Thursday, 19 July 2018

Babu Mangu Ram Jaspal

Balbir Madhopuri


ਬਾਬੂ ਮੰਗੂ ਰਾਮ ਜਸਪਾਲ: ਆਦਿ ਧਰਮ ਦੀ ਮਸ਼ਾਲ -ਬਲਬੀਰ ਮਾਧੋਪੁਰੀ


ਪਰਿਵਾਰਿਕ ਪਿਛੋਕੜ ਤੇ ਸਮਾਜਿਕ ਸਥਿਤੀਆਂ

ਬਾਬੂ ਮੰਗੂ ਰਾਮ ਜਸਪਾਲ ਦਾ ਜਨਮ 13 ਜਨਵਰੀ 1928 ਨੂੰ ਸਿੱਧਵਾਂ (ਸਟੇਸ਼ਨ ਵਾਲਾ) ਪਿੰਡ, ਤਹਿਸੀਲ ਨਕੋਦਰ, ਜ਼ਿਲ ਜਲੰਧਰ ਵਿਚ ਇਕ ਗਰੀਬ ਚਮਾਰ (ਆਦਿ ਧਰਮੀ) ਪਰਿਵਾਰ ਵਿਚ ਹੋਇਆ ਉਨਾਂ ਦੇ ਪਿਤਾ ਦਾ ਨਾਂ ਸ਼੍ਰੀ ਭੁੱਲਾ ਰਾਮ ਤੇ ਮਾਤਾ ਦਾ ਨਾਂ ਜਿਉਣੀ ਦੇਵੀ ਸੀ ਵੀਹਵੀਂ ਸਦੀ ਦੇ ਉਨਾਂ ਮੁਢਲੇ ਦਹਾਕਿਆਂ ਵਿਚ ਭਿੱਟ, ਛੂਤਛਾਤ ਤੇ ਜਾਤ-ਪਾਤ ਦਾ ਵਰਤਾਰਾ ਸਿਖਰਾਂ ਉਤੇ ਸੀ ਅਛੂਤਾਂ ਲਈ ਮਾਨਵਵਾਦੀ ਸੁਰ-ਸਾਂਝਾਂ ਇਕ ਕਲਪਨਾ ਤੋਂ ਵੱਧ ਕੁਝ ਨਹੀਂ ਸੀ ਬੇਗਾਰ ਦੀ ਪਰੰਪਰਾ ਪੂਰੇ ਜਲੌਅ ਉਤੇ ਸੀ ਫਿਰ ਵੀ ਚਮਾਰਾਂ ਸਮੇਤ ਅਛੂਤਾਂ ਦੀਆਂ 3000 ਤੋਂ ਵੱਧ ਜਾਤੀਆਂ ਆਪਣੀ ਰੋਟੀ-ਰੋਜ਼ੀ ਲਈ ਸੰਘਰਸ਼ ਕਰ ਰਹੀਆਂ ਸਨ ਹਿੰਦੂ ਵਰਣ-ਧਰਮ ਅਨੁਸਾਰ ਇਹ ਜਾਤੀਆਂ ਕਿਸੇ ਵਰਣ ਵਿਚ ਨਹੀਂ ਆਉਂਦੀਆਂ - ਯਾਨਿ ਵਰਣ-ਬਾਹਰੇ ਲੋਕ ਹਨ
ਜਿਊਂਦੇ ਰਹਿਣ ਤੇ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਪੇਟ ਭਰਨ ਵਾਸਤੇ ਉਨਾਂ ਦੀ ਮਾਤਾ ਨੂੰ ਬਿਰਾਦਰੀ ਦੀਆਂ ਕੁੜੀਆਂ-ਬੁੜੀਆਂ ਵਾਂਗ ਜੱਟਾਂ-ਜ਼ਮੀਂਦਾਰਾਂ ਦੇ ਘਰੀਂ ਕਪਾਹ ਵੇਲਣ ਤੇ ਹੋਰ ਛੋਟੇ-ਛੋਟੇ ਕੰਮ ਕਰਨ ਜਾਣਾ ਪੈਂਦਾ ਇਸ ਦੌਰਾਨ ਉਨਾਂ ਨੂੰ ਗ਼ੈਰ-ਇਨਸਾਨੀ ਵਰਤਾਰਾ ਦੇਖਣਾ ਪੈਂਦਾ ਮਿਸਾਲ ਦੇ ਤੌਰ ਤੇ ਜਦੋਂ ਉਹ ਆਪਣੀ ਵੱਡੀ ਭੈਣ ਨਾਲ ਆਪਣੇ ਛੋਟੇ ਭਰਾ ਨੂੰ ਆਪਣੀ ਮਾਤਾ ਕੋਲ ਦੁੱਧ ਚੁੰਘਾਉਣ ਲਿਜਾਂਦੇ ਜੱਟੀਆਂ ਮੋਹਰਿਓਂ ਉਖੜੀ ਕੁਹਾੜੀ ਵਾਂਗ ਪੈਂਦੀਆਂ ਇਕ ਵਾਰ ਤਾਂ ਉਨਾਂ ਦੀ ਮਾਤਾ ਜਦੋਂ ਭਰਾ ਨੂੰ ਦੁੱਧ ਚੁੰਘਾਉਣ ਹੀ ਲੱਗੀ ਸੀ ਤਾਂ ਜੱਟੀ ਨੇ ਉਸ ਨੂੰ ਖੋਹ ਲਿਆ
ਅਣਮਨੁੱਖੀ ਅਤਿਆਚਾਰ ਦੀ ਇਕ ਹੋਰ ਘਟਨਾ ਮੰਗੂ ਰਾਮ ਹੁਰਾਂ ਨਾਲ ਉਦੋਂ ਵਾਪਰੀ ਜਦੋਂ ਉਹ ਅਜੇ ਦੂਜੀ ਜਮਾਤ ਵਿਚ ਪੜਦੇ ਸਨ ਗੱਲ ਇਉਂ ਹੋਈ ਕਿ ਨਾਲ ਪੜਦੇ ਬ੍ਰਾਹਮਣਾਂ ਦੇ ਇਕ ਮੁੰਡੇ ਦਾ ਬਸਤਾ ਉਨਾਂ ਤੋਂ ਬੇਧਿਆਨੀ ਵਿਚ ਭਿੱਟਿਆ ਗਿਆ
ਸ਼ਿਕਾਇਤ ਕਰਨ 'ਤੇ ਜਾਤ ਅਭਿਮਾਨੀ ਅਧਿਆਪਕ ਤੇ ਜਾਤ-ਵਰਣ ਉਤੇ ਸਖ਼ਤੀ ਨਾਲ ਪਹਿਰਾ ਦੇਣ ਵਾਲੇ ਮਾਸਟਰ ਨੇ ਉਨਾਂ ਦੇ ਪਿੰਡੇ ਉਤੇ ਤੂਤ ਦੀ ਛਿਟੀ ਵਰਾਈ ਲਾਸ਼ਾਂ ਪੈ ਗਈਆਂ ਬਲੂਰ ਦੀਆਂ ਲੇਰਾਂ ਦੀ ਕਿਸੇ ਨੂੰ ਪ੍ਰਵਾਹ ਨਹੀਂ ਸੀ ਪਿੰਡੇ ਦੀਆਂ ਲਾਸ਼ਾਂ ਉਨਾਂ ਦੇ ਮਨ-ਮਸਤਕ ਵਿਚ ਡੂੰਘੀਆਂ ਝਰੀਆਂ ਪਾ ਗਈਆਂ ਜੋ ਉਨਾਂ ਤੋਂ ਬਗੈਰ ਕਿਸੇ ਨੂੰ ਦਿਖਾਈ ਨਾ ਦਿੰਦੀਆਂ ਬਾਲ-ਮਨ ਵਲੂੰਧਰਿਆ ਰਹਿੰਦਾ, ਅੰਦਰੋ-ਅੰਦਰ ਟੁੱਟ-ਭੱਜ ਹੁੰਦੀ ਰਹਿੰਦੀ ਸਮਾਜਿਕ ਉਥਲ-ਪੁਥਲ ਲਈ ਨਿਆਣੀ ਉਮਰੇ ਹੀ ਸਰੀਰ ਦੇ ਲਹੂ ਵਾਂਗ ਵਿਚਾਰਾਂ ਦਾ ਪ੍ਰਵਾਹ ਚੱਲਣ ਲੱਗ ਪਿਆ ਅਜਿਹੇ ਵਿਚਾਰਾਂ ਦੀ ਲੜੀ ਵਿਚ ਇਕ ਹੋਰ ਕੜੀ ਜੁੜ ਗਈ ਜਦੋਂ ਸਹਿਜ ਹੀ ਬਾਲਕ ਮੰਗੂ ਰਾਮ ਨੇ ਪਿੰਡ ਦੇ ਇਕ ਜੱਟ ਦੇ ਖੇਤ ਵਿਚੋਂ ਮੂਲੀ ਪੁੱਟ ਲਈ ਸੀ ਜ਼ਮੀਂਦਾਰ ਨੇ ਨਿਆਣ-ਮੱਤ ਦਾ ਖ਼ਿਆਲ ਨਾ ਰੱਖਦਿਆਂ ਉਨਾਂ ਦੇ ਤਾਂਬੜ ਚਾੜਦਿੱਤਾਤੇ ਫਿਰ ਜਦੋਂ ਬੀਰ ਪਿੰਡ ਦੇ ਖੂਹ ਵਿਚੋਂ ਤੇਹ ਦੀ ਮਜ਼ਬੂਰੀ ਵਿਚ ਪਾਣੀ ਪੀ ਲਿਆ ਤਾਂ ਉਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਛੂਤਾਂ ਨਾਲ ਪਸ਼ੂਆਂ ਨਾਲੋਂ ਬਦਤਰ ਬਦਸਲੂਕੀ ਨੇ ਮੰਗੂ ਰਾਮ ਦੇ ਮਨ ਵਿਚ ਬਲਦੀ 'ਤੇ ਤੇਲ ਪਾਇਆ

ਇਸੇ ਦੌਰਾਨ ਮੰਗੂ ਰਾਮ ਦੀ ਮਾਤਾ ਦਾ ਦੇਹਾਂਤ ਹੋ ਗਿਆ ਚਾਰ ਭਰਾ ਤੇ ਦੋ ਭੈਣਾ ਅਜੇ ਛੋਟੇ-ਛੋਟੇ ਸਨ ਨਿਆਣਿਆਂ ਨੂੰ ਦਾਦੀ ਨੇ ਪਾਲਿਆ ਉਹ ਬਹੁਤ ਦਲੇਰ ਤੇ ਉਚੀ ਸੋਝੀ ਦੀ ਮਾਲਕ ਸੀ ਉਹ ਆਪਣੇ ਪੋਤੇ ਨਾਲ ਅੰਤਾਂ ਦਾ ਲਾਡ-ਪਿਆਰ ਤੇ ਮੋਹ-ਤੇਹ ਕਰਦੀ ਆਪਣੇ ਨਾਲ ਸੁਲਾਉਂਦੀ-ਬਾਤਾਂ ਸੁਣਾਉਂਦੀ ਇਕ ਮਰਲੇ ਵਿਚ ਬਣੇ ਘਰ ਦੀ ਕੋਠੜੀ ਵਿਚ ਸਵੇਰੇ-ਸੁਵੱਖਤੇ ਅਰਜ਼ੋਈਆਂ ਕਰਦੀ-ਹੇ ਬਾਬਾ ਰਵਿਦਾਸ ਕਹਿੰਦੇ ਨੇ ਤੂੰ ਪੱਥਰ ਤਾਰ ਦਿੱਤੇ, ਅਸੀਂ ਤਾਂ ਬੰਦੇ ਹਾਂ, ਸਾਨੂੰ ਕਦੋਂ ਬੰਦਿਆਂ ਦਾ ਦਰਜਾ ਮਿਲੇਗਾ? ਹੌਲੀ-ਹੌਲੀ ਬੋਲਦੀ-ਜੇ ਪਰਮੇਸ਼ਰ ਮਰਦਾ ਨਹੀਂ ਤਾਂ ਫਿਰ ਮੇਰਾ ਪਤੀ ਪਰਮੇਸ਼ਰ ਮਰਿਆ ਨਹੀਂ-ਮੇਰੀ ਸ਼ਕਤੀ ਘਟੀ ਨਹੀਂ ਮੈਨੂੰ ਹੋਰ ਸ਼ਕਤੀ ਦੇ ਉਹ ਪੋਤੇ ਨੂੰ ਦਿਨ-ਰਾਤ ਥਾਪੜਾ ਦਿੰਦੀ ਕਿ ਉਹ ਦੇਸ਼ਾਂ ਦਾ ਰਾਜਾ ਬਣੇਗਾ ਬਾਬੂ ਮੰਗੂ ਰਾਮ ਅਨੁਸਾਰ ਉਨਾਂ ਨੂੰ ਦਾਦੀ ਦੀਆਂ ਸਵੇਰ ਦੀਆਂ ਅਰਦਾਸਾਂ ਤੋਂ ਪਤਾ ਲੱਗਾ ਸੀ ਕਿ ਗੁਰੂ ਰਵਿਦਾਸ ਕੌਣ ਹਨ? ਤੇ ਉਨਾਂ ਨਾਲ ਸਾਡਾ ਕੀ ਨਾਤਾ ਹੈ ਉਨਾਂ ਨੂੰ ਆਪਣੇ ਦਾਦਾ ਦੀ ਮੌਤ ਦਾ ਦਾਦੀ ਨੇ 5-6 ਸਾਲ ਪਤਾ ਹੀ ਨਾ ਲੱਗਣ ਦਿੱਤਾ-ਕਹਿੰਦੀ ਰਾਤ ਨੂੰ ੇਰੇ ਹੋਏ ਆਉਂਦੇ ਨੇ ਤੇ ਤੜਕੇ ਕੰਮ 'ਤੇ ਚਲੇ ਜਾਂਦੇ ਨੇ ਇਕ ਦਿਨ ਅਚਾਨਕ ਅਰਦਾਸ ਕਰਦੀ ਨੂੰ ਸੁਣਨ 'ਤੇ ਇਸ ਰਹੱਸ ਦਾ ਪਤਾ ਲੱਗ ਗਿਆ ਬਾਬੂ ਮੰਗੂ ਰਾਮ ਜਸਪਾਲ ਮੁਤਾਬਿਕ ਉਨਾਂ ਦੀ ਦਾਦੀ ਨੇ ਬਾਬੂ ਮੰਗੂ ਰਾਮ ਦੇ 1928 ਵਿਚ ਭਾਸ਼ਨ ਸੁਣੇ ਹੋਏ ਸਨ ਜਦੋਂ ਪੰਜਾਬ ਵਿਚ ਅਛੂਤ ਲਹਿਰ ਆਪਣੀ ਪੂਰੀ ਚੜ ਵਿਚ ਸੀ
ਭਰ ਜੁਆਨੀ ਵਿਚ ਵੀ ਗੋਰੇ, ਸੁਹਣੇ-ਸੁਨੱਖੇ ਨਕਸ਼ਾਂ ਵਾਲੇ, ਦਰਮਿਆਨੇ ਕੱਦ ਦੇ ਟੌਹਰੀ ਕਿਸਮ ਦੇ ਬਾਬੂ ਮੰਗੂ ਰਾਮ ਦਾ ਛੂਤਛਾਤ ਦੇ ਵਰਤਾਰੇ ਨੇ ਪਿੱਛਾ ਨਾ ਛੱਡਿਆ ਉਨਾਂ ਸਾਹਮਣੇ ਉਹ ਘਟਨਾਵਾਂ ਵਾਪਰ ਜਾਂਦੀਆਂ ਜਿਨਾਂ ਨੂੰ ਉਹ ਕਦੇ ਭੁੱਲ ਨਾ ਸਕੇ ਜਦੋਂ ਉਨਾਂ ਬੀ.. ਕਰ ਕੇ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵਿਚ ਨੌਕਰੀ ਲਈ-ਉਥੇ ਉਨਾਂ ਤੋਂ ਘੱਟ ਪੜਿ ਕਲਰਕ ਗਲਤ-ਮਲਤ ਲਿਖ ਕੇ ਵੱਡੇ ਅਫ਼ਸਰ ਨੂੰ ਪੱਟੀ ਪੜ ਦਿੰਦਾ ਸਿੱਟੇ ਵਜੋਂ ਮੰਗੂ ਰਾਮ ਦੀ ਬੇਵਜਹ ਡਾਂਟ-ਡਪਟ ਹੁੰਦੀ ਜਾਤ ਦੇ ਮਿਹਣੇ ਸੁਣਨੇ ਪੈਂਦੇ 'ਚਮਾਰ ਭਰਤੀ ਕੀਤਿਓ ਕੇ ਆਉਂਦਾ-ਜਾਂਦਾ ਕੁਝ ਨਹੀਂ,' ਨਾਲ ਉਨਾਂ ਦੇ ਚੇਤਿਆਂ ਵਿਚ ਮਨੂ ਦੀ ਸਮਾਜਿਕ ਵਿਵਸਥਾ ਵਿਰੁੱਧ ਚਿੰਗਾੜੀ ਚਮਕਦੀ
ਬਾਬੂ ਮੰਗੂ ਰਾਮ 23ਵੇਂ ਵਰ ਵਿਚ ਸਨ ਜਦੋਂ ਉਨਾਂ ਦੀ ਡਿਊਟੀ 1950 ਵਿਚ 1951 ਦੀ ਮਰਦਮਸ਼ੁਮਾਰੀ ਲਈ ਬਾਘਾ ਪੁਰਾਣਾ ਵਿਖੇ ਲੱਗੀ ਹੋਈ ਸੀ ਜਿੱਥੇ ਉਨਾਂ ਨੂੰ ਠਹਿਰਾਇਆ ਗਿਆ ਉਹ ਇਕ ਫਾਰਮ ਹਾਊਸ ਸੀ ਨਾਸ਼ਤਾ ਕਰਦਿਆਂ ਉਨਾਂ ਦੇਖਿਆ ਕਿ ਖੇਤਾਂ ਦਾ ਮਾਲਕ ਜੱਟ ਅਚਾਨਕ ਉਠ ਕੇ ਸਾਹਮਣੇ ਵਾਲੇ ਖੇਤ ਨੂੰ ਦੂਹੋਦੂਹ ਦੌੜ ਪਿਆ ਹੈ ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਕਿਸੇ ਨੂੰ ਕੋਈ ਪਤਾ ਨਾ ਲੱਗਾ ਕਿ ਗੱਲ ਕੀ ਹੋਈ ਹੈ ਉਹਨੇ ਵਾਪਸ ਕੇ ਕਾਹਲੀ ਨਾਲ ਆਪ ਹੀ ਮਾਣ-ਹੰਕਾਰ ਨਾਲ ਨਫ਼ਰਤ ਭਰੇ ਲਹਿਜ਼ੇ ਨਾਲ ਦੱਸਿਆ, 'ਪਿੰਡ ਦੀ ਚਮਾਰੀ ਸੀ- ਹੱਗ ਕੇ ਪੈਲ਼ੀ 'ਚੋਂ ਨਿਕਲਣ ਲੱਗੀ ਸੀ ਮੈਂ ਜਾ ਘੇਰੀ, ਉਹਦਾ ਗੰਦ ਉਹਦੀ ਝੋਲੀ ਵਿਚ ਪੁਆ ਕੇ ਆਇਆਂ-ਸਾਲ਼ੀ ਚਮਾਰਲੀ ਖੇਤ ਭਿੱਟਦੀ ਤੇ ਗੰਦ ਪਾਉਂਦੀ ਰਹਿੰਦੀ ' ਉਪਰੋਕਤ ਘਟਨਾ ਬਾਬੂ ਮੰਗੂ ਰਾਮ ਜਸਪਾਲ ਨੇ ਇਨਾਂ ਸਤਰਾਂ ਦੇ ਲੇਖਕ ਨੂੰ ਇਕ ਵਾਰਤਾਲਾਪ ਦੌਰਾਨ 24 ਅਕਤੂਬਰ 2009 ਨੂੰ ਲਾਲ ਅੱਖਾਂ ਤੇ ਭਰੇ ਮਨ ਨਾਲ ਦੱਸੀ ਉਨਾਂ ਹੋਰ ਦੱਸਿਆ ਕਿ ਉਨਾਂ ਦੇ ਬਾਕੀ ਸਾਥੀ ਇਸ ਅਣਮਨੁੱਖੀ ਵਰਤਾਰੇ ਉਤੇ ਹੱਸ ਪਏ ਸਨਤੇ ਰਾਤ ਨੂੰ ਸ਼ਰਾਬ ਪੀ ਕੇ ਘੂਕ ਸੌਂ ਗਏ ਪਰ ਉਨਾਂ ਦੀ ਨੀਂਦ ਪਤਾ ਨਹੀਂ ਕਿੱਧਰ ਉਡ ਗਈ ਸੀ ਬੇਬਸੀ ਤੇ ਬੇਚੈਨੀ ਨੇ ਉਨਾਂ ਅੰਦਰ ਸੁਨਾਮੀ ਦੀਆਂ ਲਹਿਰਾਂ ਚੜ ਦਿੱਤੀਆਂ ਸਨ ਜੋ ਅਜਿਹਾ ਸਭ ਕੁਝ ਰੋੜ ਲਈ ਉੱਚੀਆਂ-ਉੱਚੀਆਂ ਉਠ ਰਹੀਆਂ ਸਨ ਜਾਤਪਾਤ ਤੇ ਛੂਤਛਾਤ ਦੇ ਦੈਂਤ ਨਾਲ ਮੱਥਾ ਲਾਉਣ ਵਾਲੇ ਹਾਲਾਤ ਉਨਾਂ ਅੰਦਰ ਪੈਦਾ ਹੋ ਚੁੱਕੇ ਸਨ
ਛੂਤਛਾਤ ਦਾ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਬਹੁਤਾ ਫ਼ਰਕ ਨਹੀਂ ਸੀ ਦੁਕਾਨ ਤੋਂ ਚਾਹ-ਪਾਣੀ, ਲੱਸੀ ਲਈ ਪੈਸੇ ਦੇਣ ਉਪਰੰਤ ਅਛੂਤਾਂ ਨੂੰ ਗਾਲ ਸੁਣਨੀਆਂ ਪੈਂਦੀਆਂ ਸਨ ਜੇ ਪਤਾ ਲੱਗ ਜਾਂਦਾ ਕਿ ਗਾਹਕ ਚਮਾਰ ਜਾਂ ਅਛੂਤ ਹੈ ਬਾਬੂ ਮੰਗੂ ਰਾਮ ਇਨਾਂ ਹਾਲਾਤ ਵਿਚ ਗੁਜ਼ਰਦੇ ਹੋਏ ਕਿਰਾਏ ਦੇ ਮਕਾਨ ਲਈ ਖੱਜਲ-ਖੁਆਰ ਹੁੰਦੇ ਰਹੇ ਉਨਾਂ ਦੇ ਚਿੱਤ ਵਿਚ ਆਉਂਦਾ ਕਿ ਉਹ ਆਪਣੀ ਕੌਮ ਲਈ ਰੋਹ-ਵਿਦਰੋਹ ਦਾ ਡੰਕਾ ਵਜਾ ਦੇਣ ਪਰ ਨਾਸਾਜ਼ ਹਾਲਾਤ ਉਨਾਂ ਦੀਆਂ ਸੰਘਣੀਆਂ, ਦਲੀਲ ਭਰੀਆਂ ਯੋਜਨਾਵਾਂ ਨੂੰ ਪਿਛਾਂਹ ਧੱਕਦੇ ਰਹੇ



ਜਸਪਾਲ ਹੁਰਾਂ ਦਾ ਵਲੈਤ ਨੂੰ ਸਬੱਬ

ਘਰ ਦੇ ਹਾਲਾਤ ਬਦਲਦੇ ਗਏ ਬਾਬੂ ਮੰਗੂ ਰਾਮ ਹੁਰਾਂ ਦਾ ਛੋਟਾ ਭਰਾ ਫ਼ਕੀਰ ਚੰਦ ਜਿਵੇਂ-ਕਿਵੇਂ ਵਲੈਤ ਭੇਜਿਆ ਗਿਆ ਕੁਝ ਮਹੀਨਿਆਂ ਬਾਦ ਉਹ ਲਾਪਤਾ ਹੋ ਗਿਆ ਇਧਰ ਉਸ ਦੀ ਕੁੜਮਾਈ ਹੌਲੀ ਉਮਰੇ ਹੋ ਗਈ ਸੀ ਉਧਰ ਕੁੜੀ ਵਾਲੇ ਨਿੱਤ ਘਰ ਕੇ ਪੁੱਛ-ਦੱਸ ਕਰਨ ਲੱਗ ਪਏ ਇਕ ਦਿਨ ਬਾਬੂ ਜੀ ਦੇ ਘਰ ਵੜਦਿਆਂ ਪਿਤਾ ਨੇ ਦੱਸਿਆ ਕਿ ਪੰਚਾਇਤ ਵਿਚ ਲਾਹਪਾ ਕੀਤੀ ਗਈ ਹੈ ਕਿ ਜੇ ਤੁਹਾਡੀ ਕੁੜੀ ਹੁੰਦੀ ਤਾਂ ਤੁਸੀਂ ਇਵੇਂ ਹੀ ਕੰਨਾਂ ਪਿੱਛੇ ਗੱਲ ਸੁੱਟੀ ਰੱਖਦੇ ਨਿਮੋਸ਼ੀ ਦਾ ਵਿਸਥਾਰ ' ਦੱਸਿਆ ਛੋਟੇ ਭਰਾ ਨੂੰ ਲੱਭ ਲਿਆਉਣ ਦਾ ਹੁਕਮ ਕੀਤਾ ਗਿਆ ਆਪਣੇ ਵਿਭਾਗ ਨੂੰ ਸੂਚਨਾ ਦਿੱਤੇ ਬਗ਼ੈਰ ਮੰਗੂ ਰਾਮ ਹੁਰੀਂ ਵਲੈਤ ਨੂੰ ਉਡਾਰੀ ਮਾਰ ਗਏ ਗੁਰੂ-ਘਰਾਂ ਤੇ ਹੋਰ ਪੰਜਾਬੀਆਂ ਦੇ ਆਉਣ-ਜਾਣ ਵਾਲੀਆਂ ਥਾਵਾਂ ਨੂੰ ਛਾਣ ਮਾਰਿਆ ਤੇ ਆਖ਼ਿਰ ਮਿਲ ਗਏ ਭਾਈ ਸਾਹਿਬ ਹੁਣ ਉਨਾਂ ਦਾ ਆਪ ਵੀ ਉਥੇ ਟਿਕ ਜਾਣ ਦਾ ਸਬੱਬ ਬਣ ਗਿਆ ਉਹ ਵੱਖ-ਵੱਖ ਕਾਰਖ਼ਾਨਿਆਂ ਵਿਚ 16-18 ਘੰਟੇ ਕੰਮ ਕਰਦੇ ਲੋਹੇ ਨਾਲ ਕੁਸ਼ਤੀ ਕਰਦੇ ਇਸ ਦੌਰਾਨ ਉਨਾਂ ਆਪਣੇ ਵੱਡੇ ਪੁੱਤਰਾਂ ਨੂੰ ਵੀ ਸੱਦ ਲਿਆ ਪਰ ਉਨਾਂ ਦਾ ਮਨ ਆਜ਼ਾਦ ਭਾਰਤ ਦੇ ਉਨਾਂ ਗ਼ੁਲਾਮਾਂ ਲਈ ਤੜਫਦਾ ਰਹਿੰਦਾ ਜੋ ਸਦੀਆਂ ਤੋਂ ਬੇਗਾਰਾਂ-ਬੁੱਤੀਆਂ ਤੇ ਬੇਇਜ਼ਤੀ ਨੂੰ ਜ਼ਰਦੇ ਰਹੇ ਸਨ ਉਨਾਂ ਨੂੰ ਆਪਣੀ ਖੁਦ ਕੀਤੀ ਪ੍ਰਤਿੱਗਿਆ ਚੇਤੇ ਆਉਂਦੀ-ਹੇ ਗੁਰੂ ਰਵਿਦਾਸ ਜੀ ਮਹਾਰਾਜ ਜੇ ਤੂੰ ਸਾਨੂੰ ਬੰਦਿਆਂ ਦਾ ਦਰਜਾ ਦੇਵੇਂਗਾ ਤਾਂ ਮੈਂ ਤੇਰੇ ਨਾਂ ਦਾ ਚਿਰਾਗ ਜਲਾਵਾਂਗਾ ਲੋਕਾਈ ਦੀ ਬਿਹਤਰੀ ਲਈ ਤੇਰੇ ਉਪਦੇਸ਼ਾਂ ਤੇ ਵਿਚਾਰਧਾਰਾ ਦਾ ਪ੍ਰਚਾਰ ਕਰਾਂਗਾ ਭਾਵੇਂ ਕਿ ਮੇਰਾ ਅੱਗਾ ਪਿੱਛਾ ਨਹੀਂ-ਨਾ ਕੋਈ ਚਾਚਾ-ਤਾਇਆ, ਨਾ ਮਾਮਾ, ਨਾ ਮਾਸੀ
ਵਲੈਤ ਵਸਦਿਆਂ ਬਾਬੂ ਮੰਗੂ ਰਾਮ ਜਿੱਥੇ ਕਿਤੇ ਵੀ ਚਾਹੇ ਸਮੁੰਦਰ ਕਿਨਾਰੇ ਜਾਂਦੇ, ਧਰਮ ਸਥਾਨਾਂ ਅੰਦਰ ਜਾਂਦੇ, ਉਨਾਂ ਦੇ ਤਨ-ਮਨ ਅੰਦਰ ਕੌਮ ਲਈ ਨਵੇਂ-ਨਵੇਂ ਵਿਚਾਰ ਉਠੱਦੇ ਉਪਰਾਮ ਜਿਹੇ ਹੋਣ ਲਗਦੇ ਆਖ਼ਿਰ ਉਨਾਂ ਭਾਰਤ ਪਰਤਣ ਦਾ ਫ਼ੈਸਲਾ ਕਰ ਲਿਆ ਤੇ ਦਸੰਬਰ 1969 ਜਲੰਧਰ ਗਏ ਜਿੱਥੇ ਉਨਾਂ 1950 ਵਿਚ 24 ਮਰਲੇ ਦਾ ਪਲਾਟ ਨੰ. 615 ਐਲ, ਮਾਡਲ ਟਾਊਨ, ਜਲੰਧਰ ਵਿਚ ਪਹਿਲਾਂ ਹੀ ਖਰੀਦਿਆ ਹੋਇਆ ਸੀ ਉਨਾਂ ਆਪਣੀ ਜ਼ਿੰਦਗੀ ਆਦਿ ਧਰਮੀ ਕੌਮ ਦੇ ਲੇਖੇ ਲਾਉਣ ਦਾ ਮਨੋਰਥ ਨਿਰਧਾਰਿਤ ਕਰ ਲਿਆ ਇਸ ਸਭ ਕਾਸੇ ਪਿੱਛੇ ਉਨਾਂ ਦੀ ਉਰਦੂ-ਫ਼ਾਰਸੀ ਤੇ ਅੰਗਰੇਜ਼ੀ ਵਿਚਲੀ ਪੜਾਈ ਉਨਾਂ ਨੂੰ ਅਜਿਹਾ ਕਰਨ ਲਈ ਪਰੇਰ ਰਹੀ ਸੀ ਉਹ ਕਿਤਾਬਾਂ ਪੜ-ਗੁੜ ਵੱਲ ਬਹੁਤਾ ਧਿਆਨ ਲਾਉਂਦੇ ਉਹ ਸੋਚਦੇ ਕਿ ਆਦਿ ਧਰਮੀਆਂ ਦੇ ਬਹੁਤੇ ਲੀਡਰਾਂ ਨੇ ਧਾਰਮਿਕ ਤੇ ਰਾਜਨੀਤਿਕ ਪਛਾਣ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਉਨਾਂ ਆਪਣੇ ਗੂਹੜ-ਗਿਆਨ ਤੋਂ ਨਤੀਜਾ ਕੱਢਿਆ ਕਿ ਸਾਡੇ ਸਮਾਜ ਦੇ ਸ਼ੋਸ਼ਣ ਦੇ ਹੋਰ ਵੀ ਕਾਰਨ ਹਨ ਜਿਵੇਂ— 1) ਗਰੀਬੀ, 2) ਮਜ਼ਬੂਰੀ ਅਤੇ 3) ਅਗਿਆਨਤਾ



ਰਵਿਦਾਸ ਪੱਤ੍ਰਕਾ ਦਾ ਪ੍ਰਕਾਸ਼ਨ

ਬਾਬੂ ਮੰਗੂ ਰਾਮ ਜਸਪਾਲ ਨੇ ਪੰਜਾਬ ਆਉਣ ਸਾਰ ਹੀ ਕੌਮ ਦੀ ਇੱਜ਼ਤ-ਆਬਰੂ ਤੇ ਹੱਕ ਹਾਸਿਲ ਕਰਨ ਦਾ ਬੀੜਾ ਚੁੱਕ ਲਿਆ ਉਨਾਂ ਕੁਝ ਬੁੱਧੀਜੀਵੀਆਂ ਦੀ ਇਕੱਤਰਤਾ ਕੀਤੀ ਪਹਿਲਾਂ ਹੀ ਰਜਿਸਟਰਡ ਰਵਿਦਾਸ ਪੱਤ੍ਰਕਾ ਨਾਂ ਦੀ ਅਖਬਾਰ ਆਪਣੇ ਮਿੱਤਰ ਤੋਂ ਲੈ ਲਈ ਪਹਿਲਾ ਅੰਕ 17 ਫ਼ਰਵਰੀ 1970 ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ ਪ੍ਰਕਾਸ਼ਿਤ ਕੀਤਾ ਉਨਾਂ ਸ਼੍ਰੀ ਚਾਨਣ ਲਾਲ ਮਾਣਕ ਨੂੰ ਇਸ ਦਾ ਸੰਪਾਦਕ ਬਣਾਇਆ ਤੇ ਖੁਦ ਪ੍ਰੋਪਾਈਟਰ ਬਣੇ 7 ਅਪ੍ਰੈਲ 1970 ਅੰਕ ਨੰ. 8 ਤੋਂ ਬਾਬੂ ਮੰਗੂ ਰਾਮ 'ਜਸਪਾਲ' ਸੰਪਾਦਕ ਬਣ ਗਏ ਹਫ਼ਤਾਵਾਰ ਇਸ ਅਖ਼ਬਾਰ ਵਿਚ ਗੁਰੂ ਰਵਿਦਾਸ ਦਰਸ਼ਨ, ਵਿਚਾਰਧਾਰਾ, ਗੁਰੂ ਜੀ ਨਾਲ ਸੰਬੰਧਿਤ ਲੇਖ ਤੇ ਕਵਿਤਾਵਾਂ ਛਪਣ ਲੱਗੇ ਗੁਰੂ ਰਵਿਦਾਸ ਗੁਰਧਾਮਾਂ ਅਤੇ ਗੁਰੂ ਜੀ ਦੇ ਨਾਂ ਉਤੇ ਪ੍ਰਚਾਰ ਕਰਨ ਵਾਲੇ ਡੇਰਿਆਂ ਨੂੰ ਹੁਲਾਰਾ ਦਿੱਤਾ ਜਾਣ ਲੱਗਾ ਉਨਾਂ ਕੌਮ ਦੇ ਬੁੱਧੀ-ਜੀਵੀਆਂ ਨੂੰ ਸਵਾਲ ਕੀਤੇ— 1) ਗੁਰੂ ਰਵਿਦਾਸ ਕੌਣ ਸਨ?, 2) ਗੁਰੂ ਰਵਿਦਾਸ ਜੀ ਕੀ ਸਨ?, 3) ਉਨਾਂ ਦਾ ਜੀਵਨ ਮਨੋਰਥ ਕੀ ਸੀ?, 4) ਕੀ ਉਹ ਸਿਰਫ਼ ਚਮਾਰ ਸਨ?, 5) ਸਾਡੀ ਪਛਾਣ ਕੀ ਹੈ? 6) ਦੈਵਿਕ ਸਿਧਾਂਤ ਕੀ ਹੈ?, 7) ਏਕਤਾ ਤੇ ਅਨੁਸ਼ਾਸਨ ਕੀ ਹਨ? ਇਹ ਉਹ ਖੁਦ ਹੀ ਝੰਜੋੜਨ ਵਾਲੇ ਸੰਵਾਦ ਰਚਾਉਂਦੇ ਤੇ ਖੁਦ ਹੀ ਉਨਾਂ ਦੇ ਜਵਾਬ ਦਿੰਦੇ
ਪੱਤ੍ਰਕਾ ਵਿਚ ਕੌਮ ਤੇ ਆਗੂਆਂ ਡਾ. ਭੀਮ ਰਾਓ ਅੰਬੇਡਕਰ ਸਮੇਤ ਆਦਿ ਧਰਮੀ ਸਮਾਜ ਸੁਧਾਰਕਾਂ ਦੇ ਚੇਤਨਾ ਭਰਪੂਰ ਲੇਖਾਂ ਨੂੰ ਪ੍ਰਕਾਸ਼ਿਤ ਕੀਤਾ ਜਾਣ ਲੱਗਾ ਪ੍ਰਕਾਸ਼ਨ ਦੇ ਚਾਰ ਕੁ ਮਹੀਨਿਆਂ ਉਪਰੰਤ ਰਵਿਦਾਸ ਪੱਤ੍ਰਕਾ ਦਾ ਬਹੁਤ ਝੁਕਾਅ ਗੁਰੂ ਰਵਿਦਾਸ ਮਿਸ਼ਨ ਅਤੇ ਆਦਿ ਧਰਮ ਦੇ ਸਿਧਾਂਤਾਂ ਨੂੰ ਮੁੜ ਉਭਾਰੇ ਜਾਣ ਉਤੇ ਕੇਂਦਰਿਤ ਹੋ ਗਿਆ



ਬਾਬੂ ਮੰਗੂ ਰਾਮ ਮੁੱਗੋਵਾਲ ਨਾਲ ਮੁਲਾਕਾਤ

ਬਾਬੂ ਜਸਪਾਲ ਨੇ 'ਰਵਿਦਾਸ ਪੱਤ੍ਰਕਾ' ਦੇ ਪ੍ਰਕਾਸ਼ਨ ਉਪਰੰਤ ਤੁਰੰਤ ਬਾਬੂ ਮੰਗੂ ਰਾਮ ਮੁੱਗੋਵਾਲ ਨੂੰ ਲੱਭਣ ਲਈ ਯਤਨ ਸ਼ੁਰੂ ਕੀਤੇ ਗਏ ਯਤਨ ਇਸ ਲਈ ਕਿ ਕੁਝ ਆਦਿ ਧਰਮੀ ਨੇਤਾਵਾਂ ਨੇ ਅਫ਼ਵਾਹ ਫ਼ੈਲਾਅ ਦਿੱਤੀ ਸੀ ਕਿ ਬਾਬੂ ਜੀ ਕਾਫ਼ੀ ਅਰਸਾ ਪਹਿਲਾਂ ਪੂਰੇ ਹੋ ਚੁੱਕੇ ਹਨ ਖ਼ੈਰ, ਅਪ੍ਰੈਲ 1970 ਬਾਬੂ ਜਸਪਾਲ ਗੜਸ਼ੰਕਰ ਵਿਖੇ ਬਾਬੂ ਮੰਗੂ ਰਾਮ ਮੁੱਗੋਵਾਲ ਨੂੰ ਉਨਾਂ ਦੇ ਫਾਰਮ ਹਾਊਸ ਵਿਚ ਜਾ ਮਿਲੇ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਆਦਿ ਧਰਮੀਆਂ ਦਾ ਮਹਾਨ ਨੇਤਾ ਕਿੰਨੀ ਸਾਧਾਰਨ ਹਾਲਤ ਵਿਚ ਹੈ ਬਾਬੂ ਜੀ ਉਸ ਵੇਲੇ ਛੋਲਿਆਂ ਦੀਆਂ ਭੁੰਨੀਆਂ ਹੋਲਾਂ ਧੂਣੀ ਵਿਚੋਂ ਚੁੱਗ ਕੇ ਖਾ ਰਹੇ ਸਨ ਜਦੋਂ ਬਾਬੂ ਜਸਪਾਲ ਹੁਰਾਂ ਆਪਣੇ ਮਿਲਣ ਦਾ ਮੰਤਵ ਦੱਸਿਆ ਤਾਂ ਬਾਬੂ ਜੀ ਰੋਣ ਲੱਗ ਪਏ ਇੰਨੇ ਸਾਲਾਂ ਬਾਅਦ ਉਨਾਂ ਨੂੰ ਕੋਈ ਆਪਣਾ ਮਿਲਣ ਆਇਆ ਸੀ ਬਾਬੂ ਜੀ ਨੇ ਕਿਹਾ, 'ਮੁੰਡਿਓ, ਵਕਤ ਆਵੇਗਾ ਤੁਸੀਂ ਵੀ ਏਦਾਂ ਹੀ ਰੋਣਾ ਤੁਸੀਂ ਜੋ ਕੰਮ ਕਰਨ ਲੱਗੇ ਹੋ, ਉਹ ਕਿਸੇ ਨੇ ਨਹੀਂ ਦੇਖਣਾ-ਸੁਣਨਾ, ਤੁਹਾਡੇ ਲੋਕਾਂ ਨੇ ਹੀ ਤੁਹਾਨੂੰ ਅਕਾ-ਥਕਾ ਦੇਣਾ ਮੈਂ ਸਬਰ ਕਰ ਕੇ ਬਹਿ ਗਿਆਂ ਜੋ ਅਸੀਂ ਜ਼ਰ ਲਿਆ ਉਹ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋਣਾ
ਜਦੋਂ ਆਦਿ ਧਰਮ ਦੇ ਬਾਨੀ ਨੂੰ ਰਵਿਦਾਸ ਪੱਤ੍ਰਕਾ ਦੇ ਸੰਪਾਦਕ ਬਾਬੂ ਜਸਪਾਲ ਨੇ ਭਰੋਸਾ ਦਿਵਾਇਆ ਕਿ ਉਹ ਆਦਿ ਧਰਮ ਦੀ ਵਿਚਾਰਧਾਰਾ ਨੂੰ ਫੈਲਾਉਣ ਦੀ ਪੂਰੀ ਵਾਹ ਲਾਉਣਗੇ ਤਾਂ ਬੁੱਢੇ ਜਰਨੈਲ ਦੀਆਂ ਅੱਖਾਂ ਵਿਚ ਚਮਕ ਗਈ ਫਿਰ ਕੀ ਸੀ ਦੋਵੇਂ ਸਿਰਨਾਵੀਏਂ ਆਦਿ ਧਰਮ ਲਹਿਰ ਮੁੜ ਸੁਰਜੀਤ ਕਰਨ ਵਿਚ ਦਿਨ-ਰਾਤ ਰੁੱਝ ਗਏ ਚੇਤਨਾ ਦਾ ਵਿਆਪਕ ਪਸਾਰਾ ਹੋਣ ਲੱਗਾ ਬਾਬੂ ਮੰਗੂ ਰਾਮ ਮੁੱਗੋਵਾਲ ਨੇ ਲਿਖਿਆ ਅਤੇ ਸਟੇਜਾਂ ਉਤੇ ਕਿਹਾ 'ਰਵਿਦਾਸ ਪੱਤ੍ਰਕਾ' ਹੁਣ 'ਆਦੀ ਡੰਕਾ' ਦਾ ਰੂਪ ਹੈ ਉਨਾਂ 21 ਜੁਲਾਈ 1970 ਦੇ ਰਵਿਦਾਸ ਪੱਤ੍ਰਕਾ ਅੰਕ ਵਿਚ ਪਹਿਲਾ ਲੇਖ ਲਿਖਿਆ, 'ਰਾਇਲ ਕਮਿਸ਼ਨ ਦਾ ਆਉਣਾ' ਪੱਤ੍ਰਕਾ ਟੀਮ ਵਿਚ ਜੋ ਹੋਰ ਸਖ਼ਸ਼ੀਅਤਾਂ ਜੁੜੀਆਂ ਉਹ ਸਨ ਹਰਚਰਨ ਦਾਸ ਤੇ ਅਮਰ ਚੰਦ (ਯੂ.ਕੇ.) ਅਤੇ ਗਿਆਨ ਚੰਦ ਕੌਲ



ਸੰਪਾਦਕ ਵਜੋਂ ਕੌਮ ਨੂੰ ਦੇਣ

ਬਾਬੂ ਮੰਗੂ ਰਾਮ ਜਸਪਾਲ ਨੇ ਮਾਨਵਵਾਦੀ ਦ੍ਰਿਸ਼ਟੀ ਨਾਲ ਪਾਖੰਡਾਂ, ਦੰਡਾਂ, ਵਹਿਮਾਂ-ਭਰਮਾਂ ਵਿਰੁੱਧ ਜਿੱਥੇ ਮੁਹਿੰਮ ਚਲਾਈ ਉਥੇ ਨਿਡਰ ਤੇ ਨਿਰਭੈ ਹੋ ਕੇ ਉਨਾਂ ਲੋਕਾਂ ਵਿਰੁੱਧ ਲਿਖਿਆ ਜਿਨਾਂ ਕੌਮ ਦੀ ਏਕਤਾ ਨੂੰ ਖੋਰਾ ਲਾਇਆ ਰਾਜਸੀ ਮੁਫਾਦਾਂ ਖਾਤਰ ਜਿਨਾਂ ਕੌਮ ਨੂੰ ਬਲੀ ਚੜ ਦਿੱਤਾ-ਉਨਾਂ ਦੀ ਆਲੋਚਨਾ ਸਖ਼ਤ ਭਾਸ਼ਾ ਵਿਚ ਕੀਤੀ ਉਨਾਂ ਠੋਕ-ਵਜਾ ਕੇ ਲਿਖਿਆ 'ਮੈਂ ਪਹਿਲਾਂ ਵੀ ਕਈ ਵਾਰ ਲਿਖ ਚੁੱਕਾ ਹਾਂ ਅਤੇ ਫਿਰ ਸਪਸ਼ਟ ਦੱਸਣਾ ਚਾਹੁੰਦਾ ਹਾਂ ਕਿ ਧਾਰਮਿਕ ਪੱਖੋਂ ਸਿਰਫ਼ ਆਦਿ ਧਰਮ ਦਾ ਪ੍ਰਚਾਰ ਕਰਾਂਗਾ' ਇਉਂ 'ਰਵਿਦਾਸ ਪੱਤ੍ਰਕਾ' ਸਦਕਾ ਗੁਰੂ ਰਵਿਦਾਸ ਨਾਮਲੇਵਾ ਤੇ ਆਦਿ ਧਰਮੀਆਂ ਦੀ ਲਹਿਰ ਉਤਰੀ ਭਾਰਤ ਅਤੇ ਵਿਦੇਸ਼ਾਂ ਵਿਚ ਬਣ ਗਈ ਬਾਬੂ ਜਸਪਾਲ ਨੇ ਮਾਰਕ ਜੁਏਰਗੇਨਮੇਇਰ ਨੂੰ 'ਰੀਲੀਜੀਅਸ ਰੇਬੈਲਜ਼ ਇਨ ਦਾ ਪੰਜਾਬ' ਵਾਸਤੇ ਆਦਿ ਧਰਮ ਮੰਡਲ, ਪੰਜਾਬ ਅਤੇ ਗੁਰੂ ਰਵਿਦਾਸ ਨਾਲ ਸੰਬੰਧਿਤ ਸਮੱਗਰੀ, ਰਵਿਦਾਸ ਪੱਤ੍ਰਕਾ ਦੇ ਅੰਕ ਮੁਹੱਈਆ ਕਰਵਾਏ ਇਸ ਜੁਗਤ ਨਾਲ ਉਨਾਂ ਆਦਿ ਧਰਮ ਦੀ ਵਿਚਾਰਧਾਰਾ ਨੂੰ ਸਮੁੱਚੇ ਸੰਸਾਰ ਵਿਚ ਪਹੁੰਚਾਇਆ ਇੰਜ ਹੀ ਬਲਬੀਰ ਮਾਧੋਪੁਰੀ ਨੂੰ ਆਦਿ ਧਰਮ ਨਾਲ ਸੰਬੰਧਿਤ ਰਵਿਦਾਸ ਪੱਤ੍ਰਕਾ ਦੇ ਅੰਕ ਸਕੈਨ ਕਰਵਾ ਕੇ ਤੇ ਜਿਲਦਾਂ ਬਨਾਂ ਕੇ ਤੋਹਫੇ ਵਜੋਂ ਦਿੱਤੇ ਉਪਰੰਤ 'ਆਦਿ ਧਰਮ ਦੇ ਬਾਨੀ-ਗ਼ਦਰੀ ਬਾਬਾ ਮੰਗੂ ਰਾਮ' ਨੂੰ ਛਪਵਾਉਣ ਤੇ ਦੇਸ਼-ਵਿਦੇਸ਼ ਪਹੁੰਚਾਉਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ
ਇੱਥੇ ਹੀ ਬੱਸ ਨਹੀਂ ਬਾਬੂ ਮੰਗੂ ਰਾਮ ਜਸਪਾਲ ਤੇ 1973-74 ਵਿਚ ਚੌਧਰੀ ਗੁਰਮੇਲ ਸਿੰਘ, ਕੈਬਨਿਟ ਮੰਤਰੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨਾਲ ਲਗਾਤਾਰ ਮੁਲਾਕਾਤਾਂ ਕਰ ਕੇ ਗੁਰੂ ਰਵਿਦਾਸ ਗੁਰਪੁਰਬ ਦਾ ਪਹਿਲੀ ਵਾਰ ਸਰਕਾਰੀ ਪੱਧਰ ਉਤੇ ਮਨਾਉਣਾ ਮਨਜ਼ੂਰ ਕਰਵਾਇਆ

ਉਨਾਂ ਪੰਜਾਬ ਯੂਨੀਵਰਸਿਟੀ ਚੰਡੀਗੜਵਿਚ ਗੁਰੂ ਰਵਿਦਾਸ ਚੇਅਰ ਸਥਾਪਿਤ ਕਰਵਾਈ ਤੇ ਖੋਜ-ਸੋਧ ਦਾ ਕਾਰਜ ਸ਼ੁਰੂ ਕਰਵਾਇਆ
ਉਨਾਂ ਦੁਆਬੇ ਦੇ ਪਿੰਡਾਂ ਵਿਚ 585 ਸ੍ਰੀ ਗੁਰੂ ਰਵਿਦਾਸ ਸਭਾਵਾਂ ਬਣਾਈਆਂ ਜਿਨਾਂ ਅੱਗੇ ਜਾ ਕੇ ਡੀ.ਐਸ. 4 ਦਾ ਰੂਪ ਧਾਰਨ ਕੀਤਾ ਜੋ ਹੋਰ ਅੱਗੇ ਜਾ ਕੇ ਬਹੁਜਨ ਸਮਾਜ ਪਾਰਟੀ ਦਾ ਮਜ਼ਬੂਤ ਆਧਾਰ ਬਣੀਆਂ
ਉਨਾਂ 1961 ਵਿਚ ਇੰਗਲੈਂਡ ਜਾ ਕੇ ਉਥੋਂ ਦੇ ਲਗਭਗ ਹਰੇਕ ਸ਼ਹਿਰ ਵਿਚ ਗੁਰੂ ਰਵਿਦਾਸ ਸਭਾਵਾਂ ਬਣਾਈਆਂ ਰਵਿਦਾਸ ਪੱਤ੍ਰਕਾ ਰਾਹੀਂ ਪ੍ਰੇਰਨਾ ਦੇ ਕੇ ਏਸ਼ੀਆ ਅਤੇ ਯੂਰਪ ਦੇ ਕੁਝ ਦੇਸ਼ਾਂ ਵਿਚ ਵੀ ਸਭਾਵਾਂ ਹੋਂਦ ਵਿਚ ਲਿਆਂਦੀਆਂ
ਉਹ ਬਾਬੂ ਮੰਗੂ ਰਾਮ ਮੁੱਗੋਵਾਲ ਨੂੰ 22 ਮਈ 1977 ਨੂੰ ਇੰਗਲੈਂਡ ਲੈ ਕੇ ਗਏ ਜਿੱਥੇ ਉਨਾਂ ਕਈ ਗੁਰੂ ਘਰਾਂ ਸਮੇਤ ਆਦਿ ਧਰਮੀ ਸਭਾਵਾਂ ਨੂੰ ਸੰਬੋਧਨ ਕੀਤਾ ਦੋਵੇਂ ਸਿਰਨਾਵੀਏਂ 24 ਅਗਸਤ 1977 ਨੂੰ ਭਾਰਤ ਪਰਤੇ ਬਾਬੂ ਮੰਗੂ ਰਾਮ ਮੁੱਗੋਵਾਲ ਦੀ 1925 ਵਿਚ ਵਤਨਵਾਪਸੀ ਉਪਰੰਤ ਇੰਗਲੈਂਡ ਦੀ ਪਹਿਲੀ ਯਾਤਰਾ ਸੀ
ਉਨਾਂ ਬਨਾਰਸ ਵਿਖੇ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਦੀ ਉਸਾਰੀ ਲਈ ਇੰਗਲੈਂਡ ਅਤੇ ਹੋਰ ਦੇਸ਼ਾਂ ਵਿਚੋਂ ਧਨ ਇਕੱਤਰ ਕਰਕੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਸਰਵਣ ਦਾਸ ਜੀ ਰਾਹੀਂ ਅਤੇ ਹਰਿਦੁਆਰ ਵਿਖੇ ਬੇਗ਼ਮਪੁਰਾ ਆਸ਼ਰਮ ਦੀ ਉਸਾਰੀ ਲਈ ਸੰਤ ਸੇਵਾ ਦਾਸ ਕਾਲੇਵਾਲ ਭਗਤਾਂ ਰਾਹੀਂ ਸੇਵਾ ਯੋਗਦਾਨ ਪਾਇਆ
ਉਨਾਂ ਬਾਬੂ ਮੰਗੂ ਰਾਮ ਮੁੱਗੋਵਾਲ ਦੀ 122ਵੀਂ ਜਨਮ ਵਰੇਗੰਢ ਮੌਕੇ ਬਾਬੂ ਮੰਗੂ ਰਾਮ ਮੈਮੋਰੀਅਲ ਪਾਰਕ ਦੀ ਉਸਾਰੀ ਵਾਸਤੇ 40 ਹਜ਼ਾਰ ਰੁਪਏ ਦੀ ਕਮੇਟੀ ਨੂੰ ਰਕਮ ਦਿੱਤੀ



ਦਾਰਸ਼ਨਿਕ ਤੇ ਖੋਜੀ ਸਖਸ਼ੀਅਤ

ਬਾਬੂ ਜਸਪਾਲ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਦਰਸ਼ਨ ਬਾਰੇ ਬਾਰੀਕੀ ਨਾਲ ਖੋਜ ਤੇ ਘੋਖ ਕੀਤੀ ਉਨਾਂ ਅਧਿਐਨ ਆਧਾਰਿਤ ਕੁਝ ਸਵਾਲ ਖੜ ਕੀਤੇ ਜਿਨਾਂ ਵਿਚੋਂ ਪ੍ਰਮੁੱਖ ਹਨ:-
1) ਗੁਰੂ ਰਵਿਦਾਸ ਜੀ ਦੀ ਜਨਮ ਮਿਤੀ ਨਿਰਧਾਰਿਤ ਕਰਨਾ
2) ਉਨਾਂ ਦੀ ਵਿਚਾਰਧਾਰਾ ਅਤੇ ਮਾਨਵਤਾ ਪ੍ਰਤੀ ਕਾਰਜ
3) ਉਨਾਂ ਦੀ ਵਿਚਾਰਧਾਰਾ ਦਾ ਸਮਕਾਲੀ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਸੀ ਢਾਂਚੇ ਉਤੇ ਪ੍ਰਭਾਵ
4) ਸਮਕਾਲੀ ਆਗੂਆਂ ਸਮੇਤ ਸਮਕਾਲੀ ਸਖਸ਼ੀਅਤਾਂ ਨਾਲ ਉਨਾਂ ਦਾ ਸੰਪਰਕ, ਵਿਚਾਰ-ਵਟਾਂਦਰਾ ਅਤੇ ਉਨਾਂ ਉਤੇ ਪ੍ਰਭਾਵ
5) ਗੁਰੂ ਰਵਿਦਾਸ ਜੀ ਦੀ ਮ੍ਰਿਤੂ ਦੇ ਕਾਰਨਾਂ ਦਾ ਪਤਾ ਲਾਉਣਾ
6) ਦੈਵੀ ਸਿਧਾਂਤਾਂ ਵਿਰੁੱਧ ਗੁਰੂ ਰਵਿਦਾਸ ਦਰਸ਼ਨ ਦਾ ਵਿਆਪਕ ਪੱਧਰ ਉਤੇ ਅਧਿਐਨ ਕਰਨਾ ਕਰਵਾਉਣਾ
ਸੱਚੀ ਗੱਲ ਤਾਂ ਇਹ ਹੈ ਕਿ ਬਾਬੂ ਮੰਗੂ ਰਾਮ ਜਸਪਾਲ ਹੁਰਾਂ ਦਾ ਦੇਸ਼-ਵਿਦੇਸ਼ ਸੰਬੰਧੀ ਵਿਸ਼ਾਲ ਸਮਾਜਿਕ ਅਨੁਭਵ ਸੀ ਉਹ ਕਹਿੰਦੇ ਕਿ ਅਸੀਂ ਅੰਗਰੇਜ਼ਾਂ ਤੋਂ ਬਹੁਤ ਕੁਝ ਹੋਰ ਸਿੱਖ ਸਕਦੇ ਸੀ ਮਨੁੱਖੀ ਸਾਂਝ ਦੀਆਂ ਤੰਦਾਂ ਸੰਘਣੀਆਂ ਬਣਾ ਸਕਦੇ ਸੀ ਅਜੇ ਵੀ ਵਿਗਿਆਨਕ ਦ੍ਰਿਸ਼ਟੀ ਅਪਣਾ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰ ਸਕਦੇ ਹਾਂ ਸਾਡਾ ਸਮਾਜ ਇੰਨਾ ਵੰਡ ਹੋ ਗਿਆ ਹੈ ਕਿ ਜੋ ਲੋਕ ਸਾਡੇ ਵਿਚੋਂ ਦੂਜੇ ਧਰਮਾਂ ਵਿਚ ਜਾਂਦੇ ਹਨ ਉਹ ਹਿੰਦੂਆਂ ਵਾਂਗ ਸਾਡੇ ਨਾਲ ਵਰਤਾਰਾ ਕਰਦੇ ਹਨ ਅਤੇ ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਲੱਗ ਪਏ ਹਨ ਰਿਸ਼ਤੇਦਾਰੀ ਬਣਾਉਣ ਤੋਂ ਇਨਕਾਰੀ ਹੋ ਗਏ ਹਨ
ਉਹ ਅਕਸਰ ਕਹਿੰਦੇ ਕਿ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਦਾ ਕਰਜ਼ਾ ਲਾਹੁਣਾ ਸਾਡਾ ਪਹਿਲਾ ਫ਼ਰਜ਼ ਹੈ ਉਹ ਗੁਰੂ ਰਵਿਦਾਸ ਤੇ ਬਾਬੂ ਮੰਗੂ ਰਾਮ ਬਾਰੇ ਆਖਦੇ ਕਿ ਉਹ ਦੋਵੇਂ ਮਹਾਂਪੁਰਸ਼ ਮੇਰੇ ਲਈ ਰੱਬ ਹਨ ਜਿਨਾਂ ਆਪਣੇ ਸਮਿਆਂ ਦੇ ਨਿਜ਼ਾਮ ਨਾਲ ਟੱਕਰ ਲਈ ਹਿੰਦੂਆਂ ਦੇ ਕਲਪਤ ਨਰਕ ਨਾਲੋਂ ਭੈੜੀ ਸਮਾਜਿਕ ਦੁਰਦਸ਼ਾ ਵਿਚੋਂ ਸਾਨੂੰ ਕੱਢਿਆ ਪਸ਼ੂਆਂ ਤੋਂ ਬਦਤਰ ਸਮਝੇ ਜਾਂਦੇ ਸਾਡੇ ਸਮਾਜ ਨੂੰ ਮਨੁੱਖਾਂ ਦਾ ਦਰਜਾ ਦਿਵਾਉਣ ਲਈ ਆਪਣੀਆਂ ਉਮਰਾਂ ਲਾ ਦਿੱਤੀਆਂ ਇਸ ਦੇ ਨਾਲ ਹੀ ਉਹ ਕਹਿੰਦੇ ਰਹਿੰਦੇ ਕਿ 1926 ਵਿਚ ਜਦ ਆਦਿ ਲੋਕਾਂ ਦਾ ਮਾਨਵਵਾਦੀ ਧਰਮ-ਆਦਿ ਧਰਮ ਐਲਾਨ ਹੋ ਚੁੱਕਾ, ਤਾਂ ਦੂਜਾ ਧਰਮ ਅਪਣਾਏ ਜਾਣ  ਦੀ ਕੀ ਲੋੜ ਬਾਬੂ ਮੰਗੂ ਰਾਮ ਜਸਪਾਲ ਨੇ ਰਵਿਦਾਸ ਪੱਤ੍ਰਕਾ ਨੂੰ ਦਰਸ਼ਨ ਸ਼ਾਸਤਰ ਦਾ ਤਿੱਖਾ ਸ਼ਸਤਰ ਬਣਾ ਕੇ ਵਰਤਿਆ ਉਨਾਂ ਵਾਰ-ਵਾਰ ਲਿਖਿਆ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਜਿਵੇਂ:-
1) ਜਾਤਪਾਤ ਦੇ ਫ਼ਿਰਕਾਪ੍ਰਸਤੀ ਦਾ ਖਾਤਮਾ ਕਰਨਾ
2) ਤਾਨਾਸ਼ਾਹ ਦੀ ਥਾਂ ਲੋਕ ਰਾਜ ਦੀ ਮਜ਼ਬੂਤੀ ਕਰਨਾ
3) ਪੂੰਜੀਵਾਦ ਦੀ ਥਾਂ ਸਮਾਜਵਾਦ ਲਈ ਕੰਮ ਕਰਨਾ
4) ਬੰਦਿਆਂ ਨੂੰ ਠੱਗਣ ਅਤੇ ਨਿਗਲਣ ਵਾਲੇ ਬੰਦਿਆਂ ਦੇ ਬਣਾਏ ਧਰਮਾਂ ਤੋਂ ਦੂਰ ਰਹਿਣਾ ਇਹੀ ਗੁਰੂ ਰਵਿਦਾਸ ਮਿਸ਼ਨ ਅਤੇ ਆਦਿ ਧਰਮ ਦੀ ਮਾਨਵੀ ਵਿਚਾਰਧਾਰਾ ਹੈ

ਇਸ ਦੇ ਨਾਲ-ਨਾਲ ਉਨਾਂ ਆਪਣੀ ਖੋਜ ਅਧਾਰਿਤ ਮੂਲ ਨਿਵਾਸੀਆਂ (ਆਦਿ ਧਰਮੀਆਂ) ਬਾਰੇ ਸਿੱਟੇ ਕੱਢੇ ਕਿ ਉਨਾਂ ਨੂੰ ਕਿਹੜੇ ਕਿਹੜੇ ਨਾਵਾਂ ਥਾਣੀਂ ਗੁਜ਼ਰਨਾ ਪਿਆ ਉਨਾਂ ਰਵਿਦਾਸ ਪੱਤ੍ਰਕਾ ਵਿਚ ਲਿਖਿਆ ਤੇ ਇਕ ਮੁਲਾਕਾਤ ਵਿਚ ਦੱਸਿਆ ਤਰਤੀਬ ਇਸ ਤਰਾਂ ਦਿੱਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ:-

ਆਦਿ ਲੋਕ
ਸ਼ੂਦਰ ਲੋਕ
ਅਤਿ ਸ਼ੂਦਰ ਲੋਕ
ਸੂਚਿਤ ਜਾਤੀ ਲੋਕ ਤੇ ਕਬੀਲੇ
ਅਨੁਸੂਚਿਤ ਜਾਤੀ ਲੋਕ
ਪਛੜੀ ਜਾਤੀ ਲੋਕ
ਦਲਿਤ ਲੋਕ

ਉਪਰੋਕਤ ਦੇ ਸੰਦਰਭ ਬਾਬੂ ਮੰਗੂ ਰਾਮ ਜਸਪਾਲ ਨੇ ਆਪਣੀ ਇਤਿਹਾਸਕ ਤੇ ਪੁਖਤਾ ਜਾਣਕਾਰੀ ਦੇ ਆਧਾਰ 'ਤੇ ਪ੍ਰਮਾਣ ਦਿੱਤੇ ਕਿ ਹਮਲਾਵਰ ਵਿਦੇਸ਼ੀ ਆਰੀਆ ਨੇ ਕਿਵੇਂ ਹੈਲਪਰ ਕਲਾਸ ਖੜਕੀਤੀ ਤੇ ਫਿਰ ਸਦੀਆਂ ਤੱਕ ਉਨਾਂ ਦਾ ਕਿਵੇਂ ਸ਼ੋਸ਼ਣ ਕੀਤਾ ਜੋ ਅੱਜ ਵੀ ਜਾਰੀ ਹੈ ਉਨਾਂ ਆਪਣੀ ਖੋਜ ਵਿਚ ਕਿਹਾ ਕਿ ਪੰਜਾਬ ਦੀ ਆਬਾਦੀ ਵਿਚ 42 ਫੀਸਦ ਆਦਿ ਧਰਮੀ, 40 ਫੀਸਦ ਸਿੱਖ ਤੇ 18 ਫੀਸਦ ਹਿੰਦੂ ਹਨ ਉਨਾਂ ਆਪਣੇ ਲੇਖਾਂ ਵਿਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡਾ ਆਦਿ ਧਰਮ ਰਾਸ਼ਟਰ ਨਿਰਮਾਣ ਮੁੱਖੀ ਧਰਮ ਹੈ
ਬਾਬੂ ਮੰਗੂ ਰਾਮ ਜਸਪਾਲ ਹੁਰਾਂ ਬਾਰੇ ਇਕ ਰਾਜ਼ ਖੋਲਣ ਦੀ ਖੁੱਲਲੈ ਰਿਹਾਂ ਹਾਂ ਕਿ ਉਨਾਂ ਕਾਵਿ ਸਿਰਜਣਾ ਵੀ ਕੀਤੀ ਹੈ ਉਨਾਂ ਆਪਣੇ ਫ਼ਰਜ਼ੀ ਨਾਂ ਸੰਤ ਭੜਾਂਬੜ ਦਾਸ ਹੇਠ ਕਵਿਤਾਵਾਂ ਆਪਣੀ ਪੱਤ੍ਰਕਾ ਵਿਚ ਛਾਪਦੇ ਰਹੇ



ਦੂਰ ਦ੍ਰਿਸ਼ਟੀ ਤੇ ਭਵਿੱਖੀ ਯੋਜਨਾਵਾਂ

ਬਾਬੂ ਮੰਗੂ ਰਾਮ ਜਸਪਾਲ ਹੁਰਾਂ 16 ਅਪ੍ਰੈਲ 2010 ਨੂੰ ਇਕ ਮੁਲਾਕਾਤ ਵਿਚ ਆਦਿ ਧਰਮੀ ਸਮਾਜ ਪ੍ਰਤੀ ਚਿੰਤਾ ਤੇ ਚਿੰਤਨ ਦਾ ਪ੍ਰਗਟਾਵਾ ਕਰਦਿਆਂ ਉਜਲ ਭਵਿੱਖ ਬਾਰੇ ਨਿਮਨ ਲਿਖਿਤ ਨੁਕਤੇ ਵਿਚਾਰੇ:-
  • ਜ਼ਿਲ• ਪੱਧਰ ਉਤੇ ਤੇ ਫਿਰ ਤਹਿਸੀਲ ਪੱਧਰ ਉਤੇ ਆਦਿ ਧਰਮ ਦੇ ਦਫ਼ਤਰ ਖੋਲਣੇ
  • ਆਦਿ ਧਰਮ ਦੀਆਂ ਹਰ ਮਹੀਨੇ ਪਿੰਡ, ਬਲਾਕ ਤੇ ਜ਼ਿਲ ਪੱਧਰ ਉਤੇ ਕਾਨਫਰੰਸਾਂ ਕਰਨੀਆਂ ਤੇ ਆਦਿ ਧਰਮ ਨੂੰ ਮੁੜ ਸਿਖਰਾਂ ਉਤੇ ਪਹੁੰਚਾਉਣਾ
  • ਹਰ ਹਫ਼ਤੇ ਥਾਂ-ਥਾਂ ਮੀਟਿੰਗਾ ਕਰਨੀਆਂ, ਸੁਨੇਹੇ ਪਹੁੰਚਾਉਣੇ, ਇਸ਼ਤਿਹਾਰ ਵੰਡਣੇ ਤੇ ਮਿਲ ਕੇ ਦੱਸਣਾ ਆਦਿ ਧਰਮ ਇਥੋਂ ਦੇ ਬਾਸ਼ਿੰਦਿਆਂ ਦਾ ਮਾਨਵਵਾਦੀ ਧਰਮ ਹੈ ਇਸ ਦੇ ਸਿਧਾਂਤਾਂ ਦਾ ਪ੍ਰਚਾਰ ਕਰਨਾ
  • ਵੱਡਾ ਵਿੱਤੀ ਆਕਾਰ ਬਣਾਉਣਾ ਤਾਂ ਕਿ ਪ੍ਰਚਾਰ ਵਾਸਤੇ ਪੈਸੇ ਦੀ ਕਮੀ ਨਾ ਆਵੇ ਛੋਟੇ-ਛੋਟੇ ਡਿਪਾਜ਼ਿਟਾਂ ਰਾਹੀਂ ਪੰਜ ਹਜ਼ਾਰ ਮੈਂਬਰ ਬਣਾ ਕੇ 10 ਕਰੋੜ ਰੁਪਏ ਜਮਾਂ ਕਰਨੇ ਤੇ ਵਿਆਜ ਨਾਲ ਕੰਮ ਚਲਾਉਣਾ
  • ਪੰਚਾਇਤੀ ਰਾਜ ਕਾਨੂੰਨ ਵਿਚ ਸੋਧ ਕਰਾਉਣੀ, ਜਿਵੇਂ ਕਿ ਸਿਟੀ ਸਟੇਟ ਹੁੰਦੇ ਹਨ ਪਿੰਡ ਇਕ ਰਾਜ ਦਾ ਰੂਪ ਹੈ-ਪੰਚਾਇਤ ਦੇ ਹਲਕੇ ਵਿਚ ਕੀ-ਕੀ ਸੰਭਵ ਹੈ, ਪੰਚਾਇਤ ਰਾਹੀਂ ਲਾਗੂ ਕਰਾਉਣਾ ਹੈਵਜ਼ ਤੇ ਹੈਵਜ਼ ਨੌਟ ਵਿਚਾਲੇ ਖੱਪਾ ਘੱਟ ਕਰਾਉਣ ਲਈ ਦੁਬਾਰਾ ਮੁਰੱਬੇਬੰਦੀ ਕਰਾਉਣ ਲਈ ਮੁਹਿੰਮ ਚਲਾਉਣੀ
  • ਆਪਣੇ ਆਪ ਨੂੰ ਹਰ ਵਕਤ ਕੌਮ ਲਈ ਸਰਗਰਮ ਰੱਖਣਾ ਕਰਨੀ ਤੇ ਕਥਨੀ ਨੂੰ ਇਕ ਰੱਖਣਾ ਜ਼ਿੰਦਗੀ ਨੂੰ ਅਜਾਈਂ ਨਹੀਂ ਗੁਆਉਣਾ, ਇਹ ਹਰੇਕ ਆਦਿ ਧਰਮੀ ਦਾ ਫ਼ਰਜ਼ ਹੋਣਾ ਚਾਹੀਦਾ ਹੈ
  • ਦਾਜ ਨਾ ਦੇਣਾ ਤੇ ਨਾ ਲੈਣਾ
  • ਨਸ਼ਿਆਂ ਤੋਂ ਪ੍ਰਹੇਜ ਕਰਨਾ
  • ਫਜ਼ੂਲ ਖਰਚੀ ਨਾ ਕਰਨਾ
  • ਬੱਚਿਆਂ ਨੂੰ ਪੜਾਉਣਾ ਤੇ ਕਾਬਲ ਬਣਾਉਣ ਲਈ ਲਗਾਤਾਰ ਯਤਨ ਕਰਨਾ
  • ਉਪਰੋਕਤ ਵਾਂਗ ਉਨਾਂ ਹੋਰ ਕਈ ਟੀਚੇ ਕੌਮ ਦੀ ਬਿਹਤਰੀ ਲਈ ਨਿਰਧਾਰਿਤ ਕੀਤੇ ਸੰਖੇਪਤਾ ਨੂੰ ਧਿਆਨ ਵਿਚ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਬਾਬੂ ਮੰਗੂ ਰਾਮ ਜਸਪਾਲ ਦਾ ਆਦਿ ਧਰਮੀ ਸਮਾਜ ਨੇ ਅਜੇ ਮੁਲੰਕਣ ਕਰਨਾ ਹੈ ਅਜਿਹੀ ਸਖਸ਼ੀਅਤ ਜਿਸ ਨੇ ਆਪਣੀ ਉਮਰ ਦੇ 41 ਸਾਲ ਕੌਮ ਦੇ ਲੇਖੇ ਨਿਰਸੁਆਰਥ ਭਾਵਨਾ ਨਾਲ ਲਾਏ ਉਨਾਂ ਇਕ ਸੰਸਥਾ ਤੋਂ ਵੱਧ ਕੇ ਗੁਰੂ ਰਵਿਦਾਸ ਦਰਸ਼ਨ, ਚਿੰਤਨ ਤੇ ਚੇਤਨਾ ਨੂੰ ਰਵਿਦਾਸ ਪੱਤ੍ਰਕਾ ਰਾਹੀਂ ਪ੍ਰਚਾਰਿਆ ਤੇ ਨਵੀਂ ਸੋਚ ਤੇ ਦ੍ਰਿਸ਼ਟੀ ਦਿੱਤੀ ਲੋੜ ਹੈ ਉਨਾਂ ਦੀ ਕ੍ਰਾਂਤੀਕਾਰੀ ਸੋਚ ਉਤੇ ਪਹਿਰਾ ਦੇਣ ਦੀ ਜਿਵੇਂ ਉਨਾਂ ਖੁਦ ਬਾਬੂ ਮੰਗੂ ਰਾਮ ਮੁੱਗੋਵਾਲ ਅਤੇ ਆਦਿ ਧਰਮ ਦੀ ਵਿਚਾਰਧਾਰਾ ਨੂੰ ਦੇਸ਼-ਵਿਦੇਸ਼ ਵਿਚ ਪ੍ਰਚਾਰਿਆ ਤੇ ਪ੍ਰਸਾਰਿਆ ਸੀ ਕੌਮ ਦੇ ਮਰਜੀਵੜਿਆਂ ਨੂੰ ਸਾਡੀ ਇਹੋ ਸਹੀ ਸ਼ਰਧਾਂਜਲੀ ਹੋਵੇਗੀ

ਬਾਬੂ ਮੰਗੂ ਰਾਮ ਜਸਪਾਲ ਭਾਵੇਂ 16 ਫਰਵਰੀ 2011 ਨੂੰ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ ਰਹੇ ਪਰ ਉਨਾਂ ਦੀ ਵਿਚਾਰਧਾਰਾ ਤੇ ਸਮਾਜਿਕ ਸਰੋਕਾਰ ਸਾਡੇ ਅੰਗ ਸੰਗ ਹਨ ਉਨਾਂ ਦੀ ਪ੍ਰੇਰਨਾ ਸਾਡੀ ਊਰਜਾ ਦਾ ਸਰੋਤ ਹੈ ਕਾਫ਼ਲਾ ਮਜ਼ਬੂਤ ਹੋਵੇ ਤੇ ਅੱਗੇ ਵੱਧਦਾ ਰਹੇ-ਇਸੇ ਵਿਚ ਸਾਡੀਆਂ ਭਵਿੱਖ ਦੀਆਂ ਪੀੜੀਆਂ ਦੀ ਬਿਹਤਰੀ ਤੇ ਤਰੱਕੀ ਹੈ ਇਹ ਉਨਾਂ ਦੀਆਂ ਸਮਾਜ ਲਈ ਸ਼ਹਿਰਕਤ ਸੋਚਾਂ ਸਨ
-ਮੇਲ: bmadhopuri@yahoo.in

Balbir Madhopuri / Author & Editor

Balbir Madhopuri an eminent writer of Punjabi authored 14 books and translated 30 books and edited 40 books in his mother tongue. He born at Madhopur village, Distt. Jalandhar, Punjab. He retired as Deputy Director, All India Radio (news), New Delhi on 31-July-2015 and also was editor of Yojana (Punjabi), Publications Divison, Ministry of Information and Broadcasting. Presently he is working as Director, Punjabi Sahit Sabha, New Delhi and editor of Samkali Sahit (quarterly), a Publication of Sabha.

0 comments:

Post a Comment

Coprights @ 2021, All Right Reserved Blogger Templates And Designed By Manish Anand | Balbir Madhopuri