੱਲੋਂ ਹੰਢਾਈ ਜਾਂਦੀ ਤੀਹਰੀ ਗੁਲਾਮੀ ਨਾਵਲ ਦੇ ਚਿੱਤਰਪੱਟ ‘ਤੇ
ਹਾਜ਼ਰ ਰਹਿੰਦੀ ਹੈ। ਇਸ ਗੁਲਾਮੀ ਵਿੱਚ ਅੰਗਰੇਜ਼ ਸ਼ਾਸਨ,
ਹਿੰਦੂ ਸਮਾਜ ਅਤੇ ਹਿੰਦੂ ਰਾਜਿਆਂ ਦੀ ਗੁਲਾਮੀ ਦੇ ਅਨੇਕਾਂ ਪਾਸਾਰ
ਪੇਸ਼ ਹੋਏ ਮਿਲਦੇ ਹਨ। ਨਾਵਲ ਵਿੱਚ ਦਾਦਾ ਅਤੋ ਪੋਤਾ ਪਾਤਰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ
ਪੁੱਜਦੇ ਅਨੁਭਵ ਅਤੇ ਲੋਕ ਦਰਸ਼ਨ ਦੇ ਪ੍ਰਤੀਕ ਹਨ। ਬਾਬਾ ਸੰਗਤੀਆ ਆਪਣੇ ਪੋਤੇ ਨੂੰ ਚਾਰ ਵਰਣਾਂ, ਮਨੂੰਵਾਦੀ ਦਰਸ਼ਨ, ਹਿੰਦੂ ਫਿਲਾਸਫੀ, ਮੂਲ ਵਾਸੀ
ਪਰੰਪਰਾਵਾਂ, ਕਰਮ ਕਾਂਡ, ਸ਼ੂਦਰਾਂ ਦੀ ਯਥਾਸਥਿਤੀ ਦੇ ਕਾਰਨ, ਜਾਤੀ ਜਮਾਤੀ ਸਮਾਜ ਦੀਆਂ ਵਿਸੰਗਤੀਆਂ ਸਮੇਤ ਤਮਾਮ ਮੁੱਦਿਆਂ ਨਾਲ ਚੇਤੰਨ ਤੇ ਜਾਗਰੂਕ ਰੱਖਦਾ
ਹੈ। ਇਸ ਜਾਗਰੂਕਤਾ ਦੇ ਮੂਲ ਬੀਜ ਆਦਿ ਧਰਮ ਮੰਡਲ ਲਹਿਰ ਦੇ ਬਾਨੀ ਬਾਬੂ ਮੰਗੂ ਰਾਮ ਬੀਜਦੇ ਹਨ।
ਉਨ੍ਹਾਂ ਵੱਲੋਂ ਦਲਿਤ ਵਰਗ ਨੂੰ ਚੇਤੰਨ ਕਰਨ ਲਈ ਨੀਮ ਪਹਾੜੀ ਖਿੱਤੇ ਵਿੱਚ ਕੀਤੇ ਜਲਸੇ ਤੇ
ਤਕਰੀਰਾਂ ਨਾਵਲ ਦੀ ਵਿਚਾਰਧਾਰਕ ਪਿੱਠਭੂਮੀ ਬਣਦੇ ਹਨ। ਨਾਵਲਕਾਰ ਨੇ ਨਾਵਲੀ ਬਿਰਤਾਂਤ ਨੂੰ
ਦਿ੍ਰਸ਼ਟੀਗਤ ਪੱਖੋਂ ਸਮਰਿੱਧ ਕਰਨ ਲਈ ਭਾਸ਼ਣ ਜੁਗਤ ਤੋਂ ਇਲਾਵਾ ਬਾਬਾ ਸੰਗਤੀਆ ਨੂੰ ਮੱਧਕਾਲੀ ਭਗਤੀ
ਲਹਿਰ ਤੇ ਇਤਿਹਾਸ ਪ੍ਰਤੀ ਗਿਆਨ ਨਾਲ ਲੈੱਸ ਬਣਾ ਕੇ ਪੇਸ਼ ਕੀਤਾ ਹੈ। ਇਕ ਪਾਤਰ ਦੁਆਲੇ ਬਿਰਤਾਂਤ ਦੀ
ਭਾਰੂ ਬੁਣਤੀ ਦੇ ਰੁਝਾਨ ਪੰਜਾਬੀ ਨਾਵਲ ਦੀ ਅਹਿਮ ਰਚਨਾ
ਰੂੜ੍ਹੀ ਰਹੇ ਹਨ ਪਰ ਮਾਧੋਪੁਰੀ ਦਾ ਇਹ ਪਾਤਰ ਨਾਵਲ ਵਿੱਚ ਹੋਰ ਪਾਤਰਾਂ ਦੀ ਖੁਦਮੁਖਤਿਆਰ
ਸਪੇਸ ਖਤਮ ਕਰਨ ਦੀ ਥਾਂ ਸੰਵਾਦ ਦੀਆਂ ਸੰਭਾਵਨਾਵਾਂ ਪੈਦਾ ਕਰਨ ਕਰਕੇ ਪਾਠਕਾਂ ਨੂੰ ਚੁੱਭਦਾ
ਨਹੀਂ। ਉਹ ਸੰਗੀਤ ਤੇ ਸੰਗਤ ਦਾ ਧਾਰਨੀ ਆਦਰਸ਼ਕ
ਪਾਤਰ ਹੈ। ਜਿਸ ਕੋਲ ਭਗਤੀ ਲਹਿਰ ਦੇ ਮਹਾਂਪੁਰਸ਼ਾਂ ਦੀ ਬਾਣੀ ਦਾ ਕੰਠ ਗਿਆਨ ਹੋਣ ਦੇ ਨਾਲ ਨਾਲ, ਅੰਗਰੇਜ਼ ਵਿਰੋਧੀ ਲੋਕ ਲਹਿਰਾਂ,ਆਦਿ ਧਰਮ ਲਹਿਰ ਦੇ ਵਿਚਾਰਧਾਰਕ ਆਧਾਰ ਸਮੇਤ ਵਿਸ਼ਵ ਪੱਧਰ
ਦੀ ਰਾਜਨੀਤੀ ਅਤੇ ਦਲਿਤ ਵਰਗ ਦੇ ਆਰਥਿਕ-ਸਮਾਜਿਕ ਇਤਿਹਾਸ ਦਾ ਵੀ ਗਿਆਨ ਬੋਧ ਹੈ। ਅਜਿਹਾ ਬੋਧ
ਬਾਬਾ ਸੰਗਤੀਆ ਸਮੇਤ ਗੋਰਾ ਦੀ ਮਾਂ ਤੇ ਦਾਦੀ ਦੇ ਵਾਰਤਾਲਾਪੀ ਚਿੰਤਨ ਵਿੱਚੋਂ ਵੀ ਉਭਰਦਾ ਹੈ ਜੋ
ਕਿ ਦਲਿਤਾਂ ਦੀ ਸਮਾਜਿਕ ਸਥਿਤੀ ਦਾ ਕਰੂਰ ਚਿੱਤਰ ਬਣ ਕੇ ਪੇਸ਼ ਹੁੰਦਾ ਹੈ-
‘‘ਵਿਆਹ ‘ਚ ਸਾਡੇ ਗਰੀਬ-ਗੁਰਬਿਆਂ ਨੂੰ ਪੱਕੀ ਰੋਟੀ ਪਾਉਣ
ਤੋਂ ਮਨਾਹੀ ਆ, ਬਾਜਾ ਨਈ੍ਹ ਬਜਾਉਣ ਦਿੰਦੇ ਤੇ ਆਪ ਸਾਡੇ ਕਿਸੇ ਬੰਦੇ ਦੀ ਪਿੱਠ ‘ਤੇ
ਢੋਲ-ਨਗਾਰਾ ਬੰਨ੍ਹ ਕੇ ਉਹਨੂੰ ਬਜਾਉਂਦੇ ਆ। ਆਪਣੀਆਂ ਧੀਆਂ ਨੂੰ ਡੋਲੀ ‘ਚ ਬਿਠਾ-ਸਜਾ ਕੇ ਤੋਰਦੇ ਆ
ਤੇ ਸਾਨੂੰ ਸਾਡੀ ਧੀ-ਧਿਆਣੀ ਪੀੜ੍ਹੀ ‘ਤੇ ਬਠਾਲ ਕੇ ਵਿਦਾ ਕਰਨ ਨੂੰ ਮਜ਼ਬੂਰ ਕਰਦੇ ਆ।’’3
ਇਸ ਨਾਵਲ ਦਾ ਬਿਰਤਾਂਤਕ ਕਾਲ ਵੀਹਵੀਂ ਸਦੀ
ਦੇ ਪਹਿਲੇ ਦਹਾਕੇ ਤੋਂ ਦੂਜੀ ਸੰਸਾਰ ਜੰਗ ਤੱਕ ਫੈਲਿਆ ਹੈ। ਦੂਜੀ ਆਲਮੀ ਜੰਗ ਵਿੱਚ ਬਾਬੂ ਮੰਗੂ
ਰਾਮ ਦੇ ਉਤਸ਼ਾਹ ਨਾਲ ਦਲਿਤ ਨੌਜਵਾਨ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋਏ ਤੇ ਚਮਾਰ ਰਜਮੈਂਟ ਦੀ
ਸ਼ਾਨਾਮੱਤੀ ਗਾਥਾ ਸਮੇਤ ਆਜ਼ਾਦ ਹਿੰਦ ਫੌਜ ਵਿੱਚ ਗਏ ਦਲਿਤ ਨੌਜਵਾਨਾਂ ਦੀ ਬਹਾਦਰੀ ਵੀ ਨਾਵਲ
ਬਿਰਤਾਂਤ ਦਾ ਹਿੱਸਾ ਬਣੀ ਹੈ। ਅੰਗਰੇਜ਼ ਹਾਕਮ ਭਾਰਤੀ ਸਮਾਜਿਕ ਵਿਵਸਥਾ ਦੇ ਚੀੜੇ ਸੁਭਾਅ ਦਾ ਜਾਣੂੰ
ਸੀ। ਉਹ ਭਾਰਤ ਦੇ ਸਾਮੰਤਵਾਦੀ ਹਾਕਮਾਂ ਵਾਂਗ ਦਲਿਤ ਵਰਗ ਨੂੰ ਹਿਕਾਰਤ ਨਾਲ ਦੇਖਣ ਦੀ ਥਾਂ ਇਸਨੂੰ
ਬਣਦੀ ਸਪੇਸ ਦੇ ਕੇ ਬਸਤੀਵਾਦੀ ਸੱਤਾ ਵਿਰੁੱਧ ਉੱਠਦੀਆਂ ਲਹਿਰਾਂ ਨੂੰ ਤਾਰ-ਤਾਰ ਦੇਖਣਾ ਚਾਹੁੰਦਾ
ਸੀ। ਇਸ ਪੜਾਅ ‘ਤੇ ਦਲਿਤ ਚਿੰਤਨ ਨਵੀਂ ਦਿਸ਼ਾ ਅਖਤਿਆਰ ਕਰਦਾ ਹੈ ਜਿਸਦੇ ਸਿੱਧੇ ਅਸਿੱਧੇ ਵਸਤੂ
ਵੇਰਵੇ ਨਾਵਲੀ ਪ੍ਰਵਚਨ ਵਿੱਚ ਮੌਜੂਦ ਹਨ। ਇਸ ਸਥਿਤੀ ਨਾਲ ਸਬੰਧਤ ਬਾਬੂ ਮੰਗੂ ਰਾਮ ਦੀਆਂ ਤਕਰੀਰਾਂ
ਦਾ ਤੱਤ ਸਾਰ ਬਾਬਾ ਸੰਗਤੀਆ ਤੇ ਮੇਲੂ ਰਾਮ ਦੀ ਚਿੰਤਨੀ ਵਾਰਤਾਲਾਪ ਵਿੱਚੋਂ ਝਲਕਦਾ ਹੈ-
‘‘
ਮੰਗੂ ਰਾਮ ਨੇ ਪੁਰਜ਼ੋਰ ਅਲਫਾਜ਼
‘ਚ ਕਿਹਾ ਪਈ ਅੰਗਰੇਜ਼ ਹਕੂਮਤ ਤੋਂ ਲਾਹਾ ਲਵੋ,
ਪੜ੍ਹੋ, ਨੌਕਰੀਆਂ ਹਾਸਲ ਕਰੋ, ਆਪਣੀ ਲਿਆਕਤ ਪੇਸ਼ ਕਰੋ ਤੇ ਸਵਰਣ ਜਾਤੀਆਂ ਦਾ ਖਾਜਾ ਨਾ
ਬਣੋ। . . . . ਜਿਹੜੇ ਆਜ਼ਾਦੀ ਦੇ ਨਾਂ ‘ਤੇ ਸਾਨੂੰ ਸਹਿਕਾਰਤਾ, ਸਮਾਜਕ-ਆਰਥਕ ਬਰਾਬਰੀ ਦਾ ਮੈਨੀਫੈਸਟੋ ਪੜ੍ਹਾਉਂਦੇ ਸੀ, ਉਨ੍ਹਾਂ ਨੇ ਅੱਜ
ਸਾਨੂੰ ਆਪਣੇ ਦੁਸ਼ਮਣ ਸਮਝਿਆ ਹੋਇਆ। . . . ਖੈਰ ਆਪਾਂ ਸਾਰੀਆਂ ਚਾਲਾਂ ਸਮਝਦਿਆਂ ਅੱਗੇ ਤਰੱਕੀ
ਕਰਨੀ ਆ। ਅੱਜ ਅੰਗਰੇਜ਼ ਸਾਡੇ ਹਮੈਤੀ ਆ, ਫਾਇਦਾ ਉਠਾਓ। ਸਰਕਾਰੇ-ਦਰਬਾਰੇ ਆਦਰ-ਮਾਣ ਹਾਸਲ ਕਰੋ, ਇਸ ਤੋਂ ਅੱਗੇ ਦਾ ਫੇ ਸੋਚਾਂਗੇ। . . . ਆਖਿਰ ਜਿੱਤ ਧੁਆਡੀ ਹਊਗੀ।’’4.
ਨਾਵਲ ਦੇ ਅੰਤ ਵਿੱਚ ਗੋਰੇ
ਦਾ ਪਿਤਾ ਦਾ ਮੌਕਾ ਮੇਲ ਦੁਆਰਾ ਲੱਭਣਾ ਤੇ ਜੀਤੂ ਚਾਚੇ ਤੇ ਫਾਤਮਾ ਦਾ ਨਿਕਾਹ ਨਾਵਲੀ ਕਥਾ ਨੂੰ
ਵਿਰਾਮ ਦਿੰਦਾ ਹੈ। ਇਹ ਵਿਆਹ ਦਲਿਤ ਸ਼ੇ੍ਰਣੀ ਤੇ ਸਮਾਜ ਦੇ ਹੋਰ ਘੱਟ ਗਿਣਤੀ ਵਰਗਾਂ ਦੀ ਸਾਂਝ
ਦੁਆਰਾ ਸੱਤਾ ਨਾਲ ਇਕਜੁੱਟ ਹੋ ਕੇ ਸੰਘਰਸ਼ ਦੀ ਲੋਕ ਚੇਤਨਾ ਪੈਦਾ ਕਰਨ ਵੱਲ ਇਸ਼ਾਰਾ ਹੈ। ਇਸੇ
ਪ੍ਰਸੰਗ ਤਹਿਤ ਨਾਵਲ ਦੇ ਅੰਤ ਵਿੱਚ ਬਾਬੂ ਮੰਗੂ ਰਾਮ ਦੇ ਭਾਸ਼ਣ ਦੇ ਹਵਾਲੇ ਨਾਲ ਦਲਿਤ ਦੇ ਸੰਕਲਪ
ਨੂੰ ਨਵੇਂ ਚਿੰਤਨੀ ਪਾਸਾਰ ਦਿੱਤੇ ਮਿਲਦੇ ਹਨ-
‘‘
ਮੰਗੂ ਰਾਮ ਐਮ ਐਲ ਏ ਨੇ ਆਪਣੀ
ਛੋਟੀ ਜੇਹੀ ਤਕਰੀਰ ਵਿੱਚ ਵੱਡੀ ਗੱਲ ਆਖ ਛੱਡੀ ਏ। ਮੇਰੇ ਦਿਲ ਦਿਮਾਗ ਦੇ ਦਰਵਾਜ਼ੇ ਖੋਲ੍ਹ ਦਿੱਤੇ
ਜੋ ਕਿ ਅਛੂਤ, ਸ਼ੂਦਰ, ਕਬਾਇਲੀ,
ਈਸਾਈ ਤੇ ਮੁਸਲਮਾਨ ਬਣੇ ਲੋਕ
ਹਿੰਦੋਸਤਾਨ ਦੇ ਅਸਲੀ ਬਾਸ਼ਿੰਦੇ ਜੇ। ਸਾਡੇ ਰੰਗ-ਅੰਗ,
ਜੱਦੀ-ਪੁਸ਼ਤੀ, ਪੇਸ਼ੇ ਇਕ ਜੈਸੇ ਜੇ। ਜਾਤਪਾਤ, ਛੂਆਛੂਤ ਤੇ ਉੱਚ-ਨੀਚ ਦਾ ਫੈਲਾਅ ਕਰਨ ਵਾਲੇ ਸਾਡੇ ‘ਚੋਂ
ਨਹੀਂ।’’5
1947 ਤੱਕ ਦੇ ਇਤਿਹਾਸਕ ਖੰਡ ਤੱਕ ਫੈਲਿਆ ਇਹ ਨਾਵਲ ਕੰਢੀ
ਇਲਾਕੇ ਦੇ ਸੰਸਿਤਕ ਆਵੇਸ਼ ਨਾਲ ਭਰਪੂਰ ਹੈ। ਲੇਖਕ ਕੋਲ ਕੰਢੀ ਖੇਤਰ ਦੀ ਪਹਾੜੀ ਰਲੀ ਮਿਲੀ ਤੇ ਦਲਿਤ
ਸਮਾਜ ਦੇ ਚੇਤਨ ਅਵਚੇਤਨ ਨੂੰ ਪ੍ਰਗਟਾਉਣ ਵਾਲੀ ਮੌਲਿਕ ਭਾਸ਼ਾ ਹੈ। ਇਹ ਭਾਸ਼ਾ ਪੰਜਾਬ ਦੇ ਦਲਿਤ ਦਰਸ਼ਨ
ਨੂੰ ਸਮਝਣ, ਸਾਂਭਣ ਤੇ ਸੰਚਾਰਨ ਦਾ ਅਹਿਮ ਮਾਧਿਅਮ ਹੈ। ਇਸਦੀ ਮਿਸਾਲ ਨਾਵਲ ਵਿੱਚ
ਦਾਈ ਚਿੰਤੀ ਦੀ ਹੈ ਜੋ ਕਿ ਦਲਿਤ ਔਰਤ ਦੇ ਮੌਲਿਕ ਉਚਾਰ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਦਲਿਤ
ਵਿਮਰਸ਼ ਨੂੰ ਵੱਖਰੀ ਜ਼ੁੰਬਿਸ਼ ਦਿੰਦੀ ਹੈ-
‘‘
ਰਾਜਪੂਤਣਾਂ, ਬ੍ਰਾਹਮਣੀਆਂ, ਸੁਨਿਆਰੀਆਂ ਤੇ ਸੈਣਨਾਂ ਜਦੋਂ ਜਣੇਪਾ ਤੇ ਮਾਲਸ਼ ਕਰਾ
ਲੈਂਦੀਆਂ ਤਾਂ ਆਪਣੇ ਤੇ ਆਪਣੇ ਜਣੇਪੇ ਵਾਲੇ ਮੰਜੇ ‘ਤੇ ਪਾਣੀ ਦੇ ਛਿੱਟੇ ਜਿਹੇ ਤਰੌਕ ਕੇ ਭਿੱਟ
ਹਟਾ ਲੈਂਦੀਆਂ। ਤੇ ਫਿਰ ਤੂੰ ਕੌਣ ਤੇ ਮੈਂ ਕੌਣ ? ਵਿਚ-ਵਿਚ ਮੈਨੂੰ ਖਿਆਲ ਆਉਂਦਾ ਪਈ ਜਣੇਪੇ ਦੇ ਵਕਤ ਰੱਬ ਦੀ ਦਿੱਤੀ ਦਾਤ ਕੁੜੀ ਹੋਬੇ ਜਾਂ ਮੁੰਡਾ, ਸਭ ਤੋਂ ਪੈਹਲਾਂ ਤਾਂ ਮੇਰੇ ਹੱਥਾਂ ‘ਚ ਆਉਂਦਾ। ਨਮਾ ਤੇ ਸਹੀ-ਸਲਾਮਤ ਜੀਅ ਦੇਖ ਕੇ ਮੈਨੂੰ
ਚਾਅ ਚੜ੍ਹ ਜਾਂਦਾ। ਤੇ ਜਦੋਂ ਬੜਾ ਹੁੰਦਾ ਉਹੀ ਜਾਤ ਦੇ ਮੇਹਣੇ ਮਾਰਨ ਲੱਗ ਪਈਂਦਾ। . . .
ਕਿੱਦਾਂ-ਕਿੱਦਾਂ ਦੇ ਰੋਗ ਲੱਗਿਓ ਬੰਦੇ ਨੂੰ . .
.। 6
ਨਾਵਲ ਦਾ
ਘਟਨਾ ਪ੍ਰਬੰਧ ਬੇਸ਼ੱਕ ਧੀਮਾ ਹੈ ਪਰ ਇਸਦਾ ਚਿੰਤਨ ਕੇਂਦਰਿਤ ਅਤੇ ਸੰਵਾਦਮੁੱਖੀ ਬਿਰਤਾਂਤ ਪਾਠਕਾਂ
ਨੂੰ ਅਚੰਭਿਤ ਤੇ ਰੌਸ਼ਨ ਰੱਖਦਾ ਹੈ। ਜੇਜੋਂ,
ਢੋਲਵਾਹਾ, ਜਨੌੜੀ, ਮੁਲਤਾਨ, ਊਨਾ,
ਸੰਤੋਖਗੜ, ਤਲਵਾੜਾ ਸਮੇਤ ਹੋਰ ਇਲਾਕੇ ਨਾਵਲ ਵੀ ਨਾਵਲੀ ਬਿਰਤਾਂਤ ਜਿਉਂਦੇ ਜਾਗਦੇ ਪਾਤਰ ਬਣ ਗਏ ਹਨ।
ਪੰਜਾਬ ਦੀ ਧਰਤ ਤੋਂ ਉੱਠੀ ਦਲਿਤ ਨਾਬਰੀ ਨੂੰ ਬਲਬੀਰ ਮਾਧੋਪੁਰੀ ਨੇ ਬਿਰਤਾਂਤ ਦੇ ਸੁਹਜਵੰਤੇ
ਪ੍ਰਬੰਧ ਵਿੱਚ ਰਜਿਸਟਰ ਕੀਤਾ ਹੈ। ਇਹ ਰਚਨਾ ਦਲਿਤ ਗੌਰਵ, ਦਲਿਤ ਮੁਕਤੀ ਤੇ
ਦਲਿਤ ਪਛਾਣ ਦਾ ਸਾਂਝਾ ਦਸਤਾਵੇਜ਼ ਹੈ ਜਿਸ ਵਿੱਚ ਸੰਸਿਤੀ, ਪਰੰਪਰਾ ਤੇ
ਮੁੱਖ ਧਾਰਾ ਇਤਿਹਾਸ ਬੋਧ ਨੂੰ ਕਾਂਟੇ ਹੇਠ ਰੱਖਿਆ ਗਿਆ ਹੈ। ਇਸੇ ਕਰਕੇ ਜਿੱਥੇ ਅਣਵੰਡੇ ਪੰਜਾਬ ਦੇ
ਰੌਚਿਕ-ਦਿ੍ਰਸ਼ ਤੇ ਮਿੱਸੇ ਸਭਿਆਚਾਰ ਦੀਆਂ ਤੰਦਾਂ ਨਾਵਲੀ ਬਿਰਤਾਂਤ ਨੂੰ ਗਤੀ ਦਿੰਦੀਆਂ ਹਨ ਉੱਥੇ
ਹੀ ਨਾਵਲ ਦੇ ਦਲਿਤ ਪਾਤਰਾਂ ਦਾ ਰੋਣ ਧੋਣ ਵਾਲਾ ਬਿੰਬ ਨਾਵਲ ਦੇ ਚਿੱਤਰਪੱਟ ਤੋਂ ਨਦਾਰਦ ਰਹਿੰਦਾ
ਹੈ। ਇਸਦੀ ਥਾਂ ਦਲਿਤ ਬੰਦੇ ਦਾ ਰੌਸ਼ਨ ਖਿਆਲ,
ਸੂਝਵਾਨ ਤੇ ਸੁੱਘਣ ਸਿਆਣੇ
ਵਾਲਾ ਅਕਸ ਦਲਿਤਾਂ ਪ੍ਰਤੀ ‘ਉੱਚੇ’ ਦਰਾਂ ਤੋਂ ਸਥਾਪਿਤ ਧਾਰਨਾਵਾਂ ਨੂੰ ਚਲਾ ਕੇ ਮਾਰਦਾ ਹੈ।
ਕੁੱਲ ਮਿਲਾ ਕੇ ਜਨ ਇਤਿਹਾਸ ਬੋਧ ਦੀਆਂ ਨਵੀਆਂ
ਧਾਰਨਾਵਾਂ ਘੜਨ, ਸਨਾਤਨੀ ਸ਼ਾਸਤਰ ਨੂੰ ਰੱਦਣ ਅਤੇ ਹਿਕਾਰਤ ਦੀ ਦਿ੍ਰਸ਼ਟੀ ਦੇ ਸ਼ਿਕਾਰ ਦਲਿਤ
ਵਰਗ ਦੀ ਮੌਲਿਕ ਸੰਸਿਤਕ ਚੇਤਨਾ ਅਤੇ ਗੌਰਵਸ਼ਾਲੀ ਵਿਰਾਸਤ ਨੂੰ ਪ੍ਰਸਤੁਤ ਕਰਨ ਵਿੱਚ ਇਹ ਨਾਵਲ
ਪ੍ਰਭਾਵੀ ਹੈ। ਹਿੰਦੀ ਦਲਿਤ ਸਾਹਿਤ ਦੇ ਚਾਰ ਪ੍ਰੇਰਨਾ ਸਰੋਤ ਹਨ ਜਿਨ੍ਹਾਂ ਵਿੱਚ ਡਾ. ਅੰਬੇਦਕਰ
ਦਰਸ਼ਨ, ਮਹਾਤਮਾ ਜੋਤੀਬਾ ਫੂਲੇ ਦਾ ਸੰਘਰਸ਼, ਕਾਰਲ ਮਾਰਕਸ ਦੀ
ਦਿ੍ਰਸ਼ਟੀ ਅਤੇ ਮਰਾਠੀ ਦਲਿਤ ਚੇਤਨਾ ਪ੍ਰਮੁੱਖ ਹੈ। ਪਰ ਪੰਜਾਬੀ ਦਲਿਤ ਨਾਵਲ ਲਈ ਬਾਬੂ ਮੰਗੂ ਰਾਮ
ਮੁੱਗੋਵਾਲ ਦੀ ਵਿਚਾਰਧਾਰਕ ਦਿ੍ਰਸ਼ਟੀ ਪਹਿਲੀ ਵਾਰ ਇੰਨੇ ਵੇਗ ਭਰੇ ਰੂਪ ਵਿੱਚ ਸਮਕਾਲੀ ਨਾਵਲ ਅੰਦਰ
ਰਜਿਸਟਰ ਹੋਈ ਹੈ। ਇਹ ਰਚਨਾ ‘ਕਲਾ ਕਲਾ ਲਈ’ ਤੇ ‘ਕਲਾ ਸਮਾਜ ਲਈ’ ਵਰਗੀਆਂ ਵਿਰੋਧੀ ਤੇ ਮੋਟੀਆਂ
ਠੁੱਲ੍ਹੀਆਂ ਰਵਾਇਤੀ ਧਾਰਨਾਵਾਂ ਦੀ ਥਾਂ ‘ਕਲਾ ਮੁਕਤੀ ਲਈ’ ਦੇ ਸੰਕਲਪ ਨੂੰ ਉਜਾਗਰ ਕਰਦੀ ਦਿਸਦੀ
ਹੈ। ਬਲਬੀਰ ਮਾਧੋਪੁਰੀ ਨੇ ਨਾਵਲੀ ਸੁਹਜ ਨੂੰ ਬਰਕਰਾਰ ਰੱਖਦੇ ਹੋਏ ਦਲਿਤ ਚਿੰਤਨ ਨੂੰ ਸੰਵਾਦੀ ਸੁਰ
ਦਿੱਤੀ ਹੈ। ਅਜਿਹੀਆਂ ਅਨੇਕਾਂ ਗਲਪੀ ਵਿਸ਼ੇਸ਼ਤਾਵਾਂ ਕਰਕੇ ਇਹ ਨਾਵਲ ਭਾਰਤੀ ਦਲਿਤ ਨਾਵਲ ਦਾ
ਦਸਤਾਵੇਜ਼ੀ ਪ੍ਰਚਵਨ ਹੈ।
ਹਵਾਲੇ ਅਤੇ ਟਿੱਪਣੀਆਂ-
1.
ਬਲਬੀਰ ਮਾਧੋਪੁਰੀ, ਮਿੱਟੀ ਬੋਲ ਪਈ, ਪੰਨਾ 45
2. ਉਹੀ ,,
ਪੰਨਾ 56
3. ਉਹੀ ,,
ਪੰਨਾ 26
4. ਉਹੀ ,,
ਪੰਨਾ 196
5. ਉਹੀ ,,
ਪੰਨਾ 302
6. ਉਹੀ ,,
ਪੰਨਾ 112
-ਜੇ.ਬੀ.ਸੇਖੋਂ
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ
ਕਾਲਜ, ਮਾਹਿਲਪੁਰ (ਹੁਸ਼ਿਆਰਪੁਰ)
ਕੁੱਲ ਪੰਨੇ - 302, ਨਵਯੁਗ ਪਬਲਿਸ਼ਰਜ਼, 2020
ਇਹ ਬਲਬੀਰ ਮਾਧੋਪੁਰੀ ਦਾ ਪਹਿਲਾ ਨਾਵਲ ਹੈ। ਉਂਜ਼ ਬਲਬੀਰ ਮਾਧੋਪੁਰੀ ਸਾਡਾ ਪੰਜਾਬੀ ਦਾ ਇਕ ਜਾਣਿਆ-ਪਛਾਣਿਆ ਨਾਮਵਰ ਤੇ ਪੌਢ ਲੇਖਕ ਹੈ। ਮਿੱਟੀ ਬੋਲ ਪਈ ਨਾਵਲ ਵੀ ਨਾਵਲਕਾਰੀ ਦੀ ਪੌਢਤਾ ਦਾ ਪ੍ਰਮਾਣ ਵੀ ਹੈ। ਇਹ ਨਾਵਲ ਆਪਣੇ ਵਿਧਾਗਤ ਖਾਸੇ ਅਤੇ ਰਚਨਾ-ਦ੍ਰਿਸ਼ਟੀ ਵਜੋਂ ਨਾਵਲੀ ਇਤਿਹਾਸ ਵਿਚ ਇਕ ਪਛਾਣਨਯੋਗ ਰਚਨਾ ਹੈ। ਇਸ ਨੂੰ ਬਲਬੀਰ ਮਾਧੋਪੁਰੀ ਨੇ ਆਪਣੀ ਹੱਢ-ਹੰਢਾਈ ਦਲਿਤ ਚੇਤਨਾ ਰਾਹੀਂ ਸਵੈ-ਜੀਵਨੀ ਪੂਰਕ ਨਾਵਲ ਵਜੋਂ ਪੇਸ਼ ਕੀਤਾ ਹੈ। ਇਸ ਵਿਚ ਮੁੱਖ ਪਾਤਰ ਵਜੋਂ ਗੋਰਾ (ਲੇਖਕ) ਤੇ ਬਾਬਾ ਦੋਵੇਂ ਦਾਦੇ-ਪੋਤੇ ਦੇ ਰੂਪ ਵਿਚ ਪੇਸ਼ ਹੋਏ ਹਨ। ਮਾਧੋਪੁਰੀ ਨੇ ਜਿਵੇਂ ਆਪਣੀ ਸਵੈ-ਜੀਵਨੀ ਛਾਂਗਿਆ ਰੁੱਖ ਵਿਚ ਸਾਡੀਆਂ ਸਮਾਜਕ ਨਸਾਂ ਵਿਚ ਬੈਠੇ ਤੇ ਫੈ਼ਲੇ ਦਲਿਤ ਵਰਤਾਰੇ ਦਾ ਅਨੁਭਵ ਪੇਸ਼ ਕੀਤਾ ਹੈ, ਤਿਵੇਂ ਦੀ ਸਥਿਤੀ ਹੀ ਮਿੱਟੀ ਬੋਲ ਪਈ ਨਾਵਲ ਦੀ ਹੈ। ਇਸ ਨਾਵਲ ਵਿਚ ਦਲਿਤਾਂ ਨੂੰ ਇਥੋਂ ਦੇ ਆਦਿ-ਧਰਮੀ ਅਰਥਾਤ ਆਦਿ-ਵਾਸੀ ਕਿਹਾ ਗਿਆ ਹੈ। ਆਰੀਆ ਦੇ ਆਉਣ ਤੋਂ ਪਹਿਲਾਂ ਦਲਿਤ ਇਥੋਂ ਦੇ ਮੁੱਢਲੇ ਵਸਨੀਕ ਸਨ। ਆਰੀਆ ਦੇ ਆਉਣ ਨਾਲ ਉਪਜੀ ਵਰਣ-ਧਰਮ ਸੰਸਕ੍ਰਿਤੀ ਕਾਰਣ ਇਥੋਂ ਦੇ ਆਦਿ ਵਾਸੀ ਹਾਸ਼ੀਏ ਉੱਤੇ ਚਲੇ ਗਏ। ਸਾਡੇ ਅਨੇਕਾਂ ਭਗਤਾਂ ਅਤੇ ਸਿੱਖ ਗੁਰੂਆਂ ਦੀ ਬਾਣੀ ਨੇ ਸਮਾਜਕ ਸਮਾਨਤਾ ਦਾ ਵੱਡਾ ਵਿਚਾਰਧਾਰਾਈ ਰਾਹ ਦਿਖਾਇਆ ਸੀ, ਪਰ ਫਿਰ ਵੀ ਸਾਡੇ ਭਾਰਤੀ/ਪੰਜਾਬੀ ਸਮਾਜ ਵਿਚੋਂ ਵਰਣ ਅਵਸਥਾ ਖਾਰਜ਼ ਨਹੀਂ ਹੋਈ ਹੈ। ਆਦਿ ਵਾਸੀਆ ਦੇ ਨੇਤਾ ਮੰਗੂ ਰਾਮ ਨੇ ਵੀ ਦਲਿਤਾਂ ਨੂੰ ਆਪਣੀ ਪੱਛੜੀ ਸਥਿਤੀ ਵਿਚੋਂ ਨਿਕਲਣ ਜਾਂ ਉਪਰ ਉੱਠਣ ਲਈ ਚੇਤਨ ਤੇ ਲਾਮਬੰਦ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਹੈ। ਇਸ ਤਰ੍ਹਾਂ ਇਹ ਨਾਵਲ ਇਕ ਤਰ੍ਹਾਂ ਦੀ ਸਾਡੀ ਸਮਾਜਕ ਬਣਤਰ ਦੀ ਇਤਿਹਾਸਕ ਕਿਸਮ ਦੀ ਪੁਣ-ਛਾਣ ਵੀ ਹੈ।
ਇਸ ਨਾਵਲ ਦਾ ਘਟਨਾ-ਕ੍ਰਮ ਹੁਸਿ਼ਆਰਪੁਰ ਦੇ ਚਾਰ-ਚੁਫ਼ੇਰੇ ਦਾ ਦੁਆਬਾ ਏਰੀਆ ਹੈ। ਇਸ ਦੀ ਵਿਸ਼ੇਸ਼ਤਾ ਦੁਆਬੇ ਦੇ ਦਲਿਤ ਜੀਵਨ ਦੀ ਆਂਚਿਲਕਤਾ ਐਸੇ ਦਿਲਕਸ਼ ਅੰਦਾਜ਼ ਵਿਚ ਪੇਸ਼ ਹੋਈ ਹੈ ਕਿ ਇਸ ਵਿਚੋਂ ਸਾਡੇ ਸਮਾਜਕ ਯਥਾਰਥ ਦੇ ਲੋਕਧਾਰਾਈ ਜੀਵਨ ਦਾ ਸੱਚ ਸਾਹਮਣੇ ਆਉਂਦਾ ਹੈ। ਲੋਕਧਾਰਾਈ ਆਂਚਿਲਕਤਾ ਦੇ ਨਾਲ-ਨਾਲ ਨਾਵਲਕਾਰ ਨੇ ਕੁਦਰਤ ਜਾਂ ਪ੍ਰਕਿਰਤੀ ਚਿੱਤ੍ਰਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈ। ਬੰਦੇ ਨੂੰ ਪ੍ਰਕਿਰਤੀ ਵਾਂਗ ਮੌਲਣ/ਵਿਗਸ਼ਣ ਵਾਲੇ ਜੀਵਨ ਵਜੋਂ ਪੇਸ਼ ਕੀਤਾ ਗਿਆ ਹੈ। ਗੋਰਾ/ਨਾਵਲਕਾਰ ਕਿਵੇਂ ਵਿਪਰੀਤ ਸਥਿਤੀਆਂ ਦੇ ਬਾਵਜੂਦ ਆਪਣੀ ਮਿਹਨਤ, ਵਿਦਿਆ ਤੇ ਆਪਣੇ ਬਾਬੇ ਦੀ ਅਗਵਾਈ ਹੇਠ ਜੀਵਨ ਵਿਚ ਅੱਗੇ ਵੱਧਦਾ ਹੈ। ਇਸ ਵਿਚ ਨਾਵਲਕਾਰ ਨੇ ਬਾਬੇ (ਦਾਦੇ) ਨੂੰ ਇਕ ਜ਼ੋਰਦਾਰ ਪਾਤਰ ਵਜੋਂ ਚ੍ਰਿਤਿਆ ਹੈ। ਬਾਬਾ ਜੀਵਨ ਵਿਚ ਮਿਹਨਤ, ਧੀਰਜ ਤੇ ਮਾਨਵੀਂ ਮੁੱਲਾਂ ਦੇ ਧਵੱਜ਼ ਵਜੋਂ ਨਵੀਂ ਪੀੜ੍ਹੀ ਨੂੰ ਇਕ ਮਿਸਾਲੀ ਅਗਵਾਈ ਦੇਂਦਾ ਹੈ। ਅਜੇਹੇ ਪਾਤਰ ਹੀ ਸਾਡੇ ਸਮਾਜ ਦੀ ਅਗਲੇਰੀ ਤੌਰ `ਤੇ ਮਾਨਵੀਂ ਮੁੱਲਾਂ ਦੀ ਤਾਕਤ ਵਜੋਂ ਧਰਤੀ ਹੇਠਲਾ ਬਲਦ ਵਜੋਂ ਧਰਤੀ ਪੁੱਤਰ ਜਾਪਦੇ ਹਨ। ਅਜੇਹੇ ਪਾਤਰ ਜੀਵਨ ਦੀ ਕਰੂਰਤਾ ਦੇ ਬਾਵਜੂਦ ਜੀਵਨ ਦੀ ਚਾਹਤ ਦੀ ਲੋਅ ਤਹਿਤ ਨਿਰੰਤਰ ਅੱਗੇ ਵੱਧਦੇ ਹੋਏ ਹੋਰਨਾਂ ਦਾ ਵੀ ਵੱਡਾ ਸਹਾਰਾ ਬਣਦੇ ਹਨ। ਇਹ ਕੁਨਬਾ ਹੀ ਨਹੀਂ, ਸਮਾਜ ਪਾਲਕ ਪਾਤਰ ਹਨ।
ਮਿੱਟੀ ਬੋਲ ਪਈ ਨਾਵਲ ਦਾ ਨਾਮ ਇਕ ਤਰ੍ਹਾਂ ਨਾਲ ਅਜੇਹੇ ਆਦਿ-ਧਰਮੀ ਦਲਿਤਾਂ ਦੇ ਬੋਲਾਂ/ਚੇਤਨਾ, ਜਾਂ ਆਵਾਜ਼ ਦੀ ਹੀ ਪਰਾਇ ਹੈ। ਅਜੇਹੇ ਹਾਸ਼ੀਆਗ੍ਰਸਤ ਪਰ ਅਸਲੀ ਮਾਲਕਾਂ ਦੀ ਆਵਾਜ਼ ਹੁਣ ਅੰਗੜਾਈਆਂ ਲੈ ਰਹੀ ਵਿਖਾਈ ਦੇਂਦੀ ਹੈ। ਸਾਡੇ ਵਿਤਕਰਿਆਂ ਤੇ ਭਿੰਨ-ਭੇਦ ਵਾਲੇ ਭਾਰਤੀ/ਪੰਜਾਬੀ ਸਮਾਜ ਦਾ ਜਾਣਿਆ-ਪਛਾਣਿਆ ਸੱਚ ਤਾਂ ਪਹਿਲਾਂ ਹੀ ਸਾਡੇ ਸਾਹਮਣੇ ਹੈ। ਪਰ ਬਲਬੀਰ ਮਾਧੋਪੁਰੀ ਨੇ ਇਸ ਨੂੰ ਇਤਿਹਾਸਕ ਤੇ ਤਰਕ-ਸੰਗਤ ਰੂਪ ਵਿਚ ਬਿਨਾਂ ਕਿਸੇ ਨਫ਼ਰਤ ਤੇ ਲਹਿਜ਼ੇ `ਤੇ ਜੀਵਨੀ-ਰੂਪੀ ਗਾਲਪਨਿਕ ਬਿੰਬ ਵਜੋਂ ਪੇਸ਼ ਕੀਤਾ ਹੈ। ਇਹ ਨਾਵਲ ਸਾਡੀ ਸਮਾਜਕ ਬਣਤਰ ਤੇ ਇਸ ਦੇ ਲੋਕਧਾਰਾਈ ਪਰਿਪੇਖ ਦਾ ਅਹਿਮ ਯਥਾਰਥਕ ਤੇ ਇਤਿਹਾਸਕ ਦਸਤਾਵੇਜ਼ ਹੈ। ਇਹ ਆਪਣੇ ਚਾਰ-ਚੁਫ਼ੇਰੇ ਨੂੰ ਜਾਣਨ-ਸਮਝਣ ਤੇ ਮਾਨਵੀਂ ਸਰੋਕਾਰਾਂ ਦੀ ਪ੍ਰੇਰਣਾ ਦੇਣ ਵਾਲੀ ਅਹਿਮ ਰਚਨਾ ਹੈ। ਇਸ ਨਾਲ ਬਤੌਰ ਲੇਖਕ ਮਾਧੋਪੁਰੀ ਦਾ ਕੱਦ ਹੋਰ ਵੱਡਾ ਹੋ ਗਿਆ ਹੈ।
ਡਾ. ਮਹਿਲ ਸਿੰਘ
ਪ੍ਰਿੰਸੀਪਲ
ਖ਼ਾਲਸਾ ਕਾਲਜ, ਅੰਮ੍ਰਿਤਸਰ।
ਮਿੱਟੀ ਬੋਲ ਪਈ (ਨਾਵਲ) ਬਲਬੀਰ ਮਾਧੋਪੁਰੀ
ਸਾਹਿਤ ਜਗਤ ਵਿਚ ਕਈ
ਦਹਾਕਿਆਂ ਤੋਂ ਸਰਗਰਮ ਬਲਬੀਰ ਮਾਧੋਪੁਰੀ ਹੁਣ ਆਪਣੇ ਪਲੇਠੇ ਨਾਵਲ ‘ਮਿੱਟੀ ਬੋਲ ਪਈ’ (ਨਵਯੁਗ
ਪਬਲਿਸ਼ਰਜ਼ ਨਵੀਂ ਦਿੱਲੀ, ਪੰਨੇ 302, ਮੁੱਲ 600 ਰੁਪਏ) ਨਾਲ ਹਾਜ਼ਰ
ਹੋਇਆ ਹੈ। ਨਾਵਲ ਆਰੰਭ ਕਰਨ ਤੋਂ ਪਹਿਲਾਂ ਇਸ ਕਿਤਾਬ ਵਿਚ ਦਿੱਤੀ ਦੱਸ ਮੁਤਾਬਿਕ ਉਹ 40 ਤੋਂ ਵੱਧ ਕਿਤਾਬਾਂ ਦਾ ਸੰਪਾਦਨ ਕਰ ਚੁੱਕਾ ਹੈ ਅਤੇ ਤਰਜਮੇ ਵਾਲੀਆਂ
ਕਿਤਾਬਾਂ ਦੀ ਸੂਚੀ 36 ਦਾ ਅੰਕੜਾ ਪਾਰ ਕਰ ਗਈ ਹੈ।
ਪਰ ਉਸ ਦੀ ਸਾਹਿਤਕ ਪਛਾਣ ਉਸ ਦੀ ਸਵੈ-ਜੀਵਨੀ ‘ਛਾਂਗਿਆ ਰੁੱਖ’ (2002) ਨਾਲ ਗੂੜ੍ਹੀ ਹੁੰਦੀ ਹੈ। ਇਸ ਕਿਤਾਬ ਵਿਚ ਉਸ ਨੇ ਸਮਾਜ ਦਾ ਜਿਹੜਾ ਨਕਸ਼ਾ ਖਿੱਚਿਆ ਹੈ,
ਉਹ ਮਿਸਾਲੀ ਹੋ ਨਿੱਬੜਿਆ ਹੈ। ਇਹ ਕਿਤਾਬ ਬਹੁਤ ਸਾਰੀਆਂ ਦੇਸੀ-ਪਰਦੇਸੀ
ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਲੱਖਾਂ ਪਾਠਕਾਂ ਤਕ ਰਸਾਈ ਕਰ ਚੁੱਕੀ ਹੈ ਅਤੇ ਸਾਹਿਤਕ ਹਲਕਿਆਂ ਵਿਚ
ਫੈਲੀ ਇਸ ਦੀ ਮਹਿਮਾ ਕਰ ਕੇ ਔਕਸਫੋਰਡ ਯੂਨੀਵਰਸਿਟੀ ਪ੍ਰੈੱਸ ਨੇ ਇਸ ਦਾ ਅੰਗਰੇਜ਼ੀ ਅਨੁਵਾਦ ਵੀ
ਪਾਠਕਾਂ ਤਕ ਪੁੱਜਦਾ ਕਰ ਦਿੱਤਾ ਹੈ। ‘ਛਾਂਗਿਆ ਰੁੱਖ’ ਵਿਚ ਪੇਸ਼ ਹੋਏ ਦਲਿਤ ਜੀਵਨ ਨੇ ਪਾਠਕਾਂ ਦਾ
ਧਿਆਨ ਖੂਬ ਖਿੱਚਿਆ। ਹੁਣ ਤਕ ‘ਛਾਂਗਿਆ ਰੁੱਖ’ ਦੇ 15 ਐਡੀਸ਼ਨ ਛਪ ਚੁੱਕੇ ਹਨ।
‘ਮਿੱਟੀ ਬੋਲ ਪਈ’ ਇਕ
ਲਿਹਾਜ਼ ਨਾਲ ਬਲਬੀਰ ਮਾਧੋਪੁਰੀ ਦੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਦਾ ਹੀ ਅਗਲਾ ਹਿੱਸਾ ਹੈ;
ਬੱਸ ਵਿਧਾ ਹੀ ਬਦਲੀ ਹੈ, ਵਿਸ਼ਾ ਉਹੀ ਖਾਸ ਵੇਲ਼ਿਆਂ ਦੇ ਸਮਾਜਕ ਇਤਿਹਾਸ (ਸੋਚੳਿਲ ਹਸਿਟੋਰੇ) ਵਾਲਾ ਹੈ। ‘ਛਾਂਗਿਆ ਰੁੱਖ’
ਵਿਚ ਉਹਨੇ ਪਾਠਕਾਂ ਨੂੰ ਆਪਣੇ ਪਰਿਵਾਰ ਦੇ ਬਹਾਨੇ ਸਮਾਜਕ ਹਕੀਕਤਾਂ ਦੇ ਰੂ-ਬ-ਰੂ ਕੀਤਾ ਸੀ,
ਐਤਕੀਂ ਉਹਨੇ ਗ਼ਦਰੀ ਜਿਊੜੇ ਮੰਗੂ ਰਾਮ ਮੁੱਗੋਵਾਲ ਦੇ ਜ਼ਰੀਏ ਹਕੀਕਤ
ਬਿਆਨ ਕੀਤੀ ਹੈ। ਹਕੀਕਤਾਂ ਦੇ ਇਸ ਬਿਆਨ ਵਿਚ ਬਲਬੀਰ ਮਾਧੋਪੁਰੀ ਨੇ ਜਿਹੜਾ ਨਜ਼ਰੀਆ ਅਖ਼ਤਿਆਰ ਕੀਤਾ
ਹੈ, ਉਹ ਇਸ ਲਿਖਤ ਨੂੰ ਜ਼ੋਰਦਾਰ ਬਣਾ ਦਿੰਦਾ ਹੈ। ਇਸ ਨਜ਼ਰੀਏ
ਅੰਦਰ ਰੂੜ੍ਹ ਰਵਾਇਤਾਂ ਨੂੰ ਸਿੱਧੀ ਵੰਗਾਰ ਤਾਂ ਹੈ ਹੀ; ਪਾਤਰਾਂ, ਘਟਨਾਵਾਂ ਅਤੇ ਹਾਲਾਤ ਦੀਆਂ
ਲੜੀਆਂ ਜਿਸ ਤਰ੍ਹਾਂ ਇਕਜੁੱਟ ਹੋ ਕੇ ਅਗਾਂਹ ਤੋਂ ਅਗਾਂਹ ਜੁੜਦੀਆਂ ਜਾਂਦੀਆਂ ਹਨ, ਉਸ ਨਾਲ ‘ਮਿੱਟੀ ਬੋਲ ਪਈ’ ਸੱਚਮੁੱਚ ਸੁਣਨ, ਪੜ੍ਹਨ ਅਤੇ ਵਿਚਾਰਨ ਵਾਲੀ ਜ਼ਰੂਰੀ ਸ਼ੈਅ ਬਣ ਗਈ ਹੈ।
ਨਾਵਲ ਦੇ ਦੋ ਪਾਤਰ
ਬਾਬਾ ਤੇ ਪੋਤਾ, ਬਹੁਤ ਅਹਿਮ ਹਨ ਅਤੇ ਲੇਖਕ ਨੇ
ਦੋ ਜਮਾਤਾਂ- ਦਲਿਤਾਂ ਤੇ ਔਰਤਾਂ, ਦੇ ਮਸਲੇ ਆਪਣੇ ਇਸ
ਨਾਵਲ ਦੀ ਚੂਲ਼ ਬਣਾਏ ਹਨ। ਉਂਝ, ਇਸ ਲਿਖਤ ਦਾ ਚੌਖਟਾ
ਬਹੁਤ ਵਸੀਹ ਹੈ। ਬਾਬੇ ਦੀ ਲਗਨ ਸੈਆਂ ਲੜੀਆਂ ਨੂੰ ਲਗਾਤਾਰ ਜ਼ਰਬ ਦਿੰਦੀ ਹੈ। ਉਹ ਕਿਰਤੀ ਹੈ ਅਤੇ
ਕਾਰਕੁਨ ਵੀ ਹੈ। ਇਹੀ ਗੱਲ ਉਹਨੂੰ ਬਾਕੀਆਂ ਨਾਲੋਂ ਨਿਆਰਾ ਅਤੇ ਨਵੇਕਲਾ ਬਣਾਉਂਦੀ ਹੈ। ਉਹ ਸੰਗੀਤ
ਦੀ ਸੁਰ ਪਛਾਣਦਾ ਹੈ ਅਤੇ ਚਿੱਤਰਾਂ ਦੇ ਰੰਗ ਦੀ ਖ਼ੂਬ ਸ਼ਨਾਖ਼ਤ ਕਰਦਾ ਹੈ। ਜ਼ਿੰਦਗੀ ਦਾ ਸੰਗੀਤ ਉਹਦੀ
ਆਪਣੀ ਤੋਰ ਅੰਦਰ ਮੜਕ ਰੱਖਣ ਲਈ ਪ੍ਰੇਰਦਾ ਹੈ। ਉਹ ਆਪਣੀ ਕੌਮ ਦੇ ਪਈ ਕੰਨ੍ਹ ਅਤੇ ਉਸ ਵਿਚੋਂ
ਸਿੰਮਦੇ ਲਹੂ ਦਾ ਦਰਦ ਆਪਣੇ ਨਾਲ ਲਈ ਫਿਰਦਾ ਹੈ। ਇਹ ਦਰਦ ਬੇਵੱਸ ਜਿਊੜਿਆਂ ਨੂੰ ਹੋਰ ਨਪੀੜਦਾ ਹੈ,
ਇਸੇ ਕਰ ਕੇ ਬਾਬਾ ਆਖਦਾ ਹੈ- ‘ਅਸੀਂ ਖੋਪੇ ਬੱਧੇ ਬਲ਼ਦ-ਬੋਤੇ ਹਾਂ’। ਇਹ
ਜੰਜਾਲ ਤੋੜਨ ਲਈ ਉਸ ਨੂੰ ਪੜ੍ਹਾਈ ਵੱਡਾ ਹਥਿਆਰ ਜਾਪਦਾ ਹੈ। ਆਪਣੇ ਪੋਤੇ ਨੂੰ ਪੜ੍ਹਾਈ ਦੇ ਰਾਹ
ਪਾਉਣ ਲਈ ਹਰ ਤਰੱਦਦ ਕਰਦਾ ਹੈ। ਸਭ ਤੋਂ ਵੱਡੀ ਗੱਲ, ਬਾਬੇ ਦੀ ਲਗਨ ਅਤੇ ਸਿਰੜ ਬਹੁਤ ਸਹਿਜ ਨਾਲ ਪੋਤੇ ਅੰਦਰ ਜਜ਼ਬ ਹੋ ਰਹੇ ਹਨ। ਜ਼ਰਾ ਪੋਤੇ ਦੀਆਂ
ਗੱਲਾਂ ਸੁਣੋ: ‘ਮੈਨੂੰ ਮੰਗੂ ਰਾਮ ਅਤੇ ਆਪਣੇ ਬਾਬੇ ਦਾ ਆਖਿਆ ਮੁੜ-ਮੁੜ ਚੇਤੇ ਆਇਆ ਕਿ ਜਾਤ ਦਾ
ਹੰਕਾਰ- ਮਨ ਦਾ ਰੋਗ ਹਿੰਦੋਸਤਾਨ ਵਿਚ ਫੈਲਿਆ ਹੋਇਆ ਹੈ। ਉਨ੍ਹਾਂ ਲਈ ਦਾਬਾ, ਧੌਂਸ ਤੇ ਖਹਿਬੜਬਾਜ਼ੀ ਜ਼ਿੰਦਗੀ ‘ਚ ਸਾਹਾਂ ਵਾਂਗ ਅਹਿਮ ਬਣੀ ਹੋਈ ਹੈ।
... ਸਾਂਝਾ ਨਿਸ਼ਾਨਾ ਹੈ; ਪੜ੍ਹਨਾ ਲਿਖਣਾ ਹੈ, ਪੜ੍ਹਾਈ ਨਾਲ ਬੰਦੇ ਦੀ ਬਿਰਤੀ-ਪਰਵਿਰਤੀ ਬਦਲ ਜਾਂਦੀ ਹੈ।’
ਇਹ ਬਿਰਤੀ-ਪਰਵਿਰਤੀ
ਬਦਲਣ ਲਈ ਬਾਬੇ ਪੈਰੀਂ ਚੱਕਰ ਪਿਆ ਹੋਇਆ ਹੈ ਜਿਸ ਨੂੰ ਉਹਦੀ ਪਤਨੀ, ਭਾਵ ਗੋਰੇ ਦੀ ਦਾਦੀ ‘ਪੈਰੀਂ ਬਿੱਲੀ ਬੱਧੀਆਂ ਹੋਈਆਂ’ ਆਖਦੀ ਹੈ। ਉਂਝ, ਇਸ ਬਿਰਤੀ-ਪਰਵਿਰਤੀ ਦੇ ਬਦਲਣ ਤੋਂ ਪਹਿਲਾਂ ਬਾਬਾ ਆਪ ਬਦਲ ਚੁੱਕਾ ਹੈ,
ਇਸੇ ਕਰ ਕੇ ਫ਼ਾਤਿਮਾ ਵਰਗੀ ਨਪੀੜੀ ਜਾ ਰਹੀ ਕੁੜੀ ਉਸ ਉੱਤੇ ਯਕੀਨ ਕਰਦੀ
ਹੈ। ਫ਼ਾਤਿਮਾ ਨਾਵਲ ਦੀ ਬੜੀ ਦਿਲਦਾਰ ਤੇ ਦਲੇਰ ਪਾਤਰ ਹੈ ਜਿਹੜੀ ਦੇਹ ਵਪਾਰ ਦੀ ਦਲ-ਦਲ ਵਿਚੋਂ
ਬਾਹਰ ਨਿੱਕਲਣ ਲਈ ਛਟਪਟਾ ਰਹੀ ਹੈ। ਉਹ ਬਾਬੇ ਦੇ ਦਿੱਤੇ ਕਾਇਦਿਆਂ ਨਾਲ ਸੁਰ ਹੋ ਰਹੀ ਹੈ,
ਤੇ ਅਖ਼ੀਰ ਉਹਦੀ ਜ਼ਿੰਦਗੀ ਅੰਬਰ ਜਿੱਡੀ ਉਡਾਣ ਭਰਦੀ ਹੈ। ਇਸ ਤੋਂ
ਪਹਿਲਾਂ ਉਸ ਦੀ ਦਗਦੀ ਸ਼ਖ਼ਸੀਅਤ ‘ਜੇ ਰੱਬ ਜ਼ਨਾਨੀ ਹੁੰਦੀ ਤਾਂ ਜ਼ਨਾਨੀ ਬਾਰੇ ਜ਼ਰੂਰ ਸੋਚਦੀ’ ਵਰਗੀਆਂ
ਸੋਚਾਂ ਨਾਲ ਦੋ-ਚਾਰ ਹੁੰਦੀ ਹੈ। ਉਹ ਪਿੜ ਅੰਦਰ ਜੂਝ ਰਹੇ ਬਾਬੇ ਨੂੰ ਛੇੜਦੀ ਹੈ: “ਕਦੇ ਔਰਤ ਜਾਤ
ਨੂੰ ਵੀ ਨਜਾਤ ਹਾਸਲ ਹੋਊਗੀ ਬਾਬਾ ਕਿ ਤੇਰੀਆਂ ਬਣਾਈਆਂ ਜੁੱਤੀਆਂ ਵਾਂਗੂ ਸਾਰਿਆਂ ਦੇ ਪੈਰਾਂ ਥੱਲੇ
ਘਿਸਦੀ ਰਹੂਗੀ?”
ਅਸਲ ਵਿਚ ਇਹ
ਫ਼ਾਤਿਮਾ, ਗੋਰੇ, ਗੋਰੇ ਦੇ ਬਾਬੇ ਅਤੇ
ਮੰਗੂ ਰਾਮ ਦੀ ਸੋਚ ਹੀ ਹੈ ਜਿਹੜੀ ਉਨ੍ਹਾਂ ਨੂੰ ਰਵਾਇਤਾਂ ਦੇ ਸੰਗਲ ਤੋੜਨ ਦੇ ਰਾਹ ਪਾਉਂਦੀ ਹੈ।
ਸੋਚਾਂ ਦੀ ਇਸੇ ਰਿੜਕਣ ਕਾਰਨ ਹੀ ਗੱਡੀ ਵਿਚ ਸਫ਼ਰ ਕਰ ਰਿਹਾ ਇਕ ਬਜ਼ੁਰਗ ਰਵਾਇਤਾਂ ਨੂੰ ਸਿਰ ਭਾਰ ਕਰ
ਦਿੰਦਾ ਹੈ: ‘ਜਿਹੜੇ ਮੁਹੱਬਤ ਤੇ ਜੰਗ ਵਿਚ ‘ਸਭ ਕੁਛ’ ਨੂੰ ਜਾਇਜ਼ ਠਹਿਰਾਉਂਦੇ ਨੇ, ਉਨ੍ਹਾਂ ਬੇਇਨਸਾਫ਼ੀ ਦੀ ਤੱਕੜੀ ਫੜੀ ਹੋਈ ਜੇ। ... ਗਰੀਬ ਮਾਰ ਹੋ ਰਹੀ
ਜੇ ਤੇ ਹਾਅ ਦਾ ਨਾਅਰਾ ਮਾਰਨ ਵਾਲਾ ਕੋਈ ਨਹੀਂ। ਮਾਸੂਮ, ਬੇਕਸੂਰ ਹੱਦ ਦਰਜੇ ਦਾ ਜ਼ੁਲਮ ਬਰਦਾਸ਼ਤ ਕਰਦੇ ਹੋਏ ਬਹੁਤ ਕੁਛ ਆਪਣੇ ਨਾਲ ਈ ਕਬਰ ਤਕ ਲੈ ਜਾਂਦੇ
ਜੇ...।’ ਬਾਬੇ ਨੇ ਇਸ ਜ਼ੁਲਮ ਦੀ ਕਾਟ ਲਈ ਹੀ ‘ਵਕਤ ਦੇ ਖ਼ਿਲਾਫ਼ ਬੁਰਦ’ ਲਾਈ ਹੋਈ ਹੈ। ਇਸੇ ਪ੍ਰਸੰਗ
ਵਿਚ ਹੀ ਮੰਗੂ ਰਾਮ ਮੁੱਗੋਵਾਲੀਏ ਦੀ ‘ਆਦਿ ਧਰਮ’ ਵਾਲੀ ਸਿਆਸਤ ਦਾ ਪਿੜ ਬੱਝਦਾ ਹੈ। ਇਸ ਵਿਚ ਮੁਲਕ
ਦੇ ਮੂਲ ਵਾਸੀ ਹੋਣ ਦਾ ਹੋਕਾ ਹੈ। ਇਉਂ ਲੇਖਕ ਇਸ ਸਿਆਸਤ ਨੂੰ ਸਿਰੇ ਤਕ ਲੈ ਕੇ ਜਾਣ ਦਾ ਯਤਨ ਕਰਦਾ
ਹੈ। ਉਹ ‘ਆਦਿ ਧਰਮੀਆਂ’ ਨੂੰ ਹਿੰਦੂ, ਸਿੱਖਾਂ, ਮੁਸਲਮਾਨਾਂ ਤੋਂ ਵੱਖ ਕਰਦਾ ਹੈ, ਲੋਕਾਂ ਨੂੰ ਸਵਾਲ-ਦਰ-ਸਵਾਲ ਦੇ ਰੂ-ਬ-ਰੂ ਕਰਦਾ ਹੈ।
ਇਨ੍ਹਾਂ ਸਵਾਲਾਂ
ਨਾਲ ਹੀ ਭਗਤ ਸਿੰਘ ਦੇ ਲੇਖ ‘ਅਛੂਤ ਦਾ ਸਵਾਲ’ ਵਾਲਾ ਸਵਾਲ ਜੁੜਦਾ ਹੈ ਤਾਂ ਇਸ ਸਿਆਸਤ ਦੀਆਂ
ਰਮਜ਼ਾਂ ਸਮਝ ਪੈਣ ਲੱਗਦੀਆਂ ਹਨ। ਨਾਵਲ ਵਿਚ ਦੂਜੇ ਸੰਸਾਰ ਯੁੱਧ ਦੌਰਾਨ ਜੂਝਦੇ ਰੂਸ ਅਤੇ ਇਸ ਦੇ
ਨੇਤਾ ਸਤਾਲਿਨ ਦੀਆਂ ਗੱਲਾਂ ਵੀ ਤੁਰਦੀਆਂ ਹਨ। ਬਾਬਾ ਜੰਗ ਦੀ ਮਾਰ ਦਾ ਜ਼ਿਕਰ ਛੇੜਦਾ ਹੈ ਪਰ ਇਹ ਵੀ
ਸਵੀਕਾਰ ਕਰਦਾ ਹੈ ਕਿ ਜੰਗ ਲੱਗਣ ਕਾਰਨ ਉਨ੍ਹਾਂ ਦੇ ਕਾਰੋਬਾਰ ਵਿਚ ਚੋਖਾ ਵਾਧਾ ਹੋਇਆ ਹੈ। ਦਰਅਸਲ,
ਬਾਬਾ ਵਸੀਲਿਆਂ ਦੀ ਸਿਆਸਤ ਨੂੰ ਅੱਖੋਂ-ਪਰੋਖੇ ਨਹੀਂ ਕਰਦਾ। ਉਹ
‘ਛੂਤਛਾਤ ਦੇ ਕਾਰਖਾਨੇ’ ਪਿੰਡ ਵਿਚੋਂ ਕੱਢਣਾ ਚਾਹੁੰਦਾ ਹੈ।
ਇਸ ਨਾਵਲ ਦੇ
ਪ੍ਰਸੰਗ ਵਿਚ ਇਹ ਵਿਚਾਰ-ਚਰਚਾ ਵੀ ਕੋਈ ਘੱਟ ਦਿਲਚਸਪ ਨਹੀਂ ਹੋਵੇਗੀ ਕਿ ਬਲਬੀਰ ਮਾਧੋਪੁਰੀ ਨੇ
ਦਲਿਤਾਂ ਦੀ ਦਾਸਤਾਨ ਬਿਆਨ ਕਰਨ ਲਈ ਮੰਗੂ ਰਾਮ ਮੁੱਗੋਵਾਲੀਆ ਦੀ ਚੋਣ ਕੀਤੀ। ਨਾਵਲ ਵਿਚ ਦਲਿਤਾਂ
ਦੇ ਅਲਮ-ਬਰਦਾਰ ਵਜੋਂ ਚਰਚਿਤ ਡਾਕਟਰ ਭੀਮ ਰਾਓ ਅੰਬੇਦਕਰ ਦਾ ਜ਼ਿਕਰ ਸਿਰਫ ਦੋ ਵਾਰ ਮਹਿਜ਼ ਹਵਾਲੇ
ਵਜੋਂ ਆਇਆ ਹੈ। ਇਕ ਪੂਨਾ ਪੈਕਟ ਦੇ ਪ੍ਰਸੰਗ ਵਿਚ ਅਤੇ ਦੂਜੀ ਵਾਰ ਪੜ੍ਹਨ ਲਈ ਹਰ ਹਾਲ ਅਹੁਲਣ
ਬਾਬਤ। ਦਲਿਤਾਂ ਦੇ ਵੱਖ-ਵੱਖ ਮਸਲਿਆਂ ਦੇ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਦੋਹਾਂ ਲੀਡਰਾਂ ਦੀ ਸਿਆਸਤ
ਬਾਰੇ ਪੁਣ-ਛਾਣ ਅਜੇ ਬਾਕੀ ਹੈ। ਇਹ ਤੱਥ ਤਾਂ ਜੱਗ-ਜ਼ਾਹਿਰ ਹੈ ਕਿ ਦਲਿਤਾਂ ਲਈ ਜੂਝਣ ਦੇ ਬਾਵਜੂਦ
ਡਾ. ਅੰਬੇਦਕਰ ਮੁੱਖਧਾਰਾ ਸਿਆਸਤ ਦਾ ਹਿੱਸਾ ਬਣੇ। ਮੰਗੂ ਰਾਮ ਵੀ ਭਾਵੇਂ ਮੁੱਖਧਾਰਾ ਸਿਆਸਤ ਦਾ
ਹਿੱਸਾ ਬਣਿਆ ਪਰ ਉਸ ਨੇ ਦਲਿਤਾਂ ਦੇ ਮੂਲਵਾਸੀ ਹੋਣ ਅਤੇ ਅਜਿਹੇ ਹੋਰ ਮਸਲੇ ਜਿਹੜੇ ਦਲਿਤਾਂ ਨਾਲ
ਸਿੱਧੇ ਜੁੜੇ ਹਨ, ਉੱਤੇ ਡਟ ਕੇ ਪਹਿਰਾ ਦਿੱਤਾ।
ਇਸੇ ਕਰ ਕੇ ਨਾਵਲ ਵਿਚ ਕੁਝ ਥਾਵਾਂ ‘ਤੇ ਦਲਿਤਾਂ ਦੇ ਹਿੰਦੂ, ਸਿੱਖਾਂ, ਮੁਸਲਮਾਨਾਂ ਤੋਂ ਵਖਰੇਵੇਂ
ਵਾਲੀ ਜਿਹੜੀ ਗੱਲ ਆਉਂਦੀ ਹੈ, ਉਸ ਅਸਲ ਵਿਚ
ਇਨ੍ਹਾਂ ਵਿਚਾਰਾਂ ਦਾ ਪ੍ਰਚੰਡ ਪ੍ਰਗਟਾਓ ਹੈ।
ਖੈਰ! ਨਾਵਲ ਦਾ
ਆਧਾਰ ਸਿਰਫ ਮੰਗੂ ਰਾਮ ਦੀ ਸਿਆਸਤ ਹੀ ਨਹੀਂ, ਉਹ ਇਲਾਕਾ ਵੀ ਹੈ
ਜਿਹੜਾ ਇਸ ਨਾਵਲ ਵਿਚ ਨੁਮਾਇਆ ਰੂਪ ਵਿਚ ਪੇਸ਼ ਹੋਇਆ ਹੈ। ਜੇਜੋਂ ਦੇ ਆਲੇ-ਦੁਆਲੇ ਦਾ ਇਹ ਇਲਾਕਾ
ਆਪਣੇ ਸਾਰੇ ਦੇ ਸਾਰੇ ਪੱਖਾਂ ਨਾਲ ਨਾਵਲ ਦਾ ਹਿੱਸਾ ਬਣਿਆ ਹੈ। ਇੱਥੇ ਖਾਸ ਕਰ ਕੁਦਰਤੀ ਨਜ਼ਾਰਿਆਂ
ਦਾ ਵਰਣਨ ਜ਼ਰੂਰੀ ਹੈ। ਲੇਖਕ ਕੁਦਰਤ ਦੇ ਇਨ੍ਹਾਂ ਨਜ਼ਾਰਿਆਂ ਨੂੰ ਵੀ ਖਾਸ ਪੁੱਠ ਨਾਲ ਪੇਸ਼ ਕਰਦਾ ਹੈ।
ਜਦੋਂ ਵੀ ਕਿਤੇ ਖੁਸ਼ੀ ਦਾ ਲਹਿਰੀਆ ਉਠਦਾ ਹੈ ਤਾਂ ਇਸ ਦੀ ਤਸ਼ਬੀਹ ਖੱਡਾਂ, ਚੋਆਂ ਵਿਚ ਵਗਦੇ ਪਾਣੀਆਂ ਨਾਲ ਹੁੰਦੀ ਹੈ। ਥਾਂ-ਪੁਰ-ਥਾਂ ਦ੍ਰਿਸ਼
ਚਿਤਰਨ ਤਾਂ ਇਉਂ ਹੈ ਕਿ ਪਾਠਕ ਖ਼ੁਦ ਇਹ ਨਜ਼ਾਰੇ ਮਾਣਦਾ ਪ੍ਰਤੀਤ ਹੁੰਦਾ ਹੈ। ਇਹੀ ਬਿਰਤਾਂਤ ਅਸਲ
ਵਿਚ ਇਸ ਨਾਵਲ ਦੀ ਤਾਕਤ ਬਣ ਗਿਆ ਹੈ। ਜਿਵੇਂ ਨਾਵਲ ਦਾ ਅਹਿਮ ਪਾਤਰ ਬਾਬਾ ਬੇਅੰਤ ਔਕੜਾਂ ਦੇ
ਬਾਵਜੂਦ ਜ਼ਿੰਦਗੀ ਦੀ ਲੈਅ ਟੁੱਟਣ ਨਹੀਂ ਦਿੰਦਾ, ਬਿਲਕੁਲ ਉਸੇ ਤਰ੍ਹਾਂ
ਲੇਖਕ ਬਾਬੇ ਦੀ ਸਾਰੰਗੀ ਵਾਂਗ ਲਿਖਤ ਨੂੰ ਸੁਰ ਕਰ ਕੇ ਰੱਖਦਾ ਹੈ। ਇਸ ਦੇ ਨਾਲ ਹੀ ਇਲਾਕੇ ਦੇ
ਭੁੱਲ-ਭੁਲਾ ਦਿੱਤੇ ਗਏ ਸ਼ਬਦ ਜਿਸ ਤਰ੍ਹਾਂ ਰਚਨਾ ਅੰਦਰ ਲੱਫਾਂ ਮਾਰਦੇ ਹਨ, ਉਹ ਵੀ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਮੁਕਾਮੀ ਸ਼ਬਦਾਂ ਦਾ ਇਹ ਨਾਚ
ਨਾਵਲ ਦੇ ਤਾਣੇ-ਬਾਣੇ ਨੂੰ ਅਮੀਰੀ ਬਖ਼ਸ਼ਦਾ ਹੈ।
ਇਤਿਹਾਸ ਨੂੰ ਗਲਪ
ਵਿਚ ਢਾਲਣਾ ਅਤੇ ਦਿਲਚਸਪੀ ਵੀ ਦੂਣ-ਸਵਾਈ ਕਰ ਦੇਣੀ ਸਾਧਾਰਨ ਕਾਰਜ ਨਹੀਂ। ਬਲਬੀਰ ਮਾਧੋਪੁਰੀ ਨੇ
ਇਹ ਕਾਰਜ ਬਹੁਤ ਸਹਿਜ ਨਾਲ ਨੇਪਰੇ ਚਾੜ੍ਹਿਆ ਹੈ। ਇਸ ਵਿਚ ਸਾਧਨ ਅਤੇ ਸੱਤਾ ਹੀਣੇ ਜਿਊੜਿਆਂ ਦੇ
ਦਿਲਾਂ ਅੰਦਰ ‘ਪਾਣੀ ਵਰਗੀ ਨਰਮ ਚੀਜ਼ ਨਫ਼ਰਤਾਂ ਦੇ ਪਹਾੜ ਨੂੰ ਵੀ ਖਿਸਕਾਅ ਦਿੰਦੀ ਆ’ ਵਾਲਾ ਵੇਗ
ਹੈ। ਨਾਵਲ ਵਿਚ ਇਹ ਵੇਗ ਸਫ਼ਾ-ਦਰ-ਸਫ਼ਾ ਜ਼ਾਹਿਰ ਹੁੰਦਾ ਹੈ। ਪਤਾ ਨਹੀਂ, ਇਹ ਲੇਖਕ ਨੇ ਸੁਚੇਤ ਰੂਪ ਵਿਚ ਕੀਤਾ ਹੈ ਜਾਂ ਅਚੇਤ ਰੂਪ ਵਿਚ ਹੀ ਅਜਿਹਾ ਹੋਇਆ ਹੈ, ਨਾਵਲ ਦੇ ਅੱਠ-ਦਸ ਕਾਂਡਾਂ ਦਾ ਅੰਤ ਪੋਤੇ (ਗੋਰੇ) ਨੂੰ ਨੀਂਦ ਦੇ
ਬੁੱਲਿਆਂ ਨਾਲ ਹੁੰਦਾ ਹੈ। ਇਸ ਲੱਖਣ ਦੀ ਲੜੀ ਅਸਲ ਵਿਚ ਮੰਗੂ ਰਾਮ ਅਤੇ ਬਾਬੇ ਦੇ ਸੁਫ਼ਨਿਆਂ ਨਾਲ
ਜੁੜਦੀ ਜਾਪਦੀ ਹੈ ਜਿਹਦੇ ਲਈ ਉਹ ਦਿਨ-ਰਾਤ ਇਕ ਕਰ ਰਹੇ ਹਨ। ਇਹ ਬਦਲਵੀਂ ਸਿਆਸਤ ਅਤੇ ਸਮਾਜਕ ਜੀਵਨ
ਵੱਲ ਵਧਦੇ ਕਦਮਾਂ ਦੀ ਪੈੜਚਾਲ ਵੀ ਹੈ। ਇਸ ਅੰਦਰ ਗ਼ਦਰੀ ਰੰਗ ਵੀ ਅਛੋਪਲੇ ਜਿਹੇ ਆਣ ਹਾਜ਼ਰ ਹੋਇਆ
ਹੈ। ‘ਆਦਿ ਡੰਕਾ’ ਵਾਲੀਆਂ ਰਚਨਾਵਾਂ ‘ਗਦਰ ਦੀ ਗੂੰਜ’ ਦਾ ਭੁਲੇਖਾ ਪਾਉਂਦੀਆਂ ਹਨ। ਨਾਵਲ ਵਿਚ
ਗੁਰੂ ਰਵਿਦਾਸ ਅਤੇ ਕਬੀਰ ਦੀਆਂ ਰਚਨਾਵਾਂ ਜਿਸ ਤਰ੍ਹਾਂ ਚੋਟ ਕਰਦੀਆਂ ਹਨ, ਉਨ੍ਹਾਂ ਦੇ ਰਾਹ ਵੀ ਬਦਲਵੇਂ ਢਾਂਚੇ ਵੱਲ ਮੋੜ ਕੱਟਦੇ ਹਨ। ‘ਰਾਮ ਰਾਮ’
ਦੀ ਥਾਂ ‘ਜੈ ਗੁਰੂਦੇਵ’ ਕਹਿਣ ਵਰਗੀਆਂ ਅਣਗਿਣਤ ਸੀਰਾਂ ਹਨ ਜਿਨ੍ਹਾਂ ਦਾ ਮੂੰਹ ਸੁਫ਼ਨਿਆਂ ਦੀ ਡਾਰ
ਵੱਲ ਹੈ। ਇਹ ਮੂੰਹ-ਜ਼ੋਰ ਸੁਫ਼ਨਿਆਂ ਦਾ ਹੀ ਪ੍ਰਤਾਪ ਹੈ ਕਿ ਜ਼ਿੰਦਗੀ ਦੇ ਸਕੂਲ ਅਤੇ ਕਾਰੋਬਾਰ ਵਿਚ
ਉਡਾਰ ਹੋਇਆ ਗੋਰਾ ਚਿਰਾਂ ਤੋਂ ਲਾਪਤਾ ਆਪਣੇ ਪਿਤਾ ਦਾ ਖੋਜ-ਖੁਰਾ ਵੀ ਲੱਭ ਲਿਆਂਦਾ ਹੈ। ਨਾਵਲ ਦਾ
ਅੰਤ ਇਨ੍ਹਾਂ ਸੁਫ਼ਨਿਆਂ ਦਾ ਹੀ ਇਕ ਵੱਖਰਾ ਅਤੇ ਨਿਆਰਾ ਅਧਿਆਏ ਹੈ। ਗੋਰੇ (ਪੋਤੇ) ਦੀ ਮਾਂ ਅਤੇ
ਫ਼ਾਤਿਮਾ ਦਾ ਬਣਵਾਸ ਟੁੱਟਦਾ ਹੈ। ਇੱਥੇ ਪੁੱਜ ਕੇ ਜਾਪਦਾ ਹੈ, ਜਿਵੇਂ ਲੇਖਕ ਦਲਿਤ ਸਿਆਸਤ ਅਤੇ ਸਮਾਜ ਦਾ ਚੌੜੇਰਾ ਪਿੜ ਵਗਲ਼ ਰਿਹਾ ਹੈ। ਸੱਚਮੁੱਚ ਬਲਬੀਰ
ਮਾਧੋਪੁਰੀ ਦਾ ਇਹ ਨਾਵਲ ਮਾਣ-ਸਨਮਾਨ ਲਈ ਜੂਝਦੇ ਮਰਜੀਵੜਿਆਂ ਦੇ ਸੰਘਰਸ਼ ਦੀ ਦਾਸਤਾਨ ਹੈ। ਇਹ
ਹਾਸ਼ੀਏ ਉੱਤੇ ਸੁੱਟੇ ਜਿਊੜਿਆਂ ਦੀ ਉਹ ਕਥਾ ਹੈ ਜਿਹੜੀ ਲੇਖਕ ਨੇ ਪੂਰੀ ਮੜਕ ਨਾਲ ਸੁਣਾਈ ਹੈ। ਇਸ
ਕਥਾ ਦੇ ਪਾਤਰ ਥੋੜ੍ਹੀ ਕੀਤਿਆਂ ਭੁਲਾਏ ਨਹੀਂ ਜਾ ਸਕਣੇ। -ਜਸਬੀਰ
ਦਲਿਤ ਚੇਤਨਾ ਤੇ ਦਲਿਤ ਨਾਇਕਤਵ ਦੀ ਪਛਾਣ ਦਾ ਮਾਡਲ : ਮਿੱਟੀ ਬੋਲ ਪਈ
ਬਲਬੀਰ ਮਾਧੋਪੁਰੀ ਪੰਜਾਬੀ ਸਾਹਿਤ ਵਿਚ ਹਾਸ਼ੀਆਗਤ ਧਿਰਾਂ ਦੀ ਮੂਕਤਾ ਨੂੰ ਮੁੱਖ ਧਾਰਾ ਨਾਲ ਜੋੜਨ ਵਾਲਾ ਸਥਾਪਤ ਨਾਂਅ ਹੈ। ਸਵੈ ਜੀਵਨੀ ਛਾਂਗਿਆ ਰੁੱਖ ਰਾਹੀਂ ਉਸਦੀ ਸਿਰਜਣ ਪ੍ਰਕਿਰਿਆ ਦਾ ਘੇਰਾ ਅੰਤਰ ਰਾਸ਼ਟਰੀ ਪੱਧਰ ’ਤੇ ਵਸੀਹ ਹੋਇਆ ਹੈ। ਹੁਣ ਉਸਨੇ ਆਪਣੇ ਪਲੇਠੇ ਨਾਵਲ ਮਿੱਟੀ ਬੋਲ ਪਈ ਰਾਹੀਂ ਪੰਜਾਬੀ ਨਾਵਲ ਦੇ ਖੇਤਰ ਵਿਚ ਪੈਰ ਧਰਿਆ ਹੈ। ਇਹ ਨਾਵਲ ਹਾਸ਼ੀਆਗਤ ਧਿਰਾਂ ਨੂੰ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਪੱਖੋਂ ਤਕੜਾ ਕਰਕੇ ਸਿਆਸੀ ਪੱਖ ਤੋਂ ਚੇਤਨਾ ਪ੍ਰਦਾਨ ਕਰਦੀ ਆਦਿ ਧਰਮ ਲਹਿਰ ਦੀ ਸ਼ਾਨਾਮੱਤੀ ਇਤਿਹਾਸਕ ਵਿਰਾਸਤ ਦਾ ਦਸਤਾਵੇਜ਼ੀ ਬਿਰਤਾਂਤ ਹੈ। ਇਸ ਵਿਚ ਦਲਿਤ ਚੇਤਨਾ ਦੇ ਵੱਖ-ਵੱਖ ਪੱਖਾਂ ਤੋਂ ਦਲਿਤ ਨਾਇਕਤਵ ਦੀ ਪਛਾਣ ਅਤੇ ਮੁਕਤੀ ਦਾ ਮਾਡਲ ਪੇਸ਼ ਕੀਤਾ ਗਿਆ ਹੈ। ਇਹ ਬਿਰਤਾਂਤ ਦਲਿਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਚੇਤਨ ਕਰਕੇ ਮੁੱਖ ਧਾਰਾ ਵਿਚ ਲਿਆਉਣ ਦੀ ਪ੍ਰੇਰਨਾ ਬਣਦਾ ਹੈ। ਇਹ ਬਿਰਤਾਂਤ ਪਹਿਲੀ ਪੀੜ੍ਹੀ ਦੇ ਪਾਤਰ ਸੰਗਤੀਏ ਵਲੋਂ ਤੀਜੀ ਪੀੜ੍ਹੀ ਦੇ ਪਾਤਰ ਆਪਣੇ ਪੋਤੇ ਗੋਰੇ ਨਾਲ ਵਾਰਤਾਲਾਪੀ ਰੂਪ ਵਿਚ ਪੇਸ਼ ਹੋਇਆ ਹੈ। ਇਸ ਬਿਰਤਾਂਤ ਦਾ ਕਾਲ ਵੀਹਵੀਂ ਸਦੀ ਦੇ ਦੂਜੇ ਦਹਾਕੇ ਅਤੇ ਵਾਪਰਨ ਸਥਾਨ ਹੁਸ਼ਿਆਰਪੁਰ ਦੇ ਕਸਬੇ ਜੈਜੋਂ ਨਾਲ ਸਬੰਧਤ ਹੈ। ਕੁਝ ਕੁ ਬਿਰਤਾਂਤਕ ਅੰਸ਼ ਲਾਹੌਰ ਅਤੇ ਮੁਲਤਾਨ ਨਾਲ ਵੀ ਸਬੰਧਤ ਹਨ। ਨਾਵਲ ਦੀ ਕਹਾਣੀ ਵਿਚ ਆਦਿ ਧਰਮ ਦੇ ਸੰਸਥਾਪਕ ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਦੁਆਰਾ ਆਦਿ ਧਰਮ ਦੀ ਲਹਿਰ ਨੂੰ ਪਿੰਡ-ਪਿੰਡ ਪਹੁੰਚਾਉਣਾ, ਪਿੰਡਾਂ ਵਿਚ ਸਮਾਜਿਕ ਸਭਿਆਚਾਰਕ ਵਿਤਕਰੇ ਵਿਰੁੱਧ ਲੜਾਈ, ਪੜ੍ਹਨ-ਲਿਖਣ ਦੇ ਹੱਕ ਲੈਣ ਲਈ ਜੱਦੋ-ਜਹਿਦ ਤੇ ਸਿਆਸੀ ਤਾਕਤ ਹਾਸਲ ਕਰਨ ਦੇ ਬਿਰਤਾਂਤ ਤੋਂ ਇਲਾਵਾ ਪਿੰਡਾਂ ਦੀ ਜਾਤੀ ਤੇ ਜਮਾਤੀ ਦਰਜਾਬੰਦੀ, ਪਛਾਣ ਦੇ ਸੰਕਟ ਨਾਲ ਜੂਝ ਰਹੀਆਂ ਹਾਸ਼ੀਆਗਤ ਧਿਰਾਂ ਦਾ ਸੰਵਾਦ, ਸੰਸਾਰ ਜੰਗ ਵਿਚ ਭਾਰਤ ਦੀ ਇਨਕਲਾਬੀ ਧਿਰ ਦੀ ਭੂਮਿਕਾ, ਅੰਗਰੇਜਾਂ ਦੀ ਸਿਆਸੀ ਚਾਲਬਾਜ਼ੀ ਆਦਿ ਅਨੇਕਾਂ ਉਪ ਬਿਰਤਾਂਤ ਵੀ ਪੇਸ਼ ਹੋਏ ਹਨ।
ਦਲਿਤ ਭਾਰਤ ਦੇ
ਮੂਲਵਾਸੀ ਹਨ ਤੇ ਉਹਨਾਂ ਨੂੰ ਇਸ ਹਾਸ਼ੀਆਗਤ ਪਛਾਣ ਵਿਚ ਪਿੱਛੇ ਕਦੋਂ ਤੇ ਕਿਵੇਂ ਪਿੱਛੇ ਧੱਕ ਦਿੱਤਾ
ਗਿਆ ? ਇਸ ਸਵਾਲ ਨੂੰ ਭਾਰਤ ਦੇ ਇਤਿਹਾਸਕ ਪਿਛੋਕੜ ਵਿਚੋਂ
ਸਮਝਿਆ ਜਾ ਸਕਦਾ ਹੈ। ਦਲਿਤ ਸ਼ਬਦ ਸਾਰੀਆਂ ਭਾਸ਼ਾਵਾਂ ਵਿਚ ਵੱਖਰੇ-ਵੱਖਰੇ ਰੂਪ ਵਿਚ ਵਰਤਿਆ ਜਾਣ ਵਾਲਾ
ਸ਼ਬਦ ਹੈ। ਦਲਿਤ ਵਰਗ ਨਾਲ ਸੰਬੰਧਿਤ ਲੋਕਾਂ ਨੂੰ ਭਾਰਤ ਵਿਚ ਅਨੇਕਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ
ਜਿਵੇਂ ਦਾਸ, ਦਾਸੂ, ਅਵਰਨ, ਪੰਚਮ, ਮਲੇਛ, ਚੰਡਾਲ, ਅਛੂਤ, ਸ਼ਡੂਲਕਾਸਟ,
ਹਰੀਜਨ ਆਦਿ। ਦਲਿਤ ਸ਼ਬਦ ਦੀ ਵਰਤੋਂ ਬਾਰੇ ਕਿਹਾ ਜਾਂਦਾ ਹੈ ਕਿ ਮਹਾਤਮਾ
ਫੂਲੇ ਨੇ ਸਭ ਤੋਂ ਪਹਿਲਾਂ ਇਸ ਸ਼ਬਦ ਦੀ ਵਰਤੋਂ ਕੀਤੀ। 1960 ਤੋਂ ਪਹਿਲਾਂ ਸ਼ੂਦਰ, ਅਛੂਤ, ਪਛੜੀਆਂ ਸ਼੍ਰੇਣੀਆਂ, ਕੁਚਲੀਆਂ ਜਮਾਤਾਂ
ਆਦਿ ਨਾਮ ਵਰਤੇ ਜਾਂਦੇ ਸਨ ਅਤੇ 1960 ਤੋਂ ਬਾਅਦ ਨਵਾਂ
ਨਾਮ ਦਲਿਤ ਲੋਕ 1 ਵਰਤਿਆ ਗਿਆ। ਸਾਡੇ ਪੁਰਾਤਨ
ਧਾਰਮਿਕ ਗਰੰਥ ਜਿਵੇਂ ਰਿਗਵੇਦ, ਉਪਨਿਸ਼ਦ, ਰਮਾਇਣ, ਮਹਾਂਭਾਰਤ ਅਤੇ
ਮਨੂੰ ਸਿਮ੍ਰਤੀ ਆਦਿ ਵਿਚ ਦਲਿਤਾਂ ਨੂੰ ਮਨੁੱਖ ਸਮਝਣ ਦੀ ਥਾਂ ਦੂਜੇ ਜਾਂ ਤੀਜੇ ਦਰਜੇ ਦੇ ਸਮਝ ਕੇ
ਪੇਸ਼ ਕੀਤਾ ਗਿਆ ਹੈ। ਸਮਾਜ ਸ਼ਾਸਤਰੀ ਜੀ.ਕੇ. ਪਿਲੇ ਨੇ ਜਾਤ ਪ੍ਰਥਾ ਬਾਰੇ ਪ੍ਰਚਲਿਤ ਇਤਿਹਾਸਕ ਤੇ
ਸੰਪਰਦਾਇਕ ਦੋ ਧਾਰਨਾਵਾਂ ਦੀ ਗੱਲ ਕੀਤੀ ਹੈ।ਇਤਿਹਾਸਕ ਵਿਆਖਿਆ ਰਿਗਵੇਦ ਵਿਚ ਦਰਜ ਕੁਝ ਉਸਤਤੀ
ਗੀਤਾਂ ’ਤੇ ਆਧਾਰਿਤ ਹੈ, ਜਿਸ ਅਨੁਸਾਰ ਆਰੀਆ ਲੋਕਾਂ ਨੇ
ਆਪਣੇ ਦੇਵਤਿਆਂ ਦੀ ਸਹਾਇਤਾ ਨਾਲ ਭਾਰਤ ਦੇ ਆਦਿ ਵਾਸੀ ਲੋਕਾਂ ’ਤੇ ਜਿੱਤ ਪ੍ਰਾਪਤ ਕਰਕੇ ਉਹਨਾਂ
ਨੂੰ ਆਪਣੇ ਅਧੀਨ ਕਰਕੇ ਦਾਸ ਬਣਾ ਲਿਆ। ਸੰਪਰਦਾਇਕ ਵਿਆਖਿਆ ਦੀ ਦੂਜੀ ਵਿਧੀ ਰਿਗਵੇਦ ਵਿਚ ਦਰਜ
‘ਪੁਰਸ਼ਸੂਕਤ’ ਨਾਂ ਦੇ ਇੱਕ ਸਲੋਕ ’ਤੇ ਆਧਾਰਿਤ ਹੈ, ਜਿਸ ਵਿਚ ਸਮਾਜ ਦੇ ਚਾਰ ਵਰਗਾਂ (ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ) ਦੀ ਗੱਲ ਕੀਤੀ ਗਈ ਹੈ।2 ਇਸ ਤਰ੍ਹਾਂ ਦਲਿਤਾਂ ਦੇ ਪਿਛੋਕੜ ਨੂੰ ਇਤਿਹਾਸਕ ਤੌਰ ’ਤੇ ਵਾਚਦਿਆਂ ਇਸਦੀਆਂ ਜੜ੍ਹਾਂ ਭਾਰਤ
ਦੇ ਮੂਲ ਨਿਵਾਸੀਆਂ ਨਾਲ ਜਾ ਜੁੜਦੀਆਂ ਹਨ। ਉਹ ਦ੍ਰਾਵਿੜਾਂ ਤੋਂ ਵੀ ਪਹਿਲਾਂ ਵਸਦੇ ਸਨ।
ਦ੍ਰਾਵਿੜਾਂ ਨੇ ਉਹਨਾਂ ਉਪਰ ਹਮਲਾ ਤਾਂ ਕੀਤਾ ਪਰ ਆਪਣਾ ਗੁਲਾਮ ਨਹੀਂ ਬਣਾਇਆ। ਦਲਿਤ ਦੇਸ਼ ਦੇ
ਮੂਲਵਾਸੀ ਸਨ ਜਿਨ੍ਹਾਂ ਨੂੰ ਆਰੀਆ ਨੇ ਹਰਾ ਕੇ ਆਪਣੇ ਦਾਸ ਬਣਾ ਲਿਆ।
ਮਾਰਕਸਵਾਦੀ ਦ੍ਰਿਸ਼ਟੀ
ਅਧੀਨ ਵਰਣ ਦੀ ਥਾਂ ਕਿੱਤਾ ਵੰਡ ਨੂੰ ਆਧਾਰ ਬਣਾ ਕੇ ਦਲਿਤ ਨੂੰ ਸ਼ੋਸ਼ਿਤ ਵਰਗ ਵਜੋਂ ਪਰਿਭਾਸ਼ਤ ਕੀਤਾ
ਜਾਂਦਾ ਹੈ। ਇਸ ਸੰਬੰਧੀ ਇੱਕ ਸੰਕਲਪ ਜਮਾਤੀ ਹੈ, ਦੂਜਾ ਵਰਣ ਆਧਾਰਿਤ
ਅਤੇ ਤੀਜਾ ਸੰਕਲਪ ਅੰਬੇਦਕਰਵਾਦੀ ਹੈ। ਦਲਿਤ ਵਰਗ ਦੀ ਕਿੱਤਾ ਵੰਡ ਨੂੰ ਪੱਕਾ ਕਰਨ ਵਿਚ ਸਭ ਤੋਂ
ਵਧੇਰੇ ਯੋਗਦਾਨ ਮਨੂੰ ਸਿਮ੍ਰਤੀ ਨੇ ਪਾਇਆ। ਸਮੁੱਚੇ ਲੋਕਾਂ ਨੂੰ ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰਾਂ
ਵਿਚ ਵੰਡ ਕੇ ਹਰ ਜਾਤੀ ਦੇ ਵੱਖਰੇ-ਵੱਖਰੇ ਕਾਰਜ ਨਿਸ਼ਚਤ ਕੀਤੇ। ਬ੍ਰਾਹਮਣ ਜਾਤੀ ਨੂੰ ਸਭ ਤੋਂ ਉਤਮ
ਮੰਨ ਕੇ ਅਤੇ ਦਲਿਤਾਂ ਨੂੰ ਸਭ ਤੋਂ ਨੀਵੇਂ ਦਰਜ਼ੇ ਦੇ ਕਹਿ ਕੇ ਮਨੁੱਖੀ ਇਤਿਹਾਸ ਵਿਚ ਪਹਿਲੀ ਵਾਰ
ਇਸ ਵਰਗ ਵੰਡ ਨੂੰ ਮੈਨੀਫੈਸਟੋ ਬਣਾ ਦਿੱਤਾ। ਭਾਰਤੀ ਸਮਾਜਿਕ ਸੰਰਚਨਾ ਅਨੁਸਾਰ ਇਥੋਂ ਦੇ ਦਲਿਤ ਦੀ
ਪਛਾਣ ਪਰਿਭਾਸ਼ਾ ਅਤੇ ਸਰੂਪ ਨੂੰ ਸਮਝਣਾ ਨਿਹਾਇਤ ਜਰੂਰੀ ਹੈ। ਜੇਕਰ ਮਾਰਕਸੀ ਸਮਾਜ-ਸ਼ਾਸਤਰੀ
ਦ੍ਰਿਸ਼ਟੀ ਤੋਂ ਬਾਹਰਮੁਖੀ ਰੂਪ ਵਿਚ ਦਲਿਤ ਦੀ ਪਛਾਣ, ਪਰਿਭਾਸ਼ਾ ਅਤੇ ਸਰੂਪ ਦੀ ਚਰਚਾ ਕਰਨੀ ਹੈ ਤਾਂ ਇਸ ਗੱਲ ਨੂੰ ਦ੍ਰਿਸ਼ਟੀ ਦਾ ਅੰਗ ਬਣਾਉਣਾ ਪਵੇਗਾ
ਕਿ ਇਹ ਉਹ ਵਰਗ ਹੈ ਜਿਹੜਾ ਸਦੀਆਂ ਤੋਂ ਪੈਦਾਵਾਰੀ ਸਾਧਨਾਂ, ਸਮਾਜਿਕ ਰੁਤਬੇ, ਸਭਿਆਚਾਰਕ ਗੌਰਵ, ਧਾਰਮਿਕ ਆਧਾਰਾਂ, ਰਾਜਨੀਤਕ ਆਧਾਰਾਂ
ਅਤੇ ਕਲਾਵਾਂ ਤੋਂ ਵਿਛੁੰਨਿਆ ਵਰਗ ਹੈ। ਭਾਰਤੀ ਦਲਿਤ ਦੀ ਵਿਭਿੰਨ ਸਭਿਆਚਾਰਾਂ ਅਤੇ ਸਮਾਜੀ ਆਰਥਕ
ਬਣਤਰਾਂ ਤੋਂ ਇਹ ਗੁਣਾਤਮਕ ਰੂਪ ਵਿਚ ਭਿੰਨਤਾ ਹੈ ਕਿ ਇਸ ਕੋਲ ਤਾਂ ਸਦੀਆਂ ਭਰ ਮਨੁੱਖ ਹੋਣ ਦਾ
ਰੁਤਬਾ ਵੀ ਨਹੀਂ ਰਿਹਾ।3 ਦਲਿਤ ਚੇਤਨਾ ਨੇ ਇਹਨਾਂ
ਨਿਯਮਾਂ ਵਿਚ ਬਦਲਾਵ ਲਿਆਉਣ ਦੀ ਨਿੱਗਰ ਪਿਰਤ ਪਾਈ ਹੈ। ਦਲਿਤ ਅੰਤਰਮੁਖੀ ਅਤੇ ਬਾਹਰਮੁਖੀ ਅਨੁਭਵ
ਵਿਚੋਂ ਆਪਣੀ ਹੋਂਦ ਅਤੇ ਹੋਣੀ ਬਾਰੇ ਚੇਤਨਾ ਗ੍ਰਹਿਣ ਕਰਦੇ ਹਨ। ਸਮਾਜ ਵਿਚ ਉਚ ਜਾਤੀਆਂ ਵੱਲੋਂ
ਸਦੀਆਂ ਤੋਂ ਉਹਨਾਂ ਨਾਲ ਹੁੰਦੇ ਆ ਰਹੇ ਸਮਾਜਿਕ, ਧਾਰਮਿਕ, ਮਾਨਸਿਕ, ਸਭਿਆਚਾਰਕ,
ਰਾਜਨੀਤਕ ਅਤੇ ਨੈਤਿਕ ਵਿਤਕਰੇ ਵਿਚੋਂ ਉਹ ਆਪਣੇ ਬਾਰੇ ਸੋਚਦੇ ਹਨ। ਇਸ
ਅਨੁਭਵ ਅਤੇ ਮਾਨਸਿਕ ਬੋਧ ਵਿਚੋਂ ਹੀ ਦਲਿਤਾਂ ਦੀ ਚੇਤਨਾ ਦਾ ਮੁੱਢ ਬੱਝਦਾ ਹੈ।
ਦਲਿਤ ਚੇਤਨਾ ਬਾਰੇ ਧਿਆਨ ਨਾਲ ਸਮਝਣ ਦੀ ਲੋੜ ਹੈ। ਦਲਿਤ ਚੇਤਨਾ ਦੇ
ਅੰਸ਼ ਭਾਰਤ ਦੇ ਪੁਰਾਤਨ ਇਤਿਹਾਸ ਅਤੇ ਸਾਹਿਤ ਰਾਹੀਂ ਸਾਡੇ ਸਨਮੁਖ ਹੁੰਦੇ ਹਨ। ਬੁੱਧ ਧਰਮ,
ਜੈਨ ਧਰਮ, ਭਗਤੀ ਲਹਿਰ ਅਤੇ
ਹੋਰ ਨਾਸਤਕੀ ਪਰੰਪਰਾਵਾਂ ਦੇ ਸੰਤ ਕਵੀਆਂ ਤੇ ਦਾਰਸ਼ਨਿਕਾਂ ਦੀਆਂ ਲਿਖਤਾਂ ਵਿਚੋਂ ਦਲਿਤ ਚੇਤਨਾ ਦਾ
ਸਰੂਪ ਪਹਿਚਾਣਿਆ ਜਾ ਸਕਦਾ ਹੈ। ਬੁੱਧ ਧਰਮ ਨੇ ਵੇਦਾਂ ਦੀ ਪ੍ਰਮਾਣਿਕਤਾ ’ਤੇ ਕਿੰਤੂ ਕਰਕੇ ਇਸਦਾ
ਮੁੱਢ ਬੰਨਿਆ। ਇਸ ਉਪਰੰਤ ਭਗਤੀ ਲਹਿਰ ਦੇ ਕਵੀਆਂ ਨੇ ਦਲਿਤ ਚੇਤਨਾ ਨੂੰ ਪ੍ਰਸਾਰਿਆ। ਨਾਮਦੇਵ,
ਕਬੀਰ, ਰਵਿਦਾਸ ਤੋਂ ਇਲਾਵਾ
ਸਿੱਖ ਗੁਰੂਆਂ ਨੇ ਲੋਕਾਂ ਦੇ ਮਨ ਵਿਚੋਂ ਜਾਤ-ਪਾਤ ਦੇ ਜਾਲ਼ੇ ਲਾਹ ਕੇ ਦਲਿਤ ਚੇਤਨਾ ਨੂੰ ਹੋਰ
ਪ੍ਰਫੁੱਲਤ ਕੀਤਾ। ‘ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਦੇ ਸਮੇਂ ਤੱਕ ਜਿਸ ਤਰ੍ਹਾਂ
ਸਮਾਜਿਕ ਬਰਾਬਰਤਾ ਦੇ ਇਨਕਲਾਬ ਦਾ ਪ੍ਰਵਾਹ ਚੱਲਿਆ ਉਹ ਆਪਣੇ ਆਪ ਦੇ ਵਿਚ ਬਹੁਤ ਅਹਿਮ ਮਹੱਤਤਾ
ਰੱਖਦਾ ਹੈ। ਇਸ ਤੋਂ ਦਲਿਤ ਚੇਤਨਾ ਨੂੰ ਬਹੁਤ ਹੁੰਗਾਰਾ ਮਿਲਦਾ ਹੈ। ਭਾਈ ਜੈਤਾ ਨੂੰ ‘ਰੰਗਰੇਟਾ
ਗੁਰੂ ਕਾ ਬੇਟਾ’ ਦਾ ਖ਼ਿਤਾਬ ਮਿਲਣਾ ਦਲਿਤ ਚੇਤਨਾ ਲਈ ਬਹੁਤ ਵੱਡਾ ਮੋੜ ਸੀ।4 ਪਰੰਤੂ ਇਹ ਦਲਿਤ ਚੇਤਨਾ ਗੁਰੂ ਸਾਹਿਬਾਨ ਤੋਂ ਬਾਅਦ ਮੁੜ ਪਹਿਲਾਂ
ਵਾਲੇ ਰੂਪ ਵਿਚ ਰੂੜ ਹੋਣ ਲੱਗ ਪਈ। ਸਿੱਖ ਰਾਜ ਵਿਚ ਆ ਕੇ ਦਲਿਤਾਂ ਦੀ ਹਾਲਤ ਵਿਚ ਕੋਈ ਤਸੱਲੀਬਖਸ਼
ਸੁਧਾਰ ਨਹੀਂ ਆਇਆ। ਇਸਦੇ ਬਾਵਜੂਦ ਸਮੇਂ-ਸਮੇਂ ਉਠਦੀਆਂ ਦਲਿਤ ਲਹਿਰਾਂ ਨੇ ਦਲਿਤਾਂ ਨੂੰ ਚੇਤਨ ਕਰਨ
ਦਾ ਪ੍ਰਕਾਰਜ ਜਾਰੀ ਰੱਖਿਆ। ਪੁਨਰ ਜਾਗਰਣ, ਬ੍ਰਹਮੋ ਸਮਾਜ,
ਆਰੀਆ ਸਮਾਜ, ਰਾਮਾਕ੍ਰਿਸ਼ਨ ਮਿਸ਼ਨ,
ਆਦਿ ਸਮਾਜ ਸੁਧਾਰਕ ਲਹਿਰਾਂ ਨੇ ਹਿੰਦੂ ਧਰਮ ਦੀਆਂ ਕੁਰੀਤੀਆਂ ਨੂੰ
ਉਭਾਰ ਕੇ ਦਲਿਤ ਚੇਤਨਾ ਦੇ ਸਰੂਪ ਨੂੰ ਨਿਖਾਰਿਆ। ਮਹਾਂਰਾਸ਼ਟਰ ਵਿਚ ਮਹਾਤਮਾ ਜੋਤੀਬਾ ਫੂਲੇ ਦੇ
‘ਸੱਤਿਆ ਸ਼ੋਧਕ ਸਮਾਜ’, ਕੇਰਲਾ ਵਿਚ ਨਾਰਾਇਣ ਗੁਰੂ ਦੇ
ਅੰਦੋਲਨ, ਤਾਮਿਲਨਾਡੂ ਵਿਚ ਪੇਰੀਅਰ ਰਾਮਾਸਵਾਮੀ ਨਾਇਕਰ ਦੇ ਯਤਨ
ਅਤੇ ਉਤਰੀ ਭਾਰਤ ਵਿਚ 1925-26 ਦੇ ਕਰੀਬ ਬਾਬਾ
ਮੰਗੂ ਰਾਮ ਦੀ ਅਗਵਾਈ ਵਿਚ ਸ਼ੁਰੂ ਹੋਈ ਆਦਿ ਧਰਮ ਲਹਿਰ ਨੇ ਸਮਾਜਿਕ ਬਰਾਬਰੀ ਅਤੇ ਉਹਨਾਂ ਦੇ
ਬੁਨਿਆਦੀ ਹੱਕਾਂ ਬਾਰੇ ਚੇਤਨ ਕਰਕੇ ਦਲਿਤਾਂ ਦੀ ਚੇਤਨਾ ਵਿਚ ਅਥਾਹ ਵਾਧਾ ਕੀਤਾ।‘ਇਸ ਲਹਿਰ ਦਾ
ਮੁੱਖ ਨਿਸ਼ਾਨਾ ਸਮਾਜਿਕ ਕੁਰੀਤੀਆਂ ਨੂੰ, ਜਿਨ੍ਹਾਂ ਨੇ ਦਲਿਤ
ਜੀਵਨ ਨੂੰ ਅੰਦਰੋਂ ਖੋਰਾ ਲਗਾਇਆ ਹੋਇਆ ਸੀ, ਦਾ ਖਾਤਮਾ ਕਰਨਾ
ਸੀ। ਦੂਜਾ ਮੁੱਖ ਮੰਤਵ ਸੀ ਰਾਜਨੀਤਕ ਸ਼ਕਤੀ ਨੂੰ ਆਪਣੇ ਹੱਥ ਵਿਚ ਲੈ ਕੇ ਦਲਿਤਾਂ ਦੀ ਸਮਾਜਿਕ,
ਰਾਜਨੀਤਕ ਅਤੇ ਆਰਥਿਕ ਸਥਿਤੀ ਵਿਚ ਤਬਦੀਲੀ ਲਿਆਉਣਾ। ਇਨ੍ਹਾਂ ਦੋਹਾਂ
ਪਹਿਲੂਆਂ ਤੋਂ ਆਦਿ ਧਰਮ ਲਹਿਰ ਨੇ ਪੰਜਾਬ ਵਿਚ ਦਲਿਤ ਚੇਤਨਾ ਨੂੰ ਬਹੁਤ ਹੁਲਾਰਾ ਦਿੱਤਾ।5 ਇਸ ਲਹਿਰ ਦਾ ਤਰਕ ਦਲਿਤਾਂ ਨੂੰ ਇੱਕ ਜਾਤ ਵਜੋਂ ਪਰਿਭਾਸ਼ਤ ਕਰਨ ਦੀ
ਥਾਂ ਸਿੱਖਾਂ ਅਤੇ ਮੁਸਲਮਾਨਾਂ ਵਾਂਗ ਦਲਿਤਾਂ ਨੂੰ ਇੱਕ ਕੌਮ ਵਜੋਂ ਸਥਾਪਿਤ ਕਰਨਾ ਚਾਹੁੰਦੇ ਸਨ।
ਇਸ ਕੌਮੀ ਪਹਿਚਾਣ ਦੇ ਜ਼ਰੀਏ ਉਹ ਉਚੀਆਂ ਜਾਤੀਆਂ ਵੱਲੋਂ ਤ੍ਰਿਸਕਾਰੀ ਅਤੇ ਲਿਤਾੜੀ ਗਈ ਆਪਣੀ
ਪਹਿਚਾਣ ਦੀ ਨਵ ਉਸਾਰੀ ਕਰਨਾ ਚਾਹੁੰਦੇ ਸਨ। ਇਸ ਤਰ੍ਹਾਂ ਦੀ ਚੇਤਨਾ ਵਿਚੋਂ ਦਲਿਤ ਹੌਲੀ ਹੌਲੀ
ਰਾਜਨੀਤਕ ਚੇਤਨਾ ਗ੍ਰਹਿਣ ਕਰਨ ਲੱਗਦੇ ਹਨ। ਇਹ ਨਾਵਲ ਦਲਿਤ ਜੀਵਨ ’ਤੇ ਇਸ ਲਹਿਰ ਦੇ ਪ੍ਰਭਾਵ ਨੂੰ
ਅੰਕਿਤ ਕਰਦਾ ਹੈ।
ਨਾਵਲ ਵਿਚ ਦਲਿਤ
ਜੀਵਨ ਦਾ ਜੋ ਸਰੂਪ ਪੇਸ਼ ਹੋਇਆ ਹੈ ਉਹ ਹਾਸ਼ੀਏ ਤੇ ਬੇਗਾਨਗੀ ਦੇ ਪੱਖ ਤੋਂ ਕਰੁਣਾਮਈ ਹੈ। ਇਸ ਵਰਗ
ਵੰਡ ਦੀ ਛਾਪ ਮਨੁੱਖੀ ਅਵਚੇਤਨ ਵਿਚ ਇਸ ਕਦਰ ਘਰ ਕਰ ਚੁੱਕੀ ਹੈ ਕਿ ਮਨੁੱਖਾਂ ਦੇ ਨਾਲ-ਨਾਲ
ਜਾਨਵਰਾਂ ਤੇ ਕੀਟ ਪਤੰਗਾਂ ਵਿਚ ਵੀ ਇਸਦੇ ਅੰਸ਼ ਦੇਖਣ ਨੂੰ ਮਿਲਦੇ ਹਨ। ਇਕੋ ਹੀ ਛੱਤੇ ਵਿਚ ਮਿਲਕੇ
ਰਹਿਣ ਵਾਲੀਆਂ ਮਧੂਮੱਖੀਆਂ ਦੀ ਵੰਡ ਰਾਣੀ ਅਤੇ ਗੋਲੀ ਮੱਖੀ ਵਜੋਂ ਕੀਤੀ ਹੋਈ ਹੈ। ਨਾਵਲ ਵਿਚ ਮੰਗੂ
ਰਾਮ ਦੇ ਜੀਵਨ ਅਨੁਭਵ ਵਿਚੋਂ ਅਤੇ ਮੁਲਤਾਨ ਦੇ ਪੂਰਨ ਚੰਦ ਮਲੰਗ ਦੇ ਬਿਰਤਾਂਤਕ ਵੇਰਵੇ ਤੋਂ ਇਸਦੀ
ਕਰੂਰਤਾ ਸਪੱਸ਼ਟ ਹੁੰਦੀ ਹੈ। ਪੂਰਨ ਚੰਦ ਮਲੰਗ ਮੁਲਤਾਨ ਦਾ ਮੋਚੀ ਹੈ। ਆਪਣੇ ਕੋਲ ਆਏ ਕਿਸੇ
ਰਿਸ਼ਤੇਦਾਰ ਨੂੰ ਦੁਕਾਨ ’ਤੇ ਰੋਟੀ ਖਵਾਉਂਦਾ ਹੈ। ਜਦ ਦੁਕਾਨਦਾਰ ਨੂੰ ਉਸਦੇ ਸ਼ੂਦਰ ਹੋਣ ਦਾ ਪਤਾ
ਲੱਗਦਾ ਹੈ ਤਾਂ ਉਹ ਪੂਰਨ ਚੰਦ ਦੀ ਕੁੱਟ-ਮਾਰ ਵੀ ਕਰਦਾ ਹੈ ਅਤੇ ਭਾਂਡਿਆਂ ਦੀ ਭਿੱਟ ਨੂੰ ਸ਼ੁੱਧ
ਕਰਨ ਦੇ ਅਲੱਗ ਪੈਸੇ ਲੈਂਦਾ ਹੈ। ਦਾਈ ਦਾ ਕੰਮ ਕਰਨ ਵਾਲੀ ਮਾਈ ਚਿੰਤੀ ਦਾ ਦੁਖਾਂਤ ਵੀ ਕੁਝ ਇਸ
ਤਰ੍ਹਾਂ ਦਾ ਹੈ। ਉਸਦੇ ਸ਼ਬਦਾਂ ਵਿਚ:
ਰਾਜਪੂਤਣਾਂ,
ਬਾਹਮਣੀਆਂ, ਸੁਨਿਆਰੀਆਂ ਤੇ
ਸੈਣਨਾਂ ਜਦੋਂ ਜਣੇਪਾ ਤੇ ਮਾਲਸ਼ ਕਰਾ ਲੈਂਦੀਆਂ ਤਾਂ ਆਪਣੇ ਤੇ ਆਪਣੇ ਜਣੇਪੇ ਵਾਲੇ ਮੰਜੇ ’ਤੇ ਪਾਣੀ
ਦੇ ਛਿੱਟੇ ਜਿਹੇ ਤਰੌਂਕ ਕੇ ਭਿੱਟ ਹਟਾ ਲੈਂਦੀਆਂ। ਤੇ ਫਿਰ ਤੂੰ ਕੌਣ ਤੇ ਮੈਂ ਕੌਣ? ਵਿਚ-ਵਿਚ ਮੈਨੂੰ ਖਿਆਲ ਆਉਂਦਾ ਪਈ ਜਣੇਪੇ ਦੇ ਵਕਤ ਰੱਬ ਦੀ ਦਿੱਤੀ ਦਾਤ
ਕੁੜੀ ਹੋਬੇ ਜਾਂ ਮੁੰਡਾ, ਸਭ ਤੋਂ ਪੈਹਲਾਂ ਤਾਂ ਮੇਰੇ
ਹੱਥਾਂ ’ਚ ਆਉਂਦਾ। ਨਮਾ ਤੇ ਸਹੀ-ਸਲਾਮਤ ਜੀਅ ਦੇਖ ਕੇ ਮੈਨੂੰ ਚਾਅ ਚੜ੍ਹ ਜਾਂਦਾ। ਤੇ ਜਦੋਂ ਬੜਾ
ਹੁੰਦਾ ਓਹੀ ਜਾਤ ਦੇ ਮੇਹਣੇ ਮਾਰਨ ਲੱਗ ਪਈਂਦਾ।6
ਮਾਈ ਚਿੰਤੀ ਦੀ ਇਹ
ਚਿੰਤਾ ਸੱਚਮੁੱਚ ਦੁਖਦਾਈ ਹੈ। ਇਸ ਤਰ੍ਹਾਂ ਦੇ ਕਰੂਰ ਜੀਵਨ ਵਿਚੋਂ ਨਿਕਲਣ ਲਈ ਸਿੱਖਿਆ ਤੇ
ਇਤਿਹਾਸਕ ਚੇਤਨਾ ਅਹਿਮ ਸਾਧਨ ਹੈ। ਨਾਵਲ ਵਿਚ ਸਿੱਖਿਆ ਮਹਿਕਮੇ ਦਾ ਵਜ਼ੀਰ ਮੀਆਂ ਅਬਦੁਲ ਹਾਯੇ ਦੇ
ਯਤਨ ਇਸ ਪੱਖ ਤੋਂ ਪ੍ਰਸ਼ੰਸਾਮਈ ਹਨ। ਉਹ ਦਲਿਤਾਂ ਨੂੰ ਮੁੱਖ ਧਾਰਾ ਵਿਚ ਲੈ ਕੇ ਆਉਣ ਲਈ ਸਿੱਖਿਆ
ਸੁਧਾਰ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਦੀ ਗੱਲ ਕਰਦਾ ਹੈ। ਮਾਧੋਪੁਰੀ ਨੇ ਇਸ ਤੋਂ ਚੇਤਨਾ
ਗ੍ਰਹਿਣ ਕਰਕੇ ਵਰਗ ਵੰਡ ਨੂੰ ਰੱਦ ਕਰਦਿਆਂ ਦਲਿਤ ਪਛਾਣ ਅਤੇ ਮੁਕਤੀ ਦਾ ਬਿਰਤਾਂਤ ਸਿਰਜਿਆ ਹੈ।
ਫਾਤਮਾ ਦੇ ਬਿਰਤਾਂਤ ਰਾਹੀਂ ਪਛਾਣ ਤੇ ਮੁਕਤੀ ਦੇ ਮੋਟਿਫ਼ ਨੂੰ ਹੋਰ ਵਿਸਥਾਰ ਦਿੰਦਿਆਂ ਉਕਤ
ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ। ਫਾਤਿਮਾ ਤੋਂ ਉਸਦੀ ਇੱਛਾ ਦੇ ਉਲਟ ਜਬਰੀ ਵੇਸਵਾਗਮਨੀ
ਕਰਵਾਈ ਜਾਂਦੀ ਹੈ। ਉਹ ਇਸ ਦਲਦਲ ਵਿਚੋਂ ਬਾਹਰ ਨਿਕਲਣਾ ਚਾਹੁੰਦੀ ਹੈ। ਉਹ ਪੜ੍ਹਨਾ-ਲਿਖਣਾ ਤੇ
ਆਪਣੀ ਸੁਤੰਤਰ ਪਛਾਣ ਬਣਾਉਣਾ ਚਾਹੁੰਦੀ ਹੈ। ਬਾਬੇ ਸੰਗਤੀਏ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ
ਉਸ ਵਿਚ ਆਪਣੀ ਮੁਕਤੀ ਹਾਸਿਲ ਕਰਨ ਦੀ ਇੱਛਾ ਵਧ ਜਾਂਦੀ ਹੈ। ਅੰਤ ਉਹ ਚਕਲੇ ਦੀ ਮਾਲਕਣ ਤੋਂ ਜਿਸਮ
ਫਰੋਸ਼ੀ ਦਾ ਧੰਦਾ ਕਰਨ ਦੀ ਥਾਂ ਚਕਲੇ ਵਿਚ ਆਪਣੀ ਪਸੰਦ ਦਾ ਕੰਮ ਰੋਟੀ-ਪਾਣੀ ਬਣਾਉਣ ’ਤੇ ਲੱਗ
ਜਾਂਦੀ ਹੈ। ਵੰਡ ਸਮੇਂ ਪਾਕਿਸਤਾਨ ਜਾਣ ਦੀ ਥਾਂ ਫਾਤਮਾ ਨੂੰ ਤੇ ਰੁੱਕਈਆ ਨੂੰ ਬਾਬਾ ਸੰਗਤੀਆ ਆਪਣੇ
ਪਰਿਵਾਰ ਦਾ ਹਿੱਸਾ ਬਣਾ ਕੇ ਰੱਖ ਲੈਂਦਾ ਹੈ। ਫਾਤਮਾ ਦਾ ਵਿਆਹ ਆਪਣੇ ਛੋਟੇ ਪੁੱਤਰ ਜੀਤੂ ਨਾਲ ਅਤੇ
ਰੁਕਈਆ ਦਾ ਵਿਆਹ ਗੁਲਾਬੂ ਨਾਲ ਕਰਕੇ ਉਹਨਾਂ ਦੇ ਨਾਮ ਬਦਲ ਕੇ ਨਿਰਲੇਪ ਅਤੇ ਨਿਰਮਲ ਰੱਖ ਦਿੱਤੇ
ਜਾਂਦੇ ਹਨ। ਇਹ ਬਦਲਿਆ ਹੋਇਆ ਨਾਮਕਰਨ ਉਹਨਾਂ ਦੀ ਪਵਿੱਤਰਤਾ, ਨਿਰਮਲਤਾ ਤੇ ਨਿਰਲੇਪਤਾ ਦਾ ਪ੍ਰਤੀਕ ਹੈ। ਫਾਤਮਾ ਜਿਸਮ ਫਰੋਸ਼ੀ ਦੇ ਧੰਦੇ ਵਿਚੋਂ ਆਈ ਹੋਣ ਦੇ
ਬਾਵਜੂਦ ਇਸ ਕਰਕੇ ਪਵਿੱਤਰ ਹੈ ਕਿ ਉਸ ਵਿਚ ਉਸਦੀ ਮਰਜ਼ੀ ਨਹੀਂ ਹੁੰਦੀ। ਬਾਬਾ ਸੰਗਤੀਆ ਉਹਨਾਂ ਨੂੰ
ਹਾਸ਼ੀਏ ਤੋਂ ਮੁੱਖ ਧਾਰਾ ਵਿਚ ਲੈ ਆਉਂਦਾ ਹੈ।
ਨਾਵਲ ਵਿਚ ਦਲਿਤ
ਚਿੰਤਨ ਅਤੇ ਚੇਤਨਾ ਦੇ ਪੱਖ ਤੋਂ ਦਲਿਤ ਨਾਇਕਤਵ ਦਾ ਜੋ ਮਾਡਲ ਪੇਸ਼ ਕੀਤਾ ਗਿਆ ਹੈ ਉਸਦਾ ਪੰਜਾਬੀ
ਨਾਵਲ ਵਿਚ ਹੁਣ ਤੱਕ ਅਭਾਵ ਰਿਹਾ ਹੈ। ਇਸ ਮਾਡਲ ਦੇ ਪਿਛੋਕੜ ਵਿਚ ਕਿਸੇ ਇਕ ਚਿੰਤਨੀ ਵਿਚਾਰਧਾਰਾ
ਦਾ ਪ੍ਰਭਾਵ ਹੋਣ ਦੀ ਥਾਂ ਮੱਧਕਾਲੀ ਚਿੰਤਨ ਅਤੇ ਇਨਕਲਾਬੀ ਵਿਚਾਰਧਾਰਾਵਾਂ ਦਾ ਸੁਮੇਲ ਹੈ। ਨਾਵਲ
ਦਾ ਕੇਂਦਰੀ ਪਾਤਰ ਸੰਗਤੀਆ ਮੰਗੂ ਰਾਮ ਨਾਲ ਜੁੜਿਆ ਹੋਇਆ ਹੈ। ਉਸਦੀ ਸੰਗਤ ਤੇ ਸਿੱਖਿਆ-ਦੀਖਿਆ ਤੋਂ
ਇਲਾਵਾ ਉਹ ਲਗਾਤਾਰ ਪੜ੍ਹਦਾ ਵੀ ਰਹਿੰਦਾ ਹੈ। ਉਸਦੀ ਚੇਤਨਾ ਦਾ ਆਧਾਰ ਗੁਰਬਾਣੀ, ਸੂਫੀਵਾਦ, ਸਿੱਧ ਚਾਨੋ ਵਰਗੇ
ਇਸ਼ਟ, ਗਦਰ ਲਹਿਰ ਦੀ ਵਿਚਾਰਧਾਰਾ ਤੇ ਭਗਤ ਸਿੰਘ ਦੀ
ਵਿਚਾਰਧਾਰਾ ਹੈ। ਸੰਗਤੀਆ ਸਾਹਿਤ ਨਾਲ ਵੀ ਜੁੜਿਆ ਹੋਇਆ ਹੈ ਤੇ ਸੰਗੀਤ ਤੇ ਗਾਇਨ ਸ਼ੈਲੀ ਦੀ ਵੀ
ਉਸਨੂੰ ਡੂੰਘੀ ਸਮਝ ਹੈ। ਇਸਤੋਂ ਵੀ ਵੱਡੀ ਗੱਲ ਉਹ ਆਪਣੀ ਕਿਰਤ ਨਾਲ ਵੀ ਉਸੇ ਸ਼ਿੱਦਤ ਨਾਲ ਜੁੜਿਆ
ਹੋਇਆ ਹੈ। ਆਪਣੇ ਹੱਥੀਂ ਤਿਆਰ ਕੀਤੀਆਂ ਚਮੜੇ ਦੀਆਂ ਜੁੱਤੀਆਂ ਨੂੰ ਦੂਰ ਤੱਕ ਜਾ ਕੇ ਵੇਚਦਾ ਹੈ।
ਉਕਤ ਗੁਣਾਂ ਤੋਂ ਗ੍ਰਹਿਣ ਕੀਤੀ ਚੇਤਨਾ ਰਾਹੀਂ ਉਹ ਦਲਿਤ ਨਾਇਕਤਵ ਦਾ ਅਜਿਹਾ ਮਾਡਲ ਉਸਾਰਦਾ ਹੈ
ਜਿਸਦੀ ਸਮਕਾਲੀ ਦੌਰ ਵਿਚ ਅਹਿਮ ਲੋੜ ਹੈ।
ਦਲਿਤ ਜੀਵਨ ਦੀ
ਬਿਹਤਰੀ ਲਈ ਸਿੱਖਿਆ ਹਾਸਲ ਕਰਕੇ ਚੇਤਨਾ ਗ੍ਰਹਿਣ ਕਰਨਾ ਇਸ ਨਾਵਲ ਦਾ ਅਹਿਮ ਬਿਰਤਾਂਤਕ ਅੰਸ਼ ਹੈ।
ਨਾਵਲਕਾਰ ਇਸ ਮੋਟਿਫ਼ ਨੂੰ ਗੋਰੇ ਰਾਹੀਂ ਵਿਸਥਾਰ ਦਿੰਦਾ ਨਜ਼ਰ ਆਉਂਦਾ ਹੈ। ਗੋਰਾ ਆਪਣੇ ਦਾਦੇ
ਸੰਗਤੀਏ ਦੀ ਸੰਗਤ ਵਿਚ ਇਸ ਚੇਤਨਾ ਨੂੰ ਨਵੇਂ ਅਰਥ ਦਿੰਦਾ ਹੈ। ਉਸਦਾ ਗਿਆਨ ਕਿਤਾਬੀ ਤੇ ਅੱਖੀਂ
ਦੇਖੇ ਵਰਤਾਰਿਆਂ ਦਾ ਮਿਲਗੋਭਾ ਹੈ। ਕਿਸੇ ਦ੍ਰਿਸ਼, ਵਰਤਾਰੇ ਜਾਂ ਘਟਨਾ
ਨੂੰ ਦੇਖ ਕੇ ਉਹ ਤੁਲਨਾਮਈ ਰੂਪ ਵਿਚ ਕਿਤਾਬਾਂ ਵਿਚ ਪੜ੍ਹੇ ਸਬਕ ਨਾਲ ਉਸਦੀ ਇਕਮਿਕਤਾ ਕਰਕੇ ਆਪਣੀ
ਚੇਤਨਾ ਨੂੰ ਪ੍ਰਚੰਡ ਕਰਦਾ ਹੈ। ਉਹ ਦਾਦੇ ਦੁਆਰਾ ਦੱਸੇ ਜ਼ਿੰਦਗੀ ਦੇ ਸਬਕ ਨੂੰ ਕਿਤਾਬੀ ਸਬਕ ਅਤੇ
ਆਪਣੀ ਚੇਤਨਾ ਦੇ ਪੱਧਰ ਅਨੁਸਾਰ ਪਰਖਕੇ ਨਵੇਂ ਵਿਚਾਰਾਂ ਦਾ ਧਾਰਨੀ ਬਣਦਾ ਹੈ। ਗੋਰੇ ਨੂੰ ਦਾਦੇ
ਵੱਲੋਂ ਮਿਲੀ ਇਹ ਚੇਤਨਾ ਉਸਨੂੰ ਭ੍ਰਾਂਤੀਆਂ ਤੋਂ ਵੀ ਮੁਕਤ ਕਰਦੀ ਹੈ। ਇਤਿਹਾਸ ਵਿਚ ਅਨੇਕਾਂ ਅਜਿਹੀਆਂ
ਭ੍ਰਾਂਤੀਆਂ ਪਈਆਂ ਹਨ ਜਿਨ੍ਹਾਂ ਨਾਲ ਇਤਿਹਾਸ ਦਾ ਸੱਚ ਸਾਹਮਣੇ ਨਹੀਂ ਆਉਣ ਦਿੱਤਾ ਜਾਂਦਾ। ਗਦਰ
ਲਹਿਰ ਦੇ ਇਤਿਹਾਸ ਵਿਚੋਂ ਹਾਸ਼ੀਆਗਤ ਧਿਰਾਂ ਦਾ ਸੰਵਾਦ ਗੈਰਹਾਜ਼ਰ ਕਰ ਦਿੱਤਾ ਗਿਆ ਹੈ। ਨਾਵਲ ਵਿਚ
ਮੰਗੂ ਰਾਮ ਨੇ ਗਦਰ ਲਹਿਰ ਦੇ ਹਵਾਲੇ ਨਾਲ ਇਤਿਹਾਸਕ ਤੇ ਮਿਥਿਹਾਸਕ ਹਵਾਲਿਆਂ ਦੇ ਧੰਧੂਕਾਰੇ ਬਾਰੇ
ਇਸ ਤਰ੍ਹਾਂ ਗੱਲ ਕੀਤੀ ਹੈ:
ਜੇ ਮੈਂ ਇਹਤੋਂ ਬੀ
ਪੈਹਲਾਂ ਦੀ ਗੱਲ ਕਰਾਂ, 1857 ਦੇ ਗ਼ਦਰ ਦੀ,
ਜੋ ਗ਼ਦਰ ਪਾਰਟੀ ਦੀ ਬੁਨਿਆਦ ਬਣਿਆ। ਉਸ ਵਿਚ ਸਾਡੇ ਕਈ ਲੋਕ ਸ਼ਹੀਦ ਹੋਏ
ਜਿਨ੍ਹਾਂ ਵਿਚ ਗੰਗੂ ਮੇਹਤਰ, ਬੱਲੂ ਮੇਹਤਰ,
ਬਾਂਕੇ ਚਮਾਰ, ਚੇਤ ਰਾਮ ਜਾਟਵ,
ਗੁਰੂ ਬਖਸ਼ ਪਾਸੀ, ਬੀਰਾ ਪਾਸੀ ਤੇ ਹੋਰ
ਬਹੁਤ ਸਾਰਿਆਂ ਨੂੰ ਫਾਂਸੀ ਹੋਈ। ਸਾਡੇ ਇਨ੍ਹਾਂ ਜੋਧਿਆਂ ਦੀ ਸ਼ਹਾਦਤ ਦੇ ਗੀਤ ਕਿਸ ਨੇ ਗਾਏ ?
ਸਾਡੀਆਂ ਅਛੂਤ ਵੀਰਾਂਗਣਾਂ ਮਹਾਂਵੀਰੀ ਦੇਵੀ, ਭੰਗੀ ਤੇ ਉਸ ਨਾਲ ਬਾਈ ਭੰਗੀ ਔਰਤਾਂ ਅੰਗਰੇਜ਼ਾਂ ਖ਼ਿਲਾਫ਼ ਦਲ ਬਣਾ ਕੇ
ਲੜਦੀਆਂ ਸ਼ਹੀਦ ਹੋਈਆਂ। ਇਨ੍ਹਾਂ ਦੀ ਸ਼ਹਾਦਤ ਦੇ ਸੋਹਲੇ ਕਦੋਂ ਗਾਏ ਜਾਣਗੇ।7
ਮੰਗੂ ਰਾਮ ਦੇ ਇਹ
ਸ਼ਬਦ ਇਤਿਹਾਸ ਵਿਚ ਪਏ ਪੱਖਪਾਤੀ ਰਵੱਈਏ ਨੂੰ ਉਭਾਰਦੇ ਹਨ। ਇਤਿਹਾਸ ਵਿਚ ਹਾਸ਼ੀਆਗਤ ਧਿਰਾਂ ਦੀ
ਕੁਰਬਾਨੀ ਬਾਰੇ ਮੂਕਤਾ ਹਾਸ਼ੀਆਗਤ ਧਿਰਾਂ ਨੂੰ ਹੋਰ ਵੀ ਨਿਰਾਸ਼ਾ ਵੱਲ ਧੱਕ ਦਿੰਦੀ ਹੈ। ਜਿਸ ਇਤਿਹਾਸ
ਵਿਚੋਂ ਉਹਨਾਂ ਨੇ ਆਪਣੇ ਗੌਰਵਸ਼ਾਲੀ ਨਾਇਕਤਵ ਦੀ ਤਲਾਸ਼ ਕਰਨੀ ਸੀ ਉਸ ਵਿਚੋਂ ਵੀ ਉਹਨਾਂ ਨੂੰ
ਬੇਰੁਖੀ ਅਤੇ ਬੇਗਾਨਗੀ ਮਿਲਦੀ ਹੈ। ਬਲਬੀਰ ਮਾਧੋਪੁਰੀ ਨੇ ਮੰਗੂ ਰਾਮ ਦੇ ਹਵਾਲੇ ਨਾਲ ਇਤਿਹਾਸ
ਵਿਚੋਂ ਜਾਣ ਬੁੱਝ ਕੇ ਖਾਰਿਜ ਕੀਤੀ ਪਛਾਣ ਪਿੱਛੇ ਕੰਮ ਕਰਦੀਆਂ ਸਾਮਰਾਜੀ ਸ਼ਕਤੀਆਂ ਦੀ ਪੱਖਪਾਤੀ
ਨੀਤੀ ਨੂੰ ਨੰਗਾ ਕੀਤਾ ਹੈ। ਮਾਧੋਪੁਰੀ ਨੇ ਗੁਰੂ ਸਾਹਿਬਾਨਾਂ ਅਤੇ ਹੋਰ ਇਤਿਹਾਸਕ ਨਾਇਕਾਂ ਦੇ
ਹਵਾਲੇ ਨਾਲ ਉਹਨਾਂ ਦੇ ਪੈਰੋਕਾਰਾਂ ਵੱਲੋਂ ਉਹਨਾਂ ਦੇ ਵਿਚਾਰਾਂ ਤੋਂ ਬੇਮੁੱਖ ਹੋਣ ਦੀ ਗੱਲ ਕੀਤੀ
ਹੈ। ਨਾਵਲ ਵਿਚ ਸੰਗਤੀਆ ਆਪਣੇ ਪੋਤੇ ਗੋਰੇ ਨੂੰ ਇਤਿਹਾਸਕ ਚੇਤਨਾ ਦਿੰਦਾ ਹੋਇਆ ਗੁਰੂ ਗੋਬਿੰਦ
ਸਿੰਘ ਜੀ ਦੁਆਰਾ ਰਚਿਤ ਸ਼ਬਦ “ਇਨ ਹੀ ਕੀ ਕ੍ਰਿਪਾ ਸੇ ਸਜੇ ਹਮ ਹੈਂ, ਨਹੀਂ ਮੋਸੇ ਗਰੀਬ ਕਰੋਰ ਪਰੈ।” ਦੇ ਹਵਾਲੇ ਨਾਲ ਉਹਨਾਂ ਦੀ ਮਹਾਨਤਾ ਸਿੱਧ ਕਰਦਾ ਹੋਇਆ ਸਪੱਸ਼ਟ
ਕਰਦਾ ਹੈ ਕਿ ਗੁਰੂ ਜੀ ਦੇ ਵਾਰਸ ਇਸ ਮਹਾਨਤਾ ਨੂੰ ਕਾਇਮ ਨਹੀਂ ਰੱਖ ਸਕੇ:
ਆਹ ਜੇਹੜੇ ਖਾਲਸੇ
ਦੇ ਝੰਡਾ ਬਰਦਾਰ ਬਣਿਓ ਆ, ਦੇਖਣ ਨੂੰ ਸਾਫ਼-ਸੁਥਰੇ,
ਵਧੀਆ ਬਾਣੇ ਵਾਲੇ ਆ ਤੇ ਇਨ੍ਹਾਂ ’ਚੋਂ ਬਹੁਤੇ ਢਿੱਡੋਂ ਬਾਜਾਂ ਆਲੇ
ਗੁਰੂ ਦੀ ਸਿੱਖ-ਮੱਤ ਨੲ੍ਹੀਂ ਮੰਨਦੇ। ਜੇ ਮੰਨਦੇ ਹੁੰਦੇ ਤਾਂ ਹਿੰਦੁਸਤਾਨ ਦਾ ਨਕਸ਼ਾ ਈ ਹੋਰ ਹੁੰਦਾ,
ਸਾਨੂੰ ਮਨੁੱਖੀ ਜਾਮੇ ’ਚ ਇਉਂ ਦੁਰਕਾਰਿਆ ਨਾ ਜਾਂਦਾ…ਸੱਚੀ ਗੱਲ ਤਾਂ
ਇਹ ਆ ਕਿ ਸਾਨੂੰ ਅਜੇ ਬੀ ਟਿੱਚ ਕਰਕੇ ਨੲ੍ਹੀਂ ਜਾਣਦੇ।8
ਅੰਗਰੇਜ਼ਾਂ ਨੇ
ਦਲਿਤਾਂ ਦੀ ਹਾਲਤ ਵਿਚ ਥੋੜਾ ਬਹੁਤਾ ਸੁਧਾਰ ਕਰਦੇ ਹੋਏ ਉਹਨਾਂ ਦਾ ਬਣਦਾ ਮਾਣ-ਸਤਿਕਾਰ ਦੇਣ ਦੀ
ਕੋਸ਼ਿਸ਼ ਜਰੂਰ ਕੀਤੀ ਪਰ ਇਹ ਕੋਸ਼ਿਸ਼ ਵੀ ਆਪਣੇ ਨਿੱਜੀ ਹਿੱਤਾਂ ਨਾਲ ਜੁੜੀ ਹੋਈ ਸੀ। ਦੂਜੀ ਸੰਸਾਰ
ਜੰਗ ਵਿਚ ਦਲਿਤਾਂ ਨੂੰ ਫੌਜ ਵਿਚ ਭਰਤੀ ਕੀਤਾ। ਵੱਖਰੀ ਚਮਾਰ ਰਜਮੈਂਟ ਬਣਾ ਕੇ ਉਹਨਾਂ ਨੂੰ ਬਣਦਾ
ਸਨਮਾਨ ਦਿੱਤਾ। ਨਾਵਲ ਵਿਚ ਵੀ ਇਸਦਾ ਜਿਕਰ ਆਉਂਦਾ ਹੈ। ਜਿਥੇ ਅੰਗਰੇਜ਼ ਆਪਣੇ ਨਿੱਜੀ ਸਵਾਰਥ ਤਹਿਤ
ਦਲਿਤਾਂ ਨੂੰ ਫੌਜ ਵਿਚ ਭਰਤੀ ਕਰਦੇ ਹਨ ਉਥੇ ਮੰਗੂ ਰਾਮ ਦਾ ਵਿਚਾਰਧਾਰਕ ਸਟੈਂਡ ਵੀ ਆਪਣੇ ਨਿੱਜੀ
ਸਵਾਰਥਾਂ ਨਾਲ ਜੁੜਿਆ ਹੋਇਆ ਹੈ। ਉਹ ਅੰਗਰੇਜ਼ਾਂ ਦੁਆਰਾ ਦਿੱਤੀ ਹਮਾਇਤ ਨੂੰ ਆਪਣੇ ਫਾਇਦੇ ਲਈ
ਵਰਤਦੇ ਹਨ। ਨਾਵਲ ਵਿਚ ਮੰਗੂ ਰਾਮ ਦੇ ਸ਼ਬਦਾਂ ਵਿਚੋਂ ਇਸਦਾ ਪ੍ਰਗਟਾਵਾ ਇਸ ਤਰ੍ਹਾਂ ਹੁੰਦਾ ਹੈ:
ਆਪਾਂ ਸਾਰੀਆਂ
ਚਾਲਾਂ ਸਮਝਦਿਆਂ ਅੱਗੇ ਤਰੱਕੀ ਕਰਨੀ ਆ। ਅੱਜ ਅੰਗਰੇਜ਼ ਸਾਡੇ ਹਮੈਤੀ ਆ, ਫਾਇਦਾ ਉਠਾਓ। ਸਰਕਾਰੇ-ਦਰਬਾਰੇ ਆਦਰ-ਮਾਣ ਹਾਸਲ ਕਰੋ, ਇਸਤੋਂ ਅੱਗੇ ਦਾ ਫੇ ਸੋਚਾਂਗੇ…।9
ਮੰਗੂ ਰਾਮ ਅਮਰੀਕਾ
ਵਿਚ ਰਹਿੰਦਿਆਂ ਆਪਣੇ ਆਪ ਨੂੰ ਸੁਤੰਤਰ ਵਿਅਕਤੀ ਵਜੋਂ ਦੇਖਦਾ ਹੈ ਪਰ ਅਮਰੀਕੀਆਂ ਵੱਲੋਂ ‘ਹਿੰਦੂ
ਸਲੇਵ’ ਅਤੇ ‘ਡਰਟੀ ਹਿੰਦੂ’ ਵਰਗੇ ਸ਼ਬਦ ਸੁਣਕੇ ਅਤੇ ਭਾਰਤ ਵਿਚ ਅਛੂਤਾਂ ਨਾਲ ਹੁੰਦੀ ਨਿਰਾਦਰੀ ਦੇਖ
ਕੇ ਅੰਗਰੇਜ਼ਾਂ ਦਾ ਸਾਥ ਦੇਣ ਦਾ ਫੈਸਲਾ ਕਰਦਾ ਹੈ। ਹਕੀਕਤ ਵਿਚ ਅੰਗਰੇਜ਼ੀ ਸਾਮਰਾਜ ਭਾਰਤ ਦੇ ਕੁਲੀਨ
ਵਰਗ ਦਾ ਹਮਾਇਤੀ ਸੀ। ਅੰਗਰੇਜ਼ਾਂ ਨੇ ਸੱਤਾ ਹਾਸਲ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਰਿਆਇਤਾਂ ਦੇ
ਕੇ ਕੁਲੀਨ ਵਰਗ ਨੂੰ ਆਪਣੇ ਹੱਕ ਵਿਚ ਕਰ ਲਿਆ ਹੋਇਆ ਸੀ। ਦੂਜੇ ਪਾਸੇ ਕੁਲੀਨ ਵਰਗ ਜਾਤ-ਪਾਤ ਤੇ
ਵਰਗ ਵੰਡ ਦੀ ਲਕੀਰ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣਾ ਚਾਹੁੰਦਾ ਸੀ। ਇਸ ਲਈ ਉਹ ਅੰਗਰੇਜ਼ ਸਰਕਾਰ
ਨਾਲ ਮਿਲ ਕੇ ਚੱਲਦੇ ਹਨ। ਨਾਵਲ ਵਿਚ ਮੁੱਖ ਪਾਤਰ ਸੰਗਤੀਆ ਅੰਗਰੇਜ਼ਾਂ ਤੇ ਕੁਲੀਨ ਵਰਗ ਦੀ ਇਸ ਮਿਲੀਭੁਗਤ
ਬਾਰੇ ਆਖਦਾ ਹੈ:
ਇਨ੍ਹਾਂ ਨੇ
ਅੰਗਰੇਜ਼ਾਂ ਨਾਲ ਅੰਦਰਖਾਤੇ ਗੰਢ-ਤੁੱਪ ਕੀਤੀ ਊ ਆ ਪਈ ਸਾਡੇ ਬਰਣ-ਧਰਮ ’ਚ ਦਖਲ ਅੰਦਾਜ਼ੀ ਨਾ ਕਰੋ,
ਰਾਜ ਭਾਮੇਂ ਜਿੱਦਾਂ ਮਰਜ਼ੀ ਕਰੀ ਜਾਓ।10
ਨਾਵਲ ਵਿਚ ਦੂਜੀ
ਸੰਸਾਰ ਜੰਗ ਦੌਰਾਨ ਮੁਲਕਾਂ ਦੀ ਆਪਸੀ ਸਿਆਸੀ ਖਿੱਚੋਤਾਣ ਵਿਚ ਇਕ ਪਾਸੇ ਜਿੱਥੇ ਆਮ ਲੋਕਾਂ ਦਾ
ਨੁਕਸਾਨ ਹੋ ਰਿਹਾ ਸੀ ਉਥੇ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਵੱਲੋਂ ਇਸੇ ਜੰਗ ਵਿਚੋਂ ਮੁਨਾਫ਼ਾ
ਕਮਾਉਣ ਦੀ ਬਿਰਤੀ ਸਾਹਮਣੇ ਆਉਂਦੀ ਹੈ। ਜੰਗ ਦੌਰਾਨ ਪਦਾਰਥਕ ਵਸਤਾਂ ਦੇ ਨਾਲ-ਨਾਲ ਗੋਲਾ-ਬਾਰੂਦ
ਅਤੇ ਹਥਿਆਰਾਂ ਦੀ ਮੰਗ ਵਧ ਜਾਂਦੀ ਹੈ ਤੇ ਕਾਰੋਬਾਰੀ ਲੋਕ ਇਸਦੀ ਪੂਰਤੀ ਵਿਚੋਂ ਵੀ ਮੁਨਾਫ਼ਾ
ਕਮਾਉਂਦੇ ਹਨ। ਨਾਵਲ ਵਿਚ ਇਸ ਪੱਖ ਤੋਂ ਲੋਕ ਪੱਖੀ ਦ੍ਰਿਸ਼ਟੀ ਤੋਂ ਵਿਚਾਰ ਚਰਚਾ ਕੀਤੀ ਗਈ ਹੈ। ਆਮ
ਲੋਕਾਂ ਦੇ ਮਨਾਂ ਵਿਚ ਜਿੱਥੇ ਜੰਗ ਬਾਰੇ ਤੌਖਲਾ ਝਲਕਦਾ ਹੈ ਉਥੇ ਉਹਨਾਂ ਦੀ ਸਿਆਸੀ ਚੇਤਨਾ ਵੀ
ਪ੍ਰਚੰਡ ਹੁੰਦੀ ਹੈ। ਰੇਲ ਗੱਡੀ ਵਿਚ ਬੈਠੇ ਬਜ਼ੁਰਗ ਦੀ ਸੰਗਤੀਏ ਨਾਲ ਵਾਰਤਾਲਾਪ ਵਿਚੋਂ ਆਮ ਲੋਕਾਂ
ਦੀ ਚੇਤਨਾ ਸਪੱਸ਼ਟ ਹੁੰਦੀ ਹੈ:
ਸਰਮਾਏਦਾਰ ਮੁਲਕਾਂ
ਤੇ ਨਸਲਪ੍ਰਸਤਾਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ। ਜਹਾਜ਼ ਤੇ ਹਵਾਈ ਜਹਾਜ਼ ਬਣਾਈ ਜਾਂਦੇ ਆ,
ਬੰਬ ਵਰ੍ਹਾਈ ਜਾਂਦੇ ਆ। ਬੰਦਾ ਨਹੱਕ ਮਰ ਰਿਹਾ। ਨਾ ਉਹਦਾ ਕਸੂਰ ਤੇ ਫੇ
ਬੀ ਜ਼ੁਲਮ ਦਾ ਸ਼ਿਕਾਰ।11
ਅਜਿਹੀ ਲੋਕ ਪੱਖੀ ਚੇਤਨਾ ਦੇ ਨਜ਼ਰੀਏ ਤੋਂ ਨਾਵਲ ਦਾ ਉਦੇਸ਼ ਬਹੁਤ
ਮਹੱਤਵਪੂਰਨ ਬਣ ਜਾਂਦਾ ਹੈ। ਹਾਸ਼ੀਆਗਤ ਧਿਰਾਂ ਦੀ ਚੇਤਨਾ ਅਤੇ ਉਹਨਾਂ ਦੇ ਬਣਦੇ ਹੁੰਘਾਰੇ ਨਾਲ
ਨਾਵਲ ਆਪਣੇ ਉਦੇਸ਼ ਵਿਚ ਕਾਮਯਾਬ ਹੋਇਆ ਨਜ਼ਰ ਆਉਂਦਾ ਹੈ।
ਨਾਵਲ ਦਾ ਕਲਾਤਮਕ
ਪੱਖ ਬਹੁਤ ਸ਼ਾਨਦਾਰ ਹੈ। ਇਸ ਵਿਚ ਪੇਸ਼ ਪ੍ਰਕਿਰਤਿਕ ਵੇਰਵੇ ਅਤੇ ਵਾਤਾਵਰਨ ਬੜਾ ਦਿਲਚਸਪ ਅਤੇ
ਖਿੱਚਪਾਊ ਹੈ। ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ, ਦਰੱਖਤਾਂ, ਜਾਨਵਰਾਂ, ਪੰਛੀਆਂ, ਰੁੱਤਾਂ, ਤਰ੍ਹਾਂ-ਤਰ੍ਹਾਂ
ਦੀਆਂ ਖਾਧ-ਖੁਰਾਕਾਂ, ਨਦੀਆਂ, ਪਹਾੜਾਂ, ਦਰਿਆਵਾਂ ਅਤੇ
ਰਸਤਿਆਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਰਹਿਤਲ ਦੇ ਵੇਰਵੇ
ਬਹੁਤ ਕਮਾਲ ਦੇ ਹਨ। ਵਿਹੜੇ ਦੇ ਆਵਾਰਾ ਕੁੱਤਿਆਂ ਵੱਲੋਂ ਚੌਧਰੀ ਰਾਜਪੂਤਾਂ ਦੇ ਕੁੱਤੇ ਨੂੰ
ਭਜਾਉਣਾ, ਗੋਰੇ ਨੂੰ ਸੁਪਨੇ ਵਿਚ ਬਘਿਆੜ ਦੇ ਬੱਕਰੀ ਨੂੰ ਲੈ ਜਾਣ
ਅਤੇ ਉਸਦੇ ਛਲਾਰੂਆਂ ਦਾ ਮਿਆਂਕਦੇ ਸੁਣਨਾ ਅਜਿਹੇ ਕੋਡ ਹਨ ਜਿਹੜੇ ਵਿਸ਼ੇਸ਼ ਅਰਥਾਂ ਨੂੰ ਡੀਕੋਡ ਕਰਦੇ
ਹਨ। ਦ੍ਰਿਸ਼ ਚਿਤਰਨ ਬੜੇ ਹੀ ਸਜੀਵ ਹਨ। ਜਦੋਂ ਗੋਰੇ ਦੀ ਮਾਂ ’ਤੇ ਚਾਦਰ ਪਾਉਣ ਦੀ ਵਿਚਾਰ ਚਰਚਾ
ਚੱਲਦੀ ਹੈ ਤਾਂ ਇਕ ਥਾਂ ਇਸ ਦ੍ਰਿਸ਼ ਰਾਹੀਂ ਗੋਰੇ ਦੀ ਮਾਂ ਦੀ ਮਾਨਸਿਕਤਾ ਨੂੰ ਬੜੀ ਕਲਾਤਮਿਕਤਾ
ਨਾਲ ਪੇਸ਼ ਕੀਤਾ:
ਏਸੇ ਦੌਰਾਨ ਮਾਂ
ਖ਼ਾਲੀ ਗਲਾਸਾਂ ਨੂੰ ਆਪਣੇ ਭਰੇ ਮਨ ਨਾਲ ਚੁੱਕ ਕੇ ਛੰਨ ਅੰਦਰ ਚਲੇ ਗਈ। ਚਾਚਾ ਪਸ਼ੂਆਂ ਦੀਆਂ
ਖੁਰਲੀਆਂ ’ਚ ਹੱਥ ਮਾਰਨ ਮਗਰੋਂ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਪਾਣੀ ਡਾਹੁਣ ਦੇ ਆਹਰ ਵਿਚ ਲੱਗ
ਗਿਆ।12
ਮਾਂ ਦਾ ਖ਼ਾਲੀ
ਗਲਾਸਾਂ ਨੂੰ ਭਰੇ ਮਨ ਨਾਲ ਚੁੱਕਣਾ ਉਸਦੀ ਮਾਨਸਿਕਤਾ ਦੀ ਤਰਜ਼ਮਾਨੀ ਕਰਦਾ ਹੈ। ਇੱਥੇ ਉਸਦੀ
ਮਾਨਸਿਕਤਾ ਦੇ ਅਣਛੋਹੇ ਪਹਿਲੂ ਬਾਰੇ ਗੱਲ ਕਰਨੀ ਲਾਜ਼ਮੀ ਹੈ। ਉਸਦਾ ਪਤੀ ਕਿਧਰੇ ਲਾਪਤਾ ਹੋ ਜਾਂਦਾ
ਹੈ ਜਿਸ ਤੋਂ ਬਾਅਦ ਉਸ ’ਤੇ ਚਾਦਰ ਪਾਉਣ ਦੀ ਗੱਲ ਚੱਲਦੀ ਹੈ। ਉਹ ਇਸ ਗੱਲ ਲਈ ਅੰਦਰੋਂ ਰਾਜ਼ੀ
ਨਹੀਂ। ਇਸ ਬਾਰੇ ਉਹ ਬੇਸ਼ੱਕ ਖੁੱਲ੍ਹ ਕੇ ਕੁਝ ਵੀ ਨਹੀਂ ਬੋਲਦੀ ਪਰ ਚੁੱਪ ਰਹਿ ਕੇ ਤੇ ਇਕ ਵਾਰ
ਗੋਰੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਕੇ ਉਹ ਆਪਣੇ ਭਾਵ ਵਿਅਕਤ ਕਰਦੀ ਹੈ:
ਪੁੱਤ ਗੋਰਿਆ,
ਮੇਰੇ ਮਨ ’ਚ ਤੇਰੇ ਭਾਈਏ ਬਾਰੇ ਸੋਚਾਂ ਦੀ ਕਾਂਗ ਔਹ ਪਹਾੜ ਜਿੱਡੀ ਉਚੀ
ਚੜ੍ਹਦੀ ਰਹਿੰਦੀ ਆ। ਚੜ੍ਹਦੇ ਬੰਨੇ ਦੀ ਖੱਡ ਦੇ ਬਰਸਾਤੀ ਪਾਣੀ ਦੀਆਂ ਲੱਫਾਂ ਵਾਂਗ ਮੇਰੇ ਦਿਲ ’ਚ
ਘਰ ਕਰ ਕੇ ਬੈਠੇ ਪਿਆਰ-ਮੁਹੱਬਤ ਦੇ ਖ਼ਜ਼ਾਨੇ ਨੂੰ ਰੋੜ੍ਹ ਲਿਜਾਣ ਦੀ ਤਾਕ ’ਚ ਲਗਦੀਆਂ। ਤੇਰਾ ਭਾਈਆ
ਮੇਰੇ ਸਾਹਾਂ ਥਾਣੀਂ ਮੇਰੇ ਦਿਲ ’ਚ ਧੜਕਦਾ ਜਿਸਦੀ ਠੱਕ-ਠੱਕ ਮੈਨੂੰ ਮੇਰੇ ਕੰਨਾਂ ’ਚ ਸੁਣਦੀ ਆ।
ਉਹਦੀਆਂ ਯਾਦਾਂ ਦੀ ਮਧਾਣੀ ਮੇਰੇ ਦਿਲ ’ਤੇ ਹਰ ਵੇਲੇ ਘੁੰਮਦੀ ਆ।13
ਉਕਤ ਵੇਦਨਾ ਜਰੂਰ
ਗੋਰੇ ਦੀ ਮਾਂ ਦੀ ਹੈ ਪਰ ਇਹ ਲੱਛੇਦਾਰ ਸ਼ਬਦ ਅਤੇ ਲੰਮੇ ਵਾਕ ਉਸਦੇ ਮੂੰਹੋਂ ਨਹੀਂ ਨਿਕਲੇ ਜਾਪਦੇ।
ਇਹਨਾਂ ਦਾ ਪੱਧਰ ਉਸ ਸਧਾਰਨ ਔਰਤ ਦੇ ਭਾਵਾਂ ਦੇ ਹਾਣ ਦਾ ਨਹੀਂ ਹੈ। ਪਰ ਇਸਤੋਂ ਇਹ ਜਰੂਰ ਸਪੱਸ਼ਟ
ਹੁੰਦਾ ਹੈ ਕਿ ਉਹ ਗੋਰੇ ਦੇ ਚਾਚੇ ਨਾਲ ਰਹਿਣ ਦੀ ਥਾਂ ਆਪਣੇ ਪਤੀ ਦੀ ਯਾਦ ਵਿਚ ਹੀ ਜੀਵਨ ਜਿਉਣਾ
ਚਾਹੁੰਦੀ ਹੈ। ਜਦੋਂ ਨਾਵਲਕਾਰ ਨੇ ਆਪਣੇ ਬਿਰਤਾਂਤਕ ਕਲਾਈਮੈਕਸ ਵਿਚ ਗੋਰੇ ਦੇ ਬਾਪ ਨੂੰ ਵਾਪਸ ਲੈ
ਕੇ ਆਉਣਾ ਸੀ ਤਾਂ ਗੋਰੇ ਦੀ ਮਾਂ ਦੀ ਵੇਦਨਾ ਸਮਝਦੇ ਹੋਏ ਚਾਦਰ ਪਾਉਣ ਦੀ ਗੱਲ ਨਾਵਲ ਦੇ ਬਿਰਤਾਂਤ
ਵਿਚ ਵਾਰ-ਵਾਰ ਨਾ ਆਉਂਦੀ ਤਾਂ ਨਾਵਲ ਦਾ ਬਿਰਤਾਂਤ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਣਾ ਸੀ। ਇਕ ਛੋਟੀ
ਜਿਹੀ ਘਾਟ ਹੋਰ ਰੜਕਦੀ ਹੈ ਕਿ ਗੋਰੇ ਦਾ ਚਾਚਾ ਜੀਤੂ ਬਿਰਤਾਂਤ ਵਿਚ ਕਈ ਥਾਂ ਹਾਜ਼ਰ ਰਹਿੰਦਾ ਹੈ ਪਰ
ਵਾਰਤਾਲਾਪ ਵਿਚ ਉਸਨੂੰ ਗੈਰ ਹਾਜ਼ਰ ਰੱਖਿਆ ਹੋਇਆ ਹੈ। ਨਾਵਲ ਦੇ ਬਿਰਤਾਂਤ ਵਿਚ ਵਕਤੇ ਦੇ ਤੌਰ ’ਤੇ
ਉਸਦੀ ਸਪੇਸ ਜ਼ੀਰੋ ਨਜ਼ਰ ਆਉਂਦੀ ਹੈ। ਇਹਨਾਂ ਇੱਕਾ ਦੁੱਕਾ ਉਕਾਈਆਂ ਦੇ ਬਾਵਜੂਦ ਨਾਵਲ ਦਾ ਕਥਾਨਕ
ਢਿੱਲਾ ਨਹੀਂ ਪੈਂਦਾ। ਆਪਣੀਆਂ ਕਲਾਤਮਿਕ ਖੂਬੀਆਂ ਅਤੇ ਵਿਸ਼ੇਗਤ ਗਹਿਰਾਈ ਕਰਕੇ ਇਹ ਨਾਵਲ ਦਲਿਤ
ਜੀਵਨ ’ਤੇ ਆਦਿ ਧਰਮ ਲਹਿਰ ਦੇ ਪ੍ਰਭਾਵ ਨੂੰ ਅੰਕਿਤ ਕਰਦਾ ਹੈ। ਇਸ ਵਿਚ ਪੇਸ਼ ਦਲਿਤ ਚਿੰਤਨ ਅਤੇ
ਚੇਤਨਾ ਦਾ ਸਰੂਪ ਲੋਕ ਕਲਿਆਣਕਾਰੀ ਹੈ। ਦਲਿਤ ਨਾਇਕਤਵ ਦਾ ਮਾਡਲ ਕਿਸੇ ਇਕ ਵਿਚਾਰਧਾਰਾ ’ਤੇ ਨਹੀਂ
ਬਲਕਿ ਕਈ ਵਿਚਾਰਧਾਰਾਵਾਂ ਦੇ ਚਿੰਤਨੀ ਮਾਡਲ ਦਾ ਸੁਮੇਲ ਹੈ। ਇਹਨਾਂ ਗੁਣਾਂ ਕਰਕੇ ਇਹ ਨਾਵਲ
ਪੰਜਾਬੀ ਨਾਵਲ ਦੇ ਇਤਿਹਾਸ ਵਿਚ ਮੁੱਲਵਾਨ ਹੋਵੇਗਾ।
ਹਵਾਲੇ ਟਿੱਪਣੀਆਂ
1. ਗੁਰਨਾਮ ਸਿੰਘ, ਭਾਰਤੀ ਲੋਕ ਨੀਚ ਕਿਵੇਂ ਬਣੇ, ਪੰਨਾ-43
2. ਠਹੲ ਭਰੳਹਮੳਨੳ ਾੳੇ ੋਡ
ੲਣਪਲੳਨਿਨਿਗ ਚੳਸਟੲ ਸਿ ਬੳਸੲਦ ੋਨ ੳ ਸਨਿਗਲੲ ਹੇਮਨ
ਕਨੋਾਨ ੳਸ ਫੁਰੁਸਹੳ
ਸ਼ੁਕਟੳ ੳਨਦ ਟਹੲ ਨਿਟੲਰਪਰੲਟੳਟੋਿਨ ੋਡ ਟਿ ੳਸ ਸਿ ਗਵਿੲਨ ਨਿ ੰੳਨੁਸਮਰਟਿ.ਿ ਠਹੲ ਹਸਿਟੋਰੳਿਨ’ਸ ਾੳੇ ੋਡ ਟਿਸ
ੲਣਪਲੳਨੳਟੋਿਨ ਸਿ ਬੳਸੲਦ ੋਨ ਸੋਮੲ ਹੇਮਨ ਨਿ ਟਹੲ ੍ਰਗਿ ੜੲਦੳ ਨਿ ਾਹਚਿਹ ਟਹੲ ਅਰੇੳਨਸ ੳਰੲ
ਸਟੳਰਟੲਦ ਟੋ ਹੳਵੲ ਬੲੲਨ ਹੲਲਪੲਦ ਬੇ ਟਹੲਰਿ ਗੋਦਸ ਨਿ ੋਵੲਰਚੋਮਨਿਗ ਟਹੲ ਧੳਸੇੁ ੋਰ ਧੳਸੳ ਟਰਬਿੲਸ
ੳਨਦ ਟਹੲਰਿ ਲੲੳਦੲਰਸ.
ਘ.ਖ. ਫਲਿਲੳ,ਿ ੌਰਗਿੋਿਨ ੳਨਦ ਧੲਵੲਲੋਪਮੲਨਟ ੋਡ ਛੳਸਟੲ, ਖਟਿੳਬ ੰੳਹੳਲ, ਅਲਲੳਹਬੳਦ, 1959, ਫ.1
3. ਡਾ. ਸਰਬਜੀਤ ਸਿੰਘ, ਦਲਿਤ ਦ੍ਰਿਸ਼ਟੀ, ਪੰਨਾ-12
4. ਡਾ. ਰੌਣਕੀ ਰਾਮ, ਦਲਿਤ ਚੇਤਨਾ ਸਰੋਤ ਤੇ ਸਰੂਪ, ਪੰਨਾ-41
5. ਉਹੀ, ਪੰਨੇ-57,58
6. ਬਲਬੀਰ ਮਾਧੋਪੁਰੀ, ਮਿੱਟੀ ਬੋਲ ਪਈ, ਪੰਨਾ-112
7. ਉਹੀ, ਪੰਨਾ-195
8. ਉਹੀ, ਪੰਨੇ- 52,53
9. ਉਹੀ, ਪੰਨਾ-196
10. ਉਹੀ, ਪੰਨਾ-33
11. ਉਹੀ, ਪੰਨਾ-233
12. ਉਹੀ, ਪੰਨਾ-244
13. ਉਹੀ, ਪੰਨਾ-162
ਡਾ. ਹਰਿੰਦਰ ਸਿੰਘ
ਗੁਰੂ ਨਾਨਕ ਸਰਕਾਰੀ
ਕਾਲਜ,
ਜੀ.ਟੀ.ਬੀ. ਗੜ੍ਹ
(ਮੋਗਾ)।
ਮੋਬਾ. 84274-98822
ਮਿੱਟੀ ਬੋਲ ਪਈ:ਵਾਸਤਵਿਕਤਾ ਤੋਂ ਕਲਾਤਮਿਕਤਾ ਦਾ ਸਫ਼ਰ
‘ਮਿੱਟੀ ਬੋਲ ਪਈ’ ਬਲਬੀਰ ਮਾਧੋਪੁਰੀ ਦਾ ਪਲੇਠਾ ਨਾਵਲ ਹੈ ਉਂਝ ਉਹ ਪੰਜਾਬੀ ਸਾਹਿਤ ਦਾ ਨਾਮਵਰ ਹਸਤਾਖਰ ਹੈ।ਉਸਦਾ ਸਾਹਿਤਕ ਕਾਰਜ ਕਵਿਤਾਕਾਰੀ ਤੋਂ ਤੁਰਦਾ ਹੋਇਆ ਵਾਰਤਕ ਰਚਨਾ,ਸਵੈਜੀਵਨੀ ਲੇਖਨ ਤੋਂ ਲੈ ਕੇ ਸੰਸਾਰ ਸਾਹਿਤ ਨੂੰ ਪੜ੍ਹਨ,ਸਮਝਣ ਤੇ ਅਨੁਵਾਦ ਕਰਨ ਤੱਕ ਜਾ ਪਹੁੰਚਦਾ ਹੈ।ਮਿੱਟੀ ਬੋਲ ਪਈ ਨਾਵਲ ਉਸਦੇ ਇਸੇ ਅਨੁਭਵ ਤੇ ਘਾਲਣਾ ਦਾ ਪੁਖਤਾ ਪ੍ਰਮਾਣ ਬਣ ਕੇ ਸਾਹਮਣੇ ਆਉਂਦਾ ਹੈ।ਬਲਬੀਰ ਮਾਧੋਪੁਰੀ ਐਲਾਨੀਆ ਤੌਰ ਤੇ ਇਕ ਪ੍ਰਤੀਬੱਧ ਦਲਿਤ ਲੇਖਕ ਹੈ।ਉਸਦੇ ਹੱਡੀਂ ਹੰਢਾਏ ਦਲਿਤ ਜੀਵਨ ਤੇ ਉਸਦਾ ਸੰਤਾਪ,ਪੰਜਾਬ ਅੰਦਰ ਦਲਿਤ ਮੁਕਤੀ ਅੰਦੋਲਨਾਂ ਦਾ ਨੇੜਲਾ ਅਨੁਭਵ ਤੇ ਦਲਿਤ ਭਾਈਚਾਰੇ ਅੰਦਰ ਆਈ ਜਨ ਚੇਤਨਾ ਨੂੰ ਕਲਾਤਮਕ ਅੰਦਾਜ਼ ਵਿਚ ਪ੍ਰਸਤੁਤ ਕਰਨ ਵਿਚ ਉਸਦਾ ਕੋਈ ਸਾਨੀ ਨਹੀਂ ਹੈ।ਜਦੋਂ ਉਸ ਦੁਆਰਾ ਪਛੜ ਕੇ ਲਿਖੇ ਇਸ ਨਾਵਲ ਦੇ ਸਬੰਧ ਵਿਚ ਧਿਆਨ ਜਾਂਦਾ ਹੈ ਤਾਂ ਨਾਵਲ ਦੀ ਵਿਧਾ ਅੰਦਰ ਵਸਤੂ-ਯਥਾਰਥ ਦੀ ਪੇਸ਼ਕਾਰੀ ਨੂੰ ਲੈ ਕੇ ਮਿਲਣ ਵਾਲੀ ਸੁਤੰਤਰਤਾ ਪ੍ਰਮੁੱਖ ਕਾਰਨ ਲੱਗਦਾ ਹੈ।ਗਲਪ ਰੂਪਾਂ ਦੇ ਵਿਚ ਨਾਵਲ ਇਕ ਅਜਿਹੀ ਵਿਧਾ ਹੈ ਜਿਸ ਵਿਚ ਜੀਵਨ ਯਥਾਰਥ ਨੂੰ ਲੰਮੇ ਅੰਤਰਾਲ ਵਿਚ ਫ਼ੈਲਾ ਕੇ ਪੇਸ਼ ਕਰਨ ਦੀ ਆਪਣੀ ਤਰ੍ਹਾਂ ਦੀ ਖੁੱਲ੍ਹ ਮਿਲ ਜਾਂਦੀ ਹੈ।ਇਸ ਕਰਕੇ ਜਿਸ ਵਾਸਤਵਿਕ ਸੰਸਾਰ ਨੂੰ ਦੂਜੇ ਸਾਹਿਤ ਰੂਪਾਂ ਦੇ ਵਿਚ ਪ੍ਰਗਟ ਕਰਨ ਦੀ ਉਸ ਲੇਖਕ ਨੂੰ ਖੁੱਲ੍ਹ ਨਹੀਂ ਮਿਲਦੀ ਉਸਦੀ ਪੇਸ਼ਕਾਰੀ ਨਾਵਲੀ ਵਿਧਾ ਵਿਚ ਆਸਾਨ ਹੋ ਜਾਂਦੀ ਹੈ।‘ਨਾਵਲ ਅਤੇ ਵਾਸਤਵਿਕਤਾ’ਲੇਖ ਵਿਚ ਰੈਲਫ਼ ਫ਼ਾੱਕਸ ਜ਼ਿਕਰ ਕਰਦਾ ਹੈ ਕਿ ਨਾਵਲ ਨੂੰ ਹਮੇਸ਼ਾ ਇਕ ਫਾਇਦਾ ਇਹ ਹੈ,ਕਿ ਇਹ ਮਨੁੱਖ ਦੀ ਪੂਰਣ ਤਸਵੀਰ ਪੇਸ਼ ਕਰਨ ਦੇ ਯੋਗ ਹੈ,ਉਹ ਮਹੱਤਵਪੂਰਣ ਅੰਦਰੂਨੀ ਜ਼ਿੰਦਗੀ ਨੂੰ ਦਿਖਾ ਸਕਣ ਦੇ ਯੋਗ ਹੈ’।*1 ਇਹ ਗੱਲਬਾਤ ਇਸ ਕਰਕੇ ਵੀ ਕਰਨ ਦੀ ਜ਼ਰੂਰਤ ਮਹਿਸੂਸ ਹੋਈ ਕਿ ਕਿਸੇ ਦਲਿਤ ਲੇਖਕ ਜਿਸਨੇ ਆਪਣੀ ਸਵੈ ਜੀਵਨੀ (ਛਾਂਗਿਆ ਰੁੱਖ) ਵਿਚ ਦਲਿਤ ਅਨੁਭਵ ਦੇ ਸੱਚ ਨੂੰ ਏਨੇ ਨੰਗੇ ਚਿੱਟੇ ਰੂਪ ਵਿਚ ਉਤਾਰ ਕੇ ਰੱਖ ਦਿੱਤਾ ਹੋਵੇ ੳੇਸਦੇ ਲਈ ਹੋਰ ਕਿਹੜੇ ਜੀਵਨ ਦੇ ਪ੍ਰਮਾਣਿਕ ਤੇ ਕਾਲਪਨਿਕ ਵੇਰਵੇ ਹਨ ਜਿਨ੍ਹਾਂ ਲਈ ਇਕ ਨਾਵਲੀ ਵਿਧਾ ਦੀ ਲੋੜ ਮਹਿਸੂਸ ਹੰੁਦੀ ਹੈ।ਦਰਅਸਲ ਕੋਈ ਵੀ ਵਿਧਾ ਲੇਖਕ ਦੇ ਅਨੁਭਵ ਦੀ ਹੱਦ ਨੂੰ ਨਿਸ਼ਚਿਤ ਤਾਂ ਨਹੀਂ ਕਰ ਸਕਦੀ ਪਰ ਫਿਰ ਵੀ ਨਾਵਲੀ ਵਿਧਾ ਦੀ ਆਪਣੀ ਇਕ ਵਿਸ਼ਾਲਤਾ ਹੁੰਦੀ ਹੈ,ਦੇਖਣ ਵਾਲੀ ਗੱਲ ਇਹ ਹੈ ਕਿ ਲੇਖਕ ਦੇ ਅਨੁਭਵ ਜਗਤ ਦੀ ਇਹ ਵਿਸ਼ਾਲਤਾ ਤੇ ਨਵੇਂਪਣ ਦੀ ਪੇਸ਼ਕਾਰੀ ਕਿਵੇਂ ਹੋਈ ਹੈ ਤੇ ਉਹ ਪਾਠਕ ਨੂੰ ਟੁੰਬਣ ਦੇ ਵਿਚ ਕਿੰਨਾ ਕੁ ਕਾਮਯਾਬ ਹੁੰਦਾ ਹੈ।
‘ਮਿੱਟੀ ਬੋਲ ਪਈ’ਸਵੈਜੀਵਨੀ ਤਰਜ਼ ਦੀ ਬਿਰਤਾਂਤਕ ਰਚਨਾ ਹੈ।ਜਿਸ ਅੰਦਰ ਇਕ ਦਲਿਤ ਪਰਿਵਾਰ ਵਿਚ ਪਲਦੇ,ਪੜ੍ਹਦੇ ਤੇ ਵੱਡੇ ਹੁੰਦੇ ਕੇਂਦਰੀ ਪਾਤਰ ਦੇ ਜੀਵਨ ਅਨੁਭਵ ਦੀ ਪੇਸ਼ਕਾਰੀ ਨੂੰ ਪ੍ਰਮੁੱਖ ਜੁਗਤ ਦੇ ਰੂਪ ਵਿਚ ਵਰਤਿਆ ਗਿਆ ਹੈ।ਇਸ ਨਾਵਲ ਦਾ ਵਾਤਾਵਰਣ ਦੁਆਬੇ ਦੀ ਧਰਤੀ ਹੈ ਜਿਥੇ ਆਦਿ ਧਰਮ ਲਹਿਰ ਨੇ ਦਲਿਤ ਜਨ ਮਾਨਸ ਦੇ ਮਨਾਂ ਅੰਦਰ ਸਦੀਆਂ ਤੋਂ ਪੈਦਾ ਹੋਏ ਦਲਿਤ ਉਤਪੀੜਨ ਦੇ ਖਿਲਾਫ ਸਮਾਜਕ ਬਰਾਬਰੀ ਲਈ ਇਕੱਠੇ ਹੋਣ ਤੇ ਸੰਘਰਸ਼ ਕਰਨ ਦੀ ਚੇਤਨਾ ਪੈਦਾ ਕੀਤੀ।ਇਹ ਨਾਵਲ ਉਸ ਲਹਿਰ ਦੇ ਇਤਿਹਾਸਕ ਵਾਕਿਆ ਨੂੰ ਪ੍ਰਮਾਣਿਕ ਸ਼ੈਲੀ ਵਿਚ ਪ੍ਰਸ਼ਤੁਤ ਕਰਨ ਦਾ ਯਤਨ ਕਰਦਾ ਹੈ।ਇਸ ਦੇ ਲਈ ਲੇਖਕ ਇਕ ਅਜਿਹੇ ਪਲਾਟ ਦੀ ਘਾੜਤ ਘੜ੍ਹਦਾ ਹੈ ਜਿਸ ਵਿਚ ਮੰਗੂ ਰਾਮ ਮੁੱਗੋਵਾਲ ਦੇ ਜਲਸੇ,ਉਸਦੀਆਂ ਤਕਰੀਰਾਂ ਤੇ ਉਸਦੇ ਕਾਡਰ ਵੱਲੋਂ ਕੀਤੀ ਘਾਲਣਾ ਦਾ ਕੇਂਦਰੀ ਪਾਤਰ ਇਕ ਚਸ਼ਮਦੀਦ ਗਵਾਹ ਬਣ ਕੇ ਵਿਚਰਦਾ ਹੈ।ਇਸ ਨਾਵਲੀ ਪਲਾਟ ਵਿਚ ਦੋ-ਤਿੰਨ ਹੋਰ ਮਹੱਤਵਪੂਰਨ ਬਿਰਤਾਂਤ ਤੁਰਦੇ ਹਨ।ਪਹਿਲਾ-ਕੇਂਦਰੀ ਪਾਤਰ ਦੇ ਪਰਿਵਾਰਕ ਜੀਵਨ ਦੀ ਤੋਰ ਜਿਸ ਵਿਚ ਦੇਸ਼-ਵੰਡ ਤੋਂ ਪਹਿਲਾਂ ਦੇ ਦਲਿਤ ਘਰਾਂ ਦੇ ਜੀਵਨ ਹਾਲਾਤ ਜਿਸ ਵਿਚ ਪਿਤਾ-ਪੁਰਖੀ ਕੰਮ ਧੰਦਿਆਂ-ਚਮੜੇ ਦਾ ਕਾਰੋਬਾਰ,ਜੁਤੀਆਂ ਬਣਾਉਣਾ,ਖੱਡੀ ਬੁਣਨਾ ਤੇ ਜੱਟਾਂ ਜ਼ਿੰਮੀਦਾਰਾਂ ਦੀ ਵਗਾਰ ਕਰਨੀ ਸਾਮਿਲ ਸੀ।ਕੇਂਦਰੀ ਪਾਤਰ ਦਾ ਦਾਦਾ ਚਮੜੇ ਦੀਆਂ ਜੁੱਤੀਆਂ ਬਣਾ ਕੇ ਜੈਜੋਂ ਦੇ ਬਜ਼ਾਰ ਵਿਚ ਖੋਖੇ ਨੁਮਾ ਹੱਟੀ ਬਣਾ ਕੇ ਕਾਰੋਬਾਰ ਕਰਦਾ ਹੈ।ਨਾਲ ਦੀ ਨਾਲ ਉਹ ਆਦਿ ਧਰਮ ਲਹਿਰ ਵਿਚ ਇਕ ਸਰਗਰਮ ਕਾਰਕੁੰਨ ਹੈ।ਕੇਂਦਰੀ ਪਾਤਰ ਆਪਣੇ ਦਾਦੇ ਦੇ ਆਸ-ਪਾਸ ਵਿਚਰਨ ਵਾਲਾ ਤੇ ਉਸ ਨਾਲ ਕੰਮ-ਧੰਦੇ ਵਿਚ ਹੱਥ ਵਟਾਉਣ ਵਾਲਾ ਪ੍ਰਮੁੱਖ ਦ੍ਰਸ਼ਟਾ ਤੇ ਵਕਤਾ ਬਣ ਜਾਂਦਾ ਹੈ।ਜੋ ਨਾਵਲੀ ਬਿਰਤਾਂਤ ਦੀ ਇਕ ਕਾਮਯਾਬ ਜੁਗਤ ਬਣ ਜਾਂਦੀ ਹੈ।ਜੈਜੋਂ ਦੇ ਬਜ਼ਾਰ ਵਿਚੋਂ ਇਕ ਹੋਰ ਕੰਜਰ ਮੁਹੱਲੇ ਦਾ ਉੱਪ-ਬਿਰਤਾਂਤ ਸਾਹਮਣੇ ਆਉਂਦਾ ਹੈ।ਇਥੇ ਫਾਤਿਮਾ ਨਾਂ ਦੀ ਤਵਾਇਫ ਹੈ ਜੋ ਦਾਦੇ ਦੀ ਦੁਕਾਨ ਤੇ ਜੁੱਤੀ ਦੀ ਗੰਢ-ਤੁੱਪ ਬਹਾਨੇ ਆਕੇ ਆਪਣੇ ਦਿਲ ਦੀਆਂ ਗੱਲਾਂ ਕਰ ਜਾਂਦੀ ਹੈ।ਇਹ ਵਾਕਿਆ ਮਾਨਵਵਾਦੀ ਰਿਸ਼ਤੇ ਦੀ ਪੈਰਵੀ ਕਰਦਾ ਹੈ ਤੇ ਨਾਲ ਦੀ ਨਾਲ ਜ਼ਿੰਮੀਦਾਰਾਂ,ਸ਼ਾਹੂਕਾਰਾਂ,ਵਪਾਰੀਆਂ ਤੇ ਮੁਨਸਿਫ਼ਦਾਰਾਂ ਦੁਆਰਾ ਜਿਸਮਫਰੋਸ਼ੀ ਨੂੰ ਆਪਣੀ ਅੱਯਾਸ਼ੀ ਵਾਸਤੇ ਵਰਤਣ ਦੀ ਹੈਵਾਨੀਅਤ ਨੂੰ ਵੀ ਨੰਗਾ ਕਰਦਾ ਹੈ।ਇਸਦਾ ਵੱਡਾ ਸਬੰਧ ਉਸ ਸਵਾਲ ਨਾਲ ਜਾ ਜੁੜਦਾ ਹੈ ਜਿਥੇ ਇਹ ਭੱਦਰਪੁਰਸ਼ ਇਕ ਪਾਸੇ ਸੁੱਚ-ਭਿੱਟ ਨੂੰ ਪ੍ਰਣਾਏ ਜਾਤੀ ਤ੍ਰਿਸਕਾਰ ਦੇ ਮੁਦੱਈ ਬਣੇ ਹੋਏ ਹਨ ਤੇ ਦੂਜੇ ਪਾਸੇ ਆਪਣੀ ਮਰਦਾਵੀਂ ਹਉਂ ਨੂੰ ਪੱਠੇ ਪਾਉਣ ਲੱਗਿਆਂ ਕਿਸੇ ਵੀ ਔਰਤ ਨਾਲ ਵਿਭਚਾਰ ਕਰਨ ਲਈ ਸਭ ਕੁਝ ਨੂੰ ਛਿੱਕੇ ਟੰਗ ਦਿੰਦੇ ਹਨ।ਇਸੇ ਤਰ੍ਹਾਂ ਇਕ ਹੋਰ ਉਪ-ਬਿਰਤਾਂਤ ਕੇਂਦਰੀ ਪਾਤਰ ਦੇ ਭਾਈਏ ਦੀ ਗੁੰਮਸ਼ੁਦਗੀ ਦਾ ਹੈ,ਜਿਸਦੇ ਮੁੜ ਆਉਣ ਦੀ ਨਾਉਮੀਦੀ ਵਿਚ ਮਾਂ ਨੂੰ ਚਾਚੇ ਦੇ ਬਿਠਾਉਣ ਦੀ ਗੱਲਬਾਤ ਚੱਲਦੀ ਹੈ।ਬਹੁਤ ਕੋਸ਼ਿਸ਼ ਤੋਂ ਬਾਅਦ ਆਖਰ ਨੂੰ ਕੇਂਦਰੀ ਪਾਤਰ ਆਪਣੇ ਭਾਈਏ ਨੂੰ ਮੁਲਤਾਨ ਤੋਂ ਲੱਭ ਲਿਆਉਂਦਾ ਹੈ।ਇਸ ਬਿਰਤਾਂਤਕ ਵੇਰਵੇ ਵਿਚ ਜੇਜੋਂ ਤੋਂ ਲੈ ਕੇ ਲਾਹੌਰ ਤੇ ਮੁਲਤਾਨ ਤੱਕ ਦੇ ਰੇਲ ਗੱਡੀ ਦੇ ਸਫਰ ਤੇ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਵਾਤਾਵਰਣ ਦੀ ਤਸਵੀਰਕਸ਼ੀ ਬਾਕਮਾਲ ਹੈ।ਲਾਹੌਰ ਤੋਂ ਮੁਲਤਾਨ ਤੱਕ ਦੇ ਵਸਤੂਗਤ ਵੇਰਵਿਆਂ ਦਾ ਸਬੰਧ ਜੋੜਨ ਲਈ ਲੇਖਕ ਭਾਈਏ ਦੁਆਰਾ ਚਮੜੇ ਦੀਆਂ ਬਣਾਈਆਂ ਜੁੱਤੀਆਂ ਵੇਚਣ ਲਈ ਉਧਰਲੇ ਗਾਹਕਾਂ ਤੇ ਦੁਕਾਨਦਾਰਾਂ ਨਾਲ ਜਾਣ ਪਹਿਚਾਣ ਤੇ ਵਿਹਾਰਕ ਸਾਂਝ ਬਣਦੀ ਹੈ।
ਉਪਰੋਕਤ ਨਾਵਲੀ ਬਿਰਤਾਂਤਾਂ ਵਿਚੋਂ ਕੇਂਦਰੀ ਥੀਮ ਦੇ ਰੂਪ ਵਿਚ ਬਾਬੇ ਦਾ ਇਕ ਕਾਮੇਂ ਦੇ ਰੂਪ ਵਿਚ ਵਿਚਰਦੇ ਹੋਏ ਆਪਣੇ ਘਰ ਤੇ ਕਾਰੋਬਾਰ ਨੂੰ ਪੈਰਾਂ ਸਿਰ ਖੜ੍ਹਾ ਕਰਨ ਦੇ ਨਾਲ ਨਾਲ ਆਦਿ ਧਰਮ ਲਹਿਰ ਵਿਚ ਇਕ ਕਾਰਕੁੰਨ ਦੇ ਰੂਪ ਵਿਚ ਕੰਮ ਕਰਨਾ ਹੈ।ਇਥੇ ਬਾਬੇ ਦੀ ਵਿਚਾਰਧਾਰਕ ਚੇਤਨਾ ਦਾ ਜਲੌਅ ਪੇਸ਼-ਪੇਸ਼ ਰਹਿੰਦਾ ਹੈ।ਏਨਾ ਹੀ ਨਹੀਂ ਲੇਖਕ ਇਸ ਘਰ ਦੇ ਬਾਕੀ ਜੀਆਂ ਜਿਸ ਵਿਚ ਖਾਸ ਤੌਰ ਤੇ ਦਾਦੀ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਇਹ ਸਭ ਬ੍ਰਾਹਮਣਵਾਦੀ ਸੰਸਕਾਰਾਂ ਦੇ ਮੱਕੜ ਜਾਲ ਨੂੰ ਪਹਿਚਾਣਦੇ ਸਜੱਗ ਪਾਤਰ ਬਣਦੇ ਹਨ।ਜਿਨ੍ਹਾਂ ਨੂੰ ਗਦਰ ਤੇ ਆਦੀ ਡੰਕਾ ਵਰਗੇ ਅਖਬਾਰਾਂ ਨੇ ਦਲਿਤ ਚੇਤਨਾ ਨਾਲ ਲੈਸ ਕਰ ਦਿੱਤਾ ਹੈ।ਇਸ ਕਰਕੇ ਦਲਿਤ ਭਾਈਚਾਰੇ ਦੇ ਖਿਲਾਫ ਜ਼ਿੰਮੀਦਾਰਾਂ,ਰਾਜਪੂਤਾਂ ਤੇ ਬ੍ਰਾਹਮਣਾਂ ਦੁਆਰਾ ਬਣਾਇਆ ਮੁੱਲਵਿਧਾਨ ਇਨ੍ਹਾਂ ਦੀਆਂ ਅੱਖਾਂ ਵਿਚ ਰੜਕਦਾ ਹੈ।ਬਾਬੇ ਦੀ ਚੇਤਨਾ ਦਾ ਨਮੂਨਾ ਦੇਖੋ:
“ਵਿੱਦਿਆ ਤੀਜਾ ਨੇਤਰ ਐਮੇਂ ਥੋੜ੍ਹੋ ਕਹਿੰਦੇ ਆ,ਤਾਂ ਈ ਰਾਜ-ਭਾਗ ਭੋਗਦੇ ਆ।ਚੰਗੀ ਵਿੱਦਿਆ ਨਾਲ ਚੰਗੇ ਵਿਚਾਰ ਫੁੱਲ ਦੀ ਖੁਸ਼ਬੋ ਆਂਗੂੂੰ ਚੁਫੇਰੇ ਫੈਲਦੇ ਆ।ਮਾਈ ਦਾ ਲਾਲ ਕੋਈ ਹੁਣ ਵਿੱਦਿਆ ਦੇ ਚਾਨਣ ਨੂੰ ਫੈਲਣ ਤੋਂ ਨਈਂ ਰੋਕ ਸਕਦਾ।ਔਹ ਬੇਰੀਆਂ ਤੇ ਆਕਾਸ਼ਵੇਲ ਵਾਂਗ ਚੜ੍ਹਿਓ ਆ,ਜੜ੍ਹਾਂ ਜ਼ਮੀਨ ’ਚ ਨਈਂ,ਇਹ ਸਾਡੇ ਅਰਗੇ ਰੁੱਖਾਂ ਨੂੰ ਚੂਸਣ ਤੇ ਲੱਗਿਓ ਆ,ਪਖੰਡੀ ਜਿਹੇ।”*2
‘ਮਿੱਟੀ ਬੋਲ ਪਈ’ਨਾਵਲ ਵਿਚ ਲੇਖਕ ਆਪਣੇ ਬਾਬੇ ਨੂੰ ਇਕ ਨਾਇਕ ਦੇ ਰੂਪ ਵਿਚ ਸਿਰਜਣ ਪ੍ਰਤੀ ਰੁਚਿਤ ਜਾਪਦਾ ਹੈ।ਇਸੇ ਕਰਕੇ ਉਹ ਉਸਨੂੰ ਪਿਤਾ-ਪੁਰਖੀ ਕੰਮਾਂ ਧੰਦਿਆਂ ਵਿਚ ਮਾਹਰ ਹੋਣ ਦੇ ਨਾਲ ਨਾਲ ਗਾਉਣ,ਵਜਾਉਣ ਤੇ ਚਿਤਰਕਾਰੀ ਵਿਚ ਪ੍ਰਬੀਨਤਾ ਦੇ ਗੁਣਾਂ ਨਾਲ ਸਜਾਉਂਦਾ ਹੈ।ਇਸਦੇ ਨਾਲ ਨਾਲ ਉਹ ਦਲਿਤ ਚੇਤਨਾ ਦਾ ਪਥ-ਪ੍ਰਦਰਸ਼ਕ ਵੀ ਬਣਦਾ ਹੈ ਤੇ ਆਪਣੇ ਪੋਤੇ ਨੂੰ ਬ੍ਰਾਹਮਣਵਾਦੀ ਗੁਲਾਮੀ ਦੇ ਜੂਲੇ ਵਿਚ ਫਸੇ ਦਲਿਤ ਮਨੁੱਖ ਦੀਆਂ ਅਨੇਕਾਂ ਘਟਨਾਵਾਂ ਨੂੰ ਸੁਣਾਉਂਦਾ ਹੋਇਆ ਇਨ੍ਹਾਂ ਵਧੀਕੀਆਂ ਤੋਂ ਸੁਚੇਤ ਕਰਵਾ ਕੇ ਜੀਵਨ ਵਿਚ ਅੱਗੇ ਵਧਣ ਦੇ ਗੁਰ ਦਿੰਦਾ ਰਹਿੰਦਾ ਹੈ।ਇਸ ਤਰ੍ਹਾਂ ਬਾਬਾ ਸੰਗਤੀਆ ਬਿਰਤਾਂਤਕ ਵਕਤੇ ਦੇ ਰੂਪ ਵਿਚ ਕਾਰਜਰੱਤ ਰਹਿੰਦਾ ਹੈ।ਪੋਤਾ ਉਸਦੀ ਮਿਕਨਾਤੀਸੀ ਸ਼ਖਸੀਅਤ ਦੇ ਪ੍ਰਭਾਵ ਹੇਠ ਨਵੀਂ ਜ਼ਿੰਦਗੀ ਤੇ ਨਵੇਂ ਤਜ਼ਰਬਿਆਂ ਨੂੰ ਗ੍ਰਹਿਣ ਕਰਦਾ ਜਾਂਦਾ ਹੈ।ਇਹੀ ਨਹੀਂ ਦੂਰ ਦੂਰ ਤੱਕ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਆਦਿ ਧਰਮ ਲਹਿਰ ਦੇ ਸੰਗੀ ਬਣਾਉਣ ਵਿਚ ਬਾਬੇ ਦੀ ਚੰਗੀ ਇੱਜ਼ਤ ਹੈ।ਕੁੱਲ ਮਿਲਾ ਕੇ ਉਹ ਆਦਰਸ਼ਕ ਨਾਇਕ ਹੈ ਜਿਸਦੀ ਮਿਹਨਤ,ਲਗਨ,ਸਿਰੜ ਤੇ ਉੱਦਮ ਨਾਲ ਘਰ ਪਰਿਵਾਰ ਤੇ ਦਲਿਤ ਭਾਈਚਾਰਾ ਨਵੀਂ ਚੇਤਨਾ ਦਾ ਹਾਣੀ ਬਣਦਾ ਹੈ।ਆਦਿਕਾ-ਮਿੱਟੀ ਬੋਲ ਪਈ ਤੋਂ ਪਹਿਲਾਂ ਵਿਚ ਲੇਖਕ ਆਪਣੇ ਬਾਬੇ ਦੇ ਲਿਖਤੀ ਦਸਤਾਵੇਜ਼ਾਂ ਦਾ ਖਜ਼ਾਨਾ ਮਿਲ ਜਾਣ ਦਾ ਖ਼ੁਲਾਸਾ ਕਰਦਾ ਹੈ।ਲੇਖਕ ਲਿਖਦਾ ਹੈ ਕਿ…
ਮੈਂ ਕਿਸੇ ਤੋਂ ਉਹਲਾ ਨਹੀਂ ਰੱਖਣਾ ਚਾਹੁੰਦਾ ਕਿ ਚਿਰੋਕਣੀ ਲਿਖੀ ਇਸ ਲਿਖਤ ਨੂੰ ਮੈਂ ਬਿਨਾਂ ਕਿਸੇ ਕਾਂਟ ਛਾਂਟ ਦੇ ਤੁਹਾਡੇ ਸਾਮ੍ਹਣੇ ਪੇਸ਼ ਕਰਨ ਦੀ ਹਿੰਮਤ ਜੁਟਾ ਲਈ ਹੈ।ਉਹ ਅੱਗੇ ਜ਼ਿਕਰ ਕਰਦਾ ਹੈ ਕਿ ..ਮੈਨੂੰ ਬੇਹੱਦ ਖੁਸ਼ੀ ਹੈ ਕਿ ਆਪਣੇ ਬਾਬੇ ਦੀ ਸੰਗਤ ਮਾਣੀ ਹੈ-ਉਹ ਵੀ ਦਹਾਕਿਆਂ ਤਕ।…ਤੇ ਮੈਨੂੰ ਚਾਅ ਤੇ ਉਤਸ਼ਾਹ ਹੈ ਕਿ ਤੁਹਾਨੂੰ ਪੜ੍ਹਾਵਾਂ-ਸੁਣਾਵਾਂ ਲੋਕਾਂ ਦੇ ਮਾਣ-ਸਨਮਾਨ ਲਈ ਜੂਝਦੇ ਮਰਜੀਵੜਿਆਂ ਦੀ ਦਾਸਤਾਨ।ਉਹ,ਜਿਹੜੇ ਆਪਣੇ ਸਮਿਆਂ ਦੇ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਸੁਹਿਰਦ ਤੇ ਗਿਆਨਵਾਨ ਇਨਸਾਨ ਹੋ ਗੁਜ਼ਰੇ ਤੇ ਲੋਕ ਮਨਾਂ ’ਚ ਵਸ ਗਏ।*3
ਆਦਿਕਾ ਦੇ ਰੂਪ ਵਿਚ ਲੇਖਕ ਦਾ ਇਹ ਕਥਨ ਲੇਖਕ ਦੀ ਬਿਰਤਾਂਤਕ ਜੁਗਤ ਵੀ ਹੋ ਸਕਦੀ ਹੈ ਤੇ ਇਸਦੇ ਸੱਚ ਹੋਣ ਦੀ ਸੂਰਤ ਵਿਚ ਬਹੁਤ ਸਾਰਾ ਰਲਾ-ਮਿਲਾ ਵੀ ਹੋ ਸਕਦਾ ਹੈ।ਮਸਲਾ ਇਹ ਨਹੀਂ ਕਿ ਇਹ ਲਿਖਤ ਸੱਚੇ ਵਾਕਿਆ ਦਾ ਕਥਾ-ਬਿਰਤਾਂਤ ਹੈ ਜਾਂ ਇਸਨੂੰ ਨਿਰੋਲ ਕਥਾਨਕ ਜੁਗਤ ਦੇ ਰੂਪ ਵਿਚ ਘੜਿਆ ਗਿਆ ਹੈ,ਬਲਕਿ ਇਹ ਦੇਖਣਾ ਹੈ ਕਿ ਇਹ ਕਥਾ-ਬਿਰਤਾਂਤ ਵਸਤੂ-ਯਥਾਰਥ ਜਾਂ ਸੱਚ ਦੇ ਆਰ-ਪਾਰ ਜਾਣ ਵਿਚ ਕਿੰਨਾ ਕੁ ਸਮਰੱਥ ਹੋਇਆ ਹੈ?
‘ਮਿੱਟੀ ਬੋਲ ਪਈ’ ਇਕ ਵੱਡੇ ਕੈਨਵਸ ਵਾਲੀ ਬਿਰਤਾਂਤਕ ਰਚਨਾ ਹੈ।ਅਣਵੰਡੇ ਪੰਜਾਬ ਵਿਚ ਦੁਆਬੇ ਤੋਂ ਲੈ ਕੇ ਲਾਹੌਰ ਮੁਲਤਾਨ ਇਸਦੇ ਭੂਗੋਲਿਕ ਤੇ ਸਾਂਸਕ੍ਰਿਤਕ ਘੇਰੇ ਵਿਚ ਆਉਂਦੇ ਹਨ।ਦਸਤਕਾਰੀ ਕਿਵੇਂ ਵਪਾਰ ਦੇ ਰਾਹ ਪੈਂਦੀ ਹੈ ਤੇ ਕਿਵੇਂ ਵਪਾਰੀ,ਜਾਨਵਰਾਂ ਤੇ ਸਮਾਨ ਢੋਂਦੇ ਸਮਰਕੰਦ ਤੱਕ ਮਾਲ ਦਾ ਆਦਾਨ ਪ੍ਰਦਾਨ ਕਰਦੇ ਹਨ।ਰੇਲਗੱਡੀ ਦੇ ਆਉਣ ਨਾਲ ਇਸ ਵਪਾਰ ਕਿਵੇਂ ਗਤੀ ਫੜਦਾ ਹੈ ਆਦਿ ਦ੍ਰਿਸ਼ ਗੁਜ਼ਰੇ ਜ਼ਮਾਨੇ ਨੂੰ ਸਾਕਾਰ ਕਰ ਦਿੰਦੇ ਹਨ।ਇਹੀ ਨਹੀਂ ਬਾਬਾ ਕਿਵੇਂ ਜੁੱਤੀਆਂ ਦੀ ਪੰਡ ਬੰਨ੍ਹ ਕੇ ਪੈਦਲ ਨਦੀਆਂ ਨਾਲੇ ਪਾਰ ਕਰਦਾ ਹੁਸ਼ਿਆਰਪੁਰ,ਮਾਹਲਪੁਰ ਤੇ ਜੈਜੋਂ ਤੱਕ ਤੁਰਿਆ ਫਿਰਦਾ ਹੈ।ਜੈਜੋਂ ਤੋਂ ਰੇਲਗੱਡੀ ਫੜ ਉਹ ਲਾਹੌਰ,ਮੁਲਤਾਨ ਤੱਕ ਘੁੰਮ ਆਉਂਦਾ ਹੈ।ਆਦਿ ਧਰਮ ਮੰਡਲ ਦੇ ਜਲਸਿਆਂ ਵਿਚ ਉਹ ਆਪਣੇ ਪੋਤੇ ਨੂੰ ਨਾਲ ਰੱਖ ਕੇ ਜੁੱਤੀਆਂ ਵੀ ਵੇਚ ਲੈਂਦਾ ਹੈ ਤੇ ਸਾਰੰਗੀ ਨਾਲ ਗਾ ਕੇ ਸਰੋਤਿਆਂ ਨੂੰ ਇਕ ਸੂਤਰ ਵਿਚ ਬੰ੍ਹਨ ਦਿੰਦਾ ਹੈ।ਇਸ ਨਾਵਲ ਵਿਚ ਬਾਬੇ ਦੇ ਕਈ ਕਲਾਮਾਂ ਨੂੰ ਅੰਕਿਤ ਕੀਤਾ ਗਿਆ ਹੈ।ਲੇਖਕ ਦੇ ਕਹਿਣ ਅਨੁਸਾਰ ਇਹ ਉਸਨੇ ਬਾਬੇ ਦੇ ਲਿਖਤ ਦਸਤਾਵੇਜਾਂ ਵਿਚੋਂ ਲਏ ਹਨ।ਮੰਗੂ ਰਾਮ ਮੁੱਗੇਵਾਲ ਦੀ ਤਕਰੀਰ ਤੋਂ ਪਹਿਲਾਂ ਬਾਬੇ ਦਾ ਕਲਾਮ ਲੋਕਾਂ ਨੂੰ ਸਮਾਜਿਕ ਬਰਾਬਰੀ ਦੀ ਜੰਗ ਵਿਚ ਆਪਣੀ ਆਹੂਤੀ ਪਾਉਣ ਦੀ ਪ੍ਰੇਰਨਾ ਦਿੰਦਾ ਹੈ।ਇੰਜ ਲੇਖਕ ਆਦਿ ਧਰਮ ਲਹਿਰ ਨੂੰ ਇਸ ਨਾਵਲ ਦਾ ਕੇਂਦਰੀ ਥੀਮ ਬਣਾਉਂਦਾ ਹੈ।ਨਿਰਸੰਦੇਹ ਇਸ ਲਹਿਰ ਨੇ ਦਲਿਤਾਂ ਨੂੰ ਇਕਜੁੱਟ ਕਰਕੇ ਆਰਥਿਕ,ਸਮਾਜਿਕ ਤੇ ਰਾਜਸੀ ਮਜਬੂਤੀ ਪ੍ਰਦਾਨ ਕੀਤੀ।ਇਸੇ ਕਰਕੇ ਲੇਖਕ ਇਸ ਲਹਿਰ ਦੇ ਇਤਿਹਾਸਕ ਮਹੱਤਵ ਨੂੰ ਪੁਨਰ ਸੁਰਜੀਤ ਕਰਨ ਦਾ ਬੀੜਾ ਉਠਾਉਂਦਾ ਹੈ।ਪੰਜਾਬੀ ਦੀ ਕਿਸੇ ਵੀ ਦਲਿਤ ਰਚਨਾ ਵਿਚ ਇਸ ਲਹਿਰ ਦੇ ਉਠਾਣ ਨੂੰ ਲੈ ਕੇ ਇਸ ਤਰ੍ਹਾਂ ਦਾ ਚਲਚਿੱਤਰ-ਬਿਰਤਾਂਤ ਸਾਹਮਣੇ ਨਹੀਂ ਆਇਆ।ਇਸੇ ਕਰਕੇ ਬਲਬੀਰ ਸਿੰਘ ਮਾਧੋਪੁਰੀ ਦਾ ਇਹ ਨਾਵਲ ਇਕ ਨਿਵੇਕਲੇ ਇਤਿਹਾਸਕ ਪਹਿਲੂ ਨੂੰ ਲੈ ਕੇ ਸਮਾਜਿਕ ਨਿਆਂ ਦੇ ਘੋਲ ਵਿਚ ਆਦਿ ਧਰਮ ਮੰਡਲ ਦੇ ਯੋਗਦਾਨ ਨੂੰ ਪੁਨਰ ਸੁਰਜੀਤ ਕਰਦਾ ਹੈ।ਇਥੇ ਆਦਿ ਧਰਮੀ ਲਹਿਰ ਦੇ ਬਾਨੀ ਮੰਗੂ ਰਾਮ ਦੀ ਇਕ ਤਕਰੀਰ ਦਾ ਹਵਾਲਾ ਦੇਖੋ:
‘ਸਾਥੀਓ,ਤੁਹਾਡੀ ਬਗਾਰ ਜੋ ਸੈਂਕੜੇ ਸਾਲ ਪਹਿਲਾਂ ਸ਼ੁਰੂ ਹੋਈ ਉਸ ਤੋਂ ਅਸੀਂ ਨਜਾਤ ਪਾਉਣੀ ਆ।ਅਸੀਂ ਹਿੰਦੂਆਂ,ਸਿੱਖਾਂ ਤੇ ਮੁਸਲਮਾਨਾਂ ਵਾਂਗ ਬਰਾਬਰ ਦੇ ਹਕੂਕ ਹਾਸਲ ਕਰਨੇ ਆ।ਹੁਣ ਅਸੀਂ ਆਪਣੀ ਕੌਮ ਨੂੰ ਇਨ੍ਹਾਂ ਦਾ ਖਾਜਾ ਨੲ੍ਹੀਂ ਬਣਨ ਦੇਣਾ।ਇੰਤਕਾਲੇ ਅਰਾਜ਼ੀ ਐਕਟ ਨੂੰ ਖਤਮ ਕਰਾਉਣਾ ਜਿਹਦੇ ਕਰਕੇ ਅਸੀਂ ਅੱਜ ਆਪਣੇ ਪੈਸਿਆਂ ਨਾਲ ਘਰ ਪਾਉਣ ਜੋਗੀ ਜ਼ਮੀਨ ਵੀ ਨੲ੍ਹੀਂ ਖਰੀਦ ਸਕਦੇ।ਅਸੀਂ ਇਸ ਮੁਲਕ ਦੇ ਅਸਲੀ ਬਸ਼ਿੰਦਿਆਂ ਦੀ ਔਲਾਦ ਹਾਂ।ਅਸੀਂ ਇਸ ਮੁਲਕ ਦੇ ਮਾਲਕ ਹਾਂ।ਪਰ ਆਰੀਆ ਲੋਕਾਂ ਨੇ ਆਪਣੀਆਂ ਸੁਆਰਥੀ ਕੁਚਾਲਾਂ ਨਾਲ ਸਾਨੂੰ ਜਾਤਪਾਤ ਤੇ ਛੂਤਛਾਤ ਦੇ ਕੋਹੜ ਜ਼ਰੀਏ ਪਸ਼ੂਆਂ ਤੋਂ ਬਦਤਰ ਬਣਾਇਆ।ਇਹ ਸਾਡੀ ਕੌਮ ਲਈ ਲਾਅਨਤ ਆ।ਸਾਡੀ ਕੌੰਮ ਲਈ ਕਲੰਕ ਆ।ਇਹ ਸਮਾਜ ਨੂੰ ਲੱਗਾ ਘੁਣ ਆ…ਜੋ ਅੰਗਰੇਜ਼ਾਂ ਤੋਂ ਆਜ਼ਾਦੀ ਮੰਗਦੇ ਆ ਅਸੀਂ ਉਨ੍ਹਾਂ ਗੁਲਾਮਾਂ ਦੇ ਗੁਲਾਮ ਆਂ।ਅੰਗਰੇਜ਼ਾਂ ਵਾਂਗ ਬਾਹਰਲੇ ਮੁਲਕਾਂ ਤੋਂ ਆਕੇ ਇਨ੍ਹਾਂ ਸਾਡੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ।ਸਾਨੂੰ ਗੁਲਾਮ ਬਣਾਈਂ ਰੱਖਣ ਲਈ ਅਗਲੇ ਪਿਛਲੇ ਜਨਮਾਂ ਦੀਆਂ ਦੰਭੀ ਚਾਲਾਂ ਦੇ ਭਰਮ ਵਿਚ ਫਸਾ ਕੇ ਸਾਡੇ ’ਤੇ ਜ਼ੁਲਮ ਢਾਹਿਆ ਜਾ ਰਿਹਾ’।*4
ਇੰਜ ਲੇਖਕ ਆਦਿ ਧਰਮ ਲਹਿਰ ਦੇ ਇਤਿਹਾਸ ਨੂੰ ਨਾਵਲੀ ਬਿਰਤਾਂਤ ਦੇ ਕੇਂਦਰ ਵਿਚ ਰੱਖ ਕੇ ਸਦੀਆਂ ਤੋਂ ਨਪੀੜੀ ਜਾ ਰਹੀ ਦਲਿਤ ਸ਼ੇ੍ਰਣੀ ਦੇ ਉਭਾਰ ਨੂੰ ਗਲਪੀ-ਦਸਤਾਵੇਜ਼ ਦੇ ਰੂਪ ਵਿਚ ਸਾਂਭ ਲੈਣਾ ਚਾਹੁੰਦਾ ਹੈ।ਇਕ ਦਲਿਤ ਲੇਖਕ ਹੋਣ ਦੇ ਨਾਤੇ ਪੰਜਾਬ ਵਿਚ ਉੱਠੀ ਇਸ ਲਹਿਰ ਦੇ ਇਤਿਹਾਸ ਨੂੰ ਪੁਨਰ-ਸਿਰਜਿਤ ਕਰਨਾ ਆਪਣੇ ਆਪ ਵਿਚ ਵੱਡਾ ਉਪਰਾਲਾ ਹੈ।ਨਹੀਂ ਤਾਂ ਇਨਸਾਨੀ ਬਰਾਬਰੀ ਦੇ ਮੁੱਦੇ ਨੂੰ ਲੈ ਕੇ ਉੱਠੀ ਅਜਿਹੀ ਲਹਿਰ ਨੂੰ ਸਿਰਫ ਇਤਿਹਾਸਕ ਦਸਤਾਵੇਜ਼ਾਂ ਵਿਚ ਬੰਦ ਕਰਕੇ ਰੱਖ ਦੇਣ ਦੇ ਸ਼ੜਯੰਤਰ ਅੱਜ ਵੀ ਜਾਰੀ ਹਨ।ਬ੍ਰਾਹਮਣਵਾਦੀ ਸੰਸਕਾਰਾਂ ਦੀ ਜਕੜ ਵਿਚ ਅੱਜ ਵੀ ਵੱਡਾ ਤਬਕਾ ਆਪਣੀ ਸ਼੍ਰੇਸ਼ਠਤਾ ਦਾ ਦਿਖਾਵਾ ਕਰਦਾ ਹੋਇਆ,ਸਮਾਜਿਕ ਬਰਾਬਰੀ ਦੇ ਰਾਹ ਵਿਚ ਇੱਟ-ਖੜਿੱਕਾ ਖੜ੍ਹਾ ਕਰੀਂ ਰੱਖਦਾ ਹੈ।ਨਾਵਲਕਾਰ ਨੇ ਆਦਿ ਧਰਮ ਲਹਿਰ ਦੇ ਉਭਾਰ ਨੂੰ,ਉਸ ਦੀਆਂ ਗਤੀਵਿਧੀਆਂ ਨੂੰ ਤੱਤਕਾਲੀ ਸਮਾਜਿਕ ਤੇ ਸਾਂਸਕ੍ਰਿਤਕ ਮਾਹੌਲ ਵਿਚੋਂ ਸਿਰਜਣ ਦੀ ਸਫਲ ਕੋਸ਼ਿਸ਼ ਕੀਤੀ ਹੈ।ਇਸ ਪਿੱਛੇ ਲੇਖਕ ਦੇ ‘ਆਦਿ ਧਰਮ ਦੇ ਬਾਨੀ ਗਦਰੀ ਬਾਬਾ ਮੰਗੂ ਰਾਮ’-2010 ਉੱਤੇ ਕੀਤੇ ਖੋਜ ਕਾਰਜ ਦਾ ਯੋਗਦਾਨ ਵੀ ਜਾਪਦਾ ਹੈ ਕਿ ਉਸ ਕੋਲ ਇਸ ਲਹਿਰ ਦੇ ਸਬੰਧ ਵਿਚ ਪੁਖਤਾ ਇਤਿਹਾਸਕ ਸਮੱਗਰੀ ਮੌਜੂਦ ਹੈ।ਇਸੇ ਕਰਕੇ ਲੇਖਕ ਬਾਬਾ ਮੰਗੂ ਰਾਮ ਦੇ ਜਲਸੇ-ਜਲੂਸ,ਤਕਰੀਰਾਂ,ੰਿਪੰਡਾਂ ਦੇ ਨਾਵਾਂ ਥਾਵਾਂ ਤੇ ਪਾਰਟੀ ਲਈ ਸਰਗਰਮ ਕਾਰਕੁੰਨਾਂ ਤੇ ਪਾਰਟੀ ਦੇ ਏਜੰਡੇ ਪ੍ਰਤੀ ਜਾਣੂ ਹੈ।ਇਹੀ ਨਹੀਂ ਉਹ ਕਈ ਥਾਵਾਂ ਉੱਤੇ ਜਿਥੇ ਪਾਰਟੀ ਕਾਰਕੁੰਨਾਂ ਨੂੰ ਉੱਚ ਜਾਤੀ ਮਾਨਸਿਕਤਾ ਵਾਲੇ ਲੋਕਾਂ ਦੇ ਵਿਰੋਧ ਤੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ,ਉਨ੍ਹਾਂ ਵਾਕਿਆਤ ਦੇ ਹਵਾਲੇ ਵੀ ਹਨ।ਇਸ ਦੇ ਨਾਲ ਨਾਲ ਲੇਖਕ ਇਸ ਲਹਿਰ ਦੇ ਪ੍ਰਭਾਵ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਵਿਚ ਹੈ ਕਿਉਂਕਿ ਇਸ ਲਹਿਰ ਦੀ ਰਾਜਨੀਤਕ ਤਾਕਤ ਵਧਣ ਨਾਲ ਸਰਕਾਰੇ-ਦਰਬਾਰੇ ਪੁੱਛ ਪ੍ਰਤੀਤ ਵੀ ਵਧੀ।ਇਸ ਨਾਵਲੀ ਬਿਰਤਾਂਤ ਵਿਚ ਕਈ ਘਟਨਾਵਾਂ ਦੇ ਵੇਰਵੇ ਦਰਸਾਏ ਗਏ ਹਨ ਜਿਥੇ ਇਸ ਲਹਿਰ ਦੀ ਚੜ੍ਹਤ ਕਾਰਨ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ ਤੇ ਪਾਰਟੀ ਦੀਆਂ ਕੁਝ ਖਾਸ ਮੰਗਾਂ ਜਿਨ੍ਹਾਂ ਵਿਚ ਇੰਤਕਾਲੇ ਅਰਾਜ਼ੀ ਐਕਟ ਦਾ ਖਾਤਮਾ ਤੇ ਦਲਿਤ ਬੱਚਿਆਂ ਦੀ ਪੜ੍ਹਾਈ ਤੇ ਵਜ਼ੀਫੇ ਨੂੰ ਲੈ ਕੇ ਮੰਗਾਂ ਨੂੰ ਪ੍ਰਵਾਨ ਕੀਤਾ ਗਿਆ।ਇਸ ਤਰ੍ਹਾਂ ਦੇ ਇਤਿਹਾਸਕ ਵੇਰਵਿਆਂ ਵਿਚੋਂ ਲੇਖਕ ਸਾਂਝੇ ਪੰਜਾਬ ਦੀ ਪਹਿਲੀ ਅਸੈਂਬਲੀ ਦੇ ਪ੍ਰਧਾਨ ਵੱਜੋ ਕਾਰਜਰੱਤ ਸਰ ਸਿਕੰਦਰ ਹਯਾਤ ਖਾਂ ਟਿਵਾਣਾ ਦੀ ਪ੍ਰਸੰਸਾ ਕਰਦਾ ਹੈ ਜੋ ਆਦਿ ਧਰਮ ਦੀਆਂ ਮੰਗਾਂ ਪ੍ਰਤੀ ਹਾਂ ਪੱਖੀ ਦ੍ਰਿਸ਼ਟੀ ਰੱਖਦਾ ਸੀ।ਉਸੇ ਦੀ ਵਜ਼ਾਰਤ ਵਿਚ ਤਾਲੀਮ ਮਹਿਕਮੇ ਦੇ ਵਜ਼ੀਰ ਮੀਆਂ ਅਬਦੁੱਲ ਹਾਯੇ ਦੇ ਹਵਾਲੇ ਨਾਲ:
‘ਮੈਂ ਪੰਜਾਬ ਸਰਕਾਰ ਤੇ ਵਜ਼ੀਰੇ-ਆਜ਼ਮ ਸਰ ਸਿਕੰਦਰ ਹਯਾਤ ਖਾਨ ਦੀ ਤਰਫੋਂ ਆਪਣੇ ਪਛੜੇ,ਅਛੂਤ ਭਰਾਵਾਂ ਦੇ ਗਹਿਰੇ ਸਰੋਕਾਰਾਂ ਬਾਰੇ ਫਿਕਰਮੰਦ ਆਂ।ਮੈਂ ਅਛੂਤਾਂ-ਹਰੀਜਨਾਂ ਨੂੰ ਬਾਹਮਣਾਂ ਤੇ ਸੱਯਦਾਂ ਦੇ ਬਰਾਬਰ ਰੁਤਬਾ ਦੇਣ ਦੇ ਹੱਕ ‘ਚ ਆਂ।ਅੱਲਾ,ਵਾਹਿਗੁਰੂ,ਈਸ਼ਵਰ ਦੀ ਨਜ਼ਰ’ਚ ਮੈਨੂੰ ਆਪਣੇ ਤੇ ਅਛੂਤਾਂ ’ਚ ਕੋਈ ਫਰਕ ਨਹੀਂ ਲੱਭਦਾ।..ਪੰਜਾਬੀ ਕੌਮ ਕਈ ਭਾਈਚਾਰਿਆਂ ਨਾਲ ਮਿਲ ਕੇ ਬਣੀ ਆ ਤੇ ਆਦ-ਧਰਮੀ ਕੌਮ ਦਾ ਹਿੱਸਾ ਆ’।*6
ਇਸ ਤਰ੍ਹਾਂ ਨਾਵਲਕਾਰ ਨੇ ਆਦਿ ਧਰਮ ਦੀ ਲਹਿਰ ਦੇ ਇਤਿਹਾਸ ਨੂੰ ਰਾਜਨੀਤਕ ਤੇ ਇਤਿਹਾਸਕ ਪਿੱਠਭੂਮੀ ਵਿਚੋਂ ਸਿਰਜਣ ਦੀ ਕੋਸ਼ਿਸ਼ ਕੀਤੀ ਹੈ।ਲੇਖਕ ਇਨ੍ਹਾਂ ਇਤਿਹਾਸਕ ਵੇਰਵਿਆਂ ਨੂੰ ਇਸ ਨਾਵਲ ਦੇ ਗਲਪੀ ਬਿਰਤਾਂਤ ਵਿਚ ਯਥਾਯੋਗ ਥਾਂ ਦੇਣ ਬਾਰੇ ਪੂਰੀ ਤਰ੍ਹਾਂ ਸੁਚੇਤ ਹੈ।ਉਹ ਇਸ ਗੱਲੋਂ ਵੀ ਬਾਖਬਰ ਨਜ਼ਰ ਆਉਂਦਾ ਹੈ ਕਿ ਕਿਸੇ ਗਲਪ ਰਚਨਾ ਵਿਚ ਰਾਜਨੀਤਕ ਸਮੱਗਰੀ ਕਿਵੇਂ ਸ਼ਾਮਿਲ ਕੀਤੀ ਜਾ ਸਕਦੀ ਹੈ।ਇਸੇ ਕਰਕੇ ਇਹ ਨਾਵਲ ਇਕਹਿਰੇ ਰੂਪ ਵਿਚ ਕਿਸੇ ਲਹਿਰ ਦਾ ਪ੍ਰਚਾਰਕ ਨਹੀਂ ਬਣਦਾ ਸਗੋਂ ਪੰਜਾਬ ਦੇ ਸਮਾਜਿਕ,ਆਰਥਿਕ,ਰਾਜਨੀਤਕ ਤੇ ਸਾਂਸਕ੍ਰਿਤਕ ਵਰਤਾਰੇ ਅੰਦਰ ਇਕ ਵੱਡੇ ਜਨ ਸਮੂਹ ਦੀ ਸਮਾਜਿਕ ਬਰਾਬਰੀ ਲਈ ਕੀਤੀ ਗਈ ਜੱਦੋਜਹਿਦ ਦਾ ਉਪ-ਬਿਰਤਾਂਤ ਬਣਾ ਕੇ ਸਾਹਮਣੇ ਲਿਆਉਂਦਾ ਹੈ।
ਨਾਵਲੀ ਬਿਰਤਾਂਤ ਵਿਚ ਉਪਰੋਕਤ ਇਤਿਹਾਸਕ ਲਹਿਰ ਦੀ ਪੇਸ਼ਕਾਰੀ ਦੇ ਨਾਲ ਨਾਲ ਨਾਵਲਕਾਰ ਆਦਿ ਧਰਮ ਲਹਿਰ ਦੇ ਬਾਨੀ ਬਾਬਾ ਮੰਗੂ ਰਾਮ ਦੀ ਸ਼ਖਸੀ ਵਡਿਆਈ ਨੂੰ ਵੀ ਉਭਾਰਨਾ ਚਾਹੁੰਦਾ ਹੈ।ਕਿਸੇ ਦਲਿਤ ਲੇਖਕ ਦੀ ਨਜ਼ਰ ਵਿਚ ਇਹ ਸ਼ਖਸੀ ਪੂਜਾ ਦਾ ਮਾਮਲਾ ਵੀ ਹੋ ਸਕਦਾ ਹੈ ਜਿਸਨੂੰ ਇਕ ਵਿੱਥ ਤੇ ਖਲੋ ਕੇ ਵੇਖਿਆਂ ਇਸਨੂੰ ਲੇਖਕ ਦੀ ਉਪਭਾਵਕਤਾ ਦੀ ਕਾਣ ਵੀ ਆਖਿਆ ਜਾ ਸਕਦਾ ਹੈ।ਕਿਉਂ ਜੋ ਲੇਖਕ ਵੇਲੇ ਦੀ ਹਕੂਮਤ ਕੋਲੋਂ ਦਲਿਤਾਂ ਦੇ ਲਈ ਪ੍ਰਾਪਤ ਕੀਤੇ ਮੌਕਿਆਂ ਨੂੰ ਇਸ ਨੇਤਾ ਦੀ ਵੱਡੀ ਪ੍ਰਾਪਤੀ ਦਰਸਾਉਂਦਾ ਹੈ।ਮਸਲਨ ਦੂਸਰੀ ਵਿਸ਼ਵ ਜੰਗ ਮੌਕੇ ਜਦੋਂ ਅੰਗਰੇਜ਼ ਹਕੂਮਤ ਨੂੰ ਹਿੰਦੋਸਤਾਨ ਦੇ ਫਰੰਟਾਂ ਤੇ ਲੜਨ ਲਈ ਵੱਡੀ ਗਿਣਤੀ ਵਿਚ ਭਾਰਤੀ ਸਿਪਾਹੀਆਂ ਦੀ ਲੋੜ ਸੀ ਤਾਂ ਬਾਬਾ ਮੰਗੂ ਰਾਮ ਨੇ ਇਸ ਮੌਕੇ ਨੂੰ ਤਾੜਦੇ ਹੋਏ ਅੰਗਰੇਜ਼ ਹਾਕਮਾਂ ਨੂੰ ਚਮਾਰ ਰੈਜਮੈਂਟ ਬਣਾਉਣ ਦੀ ਤਜਵੀਜ਼ ਸੁਝਾਈ ਜੋ ਹਕੂਮਤ ਨੂੰ ਰਾਸ ਆ ਗਈ।ਇਸ ਲਈ ਬਾਬਾ ਮੰਗੂ ਰਾਮ ਨੇ ਦਲਿਤ ਨੌਜੁਆਨਾਂ ਨੂੰ ਸੁਨੇਹਾ ਦਿੱਤਾ ਕਿ ਉਹ ਇਸ ਮੌਕੇ ਦਾ ਫਾਇਦਾ ਉਠਾ ਕੇ ਆਰਥਿਕ ਤਰੱਕੀ ਤੇ ਸਮਾਜਿਕ ਸਨਮਾਨ ਪ੍ਰਾਪਤ ਕਰਨ।ਇਸ ਕਾਰਜ ਵਿਚ ਉਸਨੇ ਖੁਦ ਅਤੇ ਪਾਰਟੀ ਦੇ ਕਾਰਕੁੰਨਾਂ ਦੇ ਸਹਿਯੋਗ ਦੇ ਨਾਲ ਵੱਡੀ ਸੰਖਿਆ ਵਿਚ ਇਨ੍ਹਾਂ ਨੌਜੁਆਨਾਂ ਨੂੰ ਭਰਤੀ ਕਰਵਾਇਆ।‘ਆਦੀ ਡੰਕਾ’ ਤੇ ‘ਫੌਜੀ’ ਅਖਬਾਰਾਂ ਵਿਚ ਇਨ੍ਹਾਂ ਨੌਜੁਆਨਾਂ ਦੀ ਬਹਾਦਰੀ ਉੱਤੇ ਕਵਿਤਾਵਾਂ ਲਿਖੀਆਂ ਜਾਂਦੀਆਂ।ਇੰਜ ਲੇਖਕ ਫਿਰੰਗੀ ਹਕੂਮਤ ਦੇ ਲਈ ਜੰਗ ਦਾ ਖਾਜਾ ਬਣਨ ਵਾਲੇ ਕਾਰਜ ਨੂੰ ਇਸ ਨੇਤਾ ਦੀ ਵੱਡੀ ਪ੍ਰਾਪਤੀ ਦਰਸਾਉਂਦਾ ਹੈ।ਇਸ ਗੱਲ ਉਤੇ ਸਵਾਲ ਖੜ੍ਹੇ ਕੀਤੇ ਜਾ ਸਕਦੇ ਹਨ ਪਰ ਇਹ ਗੱਲ ਦਲਿਤ ਨੁਕਤਾ ਨਿਗਾਹ ਦੇ ਪੱਖੋਂ ਮਹੱਤਵਪੂਰਨ ਇਸ ਕਰਕੇ ਹੈ ਕਿ ਭਾਰਤੀ ਸਮਾਜ ਜਿਸ ਵਿਚ ਦਲਿਤ ਮਨੁੱਖ ਦੀ ਕੋਈ ਕਦਰ ਤੇ ਹੈਸੀਅਤ ਨਹੀਂ ਹੈ,ਇਹੀ ਮੌਕਾ ਹੈ ਕਿ ਉਹ ਇਸ ਤ੍ਰਿਸਕਾਰਿਤ ਤੇ ਜ਼ਿੱਲ੍ਹਣ ਭਰੀ ਜ਼ਿੰਦਗੀ ਤੋਂ ਬਾਹਰ ਨਿਕਲ ਸਕਦੇ ਹਨ।ਇਹੀ ਨਹੀਂ ਲੇਖਕ ਦਲਿਤ ਲੋਕਾਂ ਦੀ ਜੰਗਜੂ ਬਿਰਤੀ ਤੇ ਆਪਾ ਵਾਰੂ ਭਾਵਨਾ ਨੂੰ ਵਡਿਆ ਕੇ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਕਲਮਬੱਧ ਕਰਨਾ ਚਾਹੁੰਦਾ ਹੈ।ਰਿਆਸਤੀ ਪੰਜਾਬ ਦੇ ਇਤਿਹਾਸ ਵਿਚ ਦਲਿਤਾਂ ਦੀ ਬਹਾਦਰੀ ਦੇ ਅਜਿਹੇ ਯੋਗਦਾਨ ਨੂੰ ਉਹ ਇਸ ਨਾਵਲੀ ਬਿਰਤਾਂਤ ਵਿਚ ਦਰਜ ਕਰਨ ਦਾ ਮੌਕਾ ਨਹੀਂ ਗਵਾਉਣਾ ਚਾਹੁੰਦਾ।ਇਕ ਇਤਿਹਾਸਕ ਹਵਾਲਾ ਦੇਖੋ:
ਰਵਿਦਾਸੀਆ ਸਿੱਖਾਂ ਦੀ ਫੌਜ ‘ਚ ਗਿਣਤੀ ਛੇ ਲੱਖ ਇਕੱਤਰ ਹਜ਼ਾਰ ਸੱਤ ਸੌ ਛਿਆਲੀ ਆ।...ਰਵੀਦਾਸੀਆ ਸਿੱਖ ਰਿਆਸਤ ਮਹਾਰਾਜਾ ਪਟਿਆਲਾ,ਫਲੌਰ ਰਿਆਸਤ,ਮਲੇਰਕੋਟਲਾ ਤੇ ਹੋਰ ਪਿੰਡਾਂ ਵਿਚ ਜ਼ਮੀਨ ਦੇ ਮਾਲਕ ਆ,ਲੁਧਿਆਣਾ,ਅੰਮ੍ਰਿਤਸਰ ਦੇ ਸ਼ਹਿਰਾਂ ਤੇ ਬਹੁਤ ਸਾਰੇ ਪਿੰਡਾਂ ਵਿਚ ਜ਼ਮੀਨਾਂ ਤੇ ਧਰਮਸ਼ਾਲਾਵਾਂ ਹਨ।ਰਵੀਦਾਸੀਆ ਸਿੱਖਾਂ ਦਾ ਚੱਕ ਨੰਬਰ 38 ਜੰਗਪੁਰ,ਡਾਕਘਰ ਖਾਸ,ਤਹਿਸੀਲ ਉਕਾੜਾ,ਜ਼ਿਲ੍ਹਾ ਮਿੰਟਗੁਮਰੀ ਹੈ।ਇਸ ਪਿੰਡ ਵਿਚ ਇਕ ਸਾਲ ਦੀ ਪੈਨਸ਼ਨ ਤੀਹ ਹਜ਼ਾਰ ਰੁਪਿਆ ਔਂਦੀ ਹੈ।ਸਾਢੇ ਤਿੰਨ-ਤਿੰਨ ਮੁਰੱਬੇ ਨੰਬਰਦਾਰ ਨੂੰ ਤੇ ਦੋ-ਦੋ ਸਰਦਾਰਾਂ ਨੂੰ ਤੇ ਇਕ-ਇਕ ਹੋਰਨਾਂ ਨੂੰ ਹੈ।*7
ਇਸ ਤਰ੍ਹਾਂ ਨਾਵਲਕਾਰ ਜਿਥੇ ਭਾਰਤੀ ਸਮਾਜ ਵਿਚ ਦਲਿਤਾਂ ਦੀ ਸਦੀਆਂ ਤੋਂ ਚਲੀ ਆ ਰਹੀ ਸ਼ੋਸ਼ਿਤ ਦਸ਼ਾ ਨੂੰ ਦਰਸਾ ਕੇ ਉਨ੍ਹਾਂ ਦੇ ਰਾਜਨੀਤਕ ਸੰਘਰਸ਼ ਨੂੰ ਚਿਤਰਨ ਦੇ ਆਹਰ ਵਿਚ ਹੈ ਉਥੇ ਦਲਿਤ ਲੋਕਾਂ ਦੀ ਬਹਾਦਰੀ ਤੇ ਵੇਲੇ ਦੀਆਂ ਹਕੂਮਤਾਂ ਕੋਲੋਂ ਹਾਸਲ ਕੀਤੇ ਮਾਣ ਸਨਮਾਨ ਕਰਕੇ ਉਨ੍ਹਾਂ ਦੀ ਸਮਾਜਿਕ ਹੈਸੀਅਤ ਨੂੰ ਵੀ ਵਡਿਆਉਣਾ ਚਾਹੁੰਦਾ ਹੈ।ਇਨ੍ਹਾਂ ਵੇਰਵਿਆਂ ਰਾਹੀਂ ਲੇਖਕ ਹਾਸ਼ੀਏ ਤੇ ਧੱਕ ਦਿੱਤੇ ਗਏ ਦਲਿਤ ਸਮਾਜ ਦੇ ਆਤਮਿਕ ਬਲ ਨੂੰ ਪੁਨਰ ਜਾਗ੍ਰਿਤ ਕਰਨ ਦਾ ਉਪਰਾਲਾ ਕਰਦਾ ਜਾਪਦਾ ਹੈ।
ਇਸ ਨਾਵਲ ਵਿਚ ਕੇਂਦਰੀ ਥੀਮ ਦੇ ਸਮਾਨਾਂਤਰ ਇਕ ਵਿਚਾਰਧਾਰਕ ਟਕਰਾ ਦਾ ਕਥਾਨਕ ਵੀ ਸਿਰਜਿਆ ਗਿਆ ਹੈ।ਇਹ ਟਕਰਾ ਬ੍ਰਾਹਮਣਵਾਦੀ ਸੰਸਕਾਰਾਂ ਤੇ ਮਾਨਤਾਵਾਂ ਦੇ ਖਿਲਾਫ ਹੈ ਜਿਸਨੇ ਖਾਸ ਤੌਰ ’ਤੇ ਦਲਿਤ ਲੋਕਾਂ ਨੂੰ ਸਦੀਆਂ ਤੋਂ ਗੁਲਾਮੀ ਦਾ ਜੀਵਨ ਜਿਊਣ ਲਈ ਮਜਬੂਰ ਕਰ ਦਿੱਤਾ ਸੀ।ਆਦ ਧਰਮ ਲਹਿਰ ਦੇ ਪ੍ਰਚਾਰ ਦੇ ਕਾਰਨ ਦਲਿਤ ਜਾਗਣ ਲੱਗਾ ਤੇ ਉਹ ਸਨਾਤਨੀ ਸੰਸਕਾਰਾਂ ਦੇ ਖੋਖਲੇਪਣ ਨੂੰ ਸ਼ਰ੍ਹੇ ਬਜ਼ਾਰ ਨੰਗਾ ਕਰਨ ਲੱਗਾ।ਕੇਂਦਰੀ ਪਾਤਰ ਜੋ ਹਾਲੇ ਬੱਚਾ ਹੈ ਉਹ ਵੀ ਦਲਿਤ ਵਧੀਕੀਆਂ ਨੂੰ ਪਛਾਨਣ ਲੱਗਦਾ ਹੈ।ਇਸ ਨਾਵਲ ਵਿਚ ਭਾਵੇਂ ਸਥਿਤੀਆਂ\ਘਟਨਾਵਾਂ ਦੇ ਸਿਰਜਣ ਵਿਚੋਂ ਦਲਿਤ ਸ਼ੋਸ਼ਣ ਨੂੰ ਉਜਾਗਰ ਕਰਨ ਤੋਂ ਦੂਰੀ ਬਣਾ ਕੇ ਰੱਖੀ ਗਈ ਹੈ ਪਰ ਫਿਰ ਵੀ ਪਾਤਰਾਂ ਦੇ ਪ੍ਰਤੀਕਰਮ ਵਿਚੋਂ ਦਲਿਤ ਵਿਰੋਧੀ ਮਾਨਤਾਵਾਂ ਦੇ ਖਿਲਾਫ ਪ੍ਰਚੰਡ ਰੋਹ ਤੇ ਨਕਾਰ ਦੇ ਭਾਵ ਥਾ-ਥਾਂ ਮਿਲਦੇ ਹਨ।ਇਸ ਨਾਵਲੀ ਬਿਰਤਾਂਤ ਦੇ ਇਤਿਹਾਸਕ ਪਿਛੋਕੜ ਨੂੰ ਦੇਖਿਆ ਜਾਵੇ ਤਾਂ ਇਹ ਉਸ ਵੇਲੇ ਨੂੰ ਪੁਨਰ ਸੁਰਜੀਤ ਕਰਦਾ ਹੈ ਜਦੋਂ ਇੰਤਕਾਲੇ ਅਰਾਜ਼ੀ ਐਕਟ ਲਾਗੂ ਸੀ ਤੇ ਦਲਿਤਾਂ ਨੂੰ ਆਪਣੇ ਢਾਰੇ-ਛੰਨਾਂ ਨੁਮਾਂ ਬਣਾਏ ਘਰਾਂ ਉੱਤੇ ਵੀ ਮਾਲਕੀ ਹੱਕ ਪ੍ਰਾਪਤ ਨਹੀਂ ਸੀ।ਡਾਢੇ ਜ਼ਿੰਮੀਦਾਰ ਆਪਣੀ ਮਾਲਕੀ ਦਾ ਹੱਕ ਜਤਾਉਂਦੇ ਹੋਏ ਉਨ੍ਹਾਂ ਦੇ ਘਰਾਂ ਵਿਚੋਂ ਦਰਖਤ ਵੱਢ ਲੈ ਜਾਂਦੇ।ਦਲਿਤਾਂ ਕੋਲੋਂ ਵਗਾਰ ਕਰਾਉਣੀ ਉਹ ਆਪਣਾ ਅਧਿਕਾਰ ਸਮਝਦੇ।ਮਰੇ ਪਸ਼ੂਆਂ ਨੂੰ ਚੁੱਕਣ ਦੇ ਇਵਜ਼ ਵਿਚ ਜੁੱਤੀਆਂ ਬਣਾ ਕੇ ਦੇਣੀਆਂ ਪੈਂਦੀਆਂ।ਸਕੂਲਾਂ ਵਿਚ ਪੜ੍ਹਨ ਜਾਣ ਵਾਲੇ ਬੱਚਿਆਂ ਨਾਲ ਛੂਆ-ਛਾਤ ਦੇ ਨਾਂ ਤੇ ਵਧੀਕੀਆਂ ਹੁੰਦੀਆਂ।‘1920 ਵਿਆਂ ਵਿਚ ਅਛੂਤਾਂ ਦੀ ਸਮਾਜਿਕ ਸਥਿਤੀ’ਲੇਖ ਵਿਚ ਬਲਬੀਰ ਮਾਧੋਪੁਰੀ ਲਿਖਦਾ ਹੈ ‘ਅੰਗਰੇਜ਼ਾਂ ਨੇ ਵਰਣ-ਵਿਵਸਥਾ ਦੇ ਸੰਚਾਲਕਾਂ ਦੀ ਸ਼ਹਿ ਉੱਤੇ ਕਈ ਕਾਨੂੰਨ ਬਣਾਏ ਜਿਵੇਂ ਪੰਜਾਬ ਲੈਂਡ ਰੈਵੇਨਿਊ ਐਕਟ 1887 ਦੀ ਪੈਰਵੀ ਵਿਚ ਇੰਤਕਾਲ ਇਰਾਜ਼ੀ ਐਕਟ-1900(ਲ਼ੳਨਦ ਅਲਇਨੳਟੋਿਨ ਅਚਟ,1900) ਅਤੇ ਗੌਰਮਿੰਟ ਆਫ ਇੰਡੀਆ ਐਕਟ ਆਫ 1919 ਬਣਾਏ ਜੋ ਜ਼ਿੰਮੀਦਾਰਾਂ ਨੂੰ ਜ਼ਮੀਨ ਖਰੀਦਣ-ਵੇਚਣ ਦਾ ਅਧਿਕਾਰ ਦਿੰਦੇ ਸਨ ਪਰ ਅਛੂਤਾਂ ਉੱਤੇ ਪਾਬੰਦੀ ਲਾਉਂਦੇ ਸੀ ਕਿ ਉਹ ਮਕਾਨ ਪਾਉਣ ਲਈ ਜ਼ਮੀਨ ਨਹੀਂ ਖਰੀਦ ਸਕਦੇ।ਉਨ੍ਹਾਂ ਕਾਨੂੰਨਾਂ ਤਹਿਤ ਇਸ ਧਰਤੀ ਦੀਆਂ ਸਿਰਫ 12 ਮਾਲਕ ਤੇ ਬਾਕੀ ਸਭ ਗੈਰ-ਮਰੂਸੀ ਸਨ...ਜਿਨ੍ਹਾਂ ਘਰਾਂ ਵਿਚ ਅਛੂਤ ਰਹਿੰਦੇ ਸਨ ਉਹ ਜ਼ਿੰਮੀਦਾਰ ਦੀ ਹੁੰਦੀ ਸੀ(ਇਸ ਨੂੰ ਮੌਰੂਸੀ ਕਹਿੰਦੇ ਸਨ)...ਅਛੂਤਾਂ ਲਈ ਮਕਾਨ ਵਾਸਤੇ ਜਗਹ ‘ਰਜਤਨਾਮਾ’(ਭਾਵ ਜ਼ਿੰਮੀਦਾਰ ਦੀ ਰਜ਼ਾ ਕਰਕੇ ਮਿਲਿਆ ਅਖਤਿਆਰ)ਵੱਜੋਂ ਹੁੰਦੀ ਸੀ।*8 ਦਲਿਤ ਔਰਤਾਂ ਨੂੰ ਆਸਾਨੀ ਨਾਲ ਹਵਸ ਦਾ ਸ਼ਿਕਾਰ ਬਣਾ ਲਿਆ ਜਾਂਦਾ।ਦੂਜੇ ਪਾਸੇ ਮਰਦ ਪ੍ਰਧਾਨ ਬ੍ਰਾਹਮਣਵਾਦੀ ਰਹੁ-ਰੀਤਾਂ ਦੇ ਪ੍ਰਭਾਵ ਕਰਕੇ ਬਾਲ ਵਿਆਹ ਦੀ ਖੁੱਲ੍ਹ ਤੇ ਵਿਧਵਾ ਵਿਆਹ ਤੇ ਸਮਾਜਿਕ ਪਾਬੰਦੀ ਦਾ ਚਲਨ ਸੀ।ਇਸੇ ਕਰਕੇ ਦਲਿਤ ਲੋਕਾਂ ਨਾਲ ਹੁੰਦੀ ਛੂਆ-ਛਾਤ ਤੇ ਸਮਾਜਿਕ ਤ੍ਰਿਸਕਾਰ ਦੇ ਵੇਰਵੇ ਪਾਤਰਾਂ ਦੇ ਪ੍ਰਤੀਕਰਮ ਰਾਹੀਂ ਗਾਹੇ-ਬਗਾਹੇ ਕਥਾ-ਬਿਰਤਾਂਤ ਦਾ ਅੰਗ ਬਣ ਕੇ ਪੇਸ਼ ਹੁੰਦੇ ਹਨ।ਕਿਧਰੇ ਕਿਧਰੇ ਇਨ੍ਹਾਂ ਸੰਸਕਾਰਾਂ ਦੇ ਵਿਰੁੱਧ ਤਨਜ਼ ਤੇ ਠਿੱਠ ਵੀ ਮਿਲਦਾ ਹੈ।ਔਰਤਾਂ ਦੀ ਗੱਲਬਾਤ ਦੀ ਇਕ ਝਾਕੀ ਦੇਖੋ:
ਕਥਾ ਕਰਨ ਆਲੇ ਕਈ ਕੁਛ ਦੱਸਦੇ ਆ,ਅਖੇ ਜਨੌਰ ਉੜਦਾ ਜਾਂਦਾ ਸੀ ਉਸ ਦੀ ਇਕ ਬੂੰਦ ਸਿੱਧੀ ਫਲਾਣੀ ਦੇ ਮੂੰਹ ’ਚ ਡਿੱਗੀ ਤੇ ਉਹਨੂੰ ਗਰਭ ਠਹਿਰ ਗਿਆ..।ਇੰਨਾ ਕਹਿ ਕੇ ਜੀਤੋ ਦਾਦੀ ਆਪੇ ਹੱਸ ਪਈ।
ਭੈਣੇ ਆਪਾਂ ਨੂੰ ਨਿਆਣੇ ਕਿਦਾਂ ਜੰਮੇ,ਸਾਨੂੰ ਪਤਾ,ਕੁਦਰਤ ਤੋਂ ਬਾਹਰਾ ਕੁਛ ਨੲ੍ਹੀਂ…ਝੂਠ,ਦੰਭ ਜਾਂ ਪਾਖੰਡ ਦੀ ਕੋਈ ਹੱਦ ਥੋੜੋ ਹੁੰਦੀ ਆ’।*9
ਇੰਜ ਲੇਖਕ ਇਕ ਪਾਸੇ ਬਾਬਾ ਮੰਗੂ ਰਾਮ ਦੀ ਜਾਗ੍ਰਿਤੀ ਲਹਿਰ ਨੂੰ ਵੀ ਪ੍ਰਸਤੁਤ ਕਰ ਰਿਹਾ ਤੇ ਦੂਜੇ ਪਾਸੇ ਬ੍ਰਾਹਮਣਵਾਦੀ ਸੰਸਕਾਰਾਂ ਦੇ ਖਿਲਾਫ਼ ਦਲਿਤ ਪ੍ਰਤੀਰੋਧ ਨੂੰ ਰੇਖਾਂਕਿਤ ਕਰ ਰਿਹਾ ਹੈ।ਇਹ ਵੇਰਵੇ ਕਈ ਥਾਈਂ ਮੋਨੋਲਾਗ ਦਾ ਭੁਲੇਖਾ ਵੀ ਪੈਦਾ ਕਰ ਦਿੰਦੇ ਹਨ।ਕਿਉਂਕਿ ਇਸ ਨਾਵਲੀ ਬਿਰਤਾਂਤ ਦੀ ਪ੍ਰਮੁੱਖ ਜੁਗਤ ਬਾਬੇ ਦੁਆਰਾ ਪੋਤੇ ਨੂੰ ਜੀਵਨ ਅਨੁਭਵ ਤੇ ਵਸਤੂ-ਯਥਾਰਥ ਦੀ ਸੋਝੀ ਕਰਵਾਉਣ ਵਾਲੀ ਹੈ।ਇਸ ਕਰਕੇ ਅਨੇਕਾਂ ਥਾਵਾਂ ਤੇ ਬਾਬਾ ਪੋਤੇ ਨੂੰ ਭਾਵਨਾਤਮਿਕ ਤੇ ਪ੍ਰਵਚਨੀ ਅੰਦਾਜ਼ ਵਿਚ ਛੂਤ-ਛਾਤ ਤੇ ਦਲਿਤ ਵਿਰੋਧੀ ਪ੍ਰਸਥਿਤੀਆਂ ਦੀ ਜਾਣਕਾਰੀ ਦਿੰਦਾ ਜਾਂਦਾ ਹੈ।
ਇਸ ਨਾਵਲ ਦੀ ਵੱਡੀ ਖੂਬਸਰਤੀ ਉਸ ਦੌਰ ਵਿਚ ਦੁਆਬੇ ਦੇ ਪੌਣ-ਪਾਣੀ ਤੇ ਸਾਦ ਮੁਰਾਦੇ ਜੀਵਨ ਦੀ ਤਸਵੀਰਕਸ਼ੀ ਕਰਨਾ ਹੈ।ਇਹ ਕਿਸੇ ਲੇਖਕ ਦੀ ਸ਼ੈਲੀ ਦਾ ਉੱਤਮ ਗੁਣ ਹੁੰਦਾ ਹੈ ਕਿ ਉਹ ਹੋਏ ਬੀਤੇ ਯੁੱਗ ਦੀਆਂ ਸਥਿਤੀਆਂ ਨੂੰ ਜਾਗ੍ਰਿਤ ਕਰ ਦੇਵੇ।ਸਾਡੀ ਜਾਚੇ ਇਹ ਕਿਸੇ ਲੇਖਕ ਲਈ ਵੱਡਾ ਚੈਲੰਜ ਵੀ ਹੁੰਦਾ ਹੈ ਕਿ ਉਹ ਇਤਿਹਾਸਕ ਪਿਛੋਕੜ ਦੇ ਸਮਾਨਾਂਤਰ ਸਮਾਜਿਕ,ਆਰਥਿਕ, ਸਾਂਸਕ੍ਰਿਤਕ ਤੇ ਪ੍ਰਕਿਰਤਕ ਪਿੱਠਭੂਮੀ ਨੂੰ ਵੀ ਸਾਕਾਰ ਕਰ ਸਕਦਾ ਹੈ ਜਾਂ ਨਹੀਂ? ਇਸ ਨੁਕਤੇ ਦੇ ਮਾਮਲੇ ਵਿਚ ਬਲਬੀਰ ਮਾਧੋਪੁਰੀ ਖਰਾ ਉਤਰਦਾ ਹੈ।ਇਸ ਸਬੰਧ ਵਿਚ ਉਸਦਾ ਜੀਵਨ ਅਨੁਭਵ ਵੀ ਕੰਮ ਆਉਂਦਾ ਲੱਗਦਾ ਹੈ।ਪਰ ਲਿਖਣ ਦੇ ਕਾਰਜ ਨੂੰ ਪ੍ਰਣਾਏ ਲੇਖਕ ਦੀ ਕਾਮਯਾਬੀ ਦਾ ਇਹ ਸਬੂਤ ਵੀ ਹੁੰਦਾ ਹੈ ਕਿ ਤੁਹਾਡਾ ਜੀਵਨ ਅਨੁਭਵ ਵਿਸ਼ਾਲ ਵੀ ਹੋਵੇ ਨਾਲ ਦੀ ਨਾਲ ਤੁਹਾਡੇ ਕੋਲ ਪ੍ਰੰਪਰਿਕ ਜੀਵਨ-ਜਾਚ ਨੂੰ ਰੁਪਾਂਤਰਿਤ ਕਰਨ ਵਾਲੀ ਸ਼ਬਦਾਵਲੀ ਤੇ ਉਸਨੂੰ ਸਾਕਾਰ ਕਰਨ ਗੋਚਰਾ ਮੁਹਾਵਰਾ ਵੀ ਹੋਵੇ।ਇਸ ਸਬੰਧ ਵਿਚ ਇਹ ਹਵਾਲਾ ਦੇਖਣਾ ਬਣਦਾ ਹੈ:
ਦਰਅਸਲ ਮਾਂ ਤੇ ਦਾਦੀ ਦੇ ਹੱਥਾਂ ਦੀਆਂ ਬਣਾਈਆਂ ਰੋਟੀਆਂ,ਦੁੱਪੜਾਂ,ਵੱਡੇ ਵੱਡੇ ਫੁੱਲਕੇ,ਖਮੀਰੇ ਆਟੇ ਦੇ ਤੰਦੂਰੀ ਬੱਬਰੂ,ਤੁਖ੍ਹਾਰ ਲਾ ਕੇ ਬਣਾਇਆ ਖੱਟਾ ਤੇ ਅੰਬਾਂ ਦਾ ਛਿੱਛਾ ਖਾਣ ਲਈ ਮੈਂ ਤਰਸਿਆ ਹੋਇਆ ਸੀ।*10
ਹੁਣ ਮੇਰੇ ਸਕੂਲ ਦਾ ਰਾਹ ਵੀ ਮੇਰੇ ਪੈਰੀਂ ਲੱਗ ਗਿਆ ਹੋਇਆ ਸੀ।ਪਹਿਲਾਂ ਦਾਦੂਵਾਲ,ਫਿਰ ਭੁੱਚੋ,ਉਹਤੋਂ ਅੱਗੇ ਚੱਬੇਵਾਲ,ਕੈਂਪ ਤੇ ਫਿਰ ਛੋਟੇ ਬਜਵਾੜੇ ਨੂੰ ਜਾਂਦਿਆਂ ਰਾਹ ਦੇ ਦੁਵੱਲੇ ਬੂਝਿਆਂ ਦੀ ਸਰਸਰ,ਟਾਹਲੀਆਂ ਦੀਆਂ ਸੰਘਣੀਆਂ ਝਿੜੀਆਂ ਵਿਚੋਂ ਆਉਂਦੀਆਂ ਡਰਾਉਣੀਆਂ ਆਵਾਜਾਂ ਨਾਲ ਮੈਂ ਪਹਿਲਾਂ ਵਾਂਗ ਨਾ ਘਬਰਾਉਂਦਾ।ਚੱਬੇਵਾਲ ਦਾ ਚੋਅ ਹੁੰਦਾ ਚਾਹੇ ਚੱਗਰਾਂ ਦਾ,ਮੀਂਹ ਪਿਆ ਹੁੰਦਾ ਭਾਵੇਂ ਨਾ,ਉਹ ਹਮੇਸ਼ਾ ਵਗਦਾ ਰਹਿੰਦਾ।ਜਦੋਂ ਸਾਡੇ ਪਾਸੇ ਧੁੱਪ ਨਿਕਲੀ ਹੁੰਦੀ ਤੇ ਪਹਾੜ ’ਚ ਮੀਂਹ ਵਰ੍ਹਿਆ ਹੁੰਦਾ ਤਾਂ ਇਹ ਦੋਵੇਂ ਚੋਅ ਚੜ੍ਹ ਜਾਂਦੇ।ਲੋਕ ਚੋਆ ਦੇ ਆਰ ਪਾਰ ਪਾਣੀ ਦੇ ਲਹਿ ਜਾਣ ਦੀ ਇੰਤਜ਼ਾਰ ਕਰਦੇ ਰਹਿੰਦੇ।*11
ਇੰਜ ਨਾਵਲਕਾਰ ਕੋਲ ਪੁਰਾਣੀ ਰਹਿਤਲ ਨੂੰ ਸਾਕਾਰ ਕਰਨ ਦੇ ਲਈ ਢੁੱਕਵੀਂ ਸ਼ਬਦਾਵਲੀ ਤੇ ਮੁਹਾਵਰਾ ਮੌਜੂਦ ਹੈ।ਨਿਰਾ ਏਹੀ ਨਹੀਂ ਉਸ ਕੋਲ ਉਸ ਜ਼ਮਾਨੇ ਦੇ ਵਪਾਰਕ ਕਾਰੋਬਾਰ ਖਾਸ ਕਰਕੇ ਚਮੜੇ (ਉਸਦੀ ਪ੍ਰਕਿਰਿਆ ਤੇ ਮੰਡੀਕਰਣ) ਦੇ ਕਾਰੋਬਾਰ ਦੀ ਪੁਖਤਾ ਜਾਣਕਾਰੀ ਹੈ।ਨਾਵਲਕਾਰ ਦੀ ਕਲਾਤਮਕ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਉਹ ਇਸ ਕਾਰੋਬਾਰ ਨਾਲ ਸਬੰਧਤ ਜਾਣਕਾਰੀ ਦਾ ਵਿਆਖਿਆਨ ਨਹੀਂ ਕਰਦਾ ਸਗੋਂ ਸਥਿਤੀਆਂ ਦੀ ਉਸਾਰੀ ਕਰਦਾ ਹੋਇਆ ਇਕ ਸਜੀਵ ਮਾਹੌਲ\ਦ੍ਰਿਸ਼ ਸਿਰਜ ਦਿੰਦਾ ਹੈ।ਉਹ ਉਨ੍ਹਾਂ ਸਮਿਆਂ ਦੇ ਏਧਰਲੇ ਪੰਜਾਬ ਖਾਸ ਕਰਕੇ ਜੈਜੋਂ ਦੇ ਬਜ਼ਾਰ ਦਾ ਦ੍ਰਿਸ਼ ਅਤੇ ਮੁਲਤਾਨ ਦੇ ਬਜ਼ਾਰਾਂ ਦਾ ਦ੍ਰਿਸ਼ ਵੀ ਉਨੀ ਹੀ ਕਾਬਲੀਅਤ ਨਾਲ ਚਿਤਰ ਦਿੰਦਾ ਹੈ।ਦੂਜੀ ਸੰਸਾਰ ਜੰਗ ਦੇ ਨਾਲ ਚਮੜੇ ਦੀਆਂ ਵਸਤਾਂ ਦੀ ਮੰਗ ਜ਼ੋਰ ਫੜ ਲੈਂਦੀ ਹੈ ਤੇ ਚਮਾਰ ਬਰਾਦਰੀ ਦੇ ਕਈ ਲੋਕ ਦੀ ਆਰਥਿਕ ਹਾਲਤ ਵਿਚ ਸੁਧਾਰ ਹੋਣ ਲੱਗਦਾ ਹੈ।ਕੇਂਦਰੀ ਪਾਤਰ ਲਾਹੌਰ ਤੇ ਮੁਲਤਾਨ ਤੱਕ ਇਸ ਕਾਰੋਬਾਰ ਦੇ ਸਿਲਸਿਲੇ ਵਿਚ ਤੁਰਿਆ ਫਿਰਦਾ ਹੈ।ਇੰਜ ਨਾਵਲਕਾਰ ਉਨ੍ਹਾਂ ਸਮਿਆਂ ਦਲਿਤ ਲੋਕਾਂ ਦੀ ਆਰਥਿਕ ਤਰੱਕੀ ਵਿਚ ਮੱਦਦਗਾਰ ਬਣੇ ਚਮੜੇ ਦੇ ਕਾਰੋਬਾਰ ਦਾ ਪੂਰਾ ਭਰਵਾਂ ਗਲਪੀ-ਬਿੰਬ ਉਸਾਰਨ ਵਿਚ ਕਾਮਯਾਬ ਹੁੰਦਾ ਹੈ।ਇਹ ਇਸ ਨਾਵਲ ਦੀ ਵਿਲੱਖਣਤਾ ਵੀ ਹੈ ਤੇ ਕਲਾਤਮਿਕ ਖੂਬਸੂਰਤੀ ਵੀ ਕਿ ਲੇਖਕ ਸਾਂਝੇ ਪੰਜਾਬ ਵਿਚ ਕਾਰੋਬਾਰ ਤੇ ਵਪਾਰ ਦੇ ਸਜੀਵ ਦ੍ਰਿਸ਼ ਸਿਰਜ ਕੇ ਅਤੀਤ ਦੇ ਇਕ ਜਾਨਣਯੋਗ ਤੇ ਦਿਲਚਸਪ ਵਾਕਿਆ ਨੂੰ ਉਜਾਗਰ ਕਰ ਦਿੰਦਾ ਹੈ।ਇਥੇ ਲੇਖਕ ਮੁਲਤਾਨ ਦੀ ਮੰਡੀ ਦਾ ਦ੍ਰਿਸ਼ ਇੰਜ ਪੇਸ਼ ਕਰਦਾ ਹੈ:
ਰੇਲੂ ਰਾਮ ਦਾ ਜੁੱਤੀ-ਜੋੜੇ,ਕਾਠੀਆਂ,ਲਗਾਮਾਂ,ਧਲਿਆਰਿਆਂ ਵਾਲਾ ਇਕ ਵਪਾਰੀ ਕਿਤੇ ਗਿਆ ਹੋਣ ਕਰਕੇ ਮੇਲ-ਮੁਲਾਕਾਤ ਦੀ ਗੱਲ ਦੋ ਦਿਨ ਅੱਗੇ ਪੈ ਗਈ।ਗਾਂ,ਮੱਝ,ਭੇਡ,ਬੱਕਰੀ,ਊਠ,ਚੋਰੀ-ਚੋਰੀ ਮਾਰੇ ਹਿਰਨਾਂ ਦੀਆਂ ਖੱਲਾਂ ਦਾ ਵਪਾਰੀ ਇਸ ਬਜ਼ਾਰ ਦੇ ਸਿਰੇ ’ਤੇ ਸੀ।ਅਸੀਂ ਖਜ਼ੂਰਾਂ ਖਾਂਦਿਆਂ ਨੇ ਸਜਿਆ-ਧਜਿਆ ਤੇ ਚੰਗੀ ਸੁਹਬਤ ਵਾਲਾ ਬਜ਼ਾਰ ਆਪਣੀਆਂ ਨਜ਼ਰਾਂ ਨਾਲ ਛਾਣ ਸੁੱਟਿਆ।ਆਖਰ ਸ਼ੇਖਾਂ ਤੇ ਖੋਜਿਆਂ ਦੇ ਕਾਰੋਬਾਰ ਵਾਲੇ ਗੜ੍ਹ ਪਹੁੰਚੇ।ਮੈਨੂੰ ਬੂਟਾ ਮੰਡੀ ਜਲੰਧਰ ਬਦੋਬਦੀ ਯਾਦ ਆ ਗਈ ਕਿਉਂਕਿ ਸਿਰ ਨੂੰ ਮੁਸਕ ਚੜ੍ਹਨਾ ਕਾਫੀ ਪਹਿਲਾਂ ਸ਼ੁਰੂ ਹੋ ਗਿਆ ਸੀ।*12
ਇਸ ਤਰ੍ਹਾਂ ਨਾਵਲਕਾਰ ਤੱਤਕਾਲੀ ਸਮਾਜ ਦੀ ਆਰਥਿਕਤਾ ਵਿਚ ਚਮੜੇ ਦੇ ਵਪਾਰ ਤੇ ਕਾਰੋਬਾਰ ਨਾਲ ਦਲਿਤਾਂ ਦੇ ਜੀਵਨ ਵਿਚ ਆ ਰਹੇ ਨਵੇਂ ਮੋੜੇ ਨੂੰ ਬਾਖੂਬੀ ਚਿਤਰਦਾ ਹੈ ਜਿਸਨੇ ਨਾਲ ਦੀ ਨਾਲ ਦਲਿਤ ਰਾਜਸੀ ਚੇਤਨਾ ਨੂੰ ਵੀ ਪ੍ਰਚੰਡ ਕੀਤਾ।ਇਸ ਗੱਲ ਦਾ ਇਜ਼ਹਾਰ ਉਸ ਗਲਪੀ ਕਥਾਨਕ ਵਿਚ ਵੀ ਪਿਆ ਹੈ ਜਦੋਂ ਕੇਂਦਰੀ ਪਾਤਰ ਨੂੰ ਨਵਾਂ ਸਾਈਕਲ ਮਿਲ ਜਾਂਦਾ ਹੈ। ਲੇਖਕ ਉਨ੍ਹਾਂ ਸਮਿਆਂ ਵਿਚ ਪੰਜਾਬ ਦੇ ਬਜ਼ਾਰ ਵਿਚ ਸਾਈਕਲ ਦਾ ਆਉਣਾ, ਲੋਕਾਂ ਦੀ ਉਤਸੁਕਤਾ ਤੇ ਲੋਕਾਂ ਦੀ ਪੁੱਜਤ ਨਾ ਹੋਣ ਦਾ ਦ੍ਰਿਸ਼ ਸਾਕਾਰ ਕਰਦਾ ਹੋਇਆ ਇਕ ਦਲਿਤ ਪਰਿਵਾਰ ਕਿਵੇਂ ਇਸ ਨੂੰ ਖਰੀਦ ਲੈਂਦਾ ਹੈ,ਦਾ ਖ਼ੁਲਾਸਾ ਕਰਦਾ ਹੈ।
ਇਸ ਨਾਵਲੀ ਬਿਰਤਾਂਤ ਵਿਚ ਇਕ ਹੋਰ ਗੌਲਣਯੋਗ ਕਥਾਨਕ ਜੈਜੋਂ ਮੰਡੀ ਵਿਚ ਕੰਜਰਾਂ ਦੇ ਮਹੱਲੇ ਦਾ ਹੈ ਜਿਥੇ ਤਵਾਇਫ ਦਾ ਧੰਦਾ ਕਰਨ ਵਾਲੀ ਫਾਤਿਮਾ ਨਾਂ ਦੀ ਔਰਤ ਦੇ ਆਲੇ ਦੁਆਲੇ ਇਸਨੂੰ ਉਣਿਆ ਗਿਆ ਹੈ।ਇਸ ਕਥਾਨਕ ਰਾਹੀਂ ਨਾਵਲਕਾਰ ਇਕ ਤਾਂ ਵਪਾਰ ਦੀ ਮੰਡੀ ਵਿਚ,ਬਜ਼ਾਰ ਦੀ ਵਿਭਚਾਰੀ ਬਿਰਤੀ ਨੂੰ ਦਰਸਾਉਣਾ ਚਾਹੁੰਦਾ ਹੈ ਜਿਥੇ ਧਨਾਡ ਸ਼ਾਹੂਕਾਰ ਤੇ ਵਪਾਰੀ ਆਪਣੀ ਜਿਣਸੀ ਭੁੱਖ ਲਈ ਔਰਤ ਨੂੰ ਬਜ਼ਾਰ ਦੀ ਵਸਤੂ ਵਾਂਗ ਖਰੀਦ ਸਕਦਾ ਹੈ।ਦੂਜਾ-ਉਹ ਸੁੱਚ-ਭਿੱਟ ਦੇ ਕਦਰ-ਪ੍ਰਬੰਧ ਨੂੰ ਵੀ ਉਧੇੜਨਾ ਚਾਹੁੰਦਾ ਹੈ ਜਿਥੇ ਬਜ਼ਾਰ ਵਿਚ ਬੈਠੀ ਔਰਤ ਉੱਚੀ ਕੁਲ ਦੇ ਸ਼ਾਹੂਕਾਰ ਲਈ,ਕਿਸੇ ਵੀ ਜਾਤ ਜਾਂ ਧਰਮ ਦੀ ਹੋਵੇ ਉਹ ਸਿਰਫ ਵਰਤਣ ਦੀ ਸ਼ੈਅ ਹੈ।ਤੀਜਾ-ਉਹ ਆਪਣੇ ਬਾਬੇ ਦੇ ਕਿਰਦਾਰ ਨੂੰ ਪੂਜਣਯੋਗ ਬਣਾਉਣਾ ਚਾਹੁੰਦਾ ਹੈ ਜਿਹੜਾ ਇਸ ਔਰਤ ਨਾਲ ਆਪਣੀ ਧੀ ਵਾਂਗ ਵਿਹਾਰ ਕਰਦਾ ਹੈ ਤੇ ਉਸਨੂੰ ਇਸ ਧੰਦੇ ਦਾ ਤਿਆਗ ਕਰ ਦੇਣ ਵਿਚ ਸਹਾਇਤਾ ਕਰਦਾ ਹੈ।ਚੌਥਾ ਲੇਖਕ ਦੇਸ਼ ਵੰਡ ਦੇ ਔਖੇ ਸਮੇਂ ਨੂੰ ਵੀ ਨਾਵਲੀ ਬਿਰਤਾਂਤ ਦੀ ਇਤਿਹਾਸਕ ਪਿੱਠਭੂਮੀ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ ਜਿਥੇ ਇਨ੍ਹਾਂ ਔਰਤਾਂ ਨੂੰ ਬੇਪੱਤੀ ਤੋਂ ਬਚਾਉਣ ਲਈ ਬਾਬਾ ਆਪਣੇ ਘਰ ਵਿਚ ਠਾਹਰ ਦਿੰਦਾ ਹੈ।ਇਹੀ ਨਹੀਂ ਉਹ ਆਪਣੇ ਪੋਤੇ ਨਾਲ ਉਸਦਾ ਵਿਆਹ ਕਰਕੇ ਉਸ ਨੂੰ ਆਪਣੇ ਘਰ ਵਿਚ ਸਨਮਾਨਯੋਗ ਥਾਂ ਦਿੰਦਾ ਹੈ।ਨਾਵਲ ਵਿਚ ਇਹ ਕਥਾਨਕ ਵੱਡੇ ਅੰਤਰਾਲ ਵਿਚ ਫੈਲਿਆ ਹੋਇਆ ਹੈ।ਲੇਖਕ ਫਾਤਿਮਾ ਦੇ ਕਿਰਦਾਰ ਨੂੰ ਉਸਦੇ ਰੰਗ-ਰੂਪ,ਚਾਲ-ਢਾਲ ਤੇ ਪਹਿਨਾਵੇ ਦੇ ਨਾਲ ਨਾਲ ਗੱਲਬਾਤ ਵਿਚੋਂ ਇਸ ਕਦਰ ਉਸਾਰਦਾ ਹੈ ਕਿ ਉਹ ਵਿਭਚਾਰੀ ਕਰਮ ਕਰਦੀ ਹੋਈ ਵੀ ਉੱਚੇ ਕਿਰਦਾਰ ਦੀ ਔਰਤ ਬਣ ਕੇ ਪੇਸ਼ ਹੁੰਦੀ ਹੈ।ਹਵਾਲੇ ਲਈ ਦੇਖੋ:
ਫਾਤਿਮਾ ਪਹਿਲਾਂ ਵਾਂਗ ਪੁਰਾਣਾ ਕਿੱਸਾ ਛੇੜਦੀ ਕਹਿਣ ਲੱਗੀ, ‘ਕਦੇ ਔਰਤ ਜ਼ਾਤ ਨੂੰ ਵੀ ਨਜਾਤ ਹਾਸਲ ਹੋਊਗੀ ਬਾਬਾ ਕਿ ਤੇਰੀਆਂ ਬਣਾਈਆਂ ਜੁੱਤੀਆਂ ਵਾਂਗੂੰ ਸਾਰਿਆਂ ਦੇ ਪੈਰਾਂ ਥੱਲੇ ਘਿਸਦੀ ਰਹੂਗੀ।...ਹੋਰ ਦੱਸਾਂ-ਮੈਂ ਪਿਛਲੇ ਦਿਨੀਂ ਚੱਕਲਾ ਚਲਾਉਂਦੀ ਉਸ ਸੈਂਤਲਬਾਜ਼ ਨੂੰ ਕਿਹਾ ਪਈ ਮੈਂ ਇਨ੍ਹਾਂ ਸਾਰੀਆਂ ਰੰਡੀਆਂ ਦਾ ਕੱਪੜਾ-ਲੀੜਾ ਧੋ ਦਿਆ ਕਰੂੰਗੀ,ਦਾਲ-ਸਬਜ਼ੀ ਜ਼ਾਇਕੇਦਾਰ ਬਣਾ ਦਊਂਗੀ,ਖਾਲੀ ਵਕਤ ਪੜ੍ਹ ਲਿਆ ਕਰੂੰਗੀ,ਤੂੰ ਬਸ ਮੈਨੂੰ ਰੋਟੀ-ਕਪੜਾ ਦੇ ਦਈਂ...।ਮੈਂ ਬਥੇਰਾ ਕਹਿੰਦੀ ਆਂ ਪਈ ਮੇਰਾ ਇਕੋ ਪੇਟ ਆ,ਗਾਂ ਵਾਂਗ ਚਾਰ ਨਹੀਂ,ਪਰ ਮੇਰੀ ਕੋਈ ਨਹੀਂ ਸੁਣਦਾ।*13
ਇੰਜ ਲੇਖਕ ਇਸ ਔਰਤ ਦੇ ਕਿਰਦਾਰ ਰਾਹੀਂ ਇਸ ਧੰਦੇ ਵਿਚ ਫਸੀ ਔਰਤ ਦੀ ਲਾਚਾਰੀ ਨੂੰ ਦਿਖਾਉਂਦਾ ਹੋਇਆ ਜਗੀਰੂ ਤੇ ਬ੍ਰਾਹਮਣਵਾਦੀ ਕਦਰ-ਪ੍ਰਬੰਧ ਵਿਚ ਸਾਧਨਹੀਣ ਜਮਾਤ ਦੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦੀ ਬਾਤ ਪਾਉਣਾ ਚਾਹੁੰਦਾ ਹੈ।ਇਹ ਉਹ ਪ੍ਰਬੰਧ ਹੈ ਜਿਸ ਵਿਚ ਦਲਿਤ ਤੇ ਔਰਤ ਨੇ ਸਭ ਤੋਂ ਵੱਧ ਜ਼ੁਲਮ ਸਹਿਣ ਕੀਤਾ।ਇਸੇ ਕਰਕੇ ਲੇਖਕ ਇਸ ਕਥਾਨਕ ਰਾਹੀਂ ਇਕ ਤਵਾਇਫ਼ ਔਰਤ ਦੇ ਕਿਰਦਾਰ ਪ੍ਰਤੀ ਸਹਾਨਭੂਤੀ ਦਿਖਾ ਕੇ ਉਸ ਲਈ ਇਸ ਧੰਦੇ ਤੋਂ ਮੁਕਤ ਹੋਣ ਦਾ ਰਾਹ ਤਲਾਸ਼ਦਾ ਹੈ।
ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਇਹ ਨਾਵਲ ਸਵੈਜੀਵਨੀ ਤਰਜ਼ ਦਾ ਹੈ ਜਿਸ ਵਿਚ ਕਥਾਕਾਰ ਲਈ ਕੇਂਦਰੀ ਪਾਤਰ ਦੇ ਪਰਿਵਾਰਕ ਮੈਂਬਰਾਂ ਨਾਲ ਸਾਂਝ ਦਰਸਾਉਣੀ ਜ਼ਰੂਰੀ ਬਣ ਜਾਂਦੀ ਹੈ।ਇਸੇ ਕਰਕੇ ਇਸ ਨਾਵਲ ਦਾ ਕੇਂਦਰੀ ਥੀਮ ਪ੍ਰਮੁੱਖ ਪਾਤਰ ਦੇ ਆਪਣੇ ਬਾਬੇ ਨਾਲ ਸਬੰਧਾਂ ਵਿਚੋਂ ਰੂਪਾਂਤਰਿਤ ਹੁੰਦਾ ਹੈ।ਦੂਜਾ-ਇਹ ਕਿ ਬਾਬਾ ਇਸ ਨਾਵਲ ਵਿਚ ਨਾਇਕ ਦੀ ਭੂਮਿਕਾ ਵੀ ਨਿਭਾਉਂਦਾ ਹੈ।ਕਿਉਂਕਿ ਨਾਵਲ ਦਾ ਮੁੱਖ ਥੀਮ ਜਿਸਦਾ ਇਕ ਇਤਿਹਾਸਕ ਪਿਛੋਕੜ ਹੈ,ਉਸਦਾ ਸਬੰਧ ਪਿਓ ਨਾਲੋਂ ਬਾਬੇ ਦੀ ਕਾਰਜਸ਼ੈਲੀ ਵਿਚੋਂ ਦਿਖਾਉਣਾ ਕਾਲਕ੍ਰਮਕ ਤੌਰ ਤੇ ਵਧੇਰੇ ਪ੍ਰਵਾਨਿਤ ਬਣਦਾ ਹੈ।ਹੁਣ ਕੇਂਦਰੀ ਪਾਤਰ ਦੇ ਮਾਂ-ਪਿਓ ਦੀ ਗੱਲ ਹੋਣੀ ਵੀ ਜ਼ਰੂਰੀ ਹੈ ਜਿਸ ਲਈ ਨਾਵਲਕਾਰ ਇਕ ਵੱਖਰੇ ਉਪ-ਬਿਰਤਾਂਤ ਦੀ ਘਾੜਤ ਘੜਦਾ ਹੈ।ਨਾਵਲ ਦੇ ਆਰੰਭ ਵਿਚ ਹੀ ਇਹ ਮਸਲਾ ਧਿਆਨ ਹੇਠ ਲਿਆਂਦਾ ਗਿਆ ਹੈ ਕਿ ਪਿਓ ਦੀ ਗੁੰਮਸ਼ੁਦਗੀ ਦੀ ਹਾਲਤ ਵਿਚ ਮਾਂ ਨੂੰ ਚਾਚੇ ਨਾਲ ਬਿਠਾ ਦੇਣਾ ਹੈ ਪਰ ਮਾਂ ਦੇ ਦਿਲ ਵਿਚ ਹਾਲੇ ਵੀ ਆਪਣੇ ਪਤੀ ਦੀ ਆਸ ਤੇ ਯਾਦ ਘਰ ਕਰੀਂ ਬੈਠੀ ਹੈ।ਨਾਵਲਕਾਰ ਨੇ ਇਹ ਬਿਰਤਾਂਤ ਨਾਵਲ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਫੈਲਾ ਕੇ ਜਿਥੇ ਬਿਰਤਾਂਤਕ ਕਥਾ ਦੀ ਵਾਸਤਵਿਕਤਾ ਨੂੰ ਬਰਕਰਾਰ ਰੱਖਿਆ ਹੈ ਉਥੇ ਕਥਾ ਦੇ ਸੰਭਾਵੀ ਫੈਲਾਅ ਨੂੰ ਸੂਤਰਬੱਧ ਕਰਨ ਲਈ ਇਸਦੀ ਹੋਂਦ ਨੂੰ ਬਣਾਈ ਰੱਖਿਆ ਹੈ।ਪਿਓ ਦੀ ਅਣਹੋਂਦ ਵਿਚ ਬਾਬਾ ਦਾ ਪੋਤਰੇ ਨਾਲ ਅਚੇਤ ਤੇ ਸੁਚੇਤ ਰੂਪ ਵਿਚ ਵਧੇਰੇ ਮੋਹ-ਭਿੰਨਾ ਰਿਸ਼ਤਾ ਹੈ।ਦੂਜਾ ਉਹ ਉਸਦੇ ਉਜਵਲ ਭਵਿੱਖ ਨੂੰ ਲੈ ਕੇ ਨਵੀਂ ਉਮੰਗ ਤੇ ਉਮੀਦ ਨਾਲ ਭਰਿਆ ਪਿਆ ਹੈ।ਇਸੇ ਕਰਕੇ ਪੈਰ ਪੈਰ ਤੇ ਉਹ ਉਸਨੂੰ ਦਲਿਤ ਲੋਕਾਂ ਦੇ ਨਾਲ ਹੁੰਦੀਆਂ ਸਮਾਜਕ ਵਧੀਕੀਆਂ ਤੇ ਵਿਹਾਰਕ ਜੀਵਨ ਦੇ ਗਿਆਨ ਨਾਲ ਲੈਸ ਕਰਕੇ ਇਕ ਕਾਮਯਾਬ ਮਨੁੱਖ ਬਣਾਉਣ ਦਾ ਸੁਪਨਾ ਦੇਖਦਾ ਹੈ।ਦੂਜਾ ਨਾਵਲਕਾਰ ਇਸ ਨਾਵਲ ਦੇ ਕੈਨਵਸ ਨੂੰ ਵੱਡੇ ਭੂਗੋਲਿਕ ਖਿੱਤੇ ਤੱਕ ਲੈ ਜਾਣਾ ਚਾਹੁੰਦਾ ਹੈ।ਇਸ ਕਰਕੇ ਪਿਓ ਦੀ ਗੁੰਮਸ਼ੁਦਗੀ ਵਿਚ ਪਾਰਲਾ ਪੰਜਾਬ ਉਸਦੀ ਤਲਾਸ਼ ਦਾ ਕੇਂਦਰ ਬਣ ਜਾਂਦਾ ਹੈ।ਇਸ ਬਿਰਤਾਂਤ ਨੂੰ ਵਾਸਤਵਿਕ ਧਰਾਤਲ ਪ੍ਰਦਾਨ ਕਰਨ ਦੇ ਲਈ ਨਾਵਲਕਾਰ ਜਿਥੇ ਚਮੜੇ ਦੇ ਕਾਰੋਬਾਰ ਦੇ ਸਿਲਸਿਲੇ ਵਿਚ ਲਾਹੌਰ ਤੇ ਮੁਲਤਾਨ ਜਾਣ ਅਤੇ ਉਥੋਂ ਦੇ ਬਜ਼ਾਰਾਂ ਤੇ ਵਪਾਰੀਆਂ ਨਾਲ ਸਬੰਧਾਂ ਦੇ ਦ੍ਰਿਸ਼ ਦੀ ਸਿਰਜਣਾ ਕਰਦਾ ਹੈ ਉਥੇ ਆਪਣੇ ਪਿਓ ਦੀ ਤਲਾਸ਼ ਵਿਚ ਉਥੋਂ ਦੀਆਂ ਮਸਜਿਦਾਂ, ਸਰਾਵਾਂ ਦੇ ਭਰਵੇਂ ਦ੍ਰਿਸ਼ ਨੂੰ ਦਿਖਾਉਣ ਦਾ ਸਬੱਬ ਬਣਾ ਲੈਂਦਾ ਹੈ।ਤੀਜਾ-ਨਾਵਲਕਾਰ ਇਨ੍ਹਾਂ ਸਬੰਧਾਂ ਵਿਚੋਂ ਇਕ ਹੋਰ ਮਹੱਤਵਪੂਰਨ ਪਹਿਲੂ ਨੂੰ ਉਭਾਰਨਾ ਚਾਹੁੰਦਾ ਹੈ ਜੋ ਇਨਸਾਨੀ ਭਾਈਚਾਰੇ ਤੇ ਇਤਫਾਕ ਦਾ ਹੈ।ਜਿਸ ਵਿਚ ਧਾਰਮਿਕ ਜਨੂੰਨੀਆਂ ਦੁਆਰਾ ਪੈਦਾ ਕੀਤੀਆਂ ਪਹਿਚਾਣ ਤੇ ਨਫਰਤ ਦੀਆਂ ਵੰਡੀਆਂ ਤੋਂ ਕੋਹਾਂ ਦੀ ਦੂਰੀ ਹੈ।ਇਥੇ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਉਧਰਲਾ ਪੰਜਾਬ ਜੋ ਮੁਸਲਿਮ ਵੱਸੋਂ ਦਾ ਇਲਾਕਾ ਹੈ,ਲੇਖਕ ਨੇ ਮੁਸਲਿਮ ਵਪਾਰੀਆਂ ਤੇ ਹੋਰਨਾਂ ਲੋਕਾਂ ਨਾਲ ਸਬੰਧਾਂ ਵਿਚ ਮਜ਼ਹਬੀ ਜਨੂੰਨ ਤੇ ਵਿਤਕਰੇਬਾਜ਼ੀ ਦਾ ਲੇਸ ਮਾਤਰ ਵੀ ਜ਼ਿਕਰ ਨਹੀਂ ਹੋਣ ਦਿੱਤਾ।ਸਗੋਂ ਲੇਖਕ ਇਹੋ ਜਿਹੀਆਂ ਸਥਿਤੀਆਂ ਦੀ ਸਿਰਜਣਾ ਕਰਦਾ ਹੈ ਜਿਸ ਵਿਚ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜਬੂਤ ਜਾਪਣ।ਇਸੇ ਤਰ੍ਹਾਂ ਜਦੋਂ ਪਿਓ ਬਾਰੇ ਕੁਝ ਕਨਸੋਹਾਂ ਮਿਲ ਜਾਂਦੀਆਂ ਹਨ ਤਾਂ ਇਸ ਸਬੰਧ ਵਿਚ ਲੇਖਕ ਬਾਬੇ ਨੂਰਦੀਨ ਦੁਆਰਾ ਕੀਤੀ ਗਈ ਮੱਦਦ ਰਾਹੀਂ ਇਨਸਾਨੀ ਰਿਸ਼ਤਿਆਂ ਦੀ ਮਿਸਾਲ ਪੇਸ਼ ਕਰਨਾ ਚਾਹੁੰਦਾ ਹੈ।ਇਥੇ ਬਾਬੇ ਨੂਰਦੀਨ ਦੀ ਮੁਲਤਾਨੋਂ ਆਈ ਚਿੱਠੀ ਦਾ ਹਵਾਲਾ ਦੇਖੋ:
ਭਾਈ ਸੰਗਤੀਆ, ਸਲਾਮ! ਅੱਗੇ ਸਮਾਚਾਰ ਇਹ ਹੈ ਕਿ ਮੈਂ ਇਕ ਫੋਟੋ ਭੇਜ ਰਿਹਾ ਹਾਂ।ਜੀਕਣ ਮੈਨੂੰ ਹੁਲੀਆ ਦੱਸਿਆ ਗਿਆ ਵਾ ਉਸ ਮੁਤਾਬਕ ਇਹ ਆਪਣਾ ਪੁੱਤਰ ਜੇ।ਇਹ ਫੋਟੋ ਮੈਂ ਇਕ ਮੇਮ ਨੂੰ ਦਰਖ਼ਾਸਤ ਕਰ ਕੇ ਲਈ ਜਿਹੜੀ ਈਦਗਾਹ ਦੇ ਦਰਸ਼ਨ-ਦੀਦਾਰੇ ਕਰਨ ਆਈ ਸੀ।ਇਹਦੇ ਨਾਲ ਦੀ ਇਕ ਫੋਟੋ ਮੈਂ ਆਪਣੇ ਕੋਲ ਰੱਖ ਲਈ ਜੇ।ਤੁਸੀਂ ਪੁੱਤਰ ਨੂੰ ਮੁਲਤਾਨ ਲੈਣ ਨਾ ਆਇਓ।ਮੈਂ ਇਹਨੂੰ ਸੁਲੇਮਾਨ ਪਹਾੜ ‘ਚ ਰਹਿੰਦੇ ਇਕ ਹਕੀਮ ਕੋਲ ਲੈ ਕੇ ਜਾ ਰਿਹਾਂ।ਦੱਸਦੇ ਨੇ ਕਿ ਦਿਮਾਗੀ ਨੁਕਸ ਦਾ ਬੜਾ ਮਾਹਰ ਜੇ।ਪੁੱਤਰ ਦੇ ਤੰਦਰੁਸਤ ਹੋ ਜਾਣ ਮਗਰੋਂ ਮੈਂ ਤੁਹਾਨੂੰ ਇਤਲਾਹ ਕਰਾਂਗਾ।ਸਾਡੇ ਵੱਲੋਂ ਤੁਹਾਨੂੰ ਦਰਜਾ-ਬਾ-ਦਰਜਾ ਮੁਹੱਬਤ ਭਰਿਆ ਸਲਾਮ।ਗੋਰੇ ਨੂੰ ਪਿਆਰ।
ਤੁਹਾਡਾ ਭਾਈਜਾਨ,ਨੂਰਦੀਨ।*14
ਇਸ ਤਰ੍ਹਾਂ ਨਾਵਲਕਾਰ ਪਿਓ ਦੀ ਗੁੰਮਸ਼ੁਦਗੀ ਵਾਲੇ ਬਿਰਤਾਂਤ ਜ਼ਰੀਏ ਕਈ ਸਾਰੇ ਮਹੱਤਵਪੂਰਨ ਪੱਖਾਂ ਨੂੰ ਚਿਤਰਣ ਦਾ ਸਬੱਬ ਬਣਾ ਲੈਂਦਾ ਹੈ।ਇਸਦੀ ਸ਼ਿਖਰ ਪਿਓ ਦੇ ਤੰਦਰੁਸਤ ਹੋ ਕੇ ਘਰ ਆਉਣ ਨਾਲ ਹੁੰਦੀ ਹੈ ਜਿਸਨੂੰ ਬਾਬਾ ਨੂਰਦੀਨ ਮੁਲਤਾਨ ਤੋਂ ਖੁਦ ਉਨ੍ਹਾਂ ਦੇ ਪਿੰਡ ਲੈ ਕੇ ਆਉਂਦਾ ਹੈ।ਨਿਸ਼ਕਾਮ ਸੇਵਾ ਤੇ ਇਮਦਾਦ ਦਾ ਇਹ ਵਾਕਿਆ ਇਸ ਨਾਵਲ ਦੇ ਬਿਰਤਾਂਤ ਵਿਚ ਆਪਣੀ ਇਕ ਨਿਵੇਕਲੀ ਜਗ੍ਹਾ ਬਣਾ ਲੈਂਦਾ ਹੈ।
ਇਸ ਨਾਵਲੀ ਬਿਰਤਾਂਤ ਦੇ ਕੁਝ ਕੁ ਹੋਰ ਗੌਲਣਯੋਗ ਪੱਖ ਹਨ ਜਿਨ੍ਹਾਂ ਵਿਚੋਂ ਇਕ ਹੈ ਪੰਜਾਬ ਦੀ ਰਾਜਨੀਤਕ ਸਿਆਸਤ ਤੇ ਦੂਜੀ ਸੰਸਾਰ ਜੰਗ ਦੇ ਹਾਲਾਤ ਬਾਰੇ ਤਬਸਰਾ।ਇਹ ਤਬਸਰਾ ਇਸ ਕਰਕੇ ਵੀ ਨਾਵਲੀ ਕਥਾ ਦਾ ਸਹਿਜ ਹਿੱਸਾ ਬਣ ਜਾਂਦਾ ਹੈ ਕਿ ਇਸ ਨਾਵਲ ਦਾ ਨਾਇਕ ਬਾਬਾ ਇਕ ਸਰਗਰਮ ਰਾਜਸੀ ਕਾਰਕੁੰਨ ਹੈ ਤੇ ਉਹ ‘ਗਦਰ’,‘ਆਦੀ ਡੰਕਾ’ ਤੇ ‘ਫੌਜੀ’ ਅਖਬਾਰਾਂ ਦਾ ਪਾਠਕ ਹੈ।ਦੂਜਾ-ਉਨ੍ਹੀਂ ਦਿਨੀਂ ਪੰਜਾਬ ਦੀ ਵਜਾਰਤ ਵਿਚ ਆਦਿ ਧਰਮੀਆਂ ਦੀ ਹਿੱਸੇਦਾਰੀ ਕਾਇਮ ਹੁੰਦੀ ਹੈ ਤੇ ਸਰ ਸਿਕੰਦਰ ਹਯਾਤ ਖਾਂ ਟਿਵਾਣਾ ਦੀ ਯੂਨੀਅਨਿਸਟ ਪਾਰਟੀ ਨਾਲ ਰਲ ਕੇ ਵੀ ਚੋਣਾਂ ਲੜੀਆਂ ਜਾਂਦੀਆਂ ਹਨ।ਜਿਸ ਦੀ ਬਦੌਲਤ ਸਰਕਾਰ ਨੂੰ ਦਲਿਤਾਂ ਦੀ ਬਿਹਤਰੀ ਲਈ ਕਈ ਫੈਸਲੇ ਲੈਣੇ ਪੈਂਦੇ ਹਨ।ਦੂਜੇ ਪਾਸੇ ਦੂਜੀ ਸੰਸਾਰ ਜੰਗ ਭਖੀ ਹੋਈ ਹੈ।ਪੰਜਾਬ ਦੇ ਫੌਜੀਆਂ ਦੀ ਬਹਾਦਰੀ ਤੇ ਸ਼ਹੀਦੀ ਦੀਆਂ ਖਬਰਾਂ ਨਾਲ ਲੋਕਾਂ ਦਾ ਸਿੱਧਾ ਸਬੰਧ ਹੈ।ਇਸ ਜੰਗ ਵਿਚ ਹਿਟਲਰ ਦੇ ਨਾਜ਼ੀ ਹਮਲੇ,ਸੋਵੀਅਤ ਫੌਜਾਂ ਦੀ ਚੜ੍ਹਾਈ ਆਦਿ ਖਬਰਾਂ ਦਾ ਤਬਸਰਾ ਵੀ ਧਿਆਨ ਆਕਰਸ਼ਿਤ ਕਰਦਾ ਹੈ।ਇੰਜ ਇਸ ਰਾਜਸੀ ਤਬਸਰੇ ਨੂੰ ਨਾਵਲਕਾਰ ਇਸ ਨਾਵਲ ਦੀ ਤੋਰ ਦਾ ਸੁਭਾਵਿਕ ਅੰਗ ਬਣਾ ਲੈਂਦਾ ਹੈ।
ਅਗਲਾ ਗੌਲਣਯੋਗ ਪੱਖ ਨਾਵਲੀ ਕਥਾ ਦੀ ਵਾਸਤਵਿਕਤਾ ਤੇ ਸੁਭਾਵਿਕਤਾ ਨੂੰ ਕਾਇਮ ਰੱਖਣ ਵਾਸਤੇ ਵਾਜਬ ਸਥਿਤੀਆਂ ਤੇ ਪਾਤਰਾਂ ਦੀ ਸਿਰਜਣਾ ਕਰਨੀ।ਇਸ ਕਾਰਜ ਵਾਸਤੇ ਨਾਵਲਕਾਰ ਨੇ ਕੁਝ ਬੇਹੱਦ ਰੌਚਕ ਪਾਤਰਾਂ ਦੀ ਸਿਰਜਣਾ ਕੀਤੀ ਹੈ।ਜਿਨ੍ਹਾਂ ਵਿਚ ਮਾਈ ਚਿੰਤੀ ਜੋ ਇਕ ਦਲਿਤ ਔਰਤ ਹੈ।ਉਹ ਪਿੰਡ ਵਿਚ ਦਾਈ ਦਾ ਕੰਮ ਕਰਦੀ ਹੈ।ਪਰਦੇ ਉਹਲੇ ਪਿੰਡ ਦੀਆਂ ਕਿੰਨੀਆਂ ਹੀ ਔਰਤਾਂ ਦੇ ਭੇਦ ਉਸ ਕੋਲ ਹਨ ਪਰ ਪਰਦੇ ਤੋਂ ਬਾਹਰ ਉਸਨੂੰ ਉਨ੍ਹਾਂ ਲੋਕਾਂ ਕੋਲੋਂ ਹੀ ਜਾਤ ਦੇ ਨਾਂ ਤੇ ਤ੍ਰਿਸਕਾਰਿਤ ਹੋਣਾ ਪੈਂਦਾ ਹੈ ਜਿਨ੍ਹਾਂ ਨੂੰ ਉਸ ਨੇ ਆਪਣੇ ਹੱਥੀਂ ਪੈਦਾ ਕੀਤਾ ਸੀ।ਦੂਜਾ,ਦੀਨਾ ਤੇ ਉਸਦੀ ਪਾਗਲਹਾਰ ਮਰਾਸਣ ਪਾਤਰ ਹਨ ਜੋ ਗਾ-ਵਜਾ ਕੇ ਗੁਜ਼ਾਰਾ ਕਰਦੇ ਹਨ।ਦੀਨਾ ਬਾਬੇ ਦੀ ਸਾਰੰਗੀ ਨੂੰ ਪਿਆਰ ਕਰਦਾ ਹੈ,ਗਾਉਣਾ ਉਨ੍ਹਾਂ ਦੀ ਰੂਹ ਦੀ ਖੁਰਾਕ ਹੈ ਪਰ ਉਹ ਆਪਣੀ ਘਰਵਾਲੀ ਤੋਂ ਪਰੇਸ਼ਾਨ ਵੀ ਹੈ।ਇਨ੍ਹਾ ਪਾਤਰਾਂ ਜ਼ਰੀਏ ਨਾਵਲਕਾਰ ਜੈਜੋਂ ਦੀ ਰੇਲਵੇ ਸ਼ਟੇਸ਼ਨ ਤੇ ਬਜ਼ਾਰ ਦੀ ਵਾਸਤਵਿਕਤਾ ਨੂੰ ਦਰਸਾ ਦਿੰਦਾ ਹੈ ਜਿਥੇ ਅਨੇਕਾਂ ਭਾਂਤ ਦੇ ਬੰਦੇ ਆਪਣਾ ਜੀਵਨ ਬਸਰ ਕਰਦੇ ਹਨ।ਮਜਬੂਰੀ ਵੱਸ ਫਕੀਰੀ ਵਿਚ ਜ਼ਿੰਦਗੀ ਜਿਊਣ ਦੀ ਇਸ ਸ਼ੈਲੀ ਦੇ ਦ੍ਰਿਸ਼ ਅੱਜ ਵੀ ਸਾਡੇ ਦੇਸ਼ ਦੀਆਂ ਅਨੇਕਾਂ ਥਾਵਾਂ ਉੱਤੇ ਮਿਲ ਜਾਂਦੇ ਹਨ।ਦੀਨੇ ਤੇ ਮਰਾਸਣ ਦੇ ਗਾਉਣ ਦੇ ਕਈ ਬੰਦ ਸੂਫੀਆਨਾ ਤੇ ਤਲਖ ਜੀਵਨ ਦੀ ਤਸਵੀਰਕਸ਼ੀ ਕਰਦੇ ਜਾਪਦੇ ਹਨ; ‘ਕੋਈ ਛੱਪਰੀ ਛਾਂ ਵਾਲੀ,ਕਿੱਥੇ ਲੁਕਾਵਾਂ ਜ਼ਿੰਦਗੀ,ਲੱਖਾਂ ਵੇ ਗੁਨਾਹਾਂ ਵਾਲੀ’।ਇੰਜ ਇਹ ਪਾਤਰ ਤੇ ਇਨ੍ਹਾਂ ਨਾਲ ਸਬੰਧਤ ਸਥਿਤੀਆਂ ਨਾਵਲ ਦੀ ਇਤਿਹਾਸਕ ਪਿੱਠਭੂਮੀ ਦਾ ਸੁਭਾਵਿਕ ਹਿੱਸਾ ਬਣ ਕੇ ਪੇਸ਼ ਹੁੰਦੇ ਹਨ।ਤੀਜਾ ਪਾਤਰ ਹੈ ਬਾਂਕਾ ਬੱਕਰੀਆਂ ਵਾਲਾ,ਜੋ ਬੇਫਿਕਰੀ ਵਿਚ ਆਪਣਾ ਇੱਜੜ ਚਾਰਦਾ ਹੋਇਆ ਗਾ ਕੇ ਆਪਣੇ ਮਨ ਦੇ ਭਾਵ ਵਿਅਕਤ ਕਰਦਾ ਦਿਖਾਈ ਦਿੰਦਾ ਹੈ।ਬੰਦ ਦੇਖੋ; ‘ਬੰਤੋ ਬਣ ਬੱਕਰੀ,ਬਾਂਕਾ ਬਣਦਾ ਤੂਤ ਦਾ ਮੋਛਾ’।ਚੌਥਾ,ਬਾਬੇ ਦੇ ਸਾਥੀ ਰੇਲੂ ਰਾਮ ਦਾ ਨੌਕਰ ਗਲਾਬੂ ਹੈ।ਇਹ ਪਾਤਰ ਗੋਰੇ ਦੇ ਸਾਥ ਵਿਚ ਆਪਣੇ ਮਾਲਕ ਦੇ ਚਮੜੇ ਦੇ ਕਾਰੋਬਾਰ ਵਿਚ ਬਾਹਰ-ਅੰਦਰ ਜਾਂਦਾ ਰਹਿੰਦਾ ਹੈ।ਇਹ ਸ਼ੁਕੀਨ,ਦਿਲਕਸ਼ ਤੇ ਗਾਲ੍ਹੜੀ ਪਾਤਰ ਹੈ ਜੋ ਗੋਰੇ ਨਾਲ ਮੁਲਤਾਨ ਦੇ ਸਫਰ ਵਿਚ ਸਾਥੀ ਬਣਦਾ ਹੈ।ਆਖਰ ਵਿਚ ਇਸਦਾ ਵਿਆਹ ਇਕੱਠਿਆਂ ਫਾਤਿਮਾ ਦੀ ਸਹੇਲੀ ਰੁਕੱਈਆ ਨਾਲ ਹੁੰਦਾ ਹੈ।ਅਜਿਹੇ ਪਾਤਰਾਂ ਦੀ ਸਿਰਜਣਾ ਜਿਥੇ ਭਾਰੂ ਨਾਵਲੀ ਬਿਰਤਾਂਤ ਦੇ ਮਾਨਸਿਕ ਦਬਾਅ ਨੂੰ ਹਲਕਾ ਕਰਦੇ ਹਨ ਉੱਥੇ ਜੀਵਨ ਦੇ ਵੰਨਸੁਵੰਨਤਾ ਭਰੇ ਚਿਤਰਪਟ ਨੂੰ ਵੀ ਸਾਕਾਰ ਕਰ ਦਿੰਦੇ ਹਨ।
ਇਸ ਨਾਵਲ ਦੇ ਸਿਰਲੇਖ ‘ਮਿੱਟੀ ਬੋਲ ਪਈ’ਨੂੰ ਵਿਚਾਰਦਿਆਂ ਜੋ ਸੰਕੇਤ ਮਿਲਦੇ ਹਨ,ਉਹ ਇਸ ਨਾਵਲੀ ਬਿਰਤਾਂਤ ਵਿਚੋਂ ਸਹਿਜੇ ਹੀ ਪਛਾਣੇ ਜਾ ਸਕਦੇ ਹਨ।ਇਕ ਤਾਂ ਆਦਿਕਾ ਵਿਚ ਨਾਵਲਕਾਰ ਵੱਲੋਂ ਸਪਸ਼ਟੀਕਰਨ ਦਿਤਾ ਗਿਆ ਹੈ ਕਿ ‘ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਮੇਰੇ ਬਾਬੇ ਵਰਗੇ ਧਰਤ-ਪੁੱਤਰ,ਅਣਥੱਕ ਜੋਧਿਆਂ ਦੀ ਸੋਚ ਸਦਕਾ ਹੁਣ ਮਿਟੀ ਬੋਲ ਪਈ ਹੈ’।ਇਸ ਦਾ ਸਿੱਧਾ ਇਸ਼ਾਰਾ ਭਾਰਤੀ ਸਮਾਜ ਵਿਚ ਦਲਿਤਾਂ ਦੀ ਸਥਿਤੀ ਬਾਰੇ ਹੈ।ਭਾਵ ਜੋ ਮਿਹਨਤਕਸ਼ ਲੋਕ ਧਰਤ ਨੂੰ ਸਵਾਰਨ ਤੇ ਧਰਤ ਦੇ ਲੋਕਾਂ ਦੀ ਚਾਕਰੀ ਵਾਸਤੇ ਦਿਨ-ਰਾਤ ਮੁਸ਼ੱਕਤ ਕਰਦੇ ਹਨ,ਜਿਨ੍ਹਾਂ ਨੂੰ ਸਦੀਆਂ ਤੋਂ ਗੁਲਾਮੀ ਤੇ ਤ੍ਰਿਸਕਾਰ ਦਾ ਜੀਵਨ ਜਿਊਣ ਲਈ ਮਜਬੂਰ ਕੀਤਾ ਗਿਆ ਹੈ,ਉਨ੍ਹਾਂ ਨੂੰ ਜ਼ੁਬਾਨ ਦੇਣ ਲਈ ਕੁਝ ਮਰਜੀਵੜੇ ਦਲਿਤ ਆਗੂਆਂ ਨੇ ਮਿੱਟੀ ਨੂੰ ਬੋਲਣ ਲਾ ਦਿੱਤਾ ਹੈ।ਦੂਜਾ ਇਸ਼ਾਰਾ ਫਾਤਿਮਾ,ਰੁਕੱਈਆ ਤੇ ਬੀਬੀ ਦੇ ਜੀਵਨ ਵਿਚ ਆਈ ਤਬਦੀਲੀ ਦੇ ਰੂਪ ਵਿਚ ਵੀ ਸਮਝਿਆ ਜਾ ਸਕਦਾ ਹੈ।ਇੰਜ ਇਹ ਨਾਵਲੀ ਬਿਰਤਾਂਤ ਵੱਡੇ ਕੈਨਵਸ ਨੂੰ ਲੈ ਕੇ ਦਲਿਤ ਉਭਾਰ ਦੇ ਰਾਜਨੀਤਕ ਪਰੀਦ੍ਰਿਸ਼ ਦੇ ਭਰਵੇਂ ਬਿੰਬ ਨੂੰ ਚਿਤਰਦਾ ਹੋਇਆ ਤੱਤਕਾਲੀ ਸਮਾਜਿਕ ਆਰਥਿਕ ਤੇ ਸਾਂਸਕ੍ਰਿਤਕ ਜੀਵਨ ਦੀ ਕਲਾਤਮਿਕ ਝਾਕੀ ਨੂੰ ਪ੍ਰਸਤੁਤ ਕਰਦਾ ਹੈ।
ਡਾ.ਗੁਰਮੇਲ ਸਿੰਘ,ਐਸੋਸੀਏਟ ਪ੍ਰੋਫ਼ੈਸਰ,ਪੀ.ਜੀ.ਸਰਕਾਰੀ ਕਾਲਜ,ਸੈਕਟਰ-11,ਚੰਡੀਗੜ੍ਹ,ਫ਼ੋਨ ਨੰ.9781782474.
ਹਵਾਲੇ ਤੇ ਟਿੱਪਣੀਆਂ;
1. ਨਾਵਲ ਅਤੇ ਲੋਕ ਜੀਵਨ,ਲੋਕਾਇਤ ਪ੍ਰਕਾਸ਼ਨ,ਚੰਡੀਗੜ੍ਹ,1986,ਪੰਨਾ 99.
2. ਮਿੱਟੀ ਬੋਲ ਪਈ,ਬਲਬੀਰ ਮਾਧੋਪੁਰੀ,ਨਵਯੁੱਗ ਪਬਲਿਸ਼ਰਜ਼,ਨਵੀਂ ਦਿੱਲੀ,2020,ਪੰਨਾ 33.
3. ਉਹੀ- ਪੰਨਾ 7.
4. ਉਹੀ- ਪੰਨਾ 68.
5. -ਉਹੀ- ਪੰਨਾ 68.
6. -ਉਹੀ- ਪੰਨਾ 156.
7. ਉਹੀ- ਪੰਨਾ 211-12.
8. ਆਦਿ ਧਰਮ ਦੇ ਬਾਨੀ ਗਦਰੀ ਬਾਬਾ ਮੰਗੂ ਰਾਮ,ਏਸ਼ੀਅਨ ਕਮਿਊਨੀਕੇਸ਼ਨ ਸੈਂਟਰ,ਐੱਨ.ਆਰ.ਆਈ.ਆਸ਼ਰਮ,ਪੋਸਟ ਆਫਿਸ ਮੇਹਲੀ,ਨੇੜੇ ਫਗਵਾੜਾ-ਬੰਗਾ ਬਾਈਪਾਸ,ਨਵਾਂ ਸ਼ਹਿਰ,2010,ਪੰਨਾ 10.
9. ਮਿੱਟੀ ਬੋਲ ਪਈ,ਬਲਬੀਰ ਮਾਧੋਪੁਰੀ,ਨਵਯੁੱਗ ਪਬਲਿਸ਼ਰਜ਼,ਨਵੀਂ ਦਿੱਲੀ,2020, ਪੰਨਾ 126.
10. ਉਹੀ- ਪੰਨਾ 290.
11. -ਉਹੀ- ਪੰਨਾ 145.
11. ਉਹੀ- ਪੰਨਾ 216.
13. ਉਹੀ- ਪੰਨਾ 154-55.
14. ਉਹੀ- ਪੰਨਾ 271
ਮਿੱਟੀ ਬੋਲ ਪਈ :
ਇਤਿਹਾਸਕ ਬਿਰਤਾਂਤ ਤੋਂ ਬਿਰਤਾਂਤਕ ਗਲਪ
ਡਾ. ਅਨੁਰਾਗ ਸ਼ਰਮਾ
ਬਲਬੀਰ ਮਾਧੋਪੁਰੀ
ਦਾ ਨਾਵਲ ‘ਮਿੱਟੀ ਬੋਲ ਪਈ’ ਇੱਕੋ ਵਾਰ ਕਈ ਚਿਹਨਕਾਂ ਦਾ ਧਾਰਨੀ ਬਣਦਾ ਸ਼ਬਦ ਦੀ ਵਿਅੰਜਨਾ ਸ਼ਕਤੀ
ਨਾਲ ਜਾਣ-ਪਛਾਣ ਕਰਾਉਂਦਾ ਹੈ।ਬਲਬੀਰ ਪੰਜਾਬੀ ਦਾ ਮੰਨਿਆ-ਪ੍ਰਮੰਨਿਆ ਲੇਖਕ ਹੈ ਅਤੇ ਆਪਣੀ
ਸਵੈ-ਜੀਵਨੀ ‘ਛਾਂਗਿਆ ਰੁਖ’ ਕਾਰਨ ਸੰਸਾਰ ਵਿੱਚ ਪ੍ਰਸਿੱਧ ਹੈ।44 ਤੋਂ ਵੱਧ ਪੁਸਤਕਾਂ ਦੀ ਸੰਪਾਦਨਾ ਤੇ 38 ਪੁਸਤਕਾਂ ਦੇ
ਅਨੁਵਾਦ ਦਾ ਤਜ਼ਰਬਾ ਹੱਥਲੇ ਨਾਵਲ ਦੇ ਮੁੱਢਲੇ ਪੰਨਿਆਂ ਵਿੱਚ ਨਜ਼ਰ ਆਉਂਦਾ ਹੈ।ਨਾਵਲ ਦੁਆਬਾ ਖੇਤਰ
ਵਿੱਚ ਆਦਿ-ਧਰਮੀ ਲਹਿਰ ਜਿਸ ਦੇ ਬਾਨੀ ਗ਼ਦਰੀ ਬਾਬਾ ਮੰਗੂ ਰਾਮ ਸਨ, ਜੀਵਨ ਤੇ ਉਨ੍ਹਾਂ ਵੱਲੋਂ ਚਲਾਈ ਇਸ ਸਮਾਜਕ ਸੁਧਾਰ ਲਹਿਰ ਦੇ ਇਤਿਹਾਸਕ ਗਲਪ ਨੂੰ ਕਲਮਬਧ ਕਰਦਾ
ਹੈ।ਇਤਿਹਾਸ ਨਹੀਂ ਇਤਿਹਾਸਕ ਗਲਪ ਸ਼ਬਦ ਇਸ ਲਈ ਵਰਤਿਆ ਹੈ ਕਿ ਉਤਰ-ਆਧੁਨਿਕ ਆਲੋਚਕਾਂ ਦਾ ਕਥਨ ਹੈ ਕਿ ਇਤਿਹਾਸ ਹਮੇਸ਼ਾ
ਪੁਨਰ-ਸਿਰਜਨਾਵਾਂ ਰਾਹੀ ਪੇਸ਼ ਹੰੁਦਾ ਹੈ ਤੇ ਜਿਨ੍ਹਾਂ ਦੀ ਬਿਰਤੀ ਗਲਪੀ ਹੈ।ਇਤਿਹਾਸ ਦੀ
ੳੁਤਰ-ਆਧੁਨਿਕ ਸੋਚ ਇਸ ਗੱਲ ੳੁਪਰ ਅਧਾਰਿਤ ਹੈ ਕਿ ਗਿਆਤਾ ਸਚਾਈ ਨੂੰ ਅਸਿਧੇ ਰੂਪ ਵਿਚ ਗ੍ਰਹਿਣ
ਕਰਦਾ ਹੈ,ਉਸ ਤਰ੍ਹਾਂ ਨਹੀਂ,ਜਿਸ ਤਰ੍ਹਾਂ ਦੀ ਹੁੰਦੀ ਹੈ।ਉਹ ਆਪਣੇ ਦ੍ਰਿਸ਼ਟੀਕੋਣ ਮੁਤਾਬਕ ਸੱਚ ਨੂੰ ਚੁਣਦਾ ਹੈ ਤੇ
ਵਿਸ਼ਲੇਸ਼ਣ ਕਰਦਾ ਹੈ।‘ਇਤਿਹਾਸ ਜਿਸ ਤਰ੍ਹਾਂ ਸਚਮੁੱਚ ਹੋਇਆ ਸੀ,ਇਸ ਤਰ੍ਹਾਂ ਭੂਤ ਨੂੰ ਨਹੀਂ ਦਿਖਾ ਸਕਦਾ ਸਿਰਫ਼ ਭੂਤ ਖੁਦ ਇਤਿਹਾਸਕਾਰ ਦੇ ਵਰਤਮਾਨ ਸਾਹਮਣੇ
ਆਪਣੇ ਆਪ ਨੂੰ ਪ੍ਰਗਟਾਉਂਦਾ ਹੈ’।1ਇਸ ਲਈ ਭੂਤ ਨੂੰ
ਭਵਿੱਖ ਦੇ ਦ੍ਰਿਸ਼ਟੀਕੋਣ ਰਾਹੀਂ ਹੀ ਪ੍ਰਗਟਾਇਆ ਜਾਂਦਾ ਹੈ। ਸੋ ਇਸ ਤਰ੍ਹਾਂ ਭੂਤ ਦੀ ਵਰਤਮਾਨ ਉਪਰ
ਵਧੀਕੀ ਖਤਮ ਹੋ ਜਾਂਦੀ ਹੈ।ਦੂਸਰਾ ਇਹ ਕਿ ਇਤਿਹਾਸ ਹਮੇਸ਼ਾ ਭਾਸ਼ਾ ਤੇ ਗਲਪ ਰਾਹੀਂ (ਆਦਿ,ਮਧ ਤੇ ਅੰਤ) ਰਾਹੀਂ ਪ੍ਰਗਟਾਇਆ ਜਾਂਦਾ ਹੈ।ਘਟਨਾਵਾਂ ਵੀ ਇਤਿਹਾਸਕਾਰ
ਆਪਣੀ ਮਰਜ਼ੀ ਨਾਲ ਚੁਣਦਾ ਹੈ।ਇਸ ਲਈ ਇਤਿਹਾਸ ਗਲਪ ਵਾਂਗ ਬਣਤਰ ਹੈ,ਪੂਰੀ ਸੱਚਾਈ ਨਹੀਂ।2ਹੈਡਨ ਵਾਈਟ ਅਨੁਸਾਰ ਇਤਿਹਾਸ
ਸਾਹਿਤ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਸਦਾ ਵਿਸ਼ਲੇਸ਼ਣ ਸਾਹਿਤਕ ਭਾਸ਼ਾ ਦੇ ਰਾਹੀਂ
ਵਿਸ਼ਲੇਸ਼ਿਤ ਹੁੰਦਾ ਹੈ।
ਜੇ ਇਤਿਹਾਸ ਗਲਪ ਹੈ
ਤੇ ਇਤਿਹਾਸਕ ਨਾਵਲ ਫਿਰ ਕੀ ਹੈ? ਇਸ ਨੂੰ ਸਮਝਣ ਲਈ
ਇਹ ਮੰਨਣਾ ਪਏਗਾ ਕਿ ਇਤਿਹਾਸ ਸਿਰਜਨਾਤਮਿਕ ਬਣਤਰਾਂ ਰਾਹੀਂ ਸਮਝਿਆ ਜਾਂਦਾ ਹੈ।ਚਾਹੇ ਉਹ ਲਿਖਿਤ
ਗਵਾਹੀਆਂ ਹੋਣ ਜਾਂ ਸਬੂਤ ਜਾਂ ਕੋਈ ਹੋਰ ਪੁਰਾਤੱਤਵ ਵਸਤੂਆਂ ਕਹਿਣ ਤੋਂ ਭਾਵ ਕਿ ਇਨ੍ਹਾਂ ਉਪਰ
ਅਸੀਂ ਇਤਿਹਾਸ ਸਿਰਜਦੇ ਹਾਂ,ਉਪਰੋਕਤ ਬਣਤਰਾਂ ਉਪਰ ਇਤਿਹਾਸ
ਇਕ ਸਿਰਜਨਾਤਮਕ ਬਣਤਰ ਹੈ।ਇਸ ਸਿਰਜਨਾਤਮਿਕ ਬਣਤਰ ਨੂੰ ਆਧਾਰ ਬਣਾ ਕੇ ਗਲਪ ਰਚਿਆ ਜਾਂਦਾ ਹੈ।ਇਸ
ਗਲਪ ਵਿਚ ਉਹ ਆਤਮ ਸ਼ਾਮਲ ਹੈ ਜਿਹੜਾ ਪਹਿਲੇ ਵਾਲੇ ਵਿਚ ਹਾਸ਼ੀਆਕ੍ਰਿਤ ਹੈ।ਜੇਮਜ਼ ਗਰੂਟ ਮੁਤਾਬਿਕ
‘ਜਿਸ ਤਰ੍ਹਾਂ ਕੁਝ ਵਿਦਵਾਨ ਵਿਵਾਦ ਵਿੱਚ ਪੈਂਦੇ ਹਨ ਕਿ ਉਹ ਆਧੁਨਿਕ ਗਲਪ ਦੇ ਇਤਿਹਾਸਕ ਪਲਾਂ ਦੀ
ਖ਼ਾਸ ਕਰ (ਭਿੰਨ-ਭਿੰਨ ਮੱਤ) ਦੀ ਤਰਜਮਾਨੀ ਕਰਦਾ ਹੈ ਤੇ ਲੋਕਾਂ ਨੂੰ ਹਾਸ਼ੀਆਕ੍ਰਿਤ ਬਰਾਬਰ ਦੇ ਆਤਮ
ਰੂਪ ਵਿੱਚ ਉਭਾਰਨ ਲਈ ਮਦਦ ਕਰਦਾ ਹੈ’।1ਇਹ ਨਾਵਲ ਕੁੱਝ
ਸੱਚਾਈਆਂ ਦੇ ਸ਼ੋਰ ਵਿੱਚ ਜਿਹੜਿਆਂ ਹੋਰ ਸੱਚਾਈਆਂ ਦੱਬ ਕੇ ਰਹਿ ਗਈਆਂ ਉਨ੍ਹਾਂ ਦੀ ਗੱਲ ਕਰਦਾ
ਹੈ।ਇੱਕ ਸੱਚਾਈ ਹੈ, ਦੁਆਬੇ ਵਿੱਚ 1920 ਈਸਵੀਂ ਤੋਂ ਉਭਰੀ ਆਦਿ-ਧਰਮ ਲਹਿਰ ਇੱਕ ਖ਼ਾਸ ਵਰਗ ਦੇ ਲੋਕ ਜਿਹੜੇ
ਕਿਰਤੀ ਸਨ ਪਰ ਧਰਮ ਦੀ ਆੜ ਵਿੱਚ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਦੇ ਰਾਜਨੀਤਕ,ਸਮਾਜਿਕ, ਚੇਤਨਾ ਤੋਂ ਆਰੰਭ
ਹੋਈ।
ਅੰਗਰੇਜ਼ ਤੇ
ਅੰਗਰੇਜ਼ੀ ਵਿੱਦਿਆ ਕਾਰਨ ਜਦੋਂ ਕੁੱਝ ਸੱਚਾਈਆਂ ਨਾਲ ਉਹਨਾਂ ਦੀ ਬਾਬਸਤਗੀ ਹੋਈ ਤਾਂ ਉਹਨਾਂ ਨੂੰ ਆਪਣੀ ਦੀਨ-ਹੀਨ ਸਥਿਤੀ
ਵਿੱਚ ਪਹਿਲੀ ਵਾਰ ਸ਼ੋਸ਼ਣਕਾਰੀ ਵਰਗ ਪ੍ਰਤਿ ਚੇਤਨਾ ਆਈ।ਸ਼ੋਸ਼ਿਤ ਵਰਗ ਦੀ ਪ੍ਰਤਿਨਿਧਤਾ ਲਈ ਲੇਖਕ ਨੇ
ਇੱਕ ਕਿਰਦਾਰ ਅਜਿਹਾ ਸਿਰਜਿਆ ਹੈ ਜਿਹੜਾ ਉਸਦਾ ਦਾਦਾ ਹੈ! ਉਹ ਦਾਦੇ ਦੇ ਪਾਤਰ ਰਾਹੀਂ ਦਲਿਤ ਸ਼੍ਰੇਣੀ
ਦੇ ਸ਼ੋਸ਼ਣ ਤੇ ਉਹਨਾਂ ਦੇ ਸੰਘਰਸ਼ ਦੀ ਗਾਥਾ ਸੁਣਾਉਂਦਾ ਹੈ।ਇਹ ਗਾਥਾ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ
ਨੂੰ ਕਦੇ ਇਨਸਾਨ ਹੀ ਨਹੀਂ ਸਮਝਿਆ ਗਿਆ।‘ਵਿਆਹਾਂ ਵਿੱਚ ਸਾਡੇ ਗਰੀਬ-ਗੁਰਬਿਆਂ ਨੂੰ ਪੱਕੀ ਰੋਟੀ ਪਾਉਣ ਤੋਂ ਮਨਾਹੀ
ਆ!ਬਾਜਾ ਨਹੀਂ ਵਜਾਉਣ ਦਿੰਦੇ ਤੇ ਆਪ ਸਾਡੇ ਕਿਸੇ ਬੰਦੇ ਦੀ ਪਿੱਠ ‘ਤੇ ਢੋਲ-ਨਗਾਰਾ ਬੰਨ੍ਹਾ ਕੇ
ਉਹਨੂੰ ਬਜਾਉਂਦੇ ਆ!......ਧੀ ਧਿਆਣੀ ਨੂੰ ਪੀੜ੍ਹੀ ਤੇ ਬਿਠਾਲ ਕੇ ਵਿਦਾ ਕਰਨ ਨੂੰ ਮਜਬੂਰ ਕਰਦੇ
ਆ…।ਸਫ਼ਾ 26 ਉਹਨਾਂ ਸ਼ੋਹਦਿਆਂ ਨੂੰ ਸਾਡੀਆਂ ਧੀਆਂ-ਭੈਣਾਂ ਤੋਂ ਭਿੱਟ
ਨਹੀਂ ਚੜ੍ਹਦੀ।ਸਫ਼ਾ26 ਆਹੋ ਤੈਨੂੰ ਕਿੱਦਾਂ
ਸਮਝਾਮਾਂ,ਬਾਹਮਣਾਂ ਦੇ ਬਣਾਏ ਚਾਰ ਬਰਣ ਆ,ਅਸੀਂ ਉਹਨਾਂ ’ਚੋਂ ਕਿਸੇ ਚੋਂ ਬੀ ਨਹੀਂ ਆਉਂਦੇ।ਇਸੇ ਕਰਕੇ ਸਾਨੂੰ
ਅਛੂਤ ਸੱਦਦੇ ਆ।ਤਈਨੂੰ ਬੀ ਤਾਂ ਸਕੂਲ ਚ ਨਿੱਤ ਦੁਰਕਾਰੇ ਜਾਣ ਦਾ ਪਤਾ ਹੀ ਆ……!ਸਾਨੂੰ ਇਹਨਾਂ
ਚੌਹਾਂ ਵਰਣਾਂ ਦੀ ਸੇਵਾ ਦਾ ਅਧਿਕਾਰ ਦਿੱਤਾ ਹੋਇਆ।ਸਫ਼ਾ 17 ਦਲਿਤਾਂ ਦੇ ਸ਼ੋਸ਼ਣ ਦੇ ਉਚਾਰ ਸਾਰੇ ਨਾਵਲ ਵਿੱਚ ਮਿਲਦੇ ਹਨ।ਭਾਰਤ ਵਿੱਚ ਦਲਿਤਾਂ ਦੀ ਸਮਾਜਿਕ
ਸਥਿਤੀ ਬਾਰੇ ਬਿਆਨ ਕਰਦਾ ਡਾ.ਸਰਬਜੀਤ ਕਹਿੰਦਾ ਹੈ,“ਸਮਾਜਕ ਰੁਤਬੇ, ਸਭਿਆਚਾਰਕ ਗੌਰਵ,ਗੌਣ ਧਾਰਮਿਕ ਅਧਾਰਾਂ, ਰਾਜਨੀਤਿਕ
ਅਧਿਕਾਰਾਂ ਅਤੇ ਕਲਾਵਾਂ ਤੋਂ ਵਿਛਿੁੰਨਿਆ ਵਰਗ ਹੈ। ਭਾਰਤੀ ਦਲਿਤ ਦੀ ਵਿਭਿੰਨ ਸਭਿਆਚਾਰਾਂ ਅਤੇ
ਸਮਾਜਿਕ-ਆਰਥਿਕ ਬਣਤਰਾਂ ਤੋਂ ਇਹ ਗੁਣਾਤਮਕ ਰੂਪ
ਵਿੱਚ ਭਿੰਨਤਾ ਹੈ ਕਿ ਇਸ ਕੋਲ ਤਾਂ ਮਨੁੱਖ ਹੋਣ ਦਾ ਰੁਤਬਾ ਵੀ ਨਹੀਂ ਰਿਹਾ,ਇਹ ਵਰਗ ਅਧਿਕਾਰਾਂ ਤੋਂ ਵਿਛਿੰੁਨਿਆ ਹੋਇਆ ਹਮੇਸ਼ਾਂ ਹਾਸ਼ੀਆਕ੍ਰਿਤ
ਰਿਹਾ”।4
ਅਜਿਹੇ ਸ਼ੋਸ਼ਣ ਦੇ
ਖ਼ਿਲਾਫ਼ ਇੱਕ ਨਾਇਕ ਉਭਰਦਾ ਹੈ ਜਿਸ ਦਾ ਨਾਂ ਹੈ ਮੰਗੂ ਰਾਮ ਮੁੱਗੋਵਾਲ, ਜਿਹੜਾ ਇਸ ਅਤਿਆਚਾਰ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ ਤੇ ਆਦਿ-ਧਰਮ ਮੰਡਲ ਦੀ ਸਥਾਪਨਾ ਕਰਦਾ
ਹੈ।ਇਸ ਸੰੰਸਥਾ ਦੇ ਕੁੱਝ ਮੁੱਢਲੇ ਨਿਯਮ ਨੇ ਜਿਵੇਂ “ਆਦਿ ਧਰਮ ਦੇ ਲੋਕਾਂ ਦੇ ਪਛਾਣ ਚਿੰਨ੍ਹ
ਜਿਵੇਂ ਲਾਲ ਪੇਟੀ,ਲਾਲ ਪਗੜੀ,ਗੇਰੂਆ ਝੰਡਾ ਆਦਿ,ਮਿਲਣ ਤੇ ਜੈ
ਗੁਰਦੇਵ ਤੇ ਅਗਲੇ ਵਲੋਂ ਧੰਨ ਗੁਰਦੇਵ”।5 ਇੰਝ ਦੁਆਬੇ ਵਿੱਚ
ਇਹ ਲਹਿਰ ਬੜੇ ਜ਼ੋਰ ਸ਼ੋਰ ਨਾਲ ਉਭਰੀ।ਹੱਥਲੇ ਨਾਵਲ ਵਿੱਚ ਇਸ ਲਹਿਰ ਦੇ ਉਭਾਰ, ਇਸ ਲਹਿਰ ਦੇ
ਨੇਤਾਵਾਂ ਤੇ ਸੰਘਰਸ਼ ਦਾ ਵਰਣਨ ਲੇਖਕ ਦੇ ਦਾਦੇ ਰਾਹੀਂ ਕੀਤਾ ਗਿਆ ਹੈ।ਇਹ ਉਹ ਸ਼ਖ਼ਸ ਹੈ ਜਿਹੜਾ
ਸਟੇਜਾਂ ‘ਤੇ ਸਾਰੰਗੀ ਨਾਲ ਕੀਰਤਨ ਕਰਦਾ ਤੇ ਆਦਿ-ਧਰਮ ਲਹਿਰ ਨੂੰ ਪਰਚਾਰਦਾ ਵੀ ਹੈ।ਆਪਣਾ ਸਾਰਾ ਤਨ,ਮਨ,ਧਨ ਅਰਪਿਤ ਵੀ ਕਰਦਾ
ਹੈ।ਲੇਖਕ ਜਿਹੜਾ ਉਸ ਦਾ ਪੋਤਾ ਹੈ, ਉਹ ਉਸ ਨੂੰ ਆਪਣੇ
ਨਾਲ ਰੱਖਦਾ ਹੈ। ਮੀਟਿੰਗਾਂ ’ਤੇ ਲੈ ਕੇ ਜਾਂਦਾ ਹੈ ਤੇ ਆਦਿ ਧਰਮ ਦੇ ਇਤਿਹਾਸ ਤੇ ਇਤਿਹਾਸਕ
ਪੁਰਖਾਂ ਨਾਲ ਪਰੀਚਿਤ ਵੀ ਕਰਾਉਂਦਾ ਹੈ।“ਭਾਈ ਸੰਗਤੀਆ ਪੋਤੇ ਨੂੰ ਸਿੱਧਾ ਸਮਝਾ ਪਈ ਮੰਗੂ ਰਾਮ ਨੇ
ਸਾਡੇ ਬਚਾਅ ਲਈ ਆਦਿ-ਧਰਮ ਆਲ੍ਹਣਾ ਬਣਾਤਾ।ਜੋਰਾਵਰਾਂ ਤੋਂ ਬਚਾਅ ਲਈ’ ਪਿੱਛਿੳਂੁ ਅਚਾਨਕ ਕਿਸੇ ਨੇ
ਜੁਮਲਾ ਮਾਰਿਆ।ਸਫ਼ਾ18 ਇਹ ਮੰਗੂ ਰਾਮ ਮੁੱਗੋਵਾਲ
ਕੌਣ ਹਨ, ਇਸ ਦਾ ਪਰੀਚੈ ਬਲਬੀਰ ਮਾਧੋਪੁਰੀ ਆਪਣੇ ਇਤਿਹਾਸਕ ਨਿਬੰਧ
ਗ਼ਦਰੀ ਬਾਬਾ ਮੰਗੂ ਰਾਮ ਤੇ ਉਨ੍ਹਾਂ ਦੀ ਆਦਿ ਧਰਮ ਲਹਿਰ ਵਿੱਚ ਲਿਖਦਾ ਹੈ।ਉਨ੍ਹਾਂ ਨੂੰ ਹਿੰਦੋਸਤਾਨ
ਦੀ ਅਜ਼ਾਦੀ ਨਾਲੋਂ ਅਛੂਤਾਂ ਦੀ ਅਜ਼ਾਦੀ ਵਧੇਰੇ ਅਹਿਮ ਲੱਗੀ।ਉਨ੍ਹਾਂ ਗ਼ਦਰ ਲਹਿਰ ਦੇ ਸਿਰਕੱਢ ਯੋਧੇ
ਦੀ ਦਲੀਲ ਨਾਲ ਸਹਿਮਤ ਹੰੁਦਿਆਂ ਤੇ ਕਦਰ ਕਰਦਿਆਂ ਪਾਰਟੀ ਨੇ ਉਨ੍ਹਾਂ ਨੂੰ ਅਛੂਤਾਂ ਦੀ ਬੇਹਤਰੀ ਲਈ
ਕੰਮ ਕਰਨ ਦੀ ਆਗਿਆ ਦੇ ਦਿੱਤੀ।6 ਸਾਰੇ ਨਾਵਲ ਦਾ
ਆਧਾਰ ਹੀ ਦਲਿਤ ਸੰਘਰਸ਼ ਤੇ ਦਲਿਤਾਂ ਦੀ ਸਮਾਜਿਕ ਅਜ਼ਾਦੀ ਹੈ।
ਨਾਵਲ ਵਿੱਚ ਲੇਖਕ
ਨੇ ਵਿਸਤਾਰ ਨਾਲ ਬਾਬੂ ਜੀ ਦੀ ਜੀਵਨੀ ਹੂ-ਬ-ਹੂ ਇਸੇ ਤਰ੍ਹਾਂ ਲਿਖੀ ਹੈ।“ਅਮਰੀਕਾ ਵਿੱਚ ਰਹਿੰਦਿਆਂ
ਗ਼ਦਰ ਪਾਰਟੀ ਲਈ ਬੁਲੰਦ ਹੌਂਸਲਾ ਸਿਪਾਹੀ ਵਜੋਂ ਦਿਨ ਰਾਤ ਇੱਕ ਕੀਤਾ। ਹਿੰਦੋਸਤਾਨ ਨੂੰ ਅਜ਼ਾਦ
ਕਰਾਉਣ ਲਈ ਹਥਿਆਰ ਸਮਗਲ ਕਰਦਿਆਂ ਫੜੇ ਜਾਣ ’ਤੇ ਜੇਲਾਂ ਕੱਟੀਆਂ, ਤੋਪ ਨਾਲ ਉੜਾਏ ਜਾਣ ਦੇ ਯਤਨਾਂ……… ਦੇਸ਼ ਦੇ ਬਸ਼ਿੰਦਿਆਂ ਦੀਆਂ ਦੇ ਹਾਲਾਤ ਦੇਖ ਕੇ ਪੰਜਾਬ
ਪਹੁੰਚੇ ਤੇ ਇਨ੍ਹਾਂ ਧੁਆਡੇ ਲਈ ਹੱਕ,ਸੱਚ ਤੇ ਇੰਸਾਫ਼ ਦਾ
ਬੀੜਾ ਚੁੱਕਿਆ ਹੋਇਆ ਹੈ”।ਇਸ ਤੋਂ ਬਾਅਦ ਸਫ਼ਾ74,75,76,77 ਬਾਬੂ ਜੀ ਦੀ ਤਕਰੀਰ ਨਾਲ ਭਰੇ ਹੋਏ ਹਨ !ਸਫ਼ਾ73 ਜਿਸ ਵਿੱਚ ਉਹ ਹਾਸ਼ੀਆਕ੍ਰਿਤ ਲੋਕਾਂ ਨਾਲ ਹੁੰਦੀ ਬੇ-ਇੰਸਾਫੀ ਤੇ ਉਨ੍ਹਾਂ ਦੇ ਹੱਕ ਦੁਆਉਣ ਲਈ
ਕੀਤੇ ਲੰਮੇ ਸੰਘਰਸ਼ ਦਾ ਜ਼ਿਕਰ ਹੈ।ਹਿੰਦੋਸਤਾਨ ਦੀ ਅਜ਼ਾਦੀ ਲਈ ਲੜਿਆ ਸਿਰਕੱਢ ਘੁਲਾਟੀਆ ਜਦੋਂ
ਸਵੈ-ਪਛਾਣ ਲਈ ਚੇਤੰਨ ਹੰੁਦਾ ਹੈ ਤਾਂ ਸਾਰਾ ਜੀਵਨ ਦਲਿਤਾਂ ਦੇ ਉਥਾਨ ਲਈ ਨਿਸ਼ਕਾਮ ਸੇਵਾ ਵਿੱਚ
ਜੁੱਟ ਜਾਂਦਾ ਹੈ।
ਇਸ ਸਾਰੇ ਇਤਿਹਾਸ
ਨੂੰ ਜਿਸ ਨੂੰ ਕਿ ਇਤਿਹਾਸਕ ਬਿਰਤਾਂਤ ਕਿਹਾ ਗਿਆ ਹੈ, ਗਲਪ ਵਿੱਚ ਬਦਲਣ ਲਈ ਲੇਖਕ ਨੇ ਸੰਵਾਦਾਤਮਕ
ਜੁਗਤ ਨੂੰ ਅਪਣਾਇਆ ਹੈ।ਇੰਝ ਇਹ ਨਾਵਲ ਪਾਰ ਗਲਪ ਅਰਥਾਤ ਅਤੇ ਪ੍ਰਬੰਧਕੀ ਰੂਪ ਵਿੱਚ ਆਪਣੀ ਹੋਂਦ
ਪ੍ਰਤੀ ਇੱਕ ਕਲਾ ਦੇ ਰੂਪ ਵਜੋਂ ਧਿਆਨ ਦੁਆਉਂਦੇ ਹੈ।ਇਸ ਲਈ ਤਾਂ ਕਿ ਗਲਪ ਤੇ ਸੱਚਾਈ ਦੇ ਸੰਬੰਧਾਂ
ਉਪਰ ਪ੍ਰਸ਼ਨ ਖੜ੍ਹੇ ਕੀਤੇ ਜਾ ਸਕਣ।7ਇਹਨਾਂ ਸੰਵਾਦਾਂ
ਰਾਹੀਂ ਲੇਖਕ ਗੱਲਬਾਤ ਰਾਹੀਂ ਆਪਣੀ ਵਿਚਾਰਧਾਰਾ ਪ੍ਰਗਟਾਉਂਦਾ ਹੈ।ਇਹ ਨਾਵਲ ਨੂੰ ਕਥਾ ਰਸ ਵੱਲ ਲੈ
ਜਾਂਦੀ ਹੈ।ਬਾਬੇ ਰਾਹੀਂ ਲੇਖਕ ਇਤਿਹਾਸ ਤੇ ਮੌਜੂਦਾ ਸਥਿਤੀ ਦੇ ਪੰਨੇ ਫ਼ਰੋਲਦਾ ਹੈ, ਇਹ ਜੁਗਤ ਪਾਠਕ ਨੂੰ ਵਰਤਮਾਨ ਤੋਂ ਭੂਤ ਵੱਲ ਲੈ ਜਾਂਦੀ ਹੈ।ਲੇਖਕ ਭੂਤ
ਦਾ ਭਰਮ ਸਿਰਜਦਾ ਹੈ।ਇਸ ਭਰਮ ਨੂੰ ਹੋਰ ਤਿਖੇਰਾ ਬਣਾਉਣ ਲਈ ਲੇਖਕ,ਸਭਿਆਚਾਰ,ਭੂਗੋਲ,ਸਥਾਨਕ ਰੰਗਣ ਦਾ ਸਹਾਰਾ ਲੈਂਦਾ ਹੈ।“ਇਤਿਹਾਸਕ ਘਟਨਾਵਾਂ ਭੂਤ ਵਿੱਚ
ਖ਼ਾਸ ਸਥਾਨ ਉਤੇ ਵਾਪਰੀਆਂ ਹੁੰਦੀਆਂ ਹਨ।ਇਸ ਲਈ ਲੇਖਕ ਦਾ ਉਨ੍ਹਾਂ ਘਟਨਾਵਾਂ ਨੂੰ ਸਹੀ ਬਿਆਨ ਅਤੇ
ਵਾਤਾਵਰਨ ਦਾ ਪ੍ਰਭਾਵ ਪਾਉਣ ਲਈ ਉਸ ਸਥਾਨ ਦੇ ਚੱਪੇ-ਚੱਪੇ ਤੋਂ ਵਾਕਫ਼ ਹੋਣਾ ਜਰੂਰੀ ਹੈ।8 ਮਾਧੋਪੁਰੀ ਹੁਸ਼ਿਆਪੁਰ ਜੈਜੋਂ ਤੇ ਮੁਲਤਾਨ ਸ਼ਹਿਰ ਦਾ ਲੋਕੇਲ ਚੁਣਦਾ
ਹੈ।ਹੁਸ਼ਿਆਰਪੁਰ ਦੇ ਆਲੇ ਦੁਆਲੇ ਦਾ ਪ੍ਰਕਿਰਤੀ ਚਿਤਰਨ, ਉਸ ਦੇ ਚੋਅ,ਜੰਗਲੀ ਚਰਿੰਦ ਤੇ ਪਰਿੰਦ,
ਜੈਜੋਂ ਸ਼ਹਿਰ ਵਿਚਲੀਆਂ ਇਮਾਰਤਾਂ ਤੇ ਮੁਲਤਾਨ ਦੀਆਂ ਮਸਜਿਦਾਂ,ਮਜ਼ਾਰਾਂ ਤੇ ਬਜ਼ਾਰਾਂ ਦਾ ਵਰਣਨ ਨਾਵਲ ਵਿੱਚ ਏਨਾ ਸਹਿਜ ਹੋਇਆ ਹੈ ਕਿ
ਪਾਠਕ ਅਚਨਚੇਤ ਹੀ ਉਸ ਸਮੇਂ ਵਿੱਚ ਪਹੰੁਚ ਜਾਂਦਾ ਹੈ।ਇਹ ਨਾਵਲ ਦਾ ਬੜਾ ਸਰਲ ਪੱਖ ਹੈ।“ਖੋਖਾ-ਨੁਮਾ
ਸਾਡੀ ਇਹ ਦੁਕਾਨ ਜੈਜੋਂ ਦੇ ਘੁਮਾਰ ਮੁਹੱਲੇ ਕੋਲ ਚਮਾਰ ਮੁਹੱਲੇ ਵਿੱਚ ਸੀ।ਕੋਲ ਹੀ ਬਰੇੜ ਆਪਣੇ
ਹੱਥੀਂ ਚੂੜੀਆਂ-ਵੰਗਾਂ ਬਣਾਉਂਦੇ….ਸਾਡੀ ਦੁਕਾਨ ਤੋਂ ਥੋੜ੍ਹਾ ਅੱਗੇ ਮਰਾਸੀ ਮੁਹੱਲਾ ਤੇ ਫ਼ਿਰ
ਕੰਜਰਖਾਨਾ ਹੈ”।ਸਫ਼ਾ39,40,53,80,214
‘ਮਿੱਟੀ ਬੋਲ ਪਈ’
ਨਾਵਲ ਦੀ ਵੱਖਰਤਾ ਇਸ ਗੱਲ ਵਿੱਚ ਹੈ ਕਿ ਨਾਵਲਕਾਰ ਨੇ ਪਹਿਲੀ ਵਾਰ ਆਰਥਿਕ ਪੱਖੋਂ ਨਾ ਬਰਾਬਰੀ ਦੀ
ਨਹੀਂ ਸਗੋਂ ਨਿਰੋਲ ਸਮਾਜਿਕ ਨਾ ਬਰਾਬਰੀ ਦੀ ਗੱਲ ਕੀਤੀ ਹੈ।ਆਰਥਿਕ ਪੱਖੋਂ ਹੀਣਾ ਹੋ ਕੇ ਤਾਂ ਇੱਕ
ਬ੍ਰਾਹਮਣ ਵੀ ਦਲਿਤ ਹੋ ਸਕਦਾ ਹੈ ਪਰ ਸਮਾਜਿਕ ਤੇ ਧਾਰਮਿਕ ਪੱਖੋਂ ਨਾ ਬਰਾਬਰੀ ਵਰਣ ਆਸ਼ਰਮ ਵਿਚ
ਮੌਜੂਦ ਹੈ।ਪੁਰਾਣੇ ਜ਼ਮਾਨੇ ਵਿੱਚ ਅਮੀਰ ਦਲਿਤ ਵੀ ਸਮਾਜਿਕ ਨਾ ਬਰਾਬਰੀ ਦਾ ਸ਼ਿਕਾਰ ਸਨ।ਲੇਖਕ ਦੁਆਬੇ
ਦੇ ਦਲਿਤਾਂ ਦੀ ਆਰਥਿਕ ਹੀਣਤਾ ਦੀ ਗੱਲ ਨਹੀਂ ਕਰਦਾ ਸਗੋਂ ਉਸ ਮੁਤਾਬਿਕ “ਚਮੜੇ ਦਾ ਸਾਰਾ ਕਾਰੋਬਾਰ
ਤੇ ਦਾਰੋਮਦਾਰ ਸਾਡੇ ਹੱਥ ਆ।ਬਥੇਰਾ ਮਾਲ ਨਿਕਲਦਾ ਪਟਿਆਲੇ ,ਦਿੱਲੀ,ਬਹਾਵਲਪੁਰ ਤੇ ਹੋਰ ਥਾਮਾਂ ਨੂੰ”।ਸਫ਼ਾ82 “ਰਵਿਦਾਸੀਆ ਸਿੱਖ ਰਿਆਸਤ ਮਹਾਰਾਜਾ ਪਟਿਆਲਾ,ਫ਼ਲੌਰ ਰਿਆਸਤ ਮਲੇਰਕੋਟਲਾ ਤੇ ਹੋਰ ਪਿੰਡਾਂ ਵਿੱਚ ਜ਼ਮੀਨ ਦੇ ਮਾਲਕ ਆ।ਲੁਧਿਆਣਾ,ਅੰਮ੍ਰਿਤਸਰ ਦੇ ਸ਼ਹਿਰਾਂ ਤੇ ਬਹੁਤ ਸਾਰੇ ਪਿੰਡਾਂ ਵਿੱਚ ਜ਼ਮੀਨਾਂ ਤੇ
ਧਰਮਸ਼ਾਲਾ ਹਨ”।ਸਫ਼ਾ211 ਇਸੇ ਦੌਰਾਨ ਮੈਨੂੰ ਚੁੱਲੇ੍ਹ
ਵੱਲੋਂ ਬਾਸਮਤੀ ਦੇ ਚੌਲਾਂ ਤੇ ਕੜ੍ਹੀ ਦੇ ਰਿੱਝਣ ਦੀਆਂ ਖੁਸ਼ਬੋਆਂ ਆਈਆਂ।ਸਫ਼ਾ190 ਨਾਵਲਕਾਰ ਆਪ ਮੰਨਦਾ ਹੈ ਕਿ “ਲੱਗਦਾ ਸੀ ਜਿਵੇਂ ਉਨ੍ਹਾਂ ਨੂੰ ਗੁਲਾਮੀ
ਤੇ ਅਜ਼ਾਦੀ ਦੇ ਮਹਿਨੇ ਸੱਚਮੁੱਚ ਸਮਝ ਆ ਗਏ ਹੋਣ ਤੇ ਉਹ ਸਮਾਜਕ ਬਰਾਬਰੀ ਖਾਤਰ ਕੁੱਝ ਵੀ ਕਰ ਗੁਜਰਣ
ਲਈ ਤਿਆਰ ਹੋਣ।ਸਫ਼ਾ69 ਇਸ ਸਮਾਜਿਕ ਬਰਾਬਰੀ ਹਾਸਲ
ਕਰਨ ਲਈ ਸੰਗਤੀਆ ਲੋਕਾਂ ਨੂੰ ਆਪਣੇ ਬੱਚੇ ਸਕੂਲਾਂ ਤੇ ਨੌਜੁਆਨ ਮੰੁਡਿਆਂ ਨੂੰ ਫ਼ੌਜ ਵਿੱਚ ਭਰਤੀ
ਕਰਾਉਣ ਲਈ ਪ੍ਰੇਰਨਾ ਦਿੰਦਾ ਹੈ।ਉਸ ਦਾ ਖ਼ਿਆਲ ਹੈ ਕਿ ਵਿੱਦਿਆ ਤੇ ਆਰਥਿਕ ਪੱਖੋਂ ਮਜ਼ਬੂਤੀ ਦਲਿਤਾਂ
ਵਿੱਚ ਜ਼ਿਆਦਾ-ਜ਼ਿਆਦਾ ਚੇਤਨਾ ਲਿਆਏਗੀ।ਲੇਖਕ ਇਹ ਵੀ ਦੱਸਦਾ ਹੈ ਕਿ ਬਾਬੂ ਜੀ ਦੀ ਕੁਰਬਾਨੀ ਸਦਕਾ
ਲੋਕ ਚੇਤਨਾ ਪੈਦਾ ਹੋ ਰਹੀ ਹੈ ਤੇ ਅੰਗ਼ਰੇਜ਼ ਸਰਕਾਰ ਦਲਿਤਾਂ ਨੂੰ ਜ਼ਿਆਦਾ ਹੱਕ ਦੇ ਰਹੀ ਹੈ।ਪਹਿਲੀ
ਵਾਰ ਧਰਮ ਤੇ ਜਾਤ ਦੇ ਨਾਂ ‘ਤੇ ਦਲਿਤਾਂ ਦੀ ਇੱਕ
ਰੈਜਮੈਂਟ ਕਾਇਮ ਕੀਤੀ ਗਈ ਹੈ।ਇਹ ਪਹਿਲਾ ਮੌਕਾ ਹੈ ਇਤਿਹਾਸ ਵਿੱਚ ਜਦੋਂ ਸਰਕਾਰ ਵਲੋਂ
ਦਲਿਤ ਸ਼੍ਰਣੀ ਸੈਨਿਕ ਬਣ ਰਹੀ ਹੈ।“ਕਾਂਗੜਾ,ਚੰਬਾ ਤੇ ਮੰਡੀ ਦੇ
ਗਭਰੂ ਆਦਿ ਧਰਮ ਮੰਡਲ ਦੇ ਪ੍ਰਧਾਨ ਬਾਬਾ ਮੰਗੂ ਰਾਮ ਮੁੱਗੋਵਾਲ ਦੇ ਉਤਸ਼ਾਹ ਭਰੇ ਜੋਸ਼ ਨਾਲ ਭਰਤੀ
ਹੋਣ ਲਈ ਉਤਾਵਲੇ ਹੋ ਗਏ ਹਨ।ਉਹ ਆਪਣੀ ਗਰੀਬੀ ਦੇ ਦਲਿੱਦਰ ਨੂੰ ਮਿਟਾਉਣ ਲਈ……..ਸਫ਼ਾ189।
ਇਸ ਨਾਵਲ ਦਾ ਆਧਾਰ
ਇਨ੍ਹਾਂ ਸਤਰਾਂ ਕਿ “ਉਹਨੇ ਅੰਗਰੇਜ਼ਾਂ ਨੂੰ ਦੱਸਿਆ ਕਿ ਅਸੀਂ ਆਦਿ ਧਰਮੀ ਲੋਕ ਤਿੰਨ ਤਰ੍ਹਾਂ ਦੀ
ਗੁਲਾਮੀ ਕਰਦੇ ਆਂ ਹਿੰਦੂਆਂ ਰਾਜਿਆਂ, ਹਿੰਦੂ ਸਮਾਜ ਤੇ
ਅੰਗਰੇਜ਼ ਹਕੂਮਤ ਦੀ”।ਇਹ ਨਾਵਲ ਭਾਰਤ ਦੀ ਅਜ਼ਾਦੀ ਲਏ ਲੜੇ ਸੰਘਰਸ਼ ਦੀ ਕੋਈ ਗੱਲ ਨਹੀਂ ਕਰਦਾ।ਹਲਾਂਕਿ
ਮੰਗੂ ਰਾਮ ਖੁੱਦ ਗ਼ਦਰ ਪਾਰਟੀ ’ਚ ਰਹਿ ਕੇ ਕਿਤੇ ਵੀ ਉਨ੍ਹਾਂ ਨੂੰ ਸੰਘਰਸ਼ ’ਚ ਪਏ ਨਹੀਂ
ਵਿਖਾਉਂਦਾ।ਸੰਵਾਦ ਤੇ ਤਕਰੀਰ ਸ਼ੈਲੀ ਰਾਹੀਂ ਇਹ ਨਾਵਲ ਇਤਿਹਾਸਕਤਾ ਦੀ ਗੱਲ ਕਰਦਾ ਹੈ।ਨਾਵਲ ਵਿੱਚ
ਮਜਬੂਰ ਸਰੀਰ ਵੇਚਣ ਵਾਲੀਆਂ ਔਰਤਾਂ ਤੇ ਬੇਬਸੀ ਦਾ ਸ਼ਿਕਾਰ ਦਲਿਤ ਔਰਤਾਂ ਜਿਨ੍ਹਾਂ ਉਪਰ ਜ਼ਬਹ-ਜਿਨਾਹ
ੳਚ ਜਾਤੀਆਂ ਵਲੋਂ ਕੀਤੇ ਜਾਂਦੇ ਹਨ ਦੀ ਗਲ ਵੀ ਹੋਈ ਹੈ ਤੇ ਉਸਦਾ ਸਮਾਧਾਨ ਦਲਿਤ ਮਰਦਾਂ ਵੱਲੋਂ
ਉਨ੍ਹਾਂ ਨੂੰ ਅਪਣਾਏ ਜਾਣ ਨਾਲ ਕੀਤਾ ਹੈ।ਦੂਸਰੀ ਵੱਡੀ ਜੰਗ ਦੀ ਗੱਲ ਵੀ ਏਸੇ ਤਰ੍ਹਾਂ ਸੂਚਨਾਵਾਂ
ਰਾਹੀਂ ਕੀਤੀ ਗਈ ਹੈ। ਇੰਝ ਇਹ ਨਾਵਲ ਸੂਚਨਾਵਾਂ ਤੇ ਸੰਵਾਦ ਵਿਧੀ ਰਾਹੀਂ ਹਾਸ਼ੀਆਕ੍ਰਿਤ ਲੋਕਾਂ ਦੀ
ਗੱਲ ਕਰਦਾ ਹੈ।
ਇਸ ਨਾਵਲ ਦੀ ਵੱਡੀ
ਵਿਲੱਖਣਤਾ ਹਾਸ਼ੀਆਕ੍ਰਿਤ ਲੋਕਾਂ ਵਲੋਂ ਚਲਾਈ ਗਈ ਆਦਿ-ਧਰਮ ਮੰਡਲ ਦੇ ਨਾਂ ਹੇਠਾਂ ਲਹਿਰ ਜਿਸ ਦੇ
ਨੇਤਾ ਮੰਗੂ ਰਾਮ ਹਨ, ਨੂੰ ਵਿਸ਼ਾ ਵਸਤੂ ਦੇ ਰੂਪ
ਵਿੱਚ ਲੈਣਾ ਹੈ।ਇਨ੍ਹਾਂ ਲੋਕਾਂ ਦੇ ਸੰਘਰਸ਼ ਤੇ ਸ਼ੋਸ਼ਣ ਦੀ ਦਾਸਤਾਨ ਨੂੰ ਨਾਵਲਕਾਰ ਨੇ 1920 ਤੋਂ1947 ਤੱਕ ਦੇ ਸਮੇਂ
ਵਿੱਚ ਬੰਨ੍ਹਿਆ ਹੈ।ਇੱਕ ਗੱਲ ਏਥੇ ਕਹਿਣੀ ਬਣਦੀ ਹੈ ਕਿ ਇਤਿਹਾਸਕ ਨਾਵਲ ਵਿੱਚ ਨਾਵਲ‘ਨਾਂਵ’ਹੈ ਤੇ
ਇਤਿਹਾਸ‘ਵਿਸ਼ੇਸ਼ਣ’ਪਰ ਏਥੇ ਉਲਟ ਹੈ।ਇਤਿਹਾਸ ਏਥੇ‘ਨਾਂਵ’ਬਣ ਗਿਆ ਹੈ ਤੇ ਨਾਵਲ‘ਵਿਸ਼ੇਸ਼ਣ’।ਨਾਵਲ ਦੀ
ਪ੍ਰਾਪਤੀ ਇਸ ਦੇ ਹਾਸ਼ੀਆਕ੍ਰਿਤ ਲੋਕਾਂ ਦੇ ਸੰਘਰਸ਼ ਤੇ ਉਨ੍ਹਾਂ ਦੇ ਨਾਇਕ ਨੂੰ ਅੱਗੇ ਲਿਆਉਣ ਵਿੱਚ
ਹੈ।
ਹਵਾਲੇ :
1. ਬ੍ਰਾਈਨ ਫਰੈ, ਪੋਂਪਰ ਐਂਡ ਰਿਚਰਡ-ਹਿਸਟਰੀ ਐਂਡ ਥਿਊਰੀ ਕਨਟੈਂਪਰੇਰੀ ਰੀਡੀਂਗ (ਸਫ਼ਾ 2)
2. ਹੈਡਨ ਵਾਈਟ, ਮੈਟਾ ਹਿਸਟਰੀ ਦੀ ਹਿਸਟੌਰੀਕਲ ਅਮੈਜੀਨੇਸ਼ਨ ਇਨ ਨਾਈਂਨਟੀਥ ਸੈਂਚੁਰੀ
(ਸਫ਼ਾ ਯੀੀ)
3. ਜੇਮਜ਼ ਗਰੂਟ, ਹਿਸਟੌਰੀਕਲ ਨਾਵਲ (ਸਫ਼ਾ 116)
4. ਡਾ. ਸਰਬਜੀਤ ਸਿੰਘ, ਦਲਿਤ ਦ੍ਰਿਸ਼ਟੀ (ਸਫ਼ਾ 12)
5. ਬਲਬੀਰ ਮਾਧੋਪੁਰੀ, ਤ੍ਰੈ ਮਾਸਕ ਪੁਸਤਕ ਲੜੀ, ਵਾਹਗਾ (2)
6. ਬਲਬੀਰ ਮਾਧੋਪੁਰੀ, ਤ੍ਰੈ ਮਾਸਕ ਪੁਸਤਕ ਲੜੀ, ਵਾਹਗਾ (2)
7. ਜੇਮਜ਼ ਗਰੂਟ, ਹਿਸਟੌਰੀਕਲ ਨਾਵਲ (ਸਫ਼ਾ 117)
8. ਕਾਰਲੋਸ ਮੈਤਰੇ, ਬ੍ਰੀਫ਼ ਡੈਫ਼ੀਨੇਸ਼ਨ ਐਂਡ ਕਰੈਕਟਰਾਈਜੇਸ਼ਨ ਆਫ਼ ਹਿਸਟਾਰਿਕ ਨਾਵਲ (ਸਫ਼ਾ 3)
ਮੋ: 9855263576
ਮਿੱਟੀ ਬੋਲ ਪਈ (ਨਾਵਲ)
ਬਲਬੀਰ ਮਾਧੋਪੁਰੀ
ਕੁੱਲ ਪੰਨੇ - 302, ਨਵਯੁਗ ਪਬਲਿਸ਼ਰਜ਼, 2020
ਇਹ ਬਲਬੀਰ ਮਾਧੋਪੁਰੀ ਦਾ ਪਹਿਲਾ ਨਾਵਲ ਹੈ। ਉਂਜ਼ ਬਲਬੀਰ ਮਾਧੋਪੁਰੀ ਸਾਡਾ ਪੰਜਾਬੀ ਦਾ ਇਕ ਜਾਣਿਆ-ਪਛਾਣਿਆ ਨਾਮਵਰ ਤੇ ਪੌਢ ਲੇਖਕ ਹੈ। ਮਿੱਟੀ ਬੋਲ ਪਈ ਨਾਵਲ ਵੀ ਨਾਵਲਕਾਰੀ ਦੀ ਪੌਢਤਾ ਦਾ ਪ੍ਰਮਾਣ ਵੀ ਹੈ। ਇਹ ਨਾਵਲ ਆਪਣੇ ਵਿਧਾਗਤ ਖਾਸੇ ਅਤੇ ਰਚਨਾ-ਦ੍ਰਿਸ਼ਟੀ ਵਜੋਂ ਨਾਵਲੀ ਇਤਿਹਾਸ ਵਿਚ ਇਕ ਪਛਾਣਨਯੋਗ ਰਚਨਾ ਹੈ। ਇਸ ਨੂੰ ਬਲਬੀਰ ਮਾਧੋਪੁਰੀ ਨੇ ਆਪਣੀ ਹੱਢ-ਹੰਢਾਈ ਦਲਿਤ ਚੇਤਨਾ ਰਾਹੀਂ ਸਵੈ-ਜੀਵਨੀ ਪੂਰਕ ਨਾਵਲ ਵਜੋਂ ਪੇਸ਼ ਕੀਤਾ ਹੈ। ਇਸ ਵਿਚ ਮੁੱਖ ਪਾਤਰ ਵਜੋਂ ਗੋਰਾ (ਲੇਖਕ) ਤੇ ਬਾਬਾ ਦੋਵੇਂ ਦਾਦੇ-ਪੋਤੇ ਦੇ ਰੂਪ ਵਿਚ ਪੇਸ਼ ਹੋਏ ਹਨ। ਮਾਧੋਪੁਰੀ ਨੇ ਜਿਵੇਂ ਆਪਣੀ ਸਵੈ-ਜੀਵਨੀ ਛਾਂਗਿਆ ਰੁੱਖ ਵਿਚ ਸਾਡੀਆਂ ਸਮਾਜਕ ਨਸਾਂ ਵਿਚ ਬੈਠੇ ਤੇ ਫੈ਼ਲੇ ਦਲਿਤ ਵਰਤਾਰੇ ਦਾ ਅਨੁਭਵ ਪੇਸ਼ ਕੀਤਾ ਹੈ, ਤਿਵੇਂ ਦੀ ਸਥਿਤੀ ਹੀ ਮਿੱਟੀ ਬੋਲ ਪਈ ਨਾਵਲ ਦੀ ਹੈ। ਇਸ ਨਾਵਲ ਵਿਚ ਦਲਿਤਾਂ ਨੂੰ ਇਥੋਂ ਦੇ ਆਦਿ-ਧਰਮੀ ਅਰਥਾਤ ਆਦਿ-ਵਾਸੀ ਕਿਹਾ ਗਿਆ ਹੈ। ਆਰੀਆ ਦੇ ਆਉਣ ਤੋਂ ਪਹਿਲਾਂ ਦਲਿਤ ਇਥੋਂ ਦੇ ਮੁੱਢਲੇ ਵਸਨੀਕ ਸਨ। ਆਰੀਆ ਦੇ ਆਉਣ ਨਾਲ ਉਪਜੀ ਵਰਣ-ਧਰਮ ਸੰਸਕ੍ਰਿਤੀ ਕਾਰਣ ਇਥੋਂ ਦੇ ਆਦਿ ਵਾਸੀ ਹਾਸ਼ੀਏ ਉੱਤੇ ਚਲੇ ਗਏ। ਸਾਡੇ ਅਨੇਕਾਂ ਭਗਤਾਂ ਅਤੇ ਸਿੱਖ ਗੁਰੂਆਂ ਦੀ ਬਾਣੀ ਨੇ ਸਮਾਜਕ ਸਮਾਨਤਾ ਦਾ ਵੱਡਾ ਵਿਚਾਰਧਾਰਾਈ ਰਾਹ ਦਿਖਾਇਆ ਸੀ, ਪਰ ਫਿਰ ਵੀ ਸਾਡੇ ਭਾਰਤੀ/ਪੰਜਾਬੀ ਸਮਾਜ ਵਿਚੋਂ ਵਰਣ ਅਵਸਥਾ ਖਾਰਜ਼ ਨਹੀਂ ਹੋਈ ਹੈ। ਆਦਿ ਵਾਸੀਆ ਦੇ ਨੇਤਾ ਮੰਗੂ ਰਾਮ ਨੇ ਵੀ ਦਲਿਤਾਂ ਨੂੰ ਆਪਣੀ ਪੱਛੜੀ ਸਥਿਤੀ ਵਿਚੋਂ ਨਿਕਲਣ ਜਾਂ ਉਪਰ ਉੱਠਣ ਲਈ ਚੇਤਨ ਤੇ ਲਾਮਬੰਦ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਹੈ। ਇਸ ਤਰ੍ਹਾਂ ਇਹ ਨਾਵਲ ਇਕ ਤਰ੍ਹਾਂ ਦੀ ਸਾਡੀ ਸਮਾਜਕ ਬਣਤਰ ਦੀ ਇਤਿਹਾਸਕ ਕਿਸਮ ਦੀ ਪੁਣ-ਛਾਣ ਵੀ ਹੈ।
ਇਸ ਨਾਵਲ ਦਾ ਘਟਨਾ-ਕ੍ਰਮ ਹੁਸਿ਼ਆਰਪੁਰ ਦੇ ਚਾਰ-ਚੁਫ਼ੇਰੇ ਦਾ ਦੁਆਬਾ ਏਰੀਆ ਹੈ। ਇਸ ਦੀ ਵਿਸ਼ੇਸ਼ਤਾ ਦੁਆਬੇ ਦੇ ਦਲਿਤ ਜੀਵਨ ਦੀ ਆਂਚਿਲਕਤਾ ਐਸੇ ਦਿਲਕਸ਼ ਅੰਦਾਜ਼ ਵਿਚ ਪੇਸ਼ ਹੋਈ ਹੈ ਕਿ ਇਸ ਵਿਚੋਂ ਸਾਡੇ ਸਮਾਜਕ ਯਥਾਰਥ ਦੇ ਲੋਕਧਾਰਾਈ ਜੀਵਨ ਦਾ ਸੱਚ ਸਾਹਮਣੇ ਆਉਂਦਾ ਹੈ। ਲੋਕਧਾਰਾਈ ਆਂਚਿਲਕਤਾ ਦੇ ਨਾਲ-ਨਾਲ ਨਾਵਲਕਾਰ ਨੇ ਕੁਦਰਤ ਜਾਂ ਪ੍ਰਕਿਰਤੀ ਚਿੱਤ੍ਰਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈ। ਬੰਦੇ ਨੂੰ ਪ੍ਰਕਿਰਤੀ ਵਾਂਗ ਮੌਲਣ/ਵਿਗਸ਼ਣ ਵਾਲੇ ਜੀਵਨ ਵਜੋਂ ਪੇਸ਼ ਕੀਤਾ ਗਿਆ ਹੈ। ਗੋਰਾ/ਨਾਵਲਕਾਰ ਕਿਵੇਂ ਵਿਪਰੀਤ ਸਥਿਤੀਆਂ ਦੇ ਬਾਵਜੂਦ ਆਪਣੀ ਮਿਹਨਤ, ਵਿਦਿਆ ਤੇ ਆਪਣੇ ਬਾਬੇ ਦੀ ਅਗਵਾਈ ਹੇਠ ਜੀਵਨ ਵਿਚ ਅੱਗੇ ਵੱਧਦਾ ਹੈ। ਇਸ ਵਿਚ ਨਾਵਲਕਾਰ ਨੇ ਬਾਬੇ (ਦਾਦੇ) ਨੂੰ ਇਕ ਜ਼ੋਰਦਾਰ ਪਾਤਰ ਵਜੋਂ ਚ੍ਰਿਤਿਆ ਹੈ। ਬਾਬਾ ਜੀਵਨ ਵਿਚ ਮਿਹਨਤ, ਧੀਰਜ ਤੇ ਮਾਨਵੀਂ ਮੁੱਲਾਂ ਦੇ ਧਵੱਜ਼ ਵਜੋਂ ਨਵੀਂ ਪੀੜ੍ਹੀ ਨੂੰ ਇਕ ਮਿਸਾਲੀ ਅਗਵਾਈ ਦੇਂਦਾ ਹੈ। ਅਜੇਹੇ ਪਾਤਰ ਹੀ ਸਾਡੇ ਸਮਾਜ ਦੀ ਅਗਲੇਰੀ ਤੌਰ `ਤੇ ਮਾਨਵੀਂ ਮੁੱਲਾਂ ਦੀ ਤਾਕਤ ਵਜੋਂ ਧਰਤੀ ਹੇਠਲਾ ਬਲਦ ਵਜੋਂ ਧਰਤੀ ਪੁੱਤਰ ਜਾਪਦੇ ਹਨ। ਅਜੇਹੇ ਪਾਤਰ ਜੀਵਨ ਦੀ ਕਰੂਰਤਾ ਦੇ ਬਾਵਜੂਦ ਜੀਵਨ ਦੀ ਚਾਹਤ ਦੀ ਲੋਅ ਤਹਿਤ ਨਿਰੰਤਰ ਅੱਗੇ ਵੱਧਦੇ ਹੋਏ ਹੋਰਨਾਂ ਦਾ ਵੀ ਵੱਡਾ ਸਹਾਰਾ ਬਣਦੇ ਹਨ। ਇਹ ਕੁਨਬਾ ਹੀ ਨਹੀਂ, ਸਮਾਜ ਪਾਲਕ ਪਾਤਰ ਹਨ।
ਮਿੱਟੀ ਬੋਲ ਪਈ ਨਾਵਲ ਦਾ ਨਾਮ ਇਕ ਤਰ੍ਹਾਂ ਨਾਲ ਅਜੇਹੇ ਆਦਿ-ਧਰਮੀ ਦਲਿਤਾਂ ਦੇ ਬੋਲਾਂ/ਚੇਤਨਾ, ਜਾਂ ਆਵਾਜ਼ ਦੀ ਹੀ ਪਰਾਇ ਹੈ। ਅਜੇਹੇ ਹਾਸ਼ੀਆਗ੍ਰਸਤ ਪਰ ਅਸਲੀ ਮਾਲਕਾਂ ਦੀ ਆਵਾਜ਼ ਹੁਣ ਅੰਗੜਾਈਆਂ ਲੈ ਰਹੀ ਵਿਖਾਈ ਦੇਂਦੀ ਹੈ। ਸਾਡੇ ਵਿਤਕਰਿਆਂ ਤੇ ਭਿੰਨ-ਭੇਦ ਵਾਲੇ ਭਾਰਤੀ/ਪੰਜਾਬੀ ਸਮਾਜ ਦਾ ਜਾਣਿਆ-ਪਛਾਣਿਆ ਸੱਚ ਤਾਂ ਪਹਿਲਾਂ ਹੀ ਸਾਡੇ ਸਾਹਮਣੇ ਹੈ। ਪਰ ਬਲਬੀਰ ਮਾਧੋਪੁਰੀ ਨੇ ਇਸ ਨੂੰ ਇਤਿਹਾਸਕ ਤੇ ਤਰਕ-ਸੰਗਤ ਰੂਪ ਵਿਚ ਬਿਨਾਂ ਕਿਸੇ ਨਫ਼ਰਤ ਤੇ ਲਹਿਜ਼ੇ `ਤੇ ਜੀਵਨੀ-ਰੂਪੀ ਗਾਲਪਨਿਕ ਬਿੰਬ ਵਜੋਂ ਪੇਸ਼ ਕੀਤਾ ਹੈ। ਇਹ ਨਾਵਲ ਸਾਡੀ ਸਮਾਜਕ ਬਣਤਰ ਤੇ ਇਸ ਦੇ ਲੋਕਧਾਰਾਈ ਪਰਿਪੇਖ ਦਾ ਅਹਿਮ ਯਥਾਰਥਕ ਤੇ ਇਤਿਹਾਸਕ ਦਸਤਾਵੇਜ਼ ਹੈ। ਇਹ ਆਪਣੇ ਚਾਰ-ਚੁਫ਼ੇਰੇ ਨੂੰ ਜਾਣਨ-ਸਮਝਣ ਤੇ ਮਾਨਵੀਂ ਸਰੋਕਾਰਾਂ ਦੀ ਪ੍ਰੇਰਣਾ ਦੇਣ ਵਾਲੀ ਅਹਿਮ ਰਚਨਾ ਹੈ। ਇਸ ਨਾਲ ਬਤੌਰ ਲੇਖਕ ਮਾਧੋਪੁਰੀ ਦਾ ਕੱਦ ਹੋਰ ਵੱਡਾ ਹੋ ਗਿਆ ਹੈ।
ਡਾ. ਮਹਿਲ ਸਿੰਘ
ਪ੍ਰਿੰਸੀਪਲ
ਖ਼ਾਲਸਾ ਕਾਲਜ, ਅੰਮ੍ਰਿਤਸਰ।
‘ਛਾਂਗਿਆ ਰੁੱਖ’ ਦੇ ਲਿਖੇ ਜਾਣ ਤਕ: ਬਲਬੀਰ ਮਾਧੋਪੁਰੀ
ਹੁਣ ਮੈਂ ਆਪਣੀ ਉਮਰ
ਦੇ ਪੈਂਹਟਵੇਂ ਵਰ੍ਹੇ (ਜਨਮ: 24 ਜੁਲਾਈ 1955)
ਵਿਚੀਂ ਗੁਜ਼ਰ ਰਿਹਾ ਹਾਂ। ਲਗਦੇ ਹੱਥ ਸਪਸ਼ਟ ਕਰ ਦਿਆਂ ਕਿ ਮੇਰੀ ਮਾਂ
ਵੱਲੋਂ ਦੱਸਿਆ ਮੇਰਾ ਜਨਮ ਦਿਨ ਮੰਗਲਵਾਰ ਜਨਮ ਤਰੀਕ ਨਾਲ ਮੇਲ ਨਹੀਂ ਖਾਂਦਾ। ਦਰਅਸਲ, ਇਸ ਧਰਤੀ ਜਾਇਆਂ-ਮੂਲ ਨਿਵਾਸੀਆਂ ਨੇ ਕਦੇ ਜਨਮ-ਪੱਤਰੀ ਜਾਂ ਟੇਵੇ ‘ਚ
ਯਕੀਨ ਨਹੀਂ ਰੱਖਿਆ।... ਮੇਰੀ ਉਮਰ ਦਾ ਪਹਿਲਾ ਅੱਧ ਆਪਣੇ ਪਿੰਡ ਮਾਧੋਪੁਰ (ਨੇੜੇ ਸ਼ੂਗਰ ਮਿੱਲ,
ਭੋਗਪੁਰ, ਜ਼ਿਲ੍ਹਾ ਜਲੰਧਰ) ‘ਚ
ਬੀਤਿਆ। ਪਿਛਲੇ ਤਕਰੀਬਨ 33 ਸਾਲਾਂ ਤੋਂ ਦੇਸ਼ ਦੀ
ਰਾਜਧਾਨੀ ਦਿੱਲੀ ‘ਚ ਰਹਿ ਰਿਹਾ ਹਾਂ। ਆਪਣੀ ਬਾਲ-ਵਰੇਸ ਤੇ ਚੜ੍ਹਦੀ ਉਮਰ ਤੋਂ ਲੈ ਕੇ ‘ਜਵਾਨੀ’ ਤਕ
ਦੀਆਂ ਕਈ ਘਟਨਾਵਾਂ ਨੇ ਮੇਰੇ ਮਨ ‘ਚ ਝਰੀਆਂ ਪਾਈਆਂ ਹੋਈਆਂ ਤੇ ਬੇਸ਼ੁਮਾਰ ਸੰਘਣੀਆਂ ਯਾਦਾਂ ਨੇ
ਪੱਕੀ ਛਾਉਣੀ। ਬਹੁਤ ਕੁਝ ਭੁਲਾਉਣ ਦੀ ਕੋਸ਼ਿਸ਼ ਦੇ ਬਾਵਜੂਦ ਦਿਲ-ਦਿਮਾਗ਼ ਦੀਆਂ ਡੂੰਘੀਆਂ ਤਹਿਆਂ ‘ਚ
ਪਈਆਂ ਹਾਈਡ ਫਾਈਲਾਂ ਕਿਸੇ ਵਾਇਰਸ ਨੇ ਖਾਣ ਦੀ ਹਿੰਮਤ ਨਹੀਂ ਕੀਤੀ।... ਜੋ ਥੋੜ੍ਹਾ ਬਹੁਤ ਲਿਖਣ
ਦੀ ਤਾਕ ‘ਚ ਰਹਿੰਦਾ ਹਾਂ, ਉਸ ਵਾਸਤੇ ਇਹ ਸਭ ਮੇਰਾ ਵੱਡਾ
ਸਰਮਾਇਆ ਹੈ। ਦੂਜੀ ਹਕੀਕਤ, ਕੁਦਰਤ-ਕਾਇਨਾਤ ਪ੍ਰਤੀ ਮੇਰਾ
ਪਿਆਰ- ਸਤਿਕਾਰ ਮੇਰੇ ਰੋਮਾਂ ‘ਚ ਇਉਂ ਰਚਿਆ-ਮਿਚਿਆ ਹੋਇਆ ਹੈ ਜਿਵੇਂ ਰੇਤਾ ਵਿਚ ਜਜ਼ਬ ਹੋਇਆ
ਪਾਣੀ।...ਆਪਣੇ ਪਿੰਡ ਦੇ ਖੇਤਾਂ ‘ਚ ਮੈਂ ਬਾਲ-ਮਜ਼ਦੂਰੀ ਕਰਦਿਆਂ ਅਲੱਗ-ਅਲੱਗ ਕਿਸਮ ਦੀ ਜ਼ਮੀਨ,
ਟਾਹਲੀਆਂ ਦੀਆਂ ਝਿੜੀਆਂ, ਬਾਰਾਂਮਾਸੀ ਚੋਈਆਂ, ਬਰਸਾਤਾਂ ਨੂੰ ਆਪ-ਮੁਹਾਰੇ
ਫੁਟਦੀਆਂ ਸੀਰਾਂ, ਉਨ੍ਹਾਂ ਦਾ ਕੂਲ੍ਹਾਂ ਬਣ
ਵਗਦਾ ਪਾਣੀ ਤੇ ਉਸ ਉਤੇ ਉਠਦੀਆਂ ਨਿੱਕੀਆਂ ਲਹਿਰਾਂ ਮੇਰੇ ਅਦਿੱਖ ਮਨ ਵਿਚ ਅੱਜ ਵੀ ਲੱਫਾਂ
ਮਾਰਦੀਆਂ ਹਨ। (ਅਸਲੀਅਤ ਵਿਚ ਵੀ ਇਹ ਸਭ ਸਾਡੇ ਉਸ ਧਰਤ-ਖਿੱਤੇ ਵਿਚ ਅਲੋਪ ਹੋ ਚੁੱਕਾ ਹੈ)।...
ਆਪਣੇ ਭਾਈਆ, ਭਰਾ ਤੇ ਤਾਇਆਂ ਦੇ ਪੁੱਤਾਂ
ਨਾਲ ਕੰਮ ਕਰਦਿਆਂ ਦਮ ਮਾਰਨ ਲਈ ਮੈਂ, ਬੰਨੇ ਜਾਂ ਪਹੈ
ਵਿਚਲੇ ਘਾਹ ‘ਤੇ ਬਹਿੰਦਾ। ਜ਼ਰਾ ਕੁ ਮਗਰੋਂ, ਪੈਰਾਂ ਜਾਂ ਬੈਠਕ
ਦੀ ਥਾਂ ਮਿੱਧ ਹੋਇਆ ਘਾਹ ਫਿਰ ਸਿੱਧਾ ਖੜ੍ਹਾ ਹੋ ਜਾਂਦਾ। ਕੁਦਰਤ ਕਿਰਤੀ ਵਾਂਗ ਦਿਨ-ਰਾਤ ਮਿਹਨਤ
ਕਰਦੀ ਮਹਿਸੂਸ ਹੁੰਦੀ। ਮੀਹਾਂ-ਨ੍ਹੇਰੀਆਂ ਦੌਰਾਨ ਰੁੱਖ ਲਿਫ-ਲਿਫ ਜਦੋਂ ਸਿੱਧੇ ਖੜ੍ਹੇ ਹੁੰਦੇ ਤਾਂ
ਮੇਰਾ ਛੋਟਾ ਜਿਹਾ ਤਨ ਤਣ ਜਾਂਦਾ।...ਇਉਂ ਬੇਜ਼ਮੀਨੇ ਹੁੰਦਿਆਂ ਵੀ ਮੇਰੀ ਜੰਮਣ-ਭੋਂ ਮੇਰੇ ਲੇਖਣ ਦੇ
ਪ੍ਰੇਰਨਾ ਸਰੋਤ ਦਾ ਅਮੁੱਕ ਤੇ ਅਮੁੱਲ ਖਜ਼ਾਨਾ ਹੈ।
ਆਪਣੀਆਂ ਲਿਖਤਾਂ
ਬਾਰੇ ਆਪੇ ਲਿਖਣਾ ਮੈਨੂੰ ਆਪਣੀ ਔਲਾਦ ਦਾ ਸਿਰ
ਪਲੋਸਣ ਵਰਗਾ ਕੰਮ ਲਗਦੈ। ਮੇਰਾ ਇਕ ਲੇਖਕ ਮਿੱਤਰ ਕਹਿੰਦਾ ਹੁੰਦਾ ਹੈ ਕਿ ਆਪਣੀ ਰਚਨਾ ਬਾਰੇ ਲਿਖਣਾ
ਆਪਣਾ ਸਿਰ ਆਪ ਮੁੰਨਣ ਵਾਲੀ ਗੱਲ ਹੈ। ਫਿਰ ਵੀ, ਸਮਾਜਕ ਸ਼ੀਸ਼ੇ ਮੋਹਰੇ
ਖੜ੍ਹਾ ਹੋ ਕੇ ਉਸਦੇ ਵਰਤਾਰੇ ਤੇ ਨਤਾਰੇ ਲਈ ਆਪਣੀ ਨਿਆਣ-ਮੱਤ ਤੋਂ ਅੱਗੇ ਆਪਣੇ ਸਾਹਿਤਕ ਸਫਰ ਦਾ
ਜ਼ਿਕਰ ਕਰਾਂਗਾ।
ਵਰਣ-ਧਰਮ ਵਿਵਸਥਾ
ਅਨੁਸਾਰ ਸਾਡਾ ‘ਵਿਹੜਾ’ ਪਿੰਡ ਦੇ ਲਹਿੰਦੇ ਬੰਨੇ ਹੈ। ਇਧਰ ਨੂੰ ਹੀ ਪਿੰਡ ਦੇ ਕਈ ਘਰਾਂ ਦਾ ਗੰਦਾ
ਪਾਣੀ ਹਰਲ-ਹਰਲ ਕਰਦਾ ਹੋਇਆ ਆਪਣਾ ਨਿਕਾਸ ਕਰਦਾ ਹੈ। ਪਿੰਡ ਅੰਦਰ ਨੂੰ ਜਾਂਦੀ ਪ੍ਰਮੁੱਖ ਗਭਲੀ ਗਲ਼ੀ
ਦੇ ਸ਼ੁਰੂ ‘ਚ ਸਾਡਾ ਘਰ ਹੈ। ਇਸਦੇ ਦੂਜੇ ਪਾਸੇ ‘ਜੱਟਾਂ ਦਾ ਗੁਰਦੁਆਰਾ’ ਹੈ, ਜਿੱਥੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਆਗਿਆ ਨਹੀਂ
ਸੀ। ਸੰਤ-ਮੱਤ ਤੇ ਗੁਰਮਤਿ ਦੇ ਡੂੰਘੇ ਸਰੋਕਾਰਾਂ
ਦੇ ਪਸਾਰੇ ਦੇ ਚੱਲਦਿਆਂ ਉਨ੍ਹਾਂ ਲੋਕਾਂ ਨੇ ਸੰਸਕ੍ਰਿਤ ਤੇ ਸੰਸਕ੍ਰਿਤੀ ਦੇ ਰਵੱਈਏ ਨੂੰ ਨਾ
ਤਿਆਗਿਆ, ਜਿਵੇਂ ਗੁਰੂ ਨਾਨਕ ਨੇ। ਸਗੋਂ ਜਾਤਪਾਤ, ਊਚ-ਨੀਚ, ਛੂਤਛਾਤ ਤੇ ਭਿੱਟ
ਉਤੇ ਠੋਕ ਕੇ ਪਹਿਰਾ ਦਿੱਤਾ ਗਿਆ।... ਹਰੇਕ ਮਹੀਨੇ ਸੰਗਰਾਦ ਜਾਂ ਗੁਰਪੁਰਬ ਮੌਕੇ ਮੈਂ ਨਿਆਣਾ
ਹੁੰਦਾ ਆਪਣੇ ਹਾਣੀਆਂ ਨਾਲ ਪ੍ਰਸ਼ਾਦ ਜਾ ਲੰਗਰ ਲੈਣ-ਖਾਣ ਜਾਂਦਾ। ਪ੍ਰਬੰਧਕ ਸਾਨੂੰ ਜਾਤ ਦੇ ਮਿਹਣੇ
ਮਾਰਦੇ, ਦੁਰਕਾਰਦੇ ਤੇ ਉਹ ਸ਼ਬਦ ਕਹਿ ਜਾਂਦੇ ਜਿਹੜੇ ਕਿਸੇ
ਧਰਮ-ਸਥਾਨ ਵਿਚ ਸੋਭਾ ਨਹੀਂ ਦਿੰਦੇ। ਬਹੁਤ ਵਾਰ ਕੁੱਤਿਆਂ-ਬਿੱਲੀਆਂ ਵਾਂਗ ਦਬਕਾਇਆ-ਧਮਕਾਇਆ
ਜਾਂਦਾ। ਜਦੋਂ ਬਰਸਾਤਾਂ ‘ਚ ਔੜ ਲਗਦੀ ਤਾਂ ਗੁਰਦੁਆਰੇ ਦੇ ਖੁਲ੍ਹੇ ਵਿਹੜੇ ਵਿਚ ਪੰਗਤ ਲਾ ਕੇ ਸਾਨੂੰ ਕੰਮੀਆਂ ਨੂੰ ਖਵਾਜਾ ਖਿਜਰ ਦੇ ਨਾਂ ‘ਤੇ ਦਲ਼ੀਆ ਵੰਡਿਆ ਜਾਂਦਾ। ਮੇਰੀ
ਦਾਦੀ ਅਕਸਰ ਕਹਿੰਦੀ, “ਖਬਰੇ ਇਕ ‘ਤੇ ਇਤਬਾਰ ਨਹੀਂ
ਰਿਹਾ ਜਿਹੜਾ ਹੁਣ ਔੜ ਵੇਲ਼ੇ ਖਵਾਜਾ ਖਿਜਰ ਕੱਢ ਲਿਆਂਦਾ।”
ਉਪਰਲੇ ਵਰਤਾਰੇ
ਕਾਰਨ ਮੇਰਾ ਗੁਰਦੁਆਰੇ ਤੋਂ ਮੋਹ-ਭੰਗ ਹੋ ਗਿਆ। ਉਦੋਂ ਸ਼ਾਇਦ ਮੈਂ ਦੂਜੀ ਜਾਂ ਤੀਜੀ ਜਮਾਤ ਵਿਚ
ਪੜ੍ਹਦਾ ਸੀ। ਸਾਡੇ ਭਾਈਚਾਰੇ ਦੇ ਲੋਕ ਉਥੇ ਪਹਿਲਾਂ ਹੀ ਨਹੀਂ ਜਾਂਦੇ ਸਨ, ਕਿਉਂਕਿ ਹਿੰਦੂਆਂ ਵਾਂਗ ਸਿੱਖਾਂ ਨੇ ਉਨ੍ਹਾਂ ਨੂੰ ਕਦੀ ਆਪਣਾ ਹਿੱਸਾ
ਨਹੀਂ ਮੰਨਿਆ। ਸ਼ਾਇਦ ਇਸੇ ਕਰਕੇ ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿਚ ਦਲਿਤ ਭਾਈਚਾਰਿਆਂ ਦੇ
ਆਪਣੇ ਗੁਰਦੁਆਰੇ ਹਨ। ਇਹ ਵੱਖਰੀ ਗੱਲ ਹੈ ਕਿ ਅੱਜੋਕੇ ਸਮਿਆਂ ਵਿਚ ਖੋਜੀ ਵਿਦਵਾਨਾਂ ਨੇ ਗੁਰੂ
ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੂੰ ‘ਦਲਿਤ ਟੈਕਸਟ’ ਕਹਿ ਕੇ ਨਿਮਾਣਿਆਂ-ਨਿਤਾਣਿਆਂ ਦੀ
ਸੰਗੀ-ਸਾਥੀ ਹੋਣ ਨੂੰ ਪਛਾਣਿਆ ਹੈ।
...ਤੇ ਹਿੰਦਸਤਾਨ ਦੀ ਭਾਰਤ-ਪਾਕਿ ਵੰਡ ਨਾਲ ਜੌਹਨ ਮੁਹੰਮਦ ਦੀ ਨਵੀਂ ਨਕੋਰ, ਚਾਅ ਨਾਲ ਬਣਾਈ ਹਵੇਲੀ, ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਬਦਲ ਗਈ ਸੀ। ਉਸ ਅੰਦਰਲੀ ਹਲਟੀ ਦਾ ਪਾਣੀ, ਹਰੇਕ ਇਨਸਾਨ ਲਈ ਨਿਆਮਤ, ਵੀ ਛੂਤਛਾਤ ਤੋਂ ਬਚ ਨਾ ਸਕਿਆ। ਹਲਟੀ ਤੋਂ ਜਦੋਂ ਜੱਟ ਕੁੜੀਆਂ-ਮੁੰਡੇ ਪਾਣੀ ਪੀਂਦੇ ਤਾਂ
ਪਹਿਲਾਂ ਪਾੜਛੇ ਨਾਲੋਂ ਸਾਡੇ ਹੱਥਾਂ ਦੀ ਭਿੱਟ ਨੂੰ ਧੋ ਕੇ ਸੁੱਚਾ ਕਰਦੇ। ਸਕੂਲ ਵਿਚ ਨਲ਼ਕਾ ਲੱਗਣ
ਮਗਰੋਂ ‘ਸੁੱਚਮ’ ਦਾ ਸਿਲਸਿਲਾ ਜਾਰੀ ਰਿਹਾ, ਭਾਵੇਂ ਕਿ ਉਸ ਅੰਦਰ
ਚੰਮ ਦੀ ਬੋਕੀ ਹੁੰਦੀ।
ਸਕੂਲ ‘ਚ ਪੜ੍ਹਦਿਆਂ
ਮੈਂ ਤੇ ਮੇਰੇ ਤਾਏ ਦਾ ਪੁੱਤ, ਰੋਸ਼ੀ, ਆਪਣੇ ਖੱਤਰੀ ਅਧਿਆਪਕ ਦੇ ਤਿੰਨ ਕਿਲੋਮੀਟਰ ਫਾਸਲੇ ‘ਤੇ ਸੋਹਲਪੁਰ ਪਿੰਡ
ਉਹਦੇ ਪਸ਼ੂਆਂ ਨੂੰ ਨਲ੍ਹਾਉਣ, ਪਾਣੀ ਡਾਹੁਣ,
ਨਿਆਈਂ ‘ਚੋਂ ਚਰ੍ਹੀ-ਬਾਜਰਾ ਵੱਢਣ-ਕੁਤਰਨ ਲਈ ਜਾਂਦੇ। ਗਰਮੀਆਂ ਤੇ
ਚਮਾਸਿਆਂ ਵਿਚਲੀ ਕਹਿਰ ਦੀ ਗਰਮੀ ਦੌਰਾਨ ਉਨ੍ਹਾਂ ਦੇ ਨਲ਼ਕੇ ਤੋਂ ਪਾਣੀ ਨਾ ਪੀ ਸਕਦੇ। ਸਾਡੇ ਮੰਗਣ
‘ਤੇ ਅਧਿਆਪਕ ਦੀ ਪਤਨੀ ਪਾਣੀ ਲਿਆਉਂਦੀ ਤੇ ਸਾਨੂੰ ਨਾਲ਼ੀ ਕੋਲ਼ ਲਿਜਾ ਕੇ ਗੜਵੀ ਦਾ ਪਾਣੀ ਧਾਰ ਬਣਾ
ਕੇ ਵਿੱਥ ਤੋਂ ਸਾਡੇ ਬੁੱਕ ਵਿਚ ਪਾਉਂਦੀ।...ਤੇ ਸਕੂਲ ਵਿਚ ਡਾਕਖਾਨਾ ਵੀ ਸੀ। ਮੈਂ ਤੇ ਮੇਰੀ ਬਿਰਾਦਰੀ
ਦੇ ਮੁੰਡੇ ਲਾਗਲੇ ਤਿੰਨ ਪਿੰਡਾਂ ਨੂੰ ਚਿੱਠੀਆਂ ਦੇਣ ਜਾਂਦੇ। ਦੋ ਕੁ ਵਾਰ ਰਣਜੀਤ ਮਾਧੋਪੁਰੀ ਵੀ
ਮੇਰੇ ਨਾਲ ਡਾਕ ਦੇਣ ਗਿਆ। ਉਂਝ ਜ਼ਿਮੀਂਦਾਰਾਂ ਦੇ ਮੁੰਡਿਆਂ ਨੂੰ ਇਸ ਕੰਮ ਲਈ ਨਹੀਂ ਭੇਜਿਆ ਜਾਂਦਾ
ਸੀ।...ਇਹ ਪਿੰਡ ਇਕ ਕਿਲੋਮੀਟਰ ਤੋਂ ਸਾਢੇ ਚਾਰ ਕਿਲਮੀਟਰ ਫਾਸਲੇ ਉਤੇ ਸਥਿਤ ਹਨ। ਭਰ ਗਰਮੀ-ਸਰਦੀ
ਵਿਚ ਨੰਗੇ ਪੈਰੀਂ ਤੁਰ ਕੇ ਜਾਣਾ ਸਾਨੂੰ ਹੈਰਾਨੀ ਵਾਲੀ ਗੱਲ ਨਹੀਂ ਸੀ ਲਗਦੀ। ਪਰ ਮਨ ਵਿਚ ਇਹ
ਖਿਆਲ ਵਾਰ-ਵਾਰ ਆਉਂਦਾ ਕਿ ਅਧਿਆਪਕ ਦੇ ਪਸ਼ੂਆਂ ਦੀ ਟਹਿਲ-ਸੇਵਾ ਤੇ ਚਿੱਠੀਆਂ ਦੇਣ ਜਾਣ ਦਾ ਕੰਮ
ਸਾਡੇ ਜ਼ਿੰਮੇ ਹੀ ਕਿਉਂ ਹੈ? ਮੈਨੂੰ ਆਪਣੀ ਉਮਰੋਂ ਕਾਫੀ
ਵੱਡੇ ਤਾਇਆਂ ਦੇ ਪੁੱਤਾਂ ਦਾ ਆਖਿਆ ਚੇਤੇ ਆਉਂਦਾ, “ਪਹਿਲਾਂ ਸੋਢੀ ਮਾਸਟਰ ਦੇ ਪਸ਼ੂਆਂ ਦੀ ਟਹਿਲ-ਸੇਵਾ ਅਸੀਂ ਕਰਦੇ ਰਹੇ ਤੇ ਹੁਣ ਤੁਸੀਂ।”
...ਪ੍ਰਾਇਮਰੀ ‘ਚ ਪੜ੍ਹਦਿਆਂ ਕਦੀ-ਕਦੀ ਮੈਨੂੰ ਸਕੂਲੋਂ ਛੁੱਟੀ ਕਰ ਕੇ ਆਪਣੇ ਗੁਆਂਢੀ ਜੱਟ
ਪਰਿਵਾਰ ਦੇ ਖੂਹ ਚਲਾਉਣ ਲਈ ਪਸ਼ੂ ਹਿੱਕਣ ਜਾਣਾ ਪੈਂਦਾ ਤਾਕਿ ਉਹਦਾ ਪੁੱਤ ਅਵਤਾਰ ਸਕੂਲੇ ਪੜ੍ਹਨ ਜਾ
ਸਕੇ। ...ਤੇ ਜਦੋਂ ਤਾਈ ਤਾਰੋ ਆਪਣੇ ਪਤੀ ਊਦਮ ਸਿੰਘ ਨੂੰ ਰੋਟੀ ਖੁਆ ਹਟਦੀ ਤਾਂ ਮੈਨੂੰ ਕਹਿੰਦੀ,
“ਗੁੱਡ ਗਾਂਧੀ ਤੋਂ ਉਤਰੀਂ ਜ਼ਰਾ, ਤੇਰੇ ਤਾਏ ਨੇ ਪਾਣੀ ਪੀਣਾ।” ਮੈਂ
ਹੈਰਾਨ-ਪਰੇਸ਼ਾਨ ਹੋ ਕੇ ਸੋਚਦਾ ਕਿ ਭਿੱਟ ਇੰਨੀ
ਦੂਰ ਟਿੰਡਾਂ ਤੇ ਫਿਰ ਪਾਣੀ ਵਿਚ ਕਿਵੇਂ ਪਹੁੰਚ ਜਾਂਦੀ ਹੈ। ਖੂਹ ਦੀਆਂ ਟਿੰਡਾਂ ਵਾਂਗ ਮੇਰਾ ਮਨ
ਵੀ ਸੋਚਾਂ ਵਿਚ ਗੇੜੇ ਖਾਂਦਾ ਪ੍ਰਤੀਤ ਹੁੰਦਾ।
...ਤੇ ਸਿਆਲ਼ ‘ਚ ਵਿਹੜੇ ਦੇ ਹੋਰ ਮੁੰਡਿਆਂ ਨਾਲ ਮੈਂ ਵੇਲਣਿਆਂ ਤੋਂ, ਜਿੱਥੇ ਗੁੜ ਬਣਦਾ, ਮੈਲ਼ (ਜੂਸ ਡਰਟ) ਲੈਣ ਲਈ
ਤੁਰਿਆ ਰਹਿੰਦਾ। ਸਾਡੇ ਕੋਲ਼ ਕੁੱਤੇ ਵੀ ਮੈਲ਼ ਦੀ ਤਾਕ ‘ਚ ਕੰਨ ਚੁੱਕੀ ਖੜ੍ਹੇ ਰਹਿੰਦੇ ਕਿ ਉਨ੍ਹਾਂ
ਦੇ ਖਾਣ ਲਈ ਮੈਲ਼ ਕਦੋਂ ਸੁੱਟੀ ਜਾਵੇਗੀ! ਜੇ ਮੇਰੇ ਕੋਲ਼ੋਂ ਨਾ ਜਾ ਹੁੰਦਾ ਤਾਂ ਮੇਰਾ ਵੱਡਾ ਭਰਾ
ਮੈਲ਼ ਦੀ ਬਾਲਟੀ ਭਰਾ ਲਿਆਉਂਦਾ। ਕਈ ਵਾਰ ਗਰਮ ਮੈਲ਼ ਛਲਕ ਕੇ ਮੇਰੇ ਪੈਰਾਂ ‘ਤੇ ਪੈ ਜਾਂਦੀ ਤੇ ਛਾਲੇ
ਪੈ ਜਾਂਦੇ। ਦਰਅਸਲ, ਉਨ੍ਹਾਂ ਦਿਨਾਂ ‘ਚ ਅੰਨ ਦੀ
ਬਹੁਤ ਤੰਗੀ ਆ ਜਾਂਦੀ ਸੀ। ...ਤੇ ਸਿਆਲ਼ ‘ਚ ਹੀ ਕੱਟੇ-ਵੱਛੇ, ਬੁੱਢੇ ਝੋਟੇ, ਮੱਝਾਂ, ਬਲ਼ਦ ਤੇ ਗਊਆਂ ਅਕਸਰ ਮਰਦੇ ਰਹਿੰਦੇ। ਉਨ੍ਹਾਂ ਨੂੰ ਮੇਰਾ ਭਾਈਆ,
ਤਾਇਆਂ ਦੇ ਪੁੱਤ ਤੇ ਵਿਹੜੇ ਦੇ ਹੋਰ ਬੰਦੇ ਚੁੱਕ ਕੇ ਜਾਂ ਧੂਹ ਕੇ
ਲਿਜਾਂਦੇ। ਕਈ ਵਾਰ ਚਾਅ-ਚਾਅ ਵਿਚ ਮੁਰਦਾਰ ਲੱਦੇ ਗੱਡੇ ਨੂੰ ਧੱਕਾ ਲਾਉਣ ਵਿਚ ਮੈਂ ਮਦਦ ਕਰਦਾ।
ਚੰਮ ਲਾਹੁਣ ਦਾ ਕਲਾਕਾਰੀ ਜੁਗਤ ਦਾ ਕੰਮ ਬੰਤਾ, ਖੁਸ਼ੀਆ, ਭੀਮਾ ਜਾਂ ਕੋਈ ਹੋਰ ਜਣਾ ਕਰਦਾ। ਭਾਈਆ ਮੁਰਦਾਰ ਦੇ ਖੁਰਾਂ ਨੂੰ ਫੜ ਕੇ
ਲੱਤਾਂ ਉਤਾਂਹ ਨੂੰ ਸਿੱਧੀਆਂ ਚੁੱਕੀ ਰੱਖਦਾ ਤੇ ਮੈਂ ਕੁੱਤਿਆਂ, ਗਿਰਝਾਂ ਨੂੰ ਦੂਰ ਭਜਾਉਣ ਲਈ ਢੀਮਾਂ ਮਾਰਨ ਵਿਚ ਲੱਗਾ ਰਹਿੰਦਾ। ਮੈਂ ਅੰਦਰੋ ਅੰਦਰ ਸ਼ਰਮ
ਮਹਿਸੂਸ ਕਰਦਾ ਜਦੋਂ ਹੱਡਾ-ਰੋੜੀ ਕੋਲ਼ੋਂ ਦੀ ਮੇਰੇ ਨਾਲ ਪੜ੍ਹਦਾ ਕੋਈ ਜਣਾ ਲੰਘਦਾ। ਸੋਚਦਾ ਕਿ
ਮੁਰਦਾਰ ਢੋਣ ਕਰਕੇ ਸ਼ਾਇਦ ਜ਼ਿਮੀਂਦਾਰ ਸਾਨੂੰ ਨਫਰਤ ਕਰਦੇ ਹਨ ਅਤੇ ਇਸੇ ਕਰਕੇ ਸਾਡੇ ਤੇ ਉਨ੍ਹਾਂ ਦੇ
ਸਿਵੇ ਅਲੱਗ-ਅਲੱਗ ਹਨ।
ਜਦੋਂ ਵੱਡਾ ਹੋ
ਰਿਹਾ ਸਾਂ, ਭਾਈਏ ਤੇ ਤਾਏ ਦੇ ਪੁੱਤਾਂ ਮੁਤਾਬਕ ‘ਮੈਂ ਪੰਜਾਲ਼ੀ
ਖਿੱਚਣ ਜੋਗਾ ਹੋ ਗਿਆ,’ ਤਾਂ ਆਪਣੇ ਪਿੰਡ ਤੇ ਨਾਲ ਦੇ ਪਿੰਡਾਂ ਦੇ ਜ਼ਿਮੀਂਦਾਰਾਂ ਦੇ
ਖੇਤ-ਮਜ਼ਦੂਰੀ ਕਰਨ ਜਾਂਦਾ। ਘਰੋਂ ਪਰਨੇ ਲੜ ਬੰਨ੍ਹ ਕੇ ਲਿਆਂਦੇ ਗਲਾਸ, ਕੌਲੀ ਵਿਚ ਜੱਟੀਆਂ, ਸੈਣਨਾਂ ਲੱਸੀ, ਪਾਣੀ ਤੇ ਚਾਹ ਉਤੋਂ ਫਾਸਲਾ ਬਣਾ ਕੇ ਪਾਉਂਦੀਆਂ ਤੇ ਹੱਥਾਂ ਦੀ ਬਣਾਈ
ਪੱਤਲ ਉਤੇ ਰੋਟੀਆਂ ਸੁੱਟਦੀਆਂ। ...ਤੇ ਭਾਈਏ
ਹੁਰਾਂ ਦੀ ਨਿਗੂਣੀ ਜਿਹੀ ਦਿਹਾੜੀ ਦੀ ਮਜ਼ਦੂਰੀ ਨਾਲ ਦੋ ਡੰਗ ਦੀ ਰੋਟੀ ਮਿਲਦੀ ਸੀ। ਮੈਂ ਆਪਣੀਆਂ
ਤਾਈਆਂ ਤੇ ਭਰਜਾਈਆਂ ਨਾਲ ਜ਼ਿਮੀਂਦਾਰਾਂ ਦੇ ਘਰੀਂ ਰੋਟੀ ਲੈਣ ਜਾਂਦਾ। ਅਸੀਂ ਉਨ੍ਹਾਂ ਦੇ ਵਿਹੜੇ
‘ਚ ਪਾਲ਼ ਬਣਾ ਕੇ ਬਹਿੰਦੇ। ਉਤੋਂ ਵ੍ਹਰਾ ਕੇ ਪਾਈ
ਗਰਮਾ ਗਰਮ ਦਾਲ਼, ਸਬਜ਼ੀ ਦੇ ਛਿੱਟੇ ਮੇਰੇ ਨੰਗੇ
ਪੈਰਾਂ ‘ਤੇ ਪੈ ਜਾਂਦੇ ਤੇ ਛੋਟੀਆਂ ਛੋਟੀਆਂ ਫਿਣਸੀਆਂ ਵਰਗੇ ਛਾਲੇ ਪੈ ਜਾਂਦੇ। ਭਾਈਏ ਦਾ ਆਖਿਆ
ਅੱਜ ਵੀ ਚੇਤੇ ਆਉਂਦਾ ਹੈ, “ਖੇਤਾਂ ‘ਚ ਹੱਡ-ਭੰਨਵੀਂ
ਮਿਹਨਤ ਅਸੀਂ ਕਰਦੇ ਆਂ ਪਰ ਰੋਟੀ ਤੋਂ ਆਤੁਰ ਆਂ।”...ਜ਼ਿਮੀਂਦਾਰਾਂ ਦੇ ਵੱਡੇ ਵੱਡੇ ਘਰਾਂ ਨੂੰ
ਨਿਹਾਰਦਾ ਤੇ ਸੋਚਦਾ--ਸਾਡੇ ਕੋਲ਼ ਪੱਕਾ ਕੋਠਾ ਹੋਵੇ ਤੇ ਹਰੇਕ ਬਰਸਾਤੇ ਢਹਿੰਦੀਆਂ ਕੰਧਾਂ ਤੇ
ਕਾਨਿਆਂ ਵਾਲੀਆਂ, ਥਾਂ-ਥਾਂ ਤੋਂ ਚੋਂਦੀਆਂ,
ਛੱਤਾਂ ਤੋਂ ਛੁਟਕਾਰਾ ਹੋ ਜਾਵੇ।...ਖੈਰ, ਜ਼ਿਮੀਂਦਾਰਾਂ ਦੇ ਮੇਰੇ ਨਾਲ ਪੜ੍ਹਦੇ ਮੁੰਡੇ ਮੇਰੇ ਭਾਈਏ ਤੇ ਵਡੇਰੀ ਉਮਰ ਦੇ ਬੰਦਿਆਂ
ਨੂੰ ਉਨ੍ਹਾਂ ਦਾ ਨਾਂ ਲੈ ਕੇ ਬੁਲਾਉਂਦੇ,
ਜਦਕਿ ਅਸੀਂ ਉਨ੍ਹਾਂ ਦੇ ਨਿਆਣਿਆਂ, ਸਿਅਣਿਆਂ ਤੇ ਕੁੜੀਆਂ-ਬੁੜ੍ਹੀਆਂ ਨੂੰ ਆਦਰ ਨਾਲ ਬੁਲਾਉਂਦੇ। ਉਹ ਫਿਰ ਵੀ ਸਾਨੂੰ ਉਜੱਡ ਤੇ
ਗੰਵਾਰ ਸਮਝਦੇ ਹਨ, ਭਾਈਏ ਵਾਂਗ ਮੈਂ ਵੀ
ਸੋਚਦਾ--ਉਹ ਜ਼ਮੀਨਾਂ ਦੇ ਮਾਲਕ ਤੇ ਜਾਤ ਦੇ ਜੱਟ ਹਨ, ਇਸ ਕਰਕੇ!
...ਚੰਮ ਲੂੰਹਦੀ ਧੁੱਪ ਦਾ ਉਹ ਦਿਨ, ਜਦੋਂ ਮੈਂ
ਸੱਤਵੀਂ-ਅੱਠਵੀਂ ਪੜ੍ਹਦਾ ਸੀ।...ਭਾਈਏ ਨੇ ਨਾਲ ਦੇ ਪਿੰਡ ਜੰਡੀਰ ‘ਚ ਦੋ-ਢਾਈ ਕਨਾਲ ਦੇ ਖੇਤ ਦੀ
ਮੱਕੀ ਗੁੱਡਣ ਦਾ ਠੇਕਾ ਲਿਆ ਸੀ।...ਤੇ ਮੈਂ ਇਕੱਲਾ ਮੱਕੀ ਗੁੱਡਣ ਗਿਆ। ਦੂਰ-ਦੂਰ ਤਕ
ਬੰਦਾ-ਪਰਿੰਦਾ ਨਹੀਂ ਦਿਸਦਾ ਸੀ। ਸਰਦਾਰਨੀ ਰੋਟੀ ਕਾਫੀ ਦੇਰ ਨਾਲ ਲਿਆਈ ਸੀ ਤੇ ਘਰੋਂ ਡੋਲੂ ‘ਚ
ਲਿਆਂਦਾ ਪਾਣੀ ਕਾਫੀ ਪਹਿਲਾਂ ਮੁੱਕ ਚੁੱਕਾ ਸੀ। ਮੈਂ ਕਾਹਲ਼ੀ-ਕਾਹਲ਼ੀ ਮੱਕੀ ਗੁੱਡਦਾ ਰਿਹਾ ਸੀ ਤੇ
ਡਰਦਾ ਵੀ ਰਿਹਾ।
...ਤੇ ਇਕ ਉਹ ਰਾਤ ਮੈਨੂੰ ਅੱਜ ਵੀ ਕੰਬਣੀ ਛੇੜ ਦਿੰਦੀ ਹੈ। ਉਦੋਂ ਮੈਂ ਤੇਰਾਂ ਕੁ ਸਾਲ ਦਾ ਸੀ
ਜਦੋਂ ਨਾਲ ਦੇ ਪਿੰਡ ਸੋਹਲਪੁਰ ਦੇ ਇਕ ਜੱਟ ਪਰਿਵਾਰ ਨਾਲ ਸਾਡਾ ਟੱਬਰ ਖੇਤੀਬਾੜੀ ਦਾ ਕੰਮ ਕਰਦਾ
ਸੀ। ਉਦੋਂ ਬਿਜਲੀ ਕਦੇ ਦਿਨ ਵੇਲ਼ੇ ਤੇ ਕਦੇ ਰਾਤ ਨੂੰ ਆਉਂਦੀ ਸੀ।...ਤੇ ਉਸ ਰਾਤ ਚੰਦ ਵੀ ਨਹੀਂ
ਸੀ।...ਵੱਡਾ ਬਾਬਾ ਅਰਜਨ ਸਿੰਘ ਗੁਰਧਾਮ ਯਾਤਰਾ ‘ਤੇ ਗਿਆ ਹੋਇਆ ਸੀ ਤੇ ਛੋਟਾ ਬਾਬਾ ਬਸੰਤ ਸਿੰਘ
ਪੋਸਤ ਪੀ ਕੇ ਤੇ ਰੋਟੀ ਖਾ ਕੇ ਪਰਤਿਆ ਨਹੀਂ ਸੀ।...ਤਿੰਨ ਕੁ ਸਾਲ ਪਹਿਲਾਂ ਮਹਿੰਗੋਵਾਲ ਤੋਂ
ਆਉਂਦੇ ਚੋਅ ਲਈ ਬਣਾਏ ਬੰਨ੍ਹ ਕਰਕੇ ਸੱਪਾਂ ਦੀ ਬਹੁਤਾਤ ਦਾ ਸੋਚ ਕੇ ਮੇਰਾ ਦਿਲ ਦਹਿਲ ਗਿਆ ਸੀ;
ਕਿਉਂਕਿ ਕਦੀ ਮੈਂ ਬੰਨ੍ਹ ਦੇ ਪਾਸੇ ਕਣਕ ਦੇ ਕਿਆਰੇ ਦਾ ਨੱਕਾ ਮੋੜਨ
ਜਾਂਦਾ, ਤੇ ਕਦੀ ਉਹਦੇ ਭਰਨ ਦੀ ਉਡੀਕ ਕਰਦਾ ਜਿਸ ਪਾਸੇ ਰਸਤੇ ਦਾ
ਰੈਂਪ ਬੰਨ੍ਹ ਉਤੋਂ ਦੀ ਸੀ, ਵਿਚ-ਵਿਚ ਦੂਰ ਚੱਲਦੀ ਬੰਬੀ
ਤੋਂ ਆੜ ‘ਚ ਆਉਂਦੇ ਪਾਣੀ ਦੀ ਨਿਗਰਾਨੀ ਕਰਦਾ। ਪਹੀ ‘ਚ ਘਾਹ ਵੀ ਕਾਫੀ ਚੜ੍ਹਿਆ ਹੋਇਆ ਸੀ ਤੇ
ਦੁਵੱਲੇ ਕਮਾਦ ਵਿਚ ਹੁੰਦੀ ਸਰਸਰ ਡਰਾਉਣੀ ਸੀ। ...ਕਣਕ ਦੀ ਕੁਤਰਾਈ ਵਕਤ ਮਸ਼ੀਨ ਕੋਲ਼ ਰਾਤ ਨੂੰ
ਸੁੱਤੇ ਪਿਆਂ ਵੱਡੇ ਭਰਾ ਦੀ ਹਿੱਕ ਤੋਂ ਦੀ ਸੱਪ ਲੰਘ ਜਾਣ, ਫਿਰ ਮਾਰਨ ਅਤੇ ਕਣਕ-ਮੱਕੀ ਦੀਆਂ ਭਰੀਆਂ ਉਲ਼ੱਦਦਿਆਂ ਸੱਪ ਦੇ ਸਿਰ ‘ਤੇ ਚੁੱਕੀ ਭਰੀ ‘ਚੋਂ ਲਮਕ
ਜਾਣ ਦੇ ਦ੍ਰਿਸ਼ ਮੈਨੂੰ ਅੱਜ ਵੀ ਦਿਸ ਪੈਂਦੇ ਹਨ।
ਵਿਰਸੇ ਤੇ ਵਿਰਾਸਤ
ਵਿਚ ਉਪਰ ਲਿਖੀਆਂ ਤੇ ਅਣਲਿਖੀਆਂ ਕਈ ਘਟਨਾਵਾਂ ਮੇਰੀ ਅਦਬੀ ਜ਼ਿੰਦਗੀ ਦਾ ਵੱਡਾ ਖਜ਼ਾਨਾ ਬਣੀਆਂ।
...ਤੇ ਬਾਲ-ਵਰੇਸ ਤੋਂ ਲੈ ਕੇ ਇੰਨੀਆਂ ਬੇਇਨਸਾਫੀਆਂ ਝੱਲਣ, ਦੇਖਣ ਤੇ ਮਹਿਸੂਸਣ ਸਦਕਾ ਮੇਰੇ ਮਨ ਵਿਚ ਕਾਵਿ-ਤੁਕਾਂ ਦੀ ਸਿਰਜਣਾ ਹੋਣ ਲੱਗੀ। ਉਂਝ ਸਿਰਜਣਾ
ਦਾ ਸਿਲਸਿਲਾ ਪੰਜਵੀਂ ਵਿਚ ਪੜ੍ਹਦੇ ਦਾ ਸ਼ੁਰੂ ਹੋ ਗਿਆ ਸੀ। ਉਦੋਂ ਉਹ ਤੁਕਾਂ ਜ਼ੁਬਾਨੀ ਯਾਦ ਹੋ
ਜਾਂਦੀਆਂ ਜਿਨ੍ਹਾਂ ਨੂੰ ਮੈਂ ਨਾਲ ਪੜ੍ਹਦੇ ਵਿਦਿਆਰਥੀਆਂ ਦੀ ਢਾਣੀ ਵਿਚ ਸੁਣਾਉਂਦਾ। ਗੀਤ ਬਣਾਉਂਦਾ
ਤੇ ਗਾਉਂਦਾ। ਮਗਰੋਂ ਕਾਵਿ-ਤੁਕਾਂ ਨੂੰ ਵੱਡਾ ਭਰਾ ਤੇ ਮੈਂ ਕਾਪੀਆਂ ਵਿਚ ਉਤਾਰਨ ਲੱਗ ਪਏ,
ਜਿਹੜੀਆਂ ਗੁਆਂਢੀ ਜ਼ਿਮੀਂਦਾਰਾਂ ਬਾਰੇ ਵੀ ਹੁੰਦੀਆਂ। ਜਦੋਂ ਦਿਲ ‘ਚ
ਰੋਹ ਉਠਦਾ ਤਾਂ ਮੈਂ ਚੋਰੀ-ਚੋਰੀ ਉਨ੍ਹਾਂ ਦੇ ਘਰ-ਹਵੇਲੀ ਵਿਚਲੀ ਖੂਹੀ ਵਿਚ ਪਿਸ਼ਾਬ ਕਰ ਦਿੰਦਾ।
ਆਪਣੀ ਬੇਵਕੂਫੀ ਵਾਲੀ ਇਸ ਹਰਕਤ ਮਗਰੋਂ ਹੁੱਬ ਪੈਂਦਾ। ਪਰ ਆਪਣੇ ਭਾਈਏ ਦੀ ਚੰਗੀ-ਮੰਦੀ ਬੋਲ-ਬਾਣੀ
ਤੇ ਧੌਲ਼-ਧੱਫੇ ਦਾ ਸ਼ਿਕਾਰ ਹੋ ਜਾਂਦਾ।
ਮੈਂ ਜਿਉਂ ਜਿਉਂ
ਵੱਡਾ ਹੁੰਦਾ ਗਿਆ, ਸਮਾਜਕ ਤਾਣੇ-ਬਾਣੇ ਤੇ
ਵਰਤਾਰੇ ਦੀ ਸਮਝ ਆਉਣ ਲੱਗ ਪਈ। ਸਕੂਲ ਤੇ ਕਾਲਿਜ ਦੀ ਪੜ੍ਹਾਈ ਨਾਲ ਦਿਹਾੜੀ ਦੇ ਕਈ ਨਜ਼ਾਰੇ ਮੇਰੀਆਂ
ਅੱਖਾਂ ਤੋਂ ਉਹਲੇ ਨਹੀਂ ਹੁੰਦੇ। ਜਿਵੇਂ, ਪਿੰਡ ਦੀ ਨਿਆਈਂ ਦੇ
ਖੇਤਾਂ ‘ਚ ਝੋਨੇ ਦੀ ਪਨੀਰੀ ਲਾਉਂਦਿਆਂ ਪੈਰਾਂ ‘ਚ ਕੰਡਿਆਂ ਦਾ ਚੁਭਣਾ, ਟੁੱਟੀਆਂ ਬੋਤਲਾਂ ਦੇ ਕੱਚ ਦਾ ਚੁਭਣਾ, ਲਹੂ ਸਿੰਮਣਾ,
ਕੁੱਤਿਆਂ-ਬਿੱਲਿਆਂ ਦਾ ਮਲ਼ ਪਾਣੀ ‘ਤੇ ਤਰਨਾ, ਕਣਕ, ਕਪਾਹ ਤੇ ਮੱਕੀ
ਵੱਢਣ ਮਗਰੋਂ ਉਨ੍ਹਾਂ ਦੇ ਖੂੰਹਗਿਆਂ ਦਾ ਪੈਰਾਂ ‘ਚ ਚੁਭਣਾ ਚੇਤੇ ਆਉਂਦਿਆਂ ਮਨ ਵੀ ਵਲੂੰਧਰਿਆ
ਜਾਂਦਾ ਹੈ। ਇਸ ਨਾਲ ਮੇਰਾ ਰੋਹ-ਰੋਸ ਕਾਵਿ-ਤੁਕਾਂ
‘ਚ ਲਿਖਣ ਵਾਲਾ ਹਥਿਆਰ ਕਦੀ ਖੁੰਢਾ ਹੋ ਜਾਂਦਾ ਤੇ ਕਦੀ ਤਲਵਾਰ ਦੀ ਧਾਰ ਵਰਗਾ ਤਿੱਖਾ।
ਦਸਵੀਂ ਪਾਸ ਕਰਨ
ਮਗਰੋਂ 1972 ਵਿਚ ਮੈਂ ਸਰਕਾਰੀ ਕਾਲਿਜ ਟਾਂਡਾ ਉੜਮੁੜ, ਜ਼ਿਲ੍ਹਾ ਹੁਸ਼ਿਆਰਪੁਰ ‘ਚ ਦਾਖਲਾ ਲੈ ਲਿਆ।ਉਥੇ ਮੇਰੀ ਮੁਲਾਕਾਤ ਅੰਗਰੇਜ਼ੀ
ਦੇ ਪ੍ਰੋਫੈਸਰ ਦੀਦਾਰ ਸਿੰਘ ਨਾਲ ਹੋਈ, ਜਿਹੜੇ ਪੰਜਾਬੀ ਦੇ
ਪ੍ਰਗਤੀਵਾਦੀ ਵਿਚਾਰਧਾਰਾ ਦੇ ਜਾਣੇ-ਪਛਾਣੇ ਲੇਖਕ ਸਨ। ਉਨ੍ਹਾਂ ਵੱਲੋਂ ਕਾਲਿਜ ਵਿਚ ਬਣਾਈ ਪੰਜਾਬੀ
ਸਾਹਿਤ ਸਭਾ ਵਿਚ ਮੈਂ ਜਾਣ ਲੱਗ ਪਿਆ। ਮੈਨੂੰ ਗੱਲਾਂਬਾਤਾਂ ਦੌਰਾਨ ਪਤਾ ਲੱਗਾ ਕਿ ਉਨ੍ਹਾਂ ‘ਲੂਣਾ’
ਦਾ ਕਿੱਸਾ ਆਰਥਿਕ ਆਧਾਰ ਬਣਾ ਕੇ ਲਿਖਿਆ ਸੀ। ਸ਼ਿਵ ਕੁਮਾਰ ਬਟਾਲਵੀ ਨੇ ਉਸ ਤੋਂ ਕਈ ਸਾਲ ਬਾਅਦ ਵਿਚ
‘ਲੂਣਾ’ ਲਿਖੀ ਸੀ। ‘ਕਿੱਸਾ ਸ਼ਹੀਦ ਭਗਤ ਸਿੰਘ’, ‘ਮਹਾਂਪੰਡਤ ਚਾਰਵਾਕ’,
‘ਈਦਾਂ ਵਿਸ ਭਰੀਆਂ’ ਤੇ ਕਾਵਿ ਨਾਟ ਵੀ ਉਨ੍ਹਾਂ ਦੇ ਲਿਖੇ ਹੋਏ ਹਨ। ਖੈਰ,
ਉਹ ਮੈਨੂੰ ਦੂਜੇ ਕਾਲਿਜਾਂ ਵਿਚ ‘ਕਵਿਤਾ ਮੁਕਾਬਲੇ’ ਲਈ ਭੇਜਦੇ। ਕਾਲਿਜ
ਦੇ ਸਾਲਾਨਾ ਮੈਗਜ਼ੀਨ ‘ਤਾਰਿਕਾ ਮੰਡਲ’ ‘ਚ ਮੇਰੀਆਂ ਕਵਿਤਾਵਾਂ ਛਪਦੀਆਂ। ਕਹਿ ਸਕਦਾਂ ਕਿ ਮੇਰੀ
ਸਾਹਿਤਕ ਸੋਚ ਨੂੰ ਪਰ ਨਿਕਲੇ। ਇੱਥੇ ਆਪਣੀ ਸਾਹਿਤਕ ਸਿਰਜਣਾ ਦੇ ਸ਼ੁਰੂਆਤੀ ਦੌਰ ਵਿਚ ਇਕ ਅਹਿਮ
ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ।
...ਗੱਲ ਇਉਂ ਹੋਈ, 12ਵੀਂ ਦੇ ਸਾਲਾਨਾ ਇਮਤਿਹਾਨ ਲਈ
ਅਸੀਂ ਪਿੰਡ ਦੇ ਅੱਠ ਮੁੰਡੇ ਬੱਸ ਵਿਚ ਬਹਿ ਕੇ ਟਾਂਡਾ ਕਾਲਿਜ ਨੂੰ ਜਾ ਰਹੇ ਸੀ। ਸਾਡੇ ‘ਚੋਂ ਇਕ
ਜਣੇ ਨੇ ਸ਼ਰਾਰਤ ਕਰਦਿਆਂ ਉਹਦੇ ਕੋਲ਼ ਬੈਠੀ ਖੂਬਸੂਰਤ ਕੁੜੀ, ਜੋ ਸਾਡੇ ਤੋਂ ਤਿੰਨ ਚਾਰ ਸਾਲ ਵੱਡੀ ਲੱਗਦੀ ਸੀ, ਦੇ ਪੈਰ ‘ਤੇ ਪੈਰ ਰੱਖ ਦਿੱਤਾ ਤੇ ਵੱਖੀ ‘ਚ ਕੋਹਣੀ ਮਾਰੀ। ਇਸ ਹਰਕਤ ਨੂੰ ਬਰਦਾਸ਼ਤ ਨਾ ਕਰਦੀ
ਹੋਈ ਉਹ ਕੁੜੀ ਪੰਜਾਬੀ ਤੇ ਅੰਗਰੇਜ਼ੀ ਵਿਚ ਉਚੀ-ਉਚੀ ਬੋਲਣ ਲੱਗੀ। ਉਹਦਾ ਮੂੰਹ ਲਾਲ ਹੋ ਗਿਆ। ਉਹਨੇ
ਕੰਡਕਟਰ ਨੂੰ ਬੱਸ ਥਾਣੇ ਲਿਜਾਉਣ ਲਈ ਕਿਹਾ। ਸਵਾਰੀਆਂ ਕੁੜੀ ਨੂੰ ਸਮਝਾਉਣ ਲੱਗੀਆਂ। ਇਸ
ਘੈਂਸ-ਘੈਂਸ ਵਿਚ ਟਾਂਡੇ ਦਾ ਬੱਸ ਅੱਡਾ ਆ ਗਿਆ ਤੇ ਅਸੀਂ ਛਾਲ਼ਾਂ ਮਾਰਦੇ ਦੌੜ ਗਏ। ਦਿਨ ਵੇਲ਼ੇ ਦੀ
ਇਸ ਘਟਨਾ ਨਾਲ ਮੈਨੂੰ ਕਾਫੀ ਗਈ ਰਾਤ ਤਕ ਨੀਂਦ ਨਾ ਆਈ। ਉਸ ਕੁੜੀ ਦੀ ਬੱਸ ਵਿਚਲੀ ਬੇਵਸੀ ਮੇਰੇ ਮਨ
ਵਿਚ ਮੁੜ-ਮੁੜ ਆਈ। ਤਿੰਨ ਕੁ ਦਿਨ ਮਗਰੋਂ ਮੈਂ ਸੁਚੇਤ ਤੌਰ ‘ਤੇ ਉਸ ਕੁੜੀ ਦੇ ਪੱਖ ਵਿਚ ਲੰਮੀ
ਕਵਿਤਾ ਲਿਖੀ। ਅਚੇਤ ਮਨ ਵਿਚ ਸ਼ਾਇਦ ਇਹ ਮੇਰੀ ਔਰਤ ਦੇ ਹੱਕ ਵਿਚ ਸੋਚ ਦੀ ਸ਼ੁਰੂਆਤੀ ਸਾਧਾਰਣ ਜਿਹੀ
ਪੁਲਾਂਘ ਸੀ। ਹੁਣ ਮੈਂ ਸਮਝਦਾਂ ਕਿ ਇਸ ਨਾਲ ਮੇਰੀ
ਕਾਵਿ ਸਿਰਜਣਾ ਦਾ ਮੁੱਢ ਬੱਝਿਆ।
ਜ਼ਿੰਮੇਵਾਰ
ਸਾਹਿਤਕਾਰਾਂ ਤੇ ਸੁਹਿਰਦ ਪਾਠਕਾਂ ਨਾਲ ਆਪਣੀਆਂ ਲਿਖਤਾਂ ਤੇ ਉਨ੍ਹਾਂ ਵਿਚਲੇ ਸਮਾਜਕ ਸਰੋਕਾਰਾਂ
ਬਾਰੇ ਨੁਕਤੇ ਸਾਂਝੇ ਕਰਨ ਨੂੰ ਮੈਂ ਅਕਸਰ ਉਤਸ਼ਾਹਤ ਰਹਿੰਦਾ ਹਾਂ। ਦਰਅਸਲ, ਇਸਦੇ ਪਿਛੋਕੜ ਵਿਚ ਦੋ-ਤਿੰਨ ਅਹਿਮ ਤੱਤ-ਤੱਥ ਹਨ। ਪਹਿਲਾ, ਮੇਰਾ ਭਾਈਆ ਦਿਹਾੜੀਦਾਰ ਹੁੰਦਿਆਂ ਪੜ੍ਹਾਈ ਦੀ ਵੁੱਕਤ ਦੇ ਨਾਲ ਨਾਲ
ਅਕਸਰ ਦੱਸਦਾ, “ਮੁਗੋਵਾਲ ਵਾਲਾ ਮੰਗੂ ਰਾਮ
ਸਾਡੇ ਪਿੰਡ ਦੋ ਵਾਰ ਆਇਆ। ਰੌਲ਼ਿਆਂ ਤੋਂ ਪਹਿਲਾਂ ਤੇ ਰੌਲ਼ਿਆਂ ਤੋਂ ਬਾਅਦ। ਉਹਨਾਂ ਆਦਿ ਧਰਮ ਮੰਡਲ
ਬਣਾਇਆ ਸੀ ...ਅਛੂਤਾਂ ਨੂੰ ਦੂਜੀਆਂ ਕੌਮਾਂ ਆਂਙੂੰ ਹੱਕ ਦੁਆਉਣ ਲਈ। ਨਾਲ਼ੇ ਆਪਣੇ ਪਿੰਡ ਦੇ ਸੰਘਾ
ਗੋਤ ਦੇ ਸਾਰੇ ਜੱਟ ਮੁਗੋਵਾਲ ਤੋਂ ਆ ਕੇ ਵਸਿਓ ਆ। ...ਮੰਗੂ ਰਾਮ ਆਪ ਈ ਦੱਸਦਾ ਹੁੰਦਾ ਸੀ ਪਈ ਉਹ
ਮੁਲਖ ਆਜ਼ਾਦ ਕਰਾਉਣ ਲਈ ਅਮਰੀਕਾ ‘ਚ ਗ਼ਦਰ ਪਾਰਟੀ ਲਈ ਕੰਮ ਕਰਦਾ ਸੀ। ਜਲਸਿਆਂ ‘ਚ ਥਾਂ-ਥਾਂ ਦੱਸਦਾ
ਰਿਹਾ ਪਈ ਅਸੀਂ ਇਸ ਮੁਲਖ ਦੇ ਅਸਲੀ ਬਾਸ਼ਿੰਦੇ ਆਂ ਤੇ ਬਾਹਰਲੇ ਮੁਲਖਾਂ ਤੋਂ ਥੋੜ੍ਹੇ ਜਿਹੇ ਆਏ
ਲੋਕਾਂ ਨੇ ਸਾਡਾ ਧਰਤੀ, ਧਨ ਤੇ ਧਰਮ ਖੋਹ ਲਿਆ ਹੋਇਆ।”
ਮੇਰਾ ਭਾਈਆ ਨਾਲ ਦੇ ਪਿੰਡ ਰਾਸਤਗੋ ਤੋਂ ਪਹਿਲੀ ਜਮਾਤ ਹੀ ਪੜ੍ਹ ਸਕਿਆ ਸੀ ਕਿ ਉਹਦਾ ਬਾਪੂ ਗੁਜ਼ਰ
ਗਿਆ ਤੇ...। ਉਹ ਸੁਣੀਆਂ-ਸੁਣਾਈਆਂ ਦੱਸਦਾ ਰਹਿੰਦਾ ਪਈ ਪਸ਼ੂਆਂ ਤੇ ਬੰਦਿਆਂ ਦੀ ਬਲੀ, ਸਤੀ, ਕਰਮ-ਕਾਂਡ,
ਮਜ਼ਹਬੀ ਪਾਖੰਡ, ਵਹਿਮ-ਭਰਮ ਲੋਕਾਂ
ਨੂੰ ਲੁੱਟਣ ਦਾ ਢਕਵੰਜ ਹੈ। ਉਹ ਮੇਰੀ ਦਾਦੀ ਵਾਂਗ ਕਹਿੰਦਾ, “ਇਹ ਜੱਗ ਮਿੱਠਾ, ਅਗਲਾ ਕਿਸ ਨੇ ਡਿੱਠਾ।” ਦੂਜਾ,
ਕਾਲਿਜ ਦੀ ਪੜ੍ਹਾਈ ਦੌਰਾਨ ਸਾਡੇ ਕਾਲਿਜ ਵਿਚ ਪੰਜਾਬ ਬੁਕ ਸੈਂਟਰ ਦੀ
ਕਿਤਾਬਾਂ ਭਰੀ ਵੈਨ ਆਉਂਦੀ, ਸਾਰੇ ਦਾ ਸਾਰਾ ਰੂਸੀ ਸੋਵੀਅਤ
ਸਾਹਿਤ। ਸੋਵੀਅਤ ਪੁਸਤਕਾਂ ਖਰੀਦਣ-ਪੜ੍ਹਨ ਦਾ ਜਨੂਨ ਏਥੋਂ ਤਕ ਕਿ ਦਿਹਾੜੀ, ਅੱਧੀ ਦਿਹਾੜੀ ਦੇ ਮਿਲ਼ੇ ਪੈਸਿਆਂ ਦੀਆਂ ਕਿਤਾਬਾਂ ਖਰੀਦ ਲੈਂਦਾ। ਆਪਣੇ
ਛਣ ਚੁੱਕੇ ਝੁੱਗੇ ਤੇ ਉਸ ਹੇਠਾਂ ਪਾਟੀ ਬੁਨੈਣ, ਜੁੱਤੀ ਦੀ ਖਸਤਾ
ਹਾਲਤ ਬਾਰੇ ਬਹੁਤਾ ਨਾ ਸੋਚਦਾ। ਪੜ੍ਹਦਿਆਂ ਮਨ ਹੀ ਮਨ ਸੋਚਦਾ ਕਿ ਮੈਕਸਿਮ ਗੋਰਕੀ, ਨਿਕੋਲਾਈ ਓਸਤ੍ਰੋਵਸਕੀ, ਚੰਗੇਜ਼ ਆਈਤਮਾਤੋਵ, ਤੁਰਗਨੇਵ, ਦੋਸਤੋਵਸਕੀ ਤੇ ਗੋਗੋਲ ਵਰਗਾ ਲਿਖਣ ਲੱਗ ਪਵਾਂ। ਜੌਹਨ ਰੀਡ ( ‘ਦਸ ਦਿਨ
ਜਿਨ੍ਹਾਂ ਦੁਨੀਆ ਹਿਲਾ ਦਿੱਤੀ’) ਵਰਗੀ ਪੱਤਰਕਾਰੀ ਕਰਾਂ। ਮਾਰਕਸ ਤੇ ਲੈਨਿਨ ਦੀਆਂ ਜੀਵਨੀਆਂ ਪੜ੍ਹ
ਕੇ ਪ੍ਰਭਾਵਤ ਹੁੰਦਾ। ਜਦੋਂ ਸੋਵੀਅਤ ਪੁਸਤਕਾਂ ਉਤੇ ਗੁਰਦਿਆਲ ਸਿੰਘ, ਗੁਰੂਬਖਸ਼, ਪ੍ਰੀਤਮ ਸਿੰਘ ਮਨਚੰਦਾ,
ਹਰਿਭਜਨ ਸਿੰਘ, ਗੁਰਬਖਸ਼ ਸਿੰਘ
ਪ੍ਰੀਤਲੜੀ, ਕਰਨਜੀਤ ਸਿੰਘ, ਕਸ਼ਮੀਰ ਸਿੰਘ ਦੇ ਨਾਂ ਅਨੁਵਾਦਕਾਂ ਵਜੋਂ ਦੇਖਦਾ ਤਾਂ ਚਿੱਤ ‘ਚ ਆਉਂਦਾ, ਮੈਂ ਜ਼ਿਆਦਾ ਪੜ੍ਹ ਜਾਵਾਂ, ਅਨੁਵਾਦ ਕਰਾਂ ਤੇ ਹਜ਼ਾਰਾਂ-ਲੱਖਾਂ ਲੋਕ ਮੇਰੇ ਨਾਂ ਤੋਂ ਵਾਕਫ ਹੋਣ। ...ਅਜਿਹਾ ਸਾਹਿਤ
ਪੜ੍ਹਦਿਆਂ ਮਨ ਵਿਚ ਜ਼ਾਰਸ਼ਾਹੀ ਹੇਠਲੇ ਲੋਕਾਂ ਤੇ ਭਾਰਤ ਦੇ ਅਛੂਤਾਂ (ਅਨੁਸੂਚਤ ਜਾਤੀਆਂ) ਦੇ ਗ਼ਰੀਬੀ
ਤੇ ਕੰਗਾਲੀ ਦੇ ਹਾਲਾਤ ਦੀ ਤੁਲਨਾ ਹੁੰਦੀ ਰਹਿੰਦੀ। ਭਾਰਤ ਦੀ ਮੁੱਖ ਧਾਰਾ ਦਾ ਆਖਿਆ ਜਾਂਦਾ ਸਾਹਿਤ
ਮੈਨੂੰ ਉਕਾ ਪਸੰਦ ਨਾ ਆਉਂਦਾ। ਉਹ ਸੋਵੀਅਤ ਸਾਹਿਤ ਵਿਚਲੇ ਯਥਾਰਥ ਤੋਂ ਉਲਟ ਮਨੋਰੰਜਨ ਮੁਖੀ ਤੇ
ਜਾਅਲਸਾਜ਼ੀ ਵਾਲਾ ਨਿਰੋਲ ਕਲਪਤ, ਨਫਰਤ ਦਾ ਵਾਹਕ,
ਜਾਤਪਾਤ, ਛੂਤਛਾਤ ਤੇ
ਅੰਧ-ਵਿਸ਼ਵਾਸ ਦਾ ਸੰਚਾਰ ਕਰਦਾ ਮਹਿਸੂਸ ਹੁੰਦਾ। ਅਛੂਤਾਂ, ਕਬਾਇਲੀਆਂ ਯਾਨੀ ਆਦਿਵਾਸੀਆਂ-ਮੂਲ਼ ਨਿਵਾਸੀਆਂ ਦੇ ਹਾਂ-ਮੁਖੀ ਨਕਸ਼ ਕਿਧਰੇ ਨਜ਼ਰੀਂ ਨਾ ਪੈਂਦੇ।
ਹਕੀਕਤ ਇਹ ਹੈ ਕਿ ਸੋਵੀਅਤ ਸਾਹਿਤ ਮੇਰੀ ਸਾਹਿਤ-ਸਿਰਜਣਾ ਦਾ ਸਰੋਤ ਬਣ ਗਿਆ। ਸੋਚਦਾ, ‘ਭਾਰਤ ਵਿਚ ਫੈਲੀ-ਫੈਲਾਈ ਜਾ ਰਹੀ ਅਨਿਆਂ ਤੇ ਨਾਬਰਾਬਰੀ ਭਰੀ ਵਰਣ-ਧਰਮ ਵਿਵਸਥਾ ਉਤੇ
ਰਾਕਟੀ ਰਫਤਾਰ ਨਾਲ ਸ਼ਾਬਦਿਕ ਹਮਲੇ ਕਰਾਂ। ਭਾਰਤ ਵਿਚ ਨਵੇਂ ਮਨੁੱਖ ਦੀ ਸਿਰਜਣਾ ਲਈ ਸਾਹਿਤ ਰਚਾਂ!
ਸਮਾਜ ਵਿਚ ਕਿਰਤ ਦੀ ਕਦਰ ਹੋਵੇ ਤੇ ਸ਼ੋਸ਼ਨਕਾਰੀ ਧਿਰਾਂ ਤਰਕ ਦੇ ਤੀਰ ਨਾਲ ਲਗਾਤਾਰ ਵਿੰਨ੍ਹ
ਹੁੰਦੀਆਂ ਰਹਿਣ।’
...ਤੇ ਇਹਦੇ ‘ਚ ਕੋਈ ਲੁਕੋ ਨਹੀਂ ਕਿ ਮੈਂ ਪ੍ਰਗਤੀਵਾਦੀ ਤੇ ਸਮਾਜਵਾਦੀ ਵਿਚਾਰਧਾਰਾ ਦਾ ਸਮਰਥਕ
ਬਣ ਗਿਆ ਸੀ। ਦਰਅਸਲ, ਮੈਂ ਉਨੀ ਸਾਲ ਦੀ ਉਮਰ ਵਿਚ
ਕਮਿਊਨਿਸਟ ਪਾਰਟੀ ਦਾ ਕਾਰਡ ਹੋਲਡਰ ਬਣ ਗਿਆ ਸੀ ਤੇ ਨਾਂ ਸੀ ਪੰਜਾਬ ਸਿੰਘ। ਸਾਥੀਆਂ ਨਾਲ ਮਿਲ ਕੇ
ਨਾਅਰੇ ਮਾਰਦਾ: ‘ਦੁਨੀਆਂ ਭਰ ਦੇ ਮਜ਼ਦੂਰੋ ਇਕ ਹੋ
ਜਾਓ’, ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਇੰਦਰਾ ਗਾਂਧੀ ਦਾ ਦੇਖੋ ਖੇਲ੍ਹ, ਖਾ ਗਈ ਬਿਜਲੀ ਪੀ ਗਈ ਤੇਲ’। ਮੈਂ ਜਿਣਸਾਂ
ਦੇ ਭਾਅ ਵਧਾਉਣ, ਖਾਦਾਂ, ਡੀਜ਼ਲ ਉਤੇ ਸਬਸਿਡੀ ਵਧਾਉਣ, ਖੇਤੀ ਲਈ ਬਿਜਲੀ ਚੌਵੀ ਘੰਟੇ ਕਰਾਉਣ ਵਾਸਤੇ ਆਪਣੇ ਵਿਹੜੇ ਦੇ ਬੰਦਿਆਂ ਨੂੰ ਪ੍ਰੇਰ ਕੇ
ਟਰੱਕਾਂ-ਟਰਾਲੀਆਂ ‘ਚ ਭਰ-ਭਰ ਮੁਜ਼ਾਹਰਿਆਂ ਲਈ ਲਿਜਾਂਦਾ। ਮੇਰੀ ਕਾਰਗੁਜ਼ਾਰੀ ਨੂੰ ਧਿਆਨ ਗੋਚਰੇ
ਰੱਖਦਿਆਂ ਬਲਾਕ ਲੈਵਲ ‘ਤੇ ਕਦੀ ਲੈਨਿਨ ਕਦੀ ਮਾਰਕਸ ਦੀਆਂ ਤਸਵੀਰਾਂ ਦੇ ਕੇ ਸਨਮਾਨਿਆ ਗਿਆ। ਮਗਰੋਂ
ਪਿੰਡ ਦੀ ਪਾਰਟੀ ਬਰਾਂਚ ਦਾ ਸਕੱਤਰ ਬਣਾਇਆ ਗਿਆ। ...ਤੇ ਰੋਸ ਵਜੋਂ ਇਕ ਜਾਤ ਅਭਿਮਾਨੀ ਕਾਮਰੇਡ
ਜੱਟ ਪਾਰਟੀ ਛੱਡ ਗਿਆ, ਇਕ ਪੰਥਕ ਪਾਰਟੀ ਵਿਚ ਸ਼ਾਮਲ
ਹੋ ਗਿਆ ਤੇ ਸਿੰਘ ਸਜ ਗਿਆ।
...ਸਾਡੇ ਵਿਹੜੇ ਦੇ ਕੰਮੀਆਂ-ਕਿਰਤੀਆਂ ਨੇ ਇਕ ਰੁਪਈਆ ਦਿਹਾੜੀ ਵਧਾਉਣ ਦੀ ਜਾਇਜ਼ ਮੰਗ ਰੱਖੀ ਤੇ
ਸਾਰੇ ਕਾਮਰੇਡ ਜੱਟ ਆਪਣੀ ਬਿਰਾਦਰੀ ਨਾਲ ਖੜ੍ਹੇ ਹੋ ਗਏ। ਜਦੋਂ ਸਾਡਾ ‘ਹੁੱਕਾ-ਪਾਣੀ’ ਬੰਦ ਕਰ
ਦਿੱਤਾ ਗਿਆ, ਉਹ ਕਹਿੰਦੇ “ਜੰਗਲ ਪਾਣੀ
ਸਾਡੇ ਖੇਤਾਂ ‘ਚ ਜਾਓ।”...ਜਿਹੜੇ ਜ਼ਿਮੀਂਦਾਰ ਡਾਂਗਾਂ ਲੈ ਕੇ ਦਲਿਤਾਂ ਦੀ ਨਾਕਾਬੰਦੀ ਕਰਦੇ ਹੋਏ
ਭੂਤਰੇ ਦਿਸਦੇ ਸਨ, ਉਨ੍ਹਾਂ ਅੱਗੇ ਉਹ ਬੇਵਸ ਹੋ
ਗਏ। ਇਉਂ ਉਹ ਪੰਜਾਬ ਦੇ ਰਵਾਇਤੀ ਜਿਹੇ ਕਮਿਊਨਿਸਟ ਸਾਬਤ ਹੋਏ ਕਿਉਂਕਿ ਉਨ੍ਹਾਂ ਦੀ ਸਕੂਲਿੰਗ
ਕਿਸਾਨੀ ਦੇ ਮਸਲਿਆਂ ਤੋਂ ਉਪਰ ਨਹੀਂ ਹੋਈ ਸੀ ਜਾਂ ਇਉਂ ਕਹੋ ਸਿਰਫ ਨਾਅਰਾ ਲਾਉਣ ਤਕ ਸੀਮਤ ਸੀ -
‘ਕਾਮਰੇਡ ਤੇਰੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ’। ਭਾਰਤ ਦੇ ਖੱਬੇਪੱਖੀਆਂ ਦੇ ‘ਫਲਸਫੇ ਦੀ ਕੰਗਾਲੀ’
ਆਰਥਿਕ ਬਰਾਬਰੀ ਦੇ ਸੰਕਲਪ ਤਕ ਸੀਮਤ ਰਹੀ। ਉਨ੍ਹਾਂ ਸਮਾਜਕ ਨਾਬਰਾਬਰੀ, ਜਾਤਪਾਤ, ਬੇਜ਼ਮੀਨਿਆਂ ਦੀ ਅਧਿਕਾਰਹੀਣਤਾ,
ਧਰਮ ਦੇ ਮਨੁੱਖ ਉਤੇ ਭਾਰੂ ਹੋ ਜਾਣ ਦੇ ਮਸਲੇ ਆਪਣੇ ਮੈਨੀਫੈਸਟੋ ਵਿਚ
ਗੰਭੀਰਤਾ ਨਾਲ ਨਾ ਲਏ। ਇਸ ਨਾਲ ਵੰਚਤ ਵਰਗਾਂ ਨੇ ‘ਸੱਜਿਆਂ-ਖੱਬਿਆਂ’ ਉਤੇ ਕਈ ਕਿਸਮਾਂ ਦੇ ਦੋਸ਼
ਲਾਏ।
...ਤੇ ਜਦੋਂ ਮੈਂ ਐਫ ਸੀ ਆਈ ਵਿਚ (1978-83) ਮੁਲਾਜ਼ਮ ਸੀ ਤਾਂ
ਦੇਖਿਆ ਕਿ ਗੁਦਾਮਾਂ ਵਿਚ ਅਨਾਜ ਦੀ ਸਾਂਭ-ਸੰਭਾਲ਼ ਕਰਦੀਆਂ ਔਰਤਾਂ ਨਾਲ ਗ਼ੈਰ-ਦਲਿਤ ਮੁਲਾਜ਼ਮ ਅਸ਼ਲੀਲ
ਮਖੌਲ ਕਰਦੇ। ਉਹ ਕੁਝ ਵੀ ਵਾਪਰ ਜਾਂਦਾ ਜਿਸਨੂੰ ਲਿਖਣ ਤੋਂ ਬੰਦਾ ਸੰਕੋਚ ਕਰਦਾ ਹੈ। ਅਜਿਹੇ
‘ਕਾਰਨਾਮਿਆ’- ਕਰਤੂਤਾਂ ਵਿਚ ਸਾਡੀ ਯੂਨੀਅਨ ਦੇ ਸਾਥੀ ਵੀ ਸ਼ਾਮਲ ਹੁੰਦੇ।... ਅਜਿਹੀਆਂ ਵੱਖ ਵੱਖ
ਕਿਸਮ ਦੀਆਂ ਘਟਨਾਵਾਂ ਕਰਕੇ ਇਕ ਹੱਦ ਤਕ ਖੱਬੇਪੱਖੀਆਂ ਤੋਂ ਮੇਰਾ ਮੋਹ-ਭੰਗ ਹੋ ਗਿਆ, ਭਾਵੇਂ ਕਿ ਸਮਾਜਵਾਦੀ ਵਿਚਾਰਧਾਰਾ ਬਦਸਤੂਰ ਪ੍ਰਭਾਵਤ ਕਰਦੀ ਰਹੀ।
ਸਾਲ 1987 ਦੇ ਸ਼ੁਰੂ ਵਿਚ ਮੈਂ ਦਿੱਲੀ ਆ ਗਿਆ। ਆਪਣੇ ਸਾਥੀਆਂ ਨਾਲ ਦੂਰੀਆਂ
ਮਜਬੂਰੀਆਂ ਵਾਲੀ ਹਾਲਤ ਹੋ ਗਈ। ਪਰ ਮੈਂ ਉਨ੍ਹਾਂ ਨੂੰ ਮਹੀਨੇ ‘ਚ ਦੋ ਵਾਰ ਮਿਲ ਆਉਂਦਾ। ...ਤੇ
ਫਿਰ ਮੈਨੂੰ ਵੀ ਸਪੇਸ ਮਿਲ ਗਿਆ। ਮੇਰੀ ਮੁਲਾਕਾਤ ਦਲਿਤ ਮਸਲਿਆਂ ਨੂੰ ਸੋਚਣ ਸਮਝਣ ਵਾਲੇ ਹਿੰਦੀ
ਭਾਸ਼ੀ ਐਸ ਐਸ ਗੌਤਮ ਨਾਲ ਹੋਈ। ਉਹ ਮੈਨੂੰ ਹਿੰਦੀ ਅੰਗਰੇਜ਼ੀ ਕਿਤਾਬਾਂ ਦੀ ਦੱਸ ਪਾਉਂਦਾ ਤੇ ਲਿਆ
ਦਿੰਦਾ। ਮੈਂ ਕਈ ਮਰਾਠੀ ਸਵੈਜੀਵਨੀਆਂ ਤੇ ਹੋਰ
ਜੀਵਨੀਆਂ ਪੜ੍ਹਦਾ ਗਿਆ। ਗਾਂਧੀ ਦੇ ਰਾਮਰਾਜ ਦੇ ਸੰਕਲਪ ਵਿਰੁੱਧ ਸੋਚਣ ਲੱਗ ਪਿਆ, ਕਿਉਂਕਿ ਇਹ ਆਦਿ ਲੋਕਾਂ ਦੇ ਰਹਿਨੁਮਾ ਗੁਰੂ ਰਵਿਦਾਸ ਦੇ ਰੈਡੀਕਲ
ਸਮਾਜਕ ਪਰਿਵਰਤਣ ਵਾਲੇ ‘ਬੇਗ਼ਮਪੁਰਾ’ ਸੰਕਲਪ ਦੇ ਵਿਰੁੱਧ ਉਭਾਰਿਆ ਗਿਆ ਸੀ। ਦੂਜੀ ਗੱਲ ਇਹ ਕਿ
‘ਆਦਿ ਧਰਮ ਮੰਡਲ ਪੰਜਾਬ’ ਦੇ ਅਛੂਤਾਂ ਦੇ ਸੰਘਰਸ਼ ਦੀ ਜਾਣਕਾਰੀ ਮੈਨੂੰ ਪਹਿਲਾਂ ਸੀ। ...ਸੋਵੀਅਤ ਸਾਹਿਤ ਤੇ ਦਲਿਤ ਸਾਹਿਤ ਦੀ
ਸੋਝੀ ਸਦਕਾ ਮੇਰੀ ਸੋਚ ਕੁਝ ਹੱਦ ਤਕ ਨਿੱਖਰ ਗਈ। ਦਲਿਤ ਦ੍ਰਿਸ਼ਟੀ ਤੋਂ ਸਮਾਜਕ ਅਨੁਭਵ ਦਾ ਵੱਡਾ
ਭੰਡਾਰ ਪਹਿਲਾਂ ਹੀ ਮੇਰੇ ਮਨ ਵਿਚ ਵੱਡੀ ਜਗ੍ਹਾ ਮੱਲ ਕੇ ਬੈਠਾ ਹੋਇਆ ਸੀ। ਸਾਹਿਤ ਤੇ ਸਭਿਆਚਾਰ ਦੇ
ਰੁਝਾਨਾਂ ਨੂੰ ਦੇਖਦਿਆਂ ਮੈਂ ਆਪਣੀ ਸਵੈਜੀਵਨੀ ਲਿਖਣ ਦਾ ਫੈਸਲਾ ਕਰ ਲਿਆ। ਇਸ ਲਈ ਕਿ ਕਵਿਤਾ ਵਿਚ
ਸਮਾਜ ਦੇ ਕਰੂਰ ਯਥਾਰਥ ਨੂੰ ਵਿਸਥਾਰ ਵਿਚ ਪ੍ਰਗਟਾਉਣਾ ਸੰਭਵ ਨਹੀਂ ਸੀ ਜਾਪਦਾ, ਭਾਵੇਂ ਕਿ ਉਦੋਂ ਤਕ ਮੇਰੇ ਦੋ ਕਾਵਿ-ਸੰਗ੍ਰਹਿ ‘ਮਾਰੂਥਲ ਦਾ ਬਿਰਖ’ ਤੇ
‘ਭਖਦਾ ਪਤਾਲ’ ਛਪ ਚੁੱਕੇ ਸਨ। ...ਤਰਕਵਾਦੀ, ਮਾਨਵਵਾਦੀ ਤੇ
ਵਿਗਿਆਨ-ਮੁਖੀ ਦ੍ਰਿਸ਼ਟੀ ਮੈਨੂੰ ਆਪਣੀ ਦਾਸਤਾਨ ਲਿਖਣ ਲਈ ਉਤਸ਼ਾਹਤ ਕਰਦੀ। ਉਂਝ ਵੀ ਮੈਨੂੂੰ ਮਹਿਸੂਸ
ਹੋਣ ਲੱਗ ਪਿਆ ਕਿ ਮੇਰੀ ਯਾਦ-ਸ਼ਕਤੀ ਕਿਤੇ ਪੇਤਲੀ ਨਾ ਪੈ ਜਾਵੇ। ਮਨ ‘ਚ ਇਹ ਡਰ ਵੀ ਘਰ ਕਰਦਾ ਗਿਆ
ਕਿ ਮੈਂ ਸ਼ਾਇਦ ਛੇਤੀ ਮਰ ਜਾਵਾਂਗਾ। ਉਦੋਂ ਮੈਂ ਅਠੱਤੀ ਸਾਲ ਦਾ ਸੀ। ਯੱਕੋ-ਤੱਕੀ ਵਿਚ ਮੇਰਾ ਕਿੰਨਾ
ਸਮਾਂ ਨਿਕਲ ਗਿਆ ਤੇ ਫਿਰ ਮੈਂ...।
ਸਾਲ 1996 ਦੇ ਅਖੀਰ ‘ਚ, 41 ਵਰ੍ਹਿਆਂ ਦੀ ਉਮਰ
ਵਿਚ ਮੈਂ ਸਵੈਜੀਵਨੀ ਦਾ ਕਾਂਡ ‘ਮੇਰੀ ਦਾਦੀ-ਇਕ ਇਤਿਹਾਸ’ ਲਿਖਿਆ ਜੋ ‘ਆਰਸੀ’ ਵਿਚ ਛਪਿਆ। ਹਫਤੇ
ਕੁ ਮਗਰੋਂ ਪੰਜਾਬੀ ਦੇ ਵੱਡੇ ਲੇਖਕਾਂ ਦਾ ਫੋਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅਗਲੇ ਦੋ ਸਾਲਾਂ
‘ਚ ਦੋ ਕਾਂਡ ਹੋਰ ਛਪਵਾਏ। ਨਤੀਜਨ, ਭਾਪਾ ਪ੍ਰੀਤਮ ਸਿੰਘ
ਨੇ ਆਖਿਆ, “ਪੰਜਾਬੀ ‘ਚ ਅਜਿਹੀਆਂ ਲਿਖਤਾਂ ਲਈ ਰੜਾ ਮੈਦਾਨ ਪਿਆ ਏ,
ਸਵੈਜੀਵਨੀ ਛੇਤੀ ਮੁਕੰਮਲ ਕਰ।”...ਤੇ ਫਿਰ ਰਾਸ਼ਟਰੀ ਤੇ ਅੰਤਰਰਾਸ਼ਟਰੀ
ਮੰਚਾਂ ਲਈ ਪੇਪਰ ਪੜ੍ਹਨ ਜਾਂ ਕਵਿਤਾ ਪੜ੍ਹਨ ਦੇ
ਸੱਦੇ ਆਉਣ ਲੱਗੇ। ਸਰਕਾਰੀ ਨੌਕਰੀ ਦੇ ਰੁਝੇਵਿਆਂ ਤੇ ਛੁੱਟੀ ਨਾ ਮਿਲਣ ਕਰਕੇ ਲੇਖਣ ਦਾ ਕੰਮ ਲਮਕਦਾ
ਰਿਹਾ। ਭਾਪਾ ਜੀ ਨੇ ਕਿਹਾ, “ਸਵੈਜੀਵਨੀ ਉਦੋਂ
ਮੁਕੰਮਲ ਕਰੇਂਗਾ ਜਦੋਂ ਮੈਂ ਚਲਿਆ ਜਾਵਾਂਗਾ।” ...ਜਿਵੇਂ ਕਿਵੇਂ ਮੈਂ ਸਵੈਜੀਵਨੀ ਨੂੰ ਸਾਲ 2000
‘ਚ ਲਿਖ ਲਿਆ ਤੇ ਨਾਂ
ਰੱਖਿਆ ‘ਛਾਂਗਿਆ ਰੁੱਖ’ ਯਾਨੀ ਦਲਿਤ ਸਮਾਜ ਦਾ ਪ੍ਰਤੀਕ ਜੋ ਹਰੇਕ ਮੌਸਮ ਵਿਚ ਲੋਕਾਂ ਨੂੰ ਪਨਾਹ
ਦਿੰਦਾ ਹੈ। ਖੁਦ ਸਿਰ ‘ਤੇ ਗਰਮੀ-ਸਰਦੀ ਝੱਲਦਾ ਹੈ। ਸਭ ਨੂੰ ਛਾਂ ਤੇ ਆਸਰਾ। ਮੀਂਹ-ਨ੍ਹੇਰੀ ‘ਚ
ਲਿਫ-ਲਿਫ ਕੇ ਵਿਛ-ਵਿਛ ਕੇ ਸਿੱਧਾ ਖੜ੍ਹਾ ਹੁੰਦਾ ਹੈ। ਤੂਫਾਨਾਂ ‘ਚ ਲੋਕ ਵੱਡੇ ਰੁੱਖਾਂ ਨੂੰ ਜੱਫਾ
ਮਾਰ ਕੇ ਬਚ ਜਾਂਦੇ ਹਨ। ਰੁੱਖ ਲੋਕਾਂ ਦੇ ਜੀਂਦੇ ਰਹਿਣ ਲਈ ਮੁਫਤ ਆਕਸੀਯਨ ਵੰਡਦੇ ਹਨ ਤੇ ਲੋਕ
ਉਸਨੂੰ ਫੈਲਰਨ ਨਹੀਂ ਦਿੰਦੇ, ਸਗੋਂ ਬੇਰਹਿਮੀ ਨਾਲ
ਉਸਦੀ ਕੱਟ-ਵੱਢ ਕਰਦੇ ਰਹਿੰਦੇ ਹਨ। ...ਤੇ ‘ਛਾਂਗਿਆ ਰੁੱਖ’ ਮੇਰੀ 45 ਵਰ੍ਹਿਆਂ ਦੀ ਉਮਰ ਦਾ ਸੰਖੇਪ ਬਿਰਤਾਂਤ ਹੈ। ਸਾਲ 2007 ਵਿਚ ਇਸਦਾ ਹਿੰਦੀ ਵਿਚ ਅਨੁਵਾਦ ਸੁਭਾਸ਼ ਨੀਰਵ ਨੇ ਕੀਤਾ ਤੇ ਇਹ ਹਿੰਦੀ ਦੇ ਸਭ ਤੋਂ ਵੱਡੇ
ਪ੍ਰਕਾਸ਼ਕ ‘ਵਾਣੀ ਪ੍ਰਕਾਸ਼ਨ ਤੋਂ ਛਪਿਆ। ਸਾਲ 2010 ਵਿਚ ਸ਼ਾਹਮੁਖੀ
ਲਿੱਪੀ ਵਿਚ ਲਾਹੌਰ ਤੋਂ। ਉਸੇ ਸਾਲ ਇਹ ਸਵੈਜੀਵਨੀ ਅੰਗਰੇਜ਼ੀ ਵਿਚ ਔਕਸਫੋਰਡ ਪ੍ਰੈਸ ਨੇ ਛਾਪੀ ਤੇ
ਅਗਲੇ ਸਾਲ ਕਰੋਸਵਰਡ ਐਵਾਰਡ ਲਈ ਨਾਮਜ਼ਦ ਹੋਈ। 2019 ਵਿਚ ਉਰਦੂ ਵਿਚ
ਕਰਾਚੀ ਤੋਂ ਛਪੀ। ਅੱਜ ਕੱਲ ਇਸਦਾ ਰੂਸੀ ਵਿਚ
ਅਨੁਵਾਦ ਮਾਸਕੋ ਸਟੇਟ ਯੂਨੀਵਰਸਿਟੀ ਦੀ ਪ੍ਰੋਫੈਸਰ ਐਨਾ ਸੋਸਕੋਵਕਾਇਆ ਕਰ ਰਹੀ ਹੈ।000
(੍ਰਗ਼ਅ \44ਅ ੰੳਹੳਵਰਿ ੜਹਿੳਰ , ਂੲੳਰ ਸ਼ੲਚਟੋਰ 1, ਧਾੳਰਕੳ, ਫੳਲੳਮ, ਂੲਾ ਧੲਲਹ ਿ 110
045
ਫਹੋਨੲ: 93505-48100 ਓਮੳਲਿ: ਬਮੳਦਹੋਪੁਰ੍ਿੇੳਹੋੋ.ਨਿ)
0 comments:
Post a Comment